ਅਨੁਸ਼ਕਾ ਸ਼ਰਮਾ ਨੇ ਬਹੁਤ ਹੀ ਘੱਟ ਸਮੇਂ ਵਿੱਚ ਬੌਲੀਵੁੱਡ ਵਿੱਚ ਆਪਣਾ ਖ਼ਾਸਾ ਮੁਕਾਮ ਬਣਾ ਲਿਆ ਹੈ। ਚੰਗੇ ਕਿਰਦਾਰ ਤਾਂ ਅਨੁਸ਼ਕਾ ਕਰ ਹੀ ਰਹੀ ਹੈ, ਪਰ ਫ਼ਿਲਮ ਨਿਰਮਾਤਾ ਬਣਕੇ ਉਸਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਮਨ ਵਿੱਚ ਵਿਸ਼ਵਾਸ ਅਤੇ ਜਨੂੰਨ ਹੋਵੇ ਤਾਂ ਕੋਈ ਵੀ ਕੰਮ ਕਰਨਾ ਮੁਸ਼ਕਿਲ ਨਹੀਂ ਹੈ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨਾਲ ਵਿਆਹ ਹੋਣ ਤੋਂ ਬਾਅਦ ਉਸਨੇ ਫ਼ਿਲਮਾਂ ਤੋਂ ਦੂਰੀ ਨਹੀਂ ਬਣਾਈ। ਪੇਸ਼ ਹੈ ਅਨੁਸ਼ਕਾ ਸ਼ਰਮਾ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼:
– ਤੁਹਾਡਾ ਵਿਆਹੁਤਾ ਜੀਵਨ ਹੁਣੇ- ਹੁਣੇ ਸ਼ੁਰੂ ਹੋਇਆ ਹੈ। ਇਸ ਅਨੁਭਵ ਦੇ ਬਾਰੇ ਕੀ ਕਹੋਗੇ?
– ਬਸ, ਹੁਣ ਸਤਰੰਗੇ ਆਸਮਾਨ ਦੀ ਸੈਰ ਕਰ ਰਹੀ ਹਾਂ, ਪਰ ਇਸਦੇ ਨਾਲ ਹੀ ਅਸੀਂ ਦੋਨੋਂ ਆਪਣੇ- ਆਪਣੇ ਪੇਸ਼ੇ ਵਿੱਚ ਵੀ ਰੁੱਝੇ ਹੋਏ ਹਾਂ। ਹਾਲਾਂਕਿ ਸਾਡੀਆਂ ਦੋਨਾਂ ਦੀਆਂ ਆਪਣੀਆਂ- ਆਪਣੀਆਂ ਜ਼ਿੰਮੇਵਾਰੀਆਂ ਅਤੇ ਵਚਨਬੱਧਤਾਵਾਂ ਹਨ, ਇਸ ਲਈ ਸਾਨੂੰ ਕੰਮ ਤਾਂ ਕਰਨਾ ਹੀ ਪਵੇਗਾ। ਉਂਜ, ਅਸੀਂ ਦੋਨੋਂ ਆਪਣੇ ਇਸ ਨਵੇਂ ਜੀਵਨ ਦਾ ਭਰਪੂਰ ਆਨੰਦ ਉਠਾ ਰਹੇ ਹਾਂ।
-‘ਜਬ ਹੈਰੀ ਮੈੱਟ ਸੇਜਲ’ ਦੀ ਨਾਕਾਮੀ ਦੇ ਬਾਵਜੂਦ ਇੱਕ ਵਾਰ ਫ਼ਿਰ ਤੁਸੀਂ ਸ਼ਾਹਰੁਖ਼ ਖ਼ਾਨ ਨਾਲ ‘ਜ਼ੀਰੋ’ ਵਿੱਚ ਕੰਮ ਕਰ ਰਹੇ ਹੋ। ਤਾਂ ਕੀ ਇਹ ਮੰਨਿਆ ਜਾਵੇ ਕਿ ਤੁਹਾਡੇ ਉੱਤੇ ਉਹ ਬਹੁਤ ਭਰੋਸਾ ਕਰਦੇ ਹਨ?
