ਲੈਂਗਲੇ : ਵੈਨਕੂਵਰ ਸ਼ਹਿਰ ਦੇ ਲੈਂਗਲੇ ਇਲਾਕੇ ‘ਚ ਸ਼ੁੱਕਰਵਾਰ ਨੂੰ ਕਈ ਵਾਹਨਾਂ ਵਿਚਾਲੇ ਹੋਈ ਟੱਕਰ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ 72 ਅਵੈਨਿਊ ਅਤੇ 203 ਸਟਰੀਟ ਵਿਖੇ ਸ਼ਾਮੀਂ 5.30 ਵਜੇ ਵਾਪਰਿਆ। ਉਨ੍ਹਾਂ ਦੱਸਿਆ ਕਿ ਇੱਥੇ ਇੱਕ ਕਾਰ ਡਰਾਈਵਰ ਬਹੁਤ ਹੀ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ। ਇਸ ਦੌਰਾਨ ਉਸ ਕੋਲੋਂ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਦੋ ਖੜ੍ਹੀਆਂ ਕਾਰਾਂ ਨਾਲ ਟਕਰਾਅ ਗਈ। ਇਸ ਤੋਂ ਬਾਅਦ ਕਾਰ ਦੀ ਪਿੱਕਅਪ ਟਰੱਕ ਨਾਲ ਟੱਕਰ ਹੋ ਗਈ ਅਤੇ ਅਖ਼ੀਰ ਕਾਰ ਸੜਕ ਤੋਂ ਹੇਠਾਂ ਉੱਤਰ ਗਈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ‘ਚ ਕਾਰ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਸੇ ਕਾਰ ‘ਚ ਬੈਠੇ ਦੋ ਹੋਰ ਯਾਤਰੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ। ਅਧਿਕਾਰੀਆਂ ਮੁਤਾਬਕ ਇਸ ਹਾਦਸੇ ‘ਚ ਪਿੱਕਅਪ ਟਰੱਕ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।















