ਫ਼ਿਲਮ ਆਦੀਪੁਰੁਸ਼ ‘ਚ ਸੀਤਾ ਕੌਣ ਬਣੇਗੀ ਇਸ ਦੀਆਂ ਚਰਚਾਵਾਂ ਪਿਛਲੇ ਕਾਫ਼ੀ ਦਿਨਾਂ ਤੋਂ ਹੋ ਰਹੀਆਂ ਹਨ। ਕਦੇ ਇਸ ਕਿਰਦਾਰ ਲਈ ਦੀਪਿਕਾ ਪਾਦੁਕੋਣ ਦਾ ਨਾਂ ਸਾਹਮਣੇ ਆਇਆ ਤਾਂ ਕਦੇ ਅਨੁਸ਼ਕਾ ਸ਼ਰਮਾ ਦੇ ਨਾਂ ‘ਤੇ ਚਰਚਾ ਹੋਈ, ਪਰ ਸੱਚ ਇਹ ਹੈ ਕਿ ਹੁਣ ਇਸ ਕਿਰਦਾਰ ‘ਚ ਨਾ ਦੀਪਿਕਾ ਨਜਰ ਆਵੇਗੀ ਅਤੇ ਨਾ ਹੀ ਅਨੁਸ਼ਕਾ। ਇਸ ਕਿਰਦਾਰ ਲਈ ਕ੍ਰਿਤੀ ਸੈਨਨ ਦਾ ਨਾਂ ਫ਼ਾਈਨਲ ਹੋਇਆ ਹੈ। ਕ੍ਰਿਤੀ ਨਾਲ ਇਸ ਫ਼ਿਲਮ ‘ਚ ਸਨੀ ਸਿੰਘ ਵੀ ਸ਼ਾਮਲ ਹੋ ਗਏ ਹਨ। ਕ੍ਰਿਤੀ ਨੇ ਸੋਸ਼ਲ ਮੀਡੀਆ ‘ਤੇ ਦਰਸ਼ਕਾਂ ਨੂੰ ਇਹ ਗੁੱਡ ਨਿਊਜ਼ ਦਿੱਤੀ ਹੈ।
ਆਦੀਪੁਰੁਸ਼ ‘ਚ ਪ੍ਰਭਾਸ਼ ਦੀ ਸੀਤਾ ਦਾ ਕਿਰਦਾਰ ਕ੍ਰਿਤੀ ਸੈਨਨ ਨਿਭਾਉਣ ਵਾਲੀ ਹੈ, ਉਥੇ ਲਕਸ਼ਮਣ ਦੇ ਕਿਰਦਾਰ ‘ਚ ਸਨੀ ਸਿੰਘ ਨਜ਼ਰ ਆਉਣਗੇ। ਕ੍ਰਿਤੀ ਨੇ ਸੋਸ਼ਲ ਮੀਡੀਆ ‘ਤੇ ਪ੍ਰਭਾਸ਼ ਅਤੇ ਸਨੀ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ”ਇੱਕ ਨਵੇਂ ਸਫ਼ਰ ਦੀ ਸ਼ੁਰੂਆਤ। ਆਦੀਪੁਰੁਸ਼। ਇਹ ਫ਼ਿਲਮ ਬਹੁਤ ਖ਼ਾਸ ਹੈ। ਇਸ ਜਾਦੂਈ ਦੁਨੀਆਂ ਨਾਲ ਜੁੜ ਕੇ ਉਤਸ਼ਾਹਿਤ ਅਤੇ ਮਾਣ ਮਹਿਸੂਸ ਕਰ ਰਹੀ ਹਾਂ।”
ਪ੍ਰਭਾਸ਼ ਅਤੇ ਸੈਫ਼ ਨਾਲ ਇਹ ਕ੍ਰਿਤੀ ਦੀ ਪਹਿਲੀ ਫ਼ਿਲਮ ਹੈ। ਆਦੀਪੁਰੁਸ਼ ‘ਚ ਸੈਫ਼ ਅਲੀ ਖ਼ਾਨ ਰਾਵਨ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਇਹ ਫ਼ਿਲਮ 11 ਅਗਸਤ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਦਾ ਨਿਰਮਾਣ ਫ਼ਰਵਰੀ ‘ਚ ਸ਼ੁਰੂ ਹੋ ਗਿਆ ਹੈ। ਪਿਛਲੇ ਸਾਲ ਦੀ ਬਲੌਕਬੱਸਟਰ ਤਾਨਹਾਜੀ: ਦਾ ਅਨਸੰਗ ਵਾਰੀਅਰ ਤੋਂ ਬਾਅਦ ਆਦੀਪੁਰੁਸ਼ ਦਾ ਨਿਰਦੇਸ਼ਨ ਓਮ ਰਾਓਤ ਕਰ ਰਹੇ ਹਨ।
ਇਸ ਤੋਂ ਪਹਿਲਾਂ ਸੀਤਾ ਦੇ ਕਿਰਦਾਰ ਲਈ ਦੀਪਿਕਾ ਪਾਦੁਕੋਣ ਅਤੇ ਅਨੁਸ਼ਕਾ ਸ਼ਰਮਾ ਦਾ ਨਾਂ ਸਾਹਮਣੇ ਆ ਚੁੱਕਾ ਹੈ। ਅਨੁਸ਼ਕਾ ਹਾਲ ਹੀ ‘ਚ ਮਾਂ ਬਣੀ ਹੈ ਅਤੇ ਉਸ ਕੋਲ ਆਪਣੇ ਕਈ ਪ੍ਰੌਜੈਕਟਸ ਹਨ। ਉਥੇ ਖ਼ਬਰ ਹੈ ਕਿ ਦੀਪਿਕਾ ਅਤੇ ਪ੍ਰਭਾਸ਼ ਪਹਿਲਾਂ ਹੀ ਨਾਗ ਅਸ਼ਵਿਨ ਦੀ ਫ਼ਿਲਮ ਸਾਈਨ ਕਰ ਚੁੱਕੇ ਹਨ। ਅਜਿਹੇ ‘ਚ ਦੋਵੇਂ ਲਗਾਤਾਰ ਇਕੱਠੇ ਕਿਸੇ ਫ਼ਿਲਮ ‘ਚ ਨਜ਼ਰ ਨਹੀਂ ਆਉਣਾ ਚਾਹੁੰਦੇ ਹਨ। ਇਸ ਲਈ ਉਸ ਨੇ ਇਸ ਫ਼ਿਲਮ ਤੋਂ ਹੱਥ ਪਿੱਛੇ ਖਿੱਚ ਲਏ। ਦੀਪਿਕਾ ਦੇ ਫ਼ਿਲਮ ਛੱਡਣ ਦਾ ਕ੍ਰਿਤੀ ਨੂੰ ਵੱਡਾ ਫ਼ਾਇਦਾ ਹੋਇਆ ਹੈ।