-ਬਿਲਕੁਲ, ਕਿਉਂਕਿ ਮੈਂ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਹੀ ਉਨ੍ਹਾਂ ਦੇ ਨਾਲ ਕੀਤੀ ਸੀ ਅਤੇ ਮੈਂ ਇਹ ਭਰੋਸਾ ਇਮਾਨਦਾਰੀ ਨਾਲ ਕੰਮ ਕਰਕੇ ਹੀ ਹਾਸਲ ਕੀਤਾ। ਮੈਂ ਘੱਟ ਫ਼ਿਲਮਾਂ ਸਾਇਨ ਕਰਦੀ ਹਾਂ, ਪਰ ਸਾਇਨ ਕੀਤੀਆਂ ਗਈਆਂ ਫ਼ਿਲਮਾਂ ਵਿੱਚ ਜਾਨ ਲਗਾ ਦਿੰਦੀ ਹਾਂ। ਇਹ ਮੇਰੇ ਸੁਭਾਅ ਵਿੱਚ ਹੈ। ਜਿੱਥੋਂ ਤਕ ਸ਼ਾਹਰੁਖ਼ ਦੇ ਨਾਲ ਲਗਾਅ ਦੀ ਗੱਲ ਹੈ , ਤਾਂ ਇਹ ਕੰਮ ਕਰਦੇ ਹੋਏ ਹੋ ਗਿਆ। ਜਦੋਂ ਤੁਸੀਂ ਕਿਸੇ ਨਾਲ ਜ਼ਿਆਦਾ ਕੰਮ ਕਰਦੇ ਹੋ ਤਾਂ ਲਗਾਅ ਹੋ ਹੀ ਜਾਂਦਾ ਹੈ।
? ਕੀ ਤੁਹਾਡੀ ਫ਼ਿਲਮ ‘ਸੂਈ ਧਾਗਾ’ ਦੀ ਵੀ ਅਲੱਗ ਹੀ ਚਰਚਾ ਹੈ, ਕਿਉਂ ?
– ਕਿਉਂਕਿ ਇਹ ਫ਼ਿਲਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮੇਕ ਇਨ ਇੰਡੀਆ’ ਅਭਿਆਨ ਦੇ ਵਿਸ਼ੇ ਉੱਤੇ ਬਣ ਰਹੀ ਹੈ। ਇਸ ਫ਼ਿਲਮ ਵਿੱਚ ਮੈਂ ਪਹਿਲੀ ਵਾਰ ਵਰੁਣ ਧਵਨ ਨਾਲ ਕੰਮ ਕਰ ਰਹੀ ਹਾਂ। ਗਾਂਧੀ ਜਯੰਤੀ ( 2 ਅਕਤੂਬਰ) ਦੇ ਮੌਕੇ ਫ਼ਿਲਮ ਰਿਲੀਜ਼ ਹੋਵੇਗੀ। ਇਸ ਵਿੱਚ ਵਰੁਣ ਇੱਕ ਦਰਜੀ ਦੇ ਰੋਲ ਵਿੱਚ ਜਦੋਂ ਕਿ ਮੈਂ ਇੱਕ ਆਤਮ ਨਿਰਭਰ ਡਿਜ਼ਾਈਨਰ ਦੇ ਰੋਲ ਵਿੱਚ ਦਿਖਾਂਗੀ। ਫ਼ਿਲਮ ਵਿੱਚ ਮੇਰੇ ਕਿਰਦਾਰ ਦਾ ਨਾਮ ਮਮਤਾ ਹੈ, ਉੱਥੇ ਹੀ ਵਰੁਣ ਧਵਨ ਦੇ ਕਿਰਦਾਰ ਦਾ ਨਾਮ ਮਨਮੌਜੀ ਹੈ। ‘ਦਮ ਲਗਾ ਕੇ ਹਈਸ਼ਾ’ ਤੋਂ ਪ੍ਰਸਿੱਧੀ ਪ੍ਰਾਪਤ ਨਿਰਦੇਸ਼ਕ ਸ਼ਰਤ ਕਟਾਰੀਆ ਦੇ ਨਿਰਦੇਸ਼ਨ ਵਿੱਚ ਬਣ ਰਹੀ ਇਸ ਫ਼ਿਲਮ ਦੀ ਕਹਾਣੀ ਵੀ ਸ਼ਰਤ ਨੇ ਹੀ ਲਿਖੀ ਹੈ। ਫ਼ਿਲਮ ਦੀ ਪੂਰੀ ਸ਼ੂਟਿੰਗ ਮੱਧ ਪ੍ਰਦੇਸ਼ ਵਿੱਚ ਹੋਵੇਗੀ।
– ਇੱਕ ਨਿਰਮਾਤਾ ਦੇ ਤੌਰ ਉੱਤੇ ਤੁਹਾਡੀ ਅੱਗੇ ਦੀ ਕੀ ਯੋਜਨਾ ਹੈ ?
