ਸ਼ਿਮਲਾ : ਹਿਮਾਚਲ ‘ਚ ਭਾਰੀ ਬਾਰਿਸ਼ ਆਪਣਾ ਕਹਿਰ ਬਰਸਾ ਰਹੀ ਹੈ। ਰਾਜਧਾਨੀ ਸ਼ਿਮਲਾ ਸਮੇਤ ਸੂਬੇ ਭਰ ‘ਚ ਅਗਲੇ 24 ਘੰਟਿਆਂ ਤੱਕ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 22 ਅਗਸਤ ਤੱਕ ਸੂਬੇ ਦੇ ਕੁਝ ਖੇਤਰਾਂ ‘ਚ ਭਾਰੀ ਬਾਰਿਸ਼ ਦੇ ਕਾਰਨ ਲੋਕਾਂ ਨੂੰ ਸਾਵਧਾਨ ਕਰਦੇ ਹੋਏ ਚਿਤਾਵਨੀ ਜਾਰੀ ਕੀਤੀ ਹੈ। ਸੂਤਰਾਂ ਦੇ ਮੁਤਾਬਕ ਸ਼ਨੀਵਾਰ ਨੂੰ ਸੂਬੇ ‘ਚ ਕਈ ਸਥਾਨਾਂ ‘ਤੇ ਭਾਰੀ ਮਾਤਰਾ ‘ਚ ਬਾਰਿਸ਼ ਹੋਈ। ਸ਼ੁੱਕਰਵਾਰ ਦੀ ਰਾਤ ਤੋਂ ਲਗਾਤਾਰ ਭਾਰੀ ਬਾਰਿਸ਼ ਦਾ ਕ੍ਰਮ ਸ਼ਨੀਵਾਰ ਦੁਪਹਿਰ ਤੱਕ ਚਲਦਾ ਰਿਹਾ। ਸ਼ਿਮਲਾ ‘ਚ ਪਿੱਛਲੇ 24 ਘੰਟਿਆਂ ਦੇ ਦੌਰਾਨ ਹੋਈ ਬਾਰਿਸ਼ ਦੇ ਕਾਰਨ 48 ਲੱਖ ਦਾ ਨੁਕਸਾਨ ਹੋਇਆ ਹੈ।
ਕਈ ਸੜਕਾਂ ‘ਤੇ ਰਸਤੇ ਬੰਦ ਹਨ। ਇਸ ਤੋਂ ਇਲਾਵਾ ਰਾਸ਼ਟਰੀ ਮਾਰਗ ‘ਤੇ ਵੀ ਕਈ ਸਥਾਨਾਂ ‘ਤੇ ਜ਼ਮੀਨ ਖਿਸਕਣ ਦੀਆਂ ਖਬਰਾਂ ਆਉਂਦੀਆਂ ਰਹੀਆਂ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਸਿਰਮੌਰ ‘ਚ ਭਾਰੀ ਬਾਰਿਸ਼ ਦੇ ਕਾਰਨ 13 ਸੰਪਰਕ ਰਸਤੇ ਜ਼ਮੀਨ ਖਿਸਕਣ ਦੇ ਕਾਰਨ ਬੰਦ ਹਨ। ਰਾਜਗੜ੍ਹ ਦੇ ਹਲੋਨੀ ਪੁਲ ਸ਼ਲਾਨਾ ਮਾਰਗ ‘ਤੇ ਕੇਰਟੂ ਦੇ ਕੋਲ ਬਾਰਿਸ਼ ਦੇ ਕਾਰਨ ਸੜਕ ‘ਚ ਡੰਗਾ ਧਸਣ ਕਾਰਨ ਟਰੱਕ ਹਾਦਸਾਗ੍ਰਸਤ ਹੋ ਗਿਆ ਹੈ। ਇਸ ਹਾਦਸੇ ਦੇ ਕਾਰਨ ਇਕ ਵਿਅਕਤੀ ਦੀ ਮੌਤ ਅਤੇ ਦੋ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ। ਇਸ ਤਰ੍ਹਾਂ ਦੀ ਸਥਿਤੀ ਸੂਬੇ ਦੇ ਹੋਰ ਜ਼ਿਲਿਆਂ ‘ਚ ਵੀ ਬਣੀ ਹੋਈ ਹੈ।















