ਬੌਲੀਵੁਡ ਨਿਰਦੇਸ਼ਕ ਅਭਿਸ਼ੇਕ ਕਪੂਰ ਪੁਲਵਾਮਾ ਹਮਲੇ ‘ਤੇ ਇੱਕ ਫ਼ਿਲਮ ਬਣਾਉਣ ਜਾ ਰਿਹਾ ਹੈ। ਇਸ ‘ਚ ਈਸ਼ਾਨ ਖੱਟਰ ਮੁੱਖ ਭੂਮਿਕਾ ਨਿਭਾਉਾਂਦਾ ਨਜ਼ਰ ਆਵੇਗਾ …
ਪੁਲਵਾਮਾ ਵਿੱਚ 14 ਫ਼ਰਵਰੀ ਨੂੰ ਅਤਿਵਾਦੀਆਂ ਨੇ CRPF ਦੇ ਕਾਫ਼ਿਲੇ ‘ਤੇ ਹਮਲਾ ਕੀਤਾ ਸੀ ਜਿਸ ਵਿੱਚ 40 ਜਵਾਨ ਸ਼ਹੀਦ ਹੋ ਗਏ ਸਨ। ਭਾਰਤ ਨੇ ਇਸ ਦਾ ਸਬਕ ਸਿਖਾਉਂਦੇ ਹੋਏ ਪਾਕਿਸਤਾਨ ਅੰਦਰ ਦਾਖ਼ਲ ਹੋ ਕੇ ਏਅਰ ਸਟ੍ਰਾਈਕ ਕੀਤੀ। ਇਸ ਹਵਾਈ ਹਮਲੇ ‘ਚ 300 ਦੇ ਕਰੀਬ ਅਤਿਵਾਦੀਆਂ ਦੇ ਮਰਨ ਦੀ ਪੁਸ਼ਟੀ ਕੀਤੀ ਗਈ ਸੀ। ਹੁਣ ਇਨ੍ਹਾਂ ਸਾਰੀਆਂ ਘਟਨਾਵਾਂ ‘ਤੇ ਹਿੰਦੀ ਫ਼ਿਲਮ ਬਣੇਗੀ। ਦੱਸਿਆ ਗਿਆ ਹੈ ਕਿ ਇਸ ਫ਼ਿਲਮ ‘ਚ ਈਸ਼ਾਨ ਖੱਟਰ ਮੁੱਖ ਭੂਮਿਕਾ ਨਿਭਾਏਗਾ।
ਫ਼ਿਲਮ ਨੂੰ ਬਣਾਉਣ ਦੀ ਜ਼ਿੰਮੇਵਾਰੀ ਫ਼ਿਲਮ ਡਾਇਰੈਕਟਰ ਅਭਿਸ਼ੇਕ ਕਪੂਰ ਨੇ ਲਈ ਹੈ। ਪਿਛਲੇ ਸਾਲ ਦਸੰਬਰ ਵਿੱਚ ਸਾਰਾ ਅਲੀ ਖ਼ਾਨ ਦੀ ਡੈਬਿਊ ਫ਼ਿਲਮ ਕੇਦਾਰਨਾਥ ਦੇ ਡਾਇਰੈਕਟਰ ਅਭਿਸ਼ੇਕ ਨੇ ਇਨ੍ਹਾਂ ਘਟਨਾਵਾਂ ਨੂੰ ਫ਼ਿਲਮ ਜ਼ਰੀਏ ਵਿਖਾਉਣ ਦਾ ਫ਼ੈਸਲਾ ਲਿਆ ਹੈ। ਬਹੁਤ ਜਲਦੀ ਉਹ ਫ਼ਿਲਮ ਦਾ ਨਾਂ ਅਤੇ ਬਾਕੀ ਅਦਾਕਾਰਾਂ ਬਾਰੇ ਰਸਮੀ ਐਲਾਨ ਕਰੇਗਾ। ਜ਼ਿਕਰਯੋਗ ਹੈ ਕਿ ਈਸ਼ਾਨ ਖੱਟਰ ਨੇ ਪਿਛਲੇ ਸਾਲ ਧੜਕ ਫ਼ਿਲਮ ‘ਚ ਆਪਣੀ ਪ੍ਰਤਿਭਾ ਦਾ ਮੁਜ਼ਾਹਰਾ ਕੀਤਾ ਸੀ। ਆਲੋਚਕਾਂ ਨੇ ਵੀ ਉਸ ਦੀ ਅਦਾਕਾਰੀ ਦੀ ਤਾਰੀਫ਼ ਕੀਤੀ ਸੀ।
ਫ਼ਿਲਮ ਧੜਕ ਤੋਂ ਹੀ ਬੌਲੀਵੁਡ ਦੀ ਮਰਹੂਮ ਅਭਿਨੇਤਰੀ ਸ਼੍ਰੀਦੇਵੀ ਦੇ ਬੇਟੀ ਜਾਨ੍ਹਵੀ ਕਪੂਰ ਨੇ ਡੈਬਿਊ ਕੀਤਾ ਸੀ। ਫ਼ਿਲਮ ਨੇ ਮੋਟੀ ਕਮਾਈ ਕੀਤੀ ਸੀ। ਜ਼ਿਕਰਯੋਗ ਹੈ ਕਿ ਇਸ ਸਾਲ ਫ਼ਿਲਮ ਉੜੀ – ਦਾ ਸਰਜੀਕਲ ਸਟ੍ਰਾਈਕ ਵੀ ਰਿਲੀਜ਼ ਹੋਈ ਸੀ। ਇਹ ਫ਼ਿਲਮ ਵੀ ਅਜਿਹੀ ਹੀ ਸੱਚੀ ਘਟਨਾ ‘ਤੇ ਆਧਾਰਿਤ ਸੀ ਜਿਸ ‘ਚ ਵਿੱਕੀ ਕੌਸ਼ਲ ਨੇ ਮੁੱਖ ਭੂਮਿਕਾ ਨਿਭਾਈ ਸੀ। ਫ਼ਿਲਮ 200 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰਨ ‘ਚ ਕਾਮਯਾਬ ਰਹੀ। ਇਸ ਫ਼ਿਲਮ ਨੇ ਵਿੱਕੀ ਕੌਸ਼ਲ ਦੇ ਕਰੀਅਰ ਗ੍ਰਾਫ਼ ਨੂੰ ਵੀ ਕਾਫ਼ੀ ਉੱਚਾ ਚੁੱਕਿਆ ਸੀ।