– ਮੈਂ ਆਪਣੇ ਬੈਨਰ ਹੇਠ ਲਗਾਤਾਰ ਫ਼ਿਲਮਾਂ ਬਣਾ ਰਹੀ ਹਾਂ। ਨਵੇਂ ਕਲਾਕਾਰਾਂ ਨੂੰ ਮੌਕੇ ਦੇ ਰਹੀ ਹਾਂ। ਇਸ ਕੰਮ ਵਿੱਚ ਮੈਂ ਇੱਕੱਲੀ ਨਹੀਂ ਹਾਂ, ਮੇਰਾ ਭਰਾ ਕਰਣੇਸ਼ ਮੇਰੇ ਨਾਲ ਹੈ। ਆਪਣੇ ਪ੍ਰੋਡਕਸ਼ਨ ਹਾਊਸ ਦੀਆਂ ਫ਼ਿਲਮਾਂ ਵਿੱਚ ਮੈਂ ਆਰਾਮ ਨਾਲ ਕੰਮ ਕਰਨ ਵਿੱਚ ਵਿਸ਼ਵਾਸ ਕਰਦੀ ਹਾਂ। ਮੈਨੂੰ ਆਪਣੀਆਂ ਫ਼ਿਲਮਾਂ ਵਿੱਚ ਇੱਕ ਮਿਆਰ ਬਰਕਰਾਰ ਰੱਖਣਾ ਹੁੰਦਾ ਹੈ। ਨਾਲ ਹੀ ਵਪਾਰਕ ਪੱਖ ਵੀ ਵੇਖਣਾ ਹੈ। ਜਦੋਂ ਮੈਂ ਆਪਣਾ ਪ੍ਰੋਡਕਸ਼ਨ ਹਾਊਸ ‘ਕਲੀਨ ਸਲੇਟ’ ਸ਼ੁਰੂ ਕੀਤਾ ਸੀ, ਉਦੋਂ ਮੈਂ ਸਿਰਫ਼ 25 ਸਾਲ ਦੀ ਸੀ। ਮੈਨੂੰ ਫ਼ਿਲਮ ਨਿਰਮਾਣ ਦਾ ਅਨੁਭਵ ਤਾਂ ਨਹੀਂ ਸੀ, ਪਰ ਮੈਨੂੰ ਆਪਣੇ ਆਪ ਉੱਤੇ ਵਿਸ਼ਵਾਸ ਸੀ। ਦੋ ਫ਼ਿਲਮਾਂ ਬਣਾਉਣ ਤੋਂ ਬਾਅਦ ਹੁਣ ਅਨੁਭਵ ਵੀ ਆ ਗਿਆ ਹੈ।
-ਅਦਾਕਾਰੀ ਅਤੇ ਨਿਰਮਾਣ ਦੋਨੋਂ ਜ਼ਿੰਮੇਵਾਰੀ ਭਰੇ ਕੰਮ ਹਨ। ਕਦੇ ਬੋਰੀਅਤ ਮਹਿਸੂਸ ਨਹੀਂ ਹੁੰਦੀ ?
– ਹਾਂ, ਤੁਹਾਡਾ ਕਹਿਣਾ ਠੀਕ ਹੈ ਕਿ ਦੋਨੋਂ ਬਿਲਕੁਲ ਵੱਖ-ਵੱਖ ਹਨ ਅਤੇ ਵੱਖ – ਵੱਖ ਜ਼ਿੰਮੇਵਾਰੀ ਵਾਲਾ ਕੰਮ ਹੈ। ਅਦਾਕਾਰੀ ਵਿੱਚ ਤੁਸੀਂ ਕੇਵਲ ਆਪਣੇ ਕਿਰਦਾਰ ਤਕ ਹੀ ਕੇਂਦਰਿਤ ਰਹਿੰਦੇ ਹੋ, ਜਦੋਂ ਕਿ ਨਿਰਮਾਣ ਦੌਰਾਨ ਪੂਰੀ ਫ਼ਿਲਮ ਅਤੇ ਉਸਦੇ ਹਰ ਪੱਖ ਨੂੰ ਧਿਆਨ ਵਿੱਚ ਰੱਖਣਾ ਹੁੰਦਾ ਹੈ। ਇੱਕ ਅਦਾਕਾਰ ਦੇ ਤੌਰ ਉੱਤੇ ਆਪਣੀ ਵੱਖ ਜ਼ਿੰਮੇਵਾਰੀ ਹੁੰਦੀ ਹੈ, ਪਰ ਨਿਰਮਾਣ ਲਈ ਹਰ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਦਾ ਬੋਝ ਤੁਹਾਡੇ ਮੋਢੇ ਉੱਤੇ ਹੁੰਦਾ ਹੈ ਅਤੇ ਤੁਹਾਨੂੰ ਹਰ ਚੀਜ਼ ਵਿੱਚ ਆਪਣੇ ਆਪ ਨੂੰ ਸਾਬਤ ਕਰਨਾ ਹੁੰਦਾ ਹੈ। ਨਾਲ ਹੀ ਜੇਕਰ ਤੁਹਾਡੀ ਫ਼ਿਲਮ ਵਿੱਚ ਕੋਈ ਪੈਸਾ ਲਗਾਉਂਦਾ ਹੈ ਤਾਂ ਉਸਦਾ ਮੁਨਾਫ਼ਾ ਬਣਾਏ ਰੱਖਣਾ ਵੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਇਸ ਲਈ ਮੈਂ ਇਹ ਜ਼ਿੰਮੇਵਾਰੀ ਆਪਣੇ ਭਰਾ ਨੂੰ ਸੌਂਪ ਦਿੱਤੀ ਹੈ। ਨਿਰਮਾਣ ਦੀ ਸਾਰੀ ਜ਼ਿੰਮੇਵਾਰੀ ਉਹੀ ਚੁੱਕਦਾ ਹੈ, ਜਦੋਂ ਕਿ ਮੈਂ ਰਚਨਾਤਮਕ ਕੰਮ ਵੱਲ ਧਿਆਨ ਦਿੰਦੀ ਹਾਂ। ਹਾਲਾਂਕਿ, ਦੋਨੋਂ ਕੰਮ ਰਚਨਾਤਮਕ ਹਨ, ਪਰ ਦੋਨਾਂ ਦੀਆਂ ਜ਼ਿੰਮੇਵਾਰੀਆਂ ਬਿਲਕੁਲ ਵੱਖ ਹਨ।
– ਕੀ ਤੁਸੀਂ ਵੱਡੇ ਬਜਟ ਦੀਆਂ ਫ਼ਿਲਮਾਂ ਨਹੀਂ ਬਣਾਉਣਾ ਚਾਹੁੰਦੇ?
– ਸਭ ਕੁਝ ਠੀਕ ਰਹੇਗਾ ਤਾਂ ਮੈਂ ਵੱਡੇ ਬਜਟ ਦੀਆਂ ਫ਼ਿਲਮਾਂ ਵੀ ਬਣਾਵਾਂਗੀ। ਬਜਟ ਤਾਂ ਪਟਕਥਾ ਉੱਤੇ ਨਿਰਭਰ ਕਰਦਾ ਹੈ। ਮੇਰੇ ਕੋਲ ਅਜੇ ਅਜਿਹੀ ਕੋਈ ਪਟਕਥਾ ਨਹੀਂ ਆਈ ਹੈ ਕਿ ਵੱਡੇ ਬਜਟ ਦੀ ਫ਼ਿਲਮ ਦੀ ਯੋਜਨਾ ਬਣਾਵਾਂ। ਮੇਰੇ ਲਈ ਫ਼ਿਲਮ ਦਾ ਵਿਸ਼ਾ ਜ਼ਿਆਦਾ ਅਹਿਮ ਹੈ। ਵੱਡੇ ਬਜਟ ਨਾਲ ਹੀ ਕੋਈ ਫ਼ਿਲਮ ਵੱਡੀ ਨਹੀਂ ਬਣਦੀ।
– ਅੱਜਕੱਲ੍ਹ ਔਰਤ ਪ੍ਰਧਾਨ ਫ਼ਿਲਮਾਂ ਵੀ ਬਣ ਰਹੀਆਂ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਇਹ ਚੰਗੀ ਸ਼ੁਰੂਆਤ ਹੈ ?
– ਜੀ ਹਾਂ, ਅੱਜਕੱਲ੍ਹ ਦੀਆਂ ਔਰਤਾਂ ਹਰ ਖੇਤਰ ਵਿੱਚ ਸਰਗਰਮ ਹਨ – ਨਿਰਦੇਸ਼ਨ , ਡਿਜ਼ਾਈਨਿੰਗ , ਫ਼ਿਲਮ ਨਿਰਮਾਣ ਅਤੇ ਹੋਰ ਕਾਰਜ ਵੀ ਉਹ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕਰ ਰਹੀਆਂ ਹਨ। ਇਹ ਤਬਦੀਲੀ ਸਿਰਫ਼ ਸਾਡੀ ਫ਼ਿਲਮ ਸਨਅੱਤ ਵਿੱਚ ਹੀ ਨਹੀਂ ਆਈ, ਸਗੋਂ ਸਭ ਥਾਵਾਂ ‘ਤੇ ਦੇਖਣ ਨੂੰ ਮਿਲ ਰਹੀ ਹੈ। ਲੇਖਕ ਔਰਤ ਪ੍ਰਧਾਨ ਕਹਾਣੀਆਂ ਵੀ ਲਿਖ ਰਹੇ ਹਨ।
– ਤੁਸੀਂ ਆਪਣੇ ਹੁਣ ਤਕ ਦੇ ਫ਼ਿਲਮੀ ਸਫ਼ਰ ਬਾਰੇ ਕੀ ਕਹਿਣਾ ਚਾਹੋਗੇ?
