ਕਰਾਚੀ: ਪਾਕਿਸਤਾਨ ਕ੍ਰਿਕਟ ਟੀਮ ਦੇ ਧਮਾਕੇਦਾਰ ਬੱਲੇਬਾਜ਼ ਸ਼ਾਹਿਦ ਅਫ਼ਰੀਦੀ ਨੇ ਇੱਕ ਵਾਰ ਫ਼ਿਰ ਟੀ-20 ਕੌਮਾਂਤਰੀ ਕ੍ਰਿਕਟ ‘ਚੋਂ ਸੰਨਿਆਸ ਲੈਣ ਦੇ ਸੰਕੇਤ ਦਿੱਤੇ ਹਨ। ਸੰਯੁਕਤ ਅਰਬ ਅਮੀਰਾਤ ‘ਚ ਵੈਸਟ ਇੰਡੀਜ਼ ਖਿਲਾਫ਼ ਅਗਾਮੀ ਟੀ-20 ਸੀਰੀਜ਼ ਅਫ਼ਰੀਦੀ ਦੀ ਆਖਰੀ ਸੀਰੀਜ਼ ਹੋ ਸਕਦੀ ਹੈ। ਪਾਕਿਸਤਾਨੀ ਅਖਬਾਰ ਡਾਨ ਮੁਤਾਬਕ ਅਫ਼ਰੀਦੀ ਵੈਸਟ ਇੰਡੀਜ਼ ਖਿਲਾਫ਼ ਤਿੰਨ ਮੈਚਾਂ ਦੀ ਅਗਾਮੀ ਸੀਰੀਜ਼ ਟੀ-20 ਸੀਰੀਜ਼ ਤੋਂ ਬਾਅਦ ਸੰਨਿਆਸ ਦਾ ਐਲਾਨ ਕਰ ਸਕਦੇ ਹਨ। 36 ਸਾਲਾ ਆਲਰਾਊਂਡਰ ਅਫ਼ਰੀਦੀ ਪਹਿਲਾਂ ਵੀ ਕਈ ਵਾਰ ਸੰਨਿਆਸ ਲੈ ਚੁੱਕੇ ਹਨ ਪਰ ਫ਼ਿਰ ਉਨ੍ਹਾਂ ਨੇ ਕੌਮਾਂਤਰੀ ਕ੍ਰਿਕਟ ‘ਚ ਵਾਪਸੀ ਕਰ ਲਈ ਸੀ। ਰਿਪੋਰਟ ਮੁਤਾਬਕ ਪਾਕਿਸਤਾਨੀ ਖਿਡਾਰੀ ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਤੋਂ ਇਸ ਸੀਰੀਜ਼ ‘ਚ ਵਿਸ਼ੇਸ਼ ਰੂਪ ਨਾਲ ਖੇਡਣ ਦੀ ਆਗਿਆ ਮੰਗੀ ਹੈ। ਅਫ਼ਰੀਦੀ ਨੇ ਮੁੱਖ ਚੋਣਕਾਰ ਅਤੇ ਸਾਬਕਾ ਕਪਤਾਨ ਇੰਜ਼ਮਾਮ ਉੱਲ ਹੱਕ ਨਾਲ ਮੁਲਾਕਾਤ ਦੌਰਾਨ ਸੰਨਿਆਸ ਦੀ ਇੱਛਾ ਜ਼ਾਹਿਰ ਕੀਤੀ ਸੀ। ਸਟਾਰ ਆਲਰਾਊਂਡਰ ਨੇ ਪਾਕਿਸਤਾਨ ਲਈ 98 ਟੀ-20 ਕੌਮਾਂਤਰੀ ਮੈਚ ਖੇਡੇ ਹਨ, ਜਿਨ੍ਹਾਂ ‘ਚ 97 ਵਿਕਟ ਹਾਸਲ ਕੀਤੇ ਹਨ ਅਤੇ 18 ਦੀ ਔਸਤ ਨਾਲ 1405 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਏਸ਼ੀਆ ਕੱਪ ਅਤੇ ਟੀ-20 ਵਿਸ਼ਵ ਕੱਪ ਤੋਂ ਬਾਅਦ ਟੀ-20 ‘ਚ ਕਪਤਾਨੀ ਵੀ ਛੱਡ ਦਿੱਤੀ ਸੀ।












