ਅਮਿਤ ਸ਼ਾਹ ਨੇ ਠੁਕਰਾਇਆ ਨਕਸਲੀਆਂ ਦਾ ਗੋਲੀਬੰਦੀ ਪ੍ਰਸਤਾਵ

ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਮਾਓਵਾਦੀਆਂ ਵੱਲੋਂ ਦਿੱਤੇ ਗਏ ਗੋਲੀਬੰਦੀ ਦੇ ਪ੍ਰਸਤਾਵ ਨੂੰ ਰੱਦ ਕਰਦਿਆਂ ਕਿਹਾ ਕਿ ਜੇ ਕੱਟੜਪੰਥੀ ਹਥਿਆਰ ਸੁੱਟ ਕੇ ਆਤਮਸਮਰਪਣ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਦਾ ਸਵਾਗਤ ਹੈ ਅਤੇ ਸੁਰੱਖਿਆ ਫੋਰਸਾਂ ਉਨ੍ਹਾਂ ’ਤੇ ਇਕ ਵੀ ਗੋਲੀ ਨਹੀਂ ਚਲਾਉਣਗੀਆਂ।
ਸ਼ਾਹ ਨੇ ਕਿਹਾ, “ਹਾਲ ਹੀ ’ਚ ਭੁਲੇਖਾ ਫੈਲਾਉਣ ਲਈ ਇਕ ਪੱਤਰ ਲਿਖਿਆ ਗਿਆ, ਜਿਸ ’ਚ ਕਿਹਾ ਗਿਆ ਕਿ ‘ਹੁਣ ਤੱਕ ਜੋ ਕੁਝ ਹੋਇਆ ਹੈ, ਉਹ ਇਕ ਗਲਤੀ ਹੈ, ਗੋਲੀਬੰਦੀ ਐਲਾਨੀ ਜਾਣੀ ਚਾਹੀਦੀ ਹੈ ਅਤੇ ਅਸੀਂ (ਨਕਸਲੀ) ਆਤਮਸਮਰਪਣ ਕਰਨਾ ਚਾਹੁੰਦੇ ਹਾਂ।’ ਮੈਂ ਕਹਿਣਾ ਚਾਹੁੰਦਾ ਹਾਂ ਕਿ ਕੋਈ ਗੋਲੀਬੰਦੀ ਨਹੀਂ ਹੋਵੇਗੀ। ਜੇ ਤੁਸੀਂ ਆਤਮਸਮਰਪਣ ਕਰਨਾ ਚਾਹੁੰਦੇ ਹੋ, ਤਾਂ ਗੋਲੀਬੰਦੀ ਦੀ ਕੋਈ ਜ਼ਰੂਰਤ ਨਹੀਂ ਹੈ। ਹਥਿਆਰ ਸੁੱਟ ਦਿਓ, ਇਕ ਵੀ ਗੋਲੀ ਨਹੀਂ ਚੱਲੇਗੀ।”
ਉਨ੍ਹਾਂ ਕਿਹਾ ਕਿ ਜੇ ਨਕਸਲੀ ਆਤਮਸਮਰਪਣ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਲਈ ‘ਲਾਹੇਵੰਦ’ ਮੁੜ-ਵਸੇਬਾ ਨੀਤੀ ਦੇ ਨਾਲ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ‘ਨਕਸਲ ਮੁਕਤ ਭਾਰਤ’ ’ਤੇ ਆਯੋਜਿਤ ਸੈਮੀਨਾਰ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਖੱਬੇਪੱਥੀ ਅੱਤਵਾਦ ਨੂੰ ਵਿਚਾਰਧਾਰਕ ਸਮਰਥਨ ਦੇਣ ਲਈ ਖੱਬੇਪੱਖੀ ਪਾਰਟੀਆਂ ’ਤੇ ਨਿਸ਼ਾਨਾ ਵਿੰਨ੍ਹਿਆ ਅਤੇ ਉਨ੍ਹਾਂ ਦੇ ਇਸ ਤਰਕ ਨੂੰ ਰੱਦ ਕਰ ਦਿੱਤਾ ਕਿ ਵਿਕਾਸ ਦੀ ਕਮੀ ਕਾਰਨ ਮਾਓਵਾਦੀ ਹਿੰਸਾ ਹੋਈ। ਉਨ੍ਹਾਂ ਕਿਹਾ ਕਿ ਇਹ ‘ਲਾਲ ਅੱਤਵਾਦ’ ਦੇ ਕਾਰਨ ਹੀ ਸੀ ਕਿ ਕਈ ਦਹਾਕਿਆਂ ਤੱਕ ਦੇਸ਼ ਦੇ ਕਈ ਹਿੱਸਿਆਂ ’ਚ ਵਿਕਾਸ ਨਹੀਂ ਹੋ ਸਕਿਆ।