ਅਫ਼ਗ਼ਾਨਿਸਤਾਨ ‘ਚ ਭਾਰਤੀ ਦੂਤਾਵਾਸ ਨੇੜੇ ਆਤਮਘਾਤੀ ਹਮਲਾ, 7 ਵਿਅਕਤੀਆਂ ਦੀ ਮੌਤ

2ਕਾਬੁਲ : ਅਫਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿਚ ਅੱਜ ਇਕ ਆਤਮਘਾਤੀ ਹਮਲਾਵਰ ਨੇ ਪੁਲਿਸ ਦੀ ਗੱਡੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪਣੇ ਆਪ ਨੂੰ ਉਡਾ ਲਿਆ। ਇਸ ਹਮਲੇ ਵਿਚ 7 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ਘਟਨਾ ਭਾਰਤੀ ਦੂਤਾਵਾਸ ਤੋਂ 200 ਮੀਟਰ ਦੀ ਦੂਰੀ ਉੱਤੇ ਹੋਈ ਹੈ। ਇਸ ਹਮਲੇ ਵਿਚ ਭਾਰਤੀ ਵਣਜ ਦੂਤਾਵਾਸ ਦੇ ਸਾਰੇ ਕਰਮੀਂ ਸੁਰੱਖਿਅਤ ਹਨ।
ਸੁਰੱਖਿਆ ਏਜੰਸੀਆਂ ਅਨੁਸਾਰ ਅੱਤਵਾਦੀਆਂ ਦੀ ਪਾਕਿਸਤਾਨੀ ਵਣਜ ਦੂਤਾਵਾਸ ਉਤੇ ਵੀ ਹਮਲਾ ਕਰਨ ਦੀ ਯੋਜਨਾ ਸੀ। ਹਮਲੇ ਵਿੱਚ ਤਿੰਨ ਸਕੂਲੀ ਬੱਚਿਆਂ ਦੇ ਵੀ ਜ਼ਖਮੀ ਹੋਣ ਦੀ ਖ਼ਬਰ ਹੈ। ਦਸ ਦਿਨਾਂ ਵਿੱਚ ਤੀਜੀ ਵਾਰ ਭਾਰਤੀ ਦੂਤਾਵਾਸ ਉੱਤੇ ਇਹ ਹਮਲਾ ਹੋਇਆ ਹੈ। ਤਿੰਨ ਜਨਵਰੀ ਨੂੰ ਭਾਰਤੀ ਵਣਜ ਦੂਤਾਵਾਸ ਉੱਤੇ ਹੋਏ ਹਮਲੇ ਦੌਰਾਨ ਅੱਤਵਾਦੀਆਂ ਨੇ ਕੰਧ ਉੱਤੇ ਲਿਖਿਆ ਸੀ ਕਿ ਇਹ ਅਫ਼ਜ਼ਲ ਗੁਰੂ ਦੀ ਮੌਤ ਦਾ ਬਦਲਾ ਲੈਣ ਲਈ ਇਸ ਨੂੰ ਅੰਜਾਮ ਦਿੱਤਾ ਗਿਆ ਹੈ।