ਕੁਲੀ ਨੰਬਰ 1 ਦੇ ਰੀਮੇਕ ‘ਚ ਮੁੱਖ ਕਿਰਦਾਰ ਨਿਭਾਉਣ ਨੂੰ ਲੈ ਕੇ ਵੱਖ-ਵੱਖ ਹੀਰੋਇਨਾਂ ਦੇ ਨਾਵਾਂ ਦੀ ਚਰਚਾ ਸੀ, ਪਰ ਹੁਣ ਅਖ਼ੀਰ ‘ਚ ਸਾਰਾ ਅਲੀ ਨੂੰ ਫ਼ਾਈਨਲ ਕੀਤਾ ਗਿਐ …
ਪਿਛਲੇ ਕੁੱਝ ਸਮੇਂ ਤੋਂ ਨਿਰਮਾਤਾ ਅਤੇ ਨਿਰਦੇਸ਼ਕ ਡੇਵਿਡ ਧਵਨ ਆਪਣੀ ਸੁਪਰਹਿੱਟ ਫ਼ਿਲਮ ਕੁਲੀ ਨੰਬਰ 1 ਦੇ ਰੀਮੇਕ ਨੂੰ ਲੈ ਕੇ ਚਰਚਾ ‘ਚ ਹੈ। ਇਸ ਫ਼ਿਲਮ ‘ਚ ਉਸ ਦਾ ਬੇਟਾ ਵਰੁਣ ਧਵਨ ਮੁੱਖ ਰੋਲ ਨਿਭਾਏਗਾ, ਪਰ ਹਾਲੇ ਤਕ ਉਸ ਦੀ ਹੀਰੋਇਨ ਫ਼ਾਈਨਲ ਨਹੀਂ ਸੀ ਕੀਤੀ ਗਈ। ਹੁਣ ਲਗਦਾ ਹੈ ਕਿ ਵਰੁਣ ਨੂੰ ਇਸ ਫ਼ਿਲਮ ਲਈ ਆਪਣੀ ਹੀਰੋਇਨ ਮਿਲ ਗਈ ਹੈ।
ਇਸ ਫ਼ਿਲਮ ‘ਚ ਇੱਕ ਤੋਂ ਬਾਅਦ ਇੱਕ ਦੋ ਹਿੱਟ ਫ਼ਿਲਮਾਂ ਦੇਣ ਵਾਲੀ ਅਭਿਨੇਤਰੀ ਸਾਰਾ ਅਲੀ ਖ਼ਾਨ ਵਰੁਣ ਨਾਲ ਨਜ਼ਰ ਆਵੇਗੀ। ਇਸ ਫ਼ਿਲਮ ਦੇ ਡਾਇਲਾਗ ਫ਼ਰਹਾਦ ਸਾਮਜੀ ਲਿਖੇਗਾ। ਇਸ ਫ਼ਿਲਮ ‘ਚ ਹੋਰ ਕੌਣ ਹੋਵੇਗਾ, ਇਹ ਅਜੇ ਫ਼ਾਈਨਲ ਨਹੀਂ ਹੋਇਆ। ਫ਼ਰਹਾਦ ਨੇ ਕਿਹਾ, ”ਵਰੁਣ ਵਰਗੇ ਮਿਹਨਤੀ ਐਕਟਰ ਨਾਲ ਕੰਮ ਕਰਨਾ ਕਿਸੇ ਵੀ ਲੇਖਕ ਲਈ ਮਾਣ ਵਾਲੀ ਗੱਲ ਹੁੰਦੀ ਹੈ। ਮੈਂ ਹਾਲ ਹੀ ‘ਚ ਉਸ ਨੂੰ ਡਾਇਲੌਗ ਸੁਣਾਏ ਅਤੇ ਉਸ ਨੇ ਤੁਰੰਤ ਤਿਆਰੀ ਕਰਨ ਲਈ ਮੇਰੇ ਕੋਲ ਡਾਇਲੌਗਜ਼ ਦੀ ਕੌਪੀ ਮੰਗ ਲਈ।”
ਫ਼ਿਲਮ ਸ਼ੁਰੂ ਹੋਣ ‘ਚ ਕੁੱਝ ਸਮਾਂ ਹੈ, ਪਰ ਉਹ ਹੁਣ ਤੋਂ ਹੀ ਤਿਆਰੀ ਕਰਨੀ ਚਾਹੁੰਦਾ ਹੈ। ਉਸ ਦਾ ਕਹਿਣਾ ਹੈ, ”ਮੈਂ ਸਾਰਾ ਨਾਲ ਦੂਜੀ ਵਾਰ ਕਿਸੇ ਫ਼ਿਲਮ ‘ਚ ਕੰਮ ਕਰਨ ਦਾ ਚਾਹਵਾਨ ਸਾਂ।” ਫ਼ਰਹਾਦ ਨੇ ਇਸ ਤੋਂ ਪਹਿਲਾਂ ਵੀ ਸਾਰਾ ਅਲੀ ਖ਼ਾਨ ਨਾਲ ਰੋਹਿਤ ਸ਼ੈਟੀ ਦੀ ਫ਼ਿਲਮ ਸਿੰਬਾ ‘ਚ ਵਧੀਆ ਕੰਮ ਕੀਤਾ ਸੀ। ਫ਼ਿਲਹਾਲ ਸਾਰਾ ਅਲੀ ਖ਼ਾਨ ਇਮਤਿਆਜ਼ ਅਲੀ ਦੇ ਨਿਰਦੇਸ਼ਨ ‘ਚ ਬਣ ਰਹੀ ਫ਼ਿਲਮ ਲਵ ਆਜਕੱਲ੍ਹ 2 ‘ਚ ਰੁੱਝੀ ਹੈ। ਇਸ ਫ਼ਿਲਮ ‘ਚ ਕਾਰਤਿਕ ਆਰੀਅਨ ਅਤੇ ਰਣਦੀਪ ਹੁੱਡਾ ਵੀ ਨਜ਼ਰ ਆਉਣਗੇ।
ਦੂਜੇ ਪਾਸੇ, 17 ਅਪ੍ਰੈਲ ਨੂੰ ਵਰੁਣ ਦੀ ਮਲਟੀਸਟਾਰਰ ਫ਼ਿਲਮ ਕਲੰਕ ਵੀ ਰਿਲੀਜ਼ ਹੋਵੇਗੀ। ਇਸ ‘ਚ ਸੰਜੇ ਦੱਤ, ਮਾਧੁਰੀ ਦੀਕਸ਼ਿਤ, ਆਲੀਆ ਭੱਟ, ਸੋਨਾਕਸ਼ੀ ਸਿਨਹਾ ਅਤੇ ਆਦਿੱਤਿਆ ਰਾਏ ਕਪੂਰ ਨੇ ਵੀ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਸ ਫ਼ਿਲਮ ਦਾ ਨਿਰਮਾਣ ਕਰਨ ਜੌਹਰ ਨੇ ਕੀਤਾ ਹੈ ਅਤੇ ਇਸ ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਅਭਿਸ਼ੇਕ ਵਰਮਨ ਨੇ ਨਿਭਾਈ ਹੈ। ਇਸ ਵਕਤ ਵਰੁਣ ਅਗਲੀ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝਾ ਹੋਇਆ ਹੈ ਜੋ ਡਾਂਸ ‘ਤੇ ਆਧਾਰਿਤ ਹੋਵੇਗੀ।











