ਆਲੀਆ ਭੱਟ ਦੇ ਸਿਤਾਰੇ ਬੁਲੰਦ

ਆਲੀਆ ਭੱਟ ਇਸ ਵਕਤ ਕਈ ਵੱਡੇ ਬਜਟ ਦੀਆਂ ਫ਼ਿਲਮਾਂ ‘ਚ ਕੰਮ ਕਰ ਰਹੀ ਹੈ। ਹੁਣ ਉਸ ਨੂੰ ਭੰਸਾਲੀ ਦੀ ਅਗਲੀ ਫ਼ਿਲਮ ਇੰਸ਼ਾ ਅੱਲ੍ਹਾ ਵੀ ਮਿਲ ਗਈ ਹੈ …
ਮਸ਼ਹੂਰ ਨਿਰਦੇਸ਼ਕ ਅਤੇ ਨਿਰਮਾਤਾ ਸੰਜੈ ਲੀਲਾ ਭੰਸਾਲੀ ਅਗਲੀ ਫ਼ਿਲਮ ਸਲਮਾਨ ਖ਼ਾਨ ਨਾਲ ਬਣਾਉਣ ਵਾਲਾ ਹੈ। ਇਸ ਫ਼ਿਲਮ ਨੂੰ ਲੈ ਕੇ ਇੰਡਸਟਰੀ ‘ਚ ਕਾਫ਼ੀ ਸਮੇਂ ਤੋਂ ਚਰਚਾ ਚੱਲ ਰਹੀ ਹੈ। ਇੱਕ ਤੋਂ ਬਾਅਦ ਇੱਕ ਫ਼ਿਲਮ ਨਾਲ ਜੁੜੀ ਗੱਲ ਸਾਹਮਣੇ ਆ ਰਹੀ ਹੈ। ਭੰਸਾਲੀ ਦੀ ਇਸ ਫ਼ਿਲਮ ਦਾ ਨਾਂ ਇੰਸ਼ਾ ਅੱਲ੍ਹਾ ਹੋਵੇਗਾ, ਅਤੇ ਇਸ ‘ਚ ਸਲਮਾਨ ਹੀ ਇਕੱਲਾ ਹੀਰੋ ਹੋਵੇਗਾ।
ਜ਼ਿਕਰਯੋਗ ਹੈ ਕਿ ਆਲੀਆ ਭੱਟ ਅਤੇ ਸਲਮਾਨ ਦੀ ਉਮਰ ‘ਚ 27 ਸਾਲ ਦਾ ਅੰਤਰ ਹੈ। ਆਲੀਆ 26 ਸਾਲ ਦੀ ਅਤੇ ਸਲਮਾਨ 53 ਸਾਲ ਦਾ। ਦੂਜੇ ਪਾਸੇ ਆਲੀਆ ਪਹਿਲੀ ਵਾਰ ਭੰਸਾਲੀ ਵਰਗੇ ਦਮਦਾਰ ਨਿਰਦੇਸ਼ਕ ਨਾਲ ਫ਼ਿਲਮ ਕਰੇਗੀ ਜੋ ਆਪਣੀ ਹੀਰੋਇਨ ਨੂੰ ਬੇਹੱਦ ਖ਼ੂਬਸੂਰਤੀ ਨਾਲ ਪੇਸ਼ ਕਰਨ ਦੀ ਮੁਹਾਰਤ ਰੱਖਦਾ ਹੈ। ਭੰਸਾਲੀ ਹੁਣ ਤਕ ਬੌਲੀਵੁਡ ਦੀਆਂ ਕਈ ਅਭਿਨੇਤਰੀਆਂ ਨੂੰ ਆਪਣੀਆਂ ਫ਼ਿਲਮਾਂ ਜ਼ਰੀਏ ਪ੍ਰਸਿੱਧੀ ਦਿਵਾ ਚੁੱਕਾ ਹੈ। ਇਸ ਦੀ ਇੱਕ ਚੰਗੀ ਉਦਾਹਰਣ ਦੀਪਿਕਾ ਪਾਦੂਕੋਣ ਹੈ ਜਿਸ ਨੂੰ ਭੰਸਾਲੀ ਦੀ ਪਦਮਾਵਤ ਫ਼ਿਲਮ ‘ਚ ਮਹਾਰਾਣੀ ਪਦਮਾਵਤੀ ਦਾ ਕਿਰਦਾਰ ਨਿਭਾ ਕੇ ਖ਼ੂਬ ਪ੍ਰਸਿੱਧੀ ਅਤੇ ਐਵਾਰਡਜ਼ ਪ੍ਰਾਪਤ ਹੋਏ।
ਭੰਸਾਲੀ ਦੀਆਂ ਪਿਛਲੀਆਂ ਫ਼ਿਲਮਾਂ ਨੂੰ ਦੇਖ ਕੇ ਲਗਦਾ ਹੈ ਕਿ ਉਸ ਦੀ ਆਗਾਮੀ ਫ਼ਿਲਮ ਆਲੀਆ ਨੂੰ ਵੀ ਪ੍ਰਸਿੱਧੀ ਦਿਵਾਏਗੀ। ਵੈਸੇ ਫ਼ਿਲਮ ਰਾਜ਼ੀ ਦੀ ਸਫ਼ਲਤਾ ਤੋਂ ਬਾਅਦ ਆਲੀਆ ਦੇ ਸਿਤਾਰੇ ਵੀ ਕਾਫ਼ੀ ਬੁਲੰਦ ਹਨ। ਇਸ ਵਕਤ ਉਸ ਕੋਲ ਕਈ ਵੱਡੇ ਬਜਟ ਨਾਲ ਬਣਨ ਵਾਲੀਆਂ ਫ਼ਿਲਮਾਂ ਹਨ। ਇਨ੍ਹਾਂ ‘ਚ ਸਾਊਥ ਦੀ ਵੀ ਇੱਕ ਫ਼ਿਲਮ ਸ਼ਾਮਿਲ ਹੈ। ਜ਼ਿਕਰਯੋਗ ਹੈ ਕਿ ਭੰਸਾਲੀ ਅਤੇ ਸਲਮਾਨ ਖ਼ਾਨ ਪਹਿਲਾਂ ਵੀ ਖ਼ਾਮੋਸ਼ੀ ਦਾ ਮਿਊਜ਼ੀਕਲ, ਹਮ ਦਿਲ ਦੇ ਚੁਕੇ ਸਨਮ ਅਤੇ ਸਾਂਵਰੀਆ ਫ਼ਿਲਮਾਂ ਇਕੱਠਿਆਂ ਕਰ ਚੁੱਕੇ ਹਨ। ਫ਼ਿਰ ਦੋਹਾਂ ਵਿਚਕਾਰ ਕੁੱਝ ਗੱਲਾਂ ਨੂੰ ਲੈ ਕੇ ਗਿਲੇ-ਸ਼ਿਕਵੇ ਹੋ ਗਏ ਸਨ, ਅਤੇ ਇਸ ਲਈ ਭੰਸਾਲੀ ਨੇ ਤਿੰਨ ਫ਼ਿਲਮਾਂ ਰਣਵੀਰ ਸਿੰਘ ਨਾਲ ਬਣਾਈਆਂ ਜੋ ਸੁਪਰਹਿੱਟ ਸਾਬਿਤ ਹੋਈਆਂ। ਹੁਣ ਇੱਕ ਵਾਰ ਫ਼ਿਰ ਸਲਮਾਨ ਅਤੇ ਭੰਸਾਲੀ ਇੰਸ਼ਾ ਅੱਲ੍ਹਾ ਨਾਲ ਕੁੱਝ ਵੱਖਰਾ ਕਰਦੇ ਨਜ਼ਰ ਆਉਣਗੇ।