ਨਵੀਂ ਦਿੱਲੀ: ਸ਼ਾਨਦਾਰ ਲੈਅ ‘ਚ ਚੱਲ ਰਹੇ ਅਤੇ ਆਪਣੀ ਕਪਤਾਨੀ ‘ਚ ਲਗਾਤਾਰ ਤਿੰਨ ਸੀਰੀਜ਼ ਜਿੱਤ ਚੁੱਕੇ ਵਿਰਾਟ ਕੋਹਲੀ ਕੋਲ ਨਿਊਜ਼ੀਲੈਂਡ ਖਿਲਾਫ਼ 22 ਸਤੰਬਰ ਤੋਂ ਸ਼ੁਰੂ ਹੋ ਰਹੀ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ‘ਚ ਦੇਸ਼ ਦੇ ਕਈ ਦਿੱਗਜ ਕਪਤਾਨਾਂ ਨੂੰ ਪਿੱਛੇ ਛੱਡਣ ਦਾ ਮੌਕਾ ਹੋਵੇਗਾ। ਮੌਜੂਦਾ ਟੈਸਟ ਕਪਤਾਨ ਵਿਰਾਟ ਲਈ ਇਹ ਸੀਰੀਜ਼ ਨਿੱਜੀ ਤੌਰ ‘ਤੇ ਕਾਫ਼ੀ ਮਾਇਨੇ ਰੱਖਦੀ ਹੈ। ਵਿਰਾਟ ਨੇ ਆਪਣੀਆਂ ਪਿਛਲੀਆਂ ਤਿੰਨਾਂ ਸੀਰੀਜ਼ ‘ਚ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਨੇ ਪਿਛਲੇ ਸਾਲ ਸ਼੍ਰੀਲੰਕਾ ‘ਚ ਦੇਸ਼ ਨੂੰ 22 ਸਾਲ ਬਾਅਦ 2-1 ਨਾਲ ਜਿੱਤ ਦਿਵਾਈ, ਫ਼ਿਰ ਦੱਖਣੀ ਅਫ਼ਰੀਕਾ ਨੂੰ ਘਰੇਲੂ ਸੀਰੀਜ਼ ‘ਚ 3-0 ਨਾਲ ਹਰਾਇਆ ਅਤੇ ਹਾਲ ਹੀ ‘ਚ ਵੈਸਟ ਇੰਡੀਜ਼ ‘ਚ ਚਾਰ ਟੈਸਟ ਮੈਚਾਂ ਦੀ ਸੀਰੀਜ਼ 2-0 ਨਾਲ ਜਿੱਤੀ ਸੀ।
ਵਿਰਾਟ ਕੋਲ ਮੌਜੂਦਾ ਸੀਰੀਜ਼ ‘ਚ ਸੀਰੀਜ਼ ਜਿੱਤ ਦਾ ਚੌਕਾ ਲਗਾਉਣ ਦਾ ਮੌਕਾ ਵੀ ਹੋਵੇਗਾ। ਹੁਣ ਤੱਕ 14 ਟੈਸਟਾਂ ‘ਚ ਭਾਰਤ ਦੀ ਕਪਤਾਨੀ ਸੰਭਲ ਚੁੱਕੇ ਵਿਰਾਟ ਨੇ ਸੱਤ ਮੈਚ ਜਿੱਤੇ ਹਨ, ਦੋ ਹਾਰੇ ਹਨ ਅਤੇ ਪੰਜ ਡ੍ਰਾਅ ਖੇਡੇ ਹਨ। ਇਸ ਸੀਰੀਜ਼ ਦੇ ਤਿੰਨ ਟੈਸਟਾਂ ਦੀ ਕਪਤਾਨੀ ਕਰਨ ਨਾਲ ਹੀ ਵਿਰਾਟ ਵਿਜੇ ਹਜ਼ਾਰੇ (14 ਟੈਸਟ), ਲਾਲਾ ਅਮਰਨਾਥ (15 ਟੈਸਟ) ਅਤੇ ਅਜੀਤ ਵਾਡੇਕਰ (16 ਟੈਸਟ) ਨੂੰ ਪਿੱਛੇ ਛੱਡ ਕੇ ਸਭ ਤੋਂ ਵੱਧ ਟੈਸਟ ਮੈਚਾਂ ‘ਚ ਕਪਤਾਨੀ ਕਰਨ ਦੇ ਮਾਮਲੇ ‘ਚ ਸੱਤਵੇਂ ਨੰਬਰ ‘ਤੇ ਹਨ। ਜੇਕਰ ਉਹ ਇਸ ਸੀਰੀਜ਼ ‘ਚ ‘ਕਲੀਨ ਸਵੀਪ’ ਕਰਦੇ ਹਨ ਤਾਂ ਇੱਕ ਝਟਕੇ ‘ਚ ਹੀ ਰਾਹੁਲ ਦ੍ਰਾਵਿਡ (8 ਜਿੱਤ), ਨਵਾਬ ਪਟੌਦੀ (9 ਜਿੱਤ) ਅਤੇ ਸੁਨੀਲ ਗਾਵਸਕਰ (9 ਜਿੱਤ) ਨੂੰ ਪਿੱਛੇ ਛੱਡ ਕੇ ਚੌਥੇ ਨੰਬਰ ‘ਤੇ ਪਹੁੰਚ ਜਾਣਗੇ।