– ਮੈਨੂੰ ਹਮੇਸ਼ਾਂ ਚੰਗੀਆਂ ਫ਼ਿਲਮਾਂ ਹੀ ਮਿਲੀਆਂ ਹਨ ਅਤੇ ਇਸ ਲਈ ਮੈਂ ਆਦਿੱਤਿਅ ਚੋਪੜਾ ਦੀ ਅਹਿਸਾਨਮੰਦ ਹਾਂ। ਉਨ੍ਹਾਂ ਨੇ ਮੇਰੇ ਉੱਤੇ ਬਤੌਰ ਅਭਿਨੇਤਰੀ ਵਿਸ਼ਵਾਸ ਪ੍ਰਗਟਾਇਆ, ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈ। ਯਸ਼ਰਾਜ ਫ਼ਿਲਮਜ਼ ਕਾਰਨ ਅੱਜ ਮੈਂ ਆਪਣੇ ਇਸ ਛੋਟੇ ਜਿਹੇ ਸਫ਼ਰ ਵਿੱਚ ਸਫ਼ਲ ਹੋ ਸਕੀ ਹਾਂ। ਮੇਰਾ ਫ਼ਿਲਮੀ ਦੁਨੀਆਂ ਨਾਲ ਦੂਰ ਤਕ ਦਾ ਕੋਈ ਰਿਸ਼ਤਾ ਨਹੀਂ ਰਿਹਾ। ਹਾਲਾਂਕਿ, ਮੈਂ ਫ਼ਿਲਮਾਂ ਵੇਖ ਕੇ ਵੱਡੀ ਹੋਈ ਹਾਂ। ਮੈ ਫ਼ਿਲਮਾਂ ਵਿੱਚ ਨਾਮ, ਸ਼ੋਹਰਤ ਅਤੇ ਪੈਸਿਆਂ ਲਈ ਨਹੀਂ ਆਈ ਹਾਂ, ਬਸ ਕੁਝ ਰਚਨਾਤਮਕ ਕੰਮ ਕਰ ਸਕਾਂ, ਇਹ ਇੱਛਾ ਜ਼ਰੂਰ ਹੈ। ਹਮੇਸ਼ਾਂ ਹੀ ਮੇਰੀ ਇਹੀ ਕੋਸ਼ਿਸ਼ ਰਹੀ ਹੈ ਕਿ ਕੁਝ ਅਲੱਗ ਕਰਾਂ। ਦਰਅਸਲ, ਮੈਂ ਇੱਕ ਅਜਿਹੇ ਪਿਛੋਕੜ ਤੋਂ ਆਈ ਹਾਂ, ਜਿੱਥੇ ਮੁੰਡਾ-ਕੁੜੀ ਵਿੱਚ ਕੋਈ ਫ਼ਰਕ ਨਹੀਂ ਹੈ। ਮੈਨੂੰ ਆਪਣੀ ਰਾਇ ਰੱਖਣ ਦੀ ਪੂਰੀ ਇਜਾਜ਼ਤ ਸੀ।
– ਇੱਕ ਖ਼ਾਸ ਮੁਕਾਮ ਪਾਉਣ ਦੇ ਬਾਅਦ ਕੀ ਫ਼ਿਲਮ ਅਤੇ ਕਿਰਦਾਰਾਂ ਨੂੰ ਲੈ ਕੇ ਤੁਹਾਡਾ ਨਜ਼ਰੀਆ ਵੀ ਬਦਲਿਆ ਹੈ ?
– ਹਾਂ ਅਤੇ ਇਸਦੀ ਸਭ ਤੋਂ ਮਹੱਤਵਪੂਰਣ ਵਜ੍ਹਾ ਇਹ ਹੈ ਕਿ ਇੱਕ ਹੀ ਤਰ੍ਹਾਂ ਦੇ ਕਿਰਦਾਰ ਕਰਨਾ ਹੁਣ ਮੇਰੇ ਲਈ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਲਈ ਮੇਰੀ ਹਮੇਸ਼ਾਂ ਇਹ ਕੋਸ਼ਿਸ਼ ਰਹਿੰਦੀ ਹੈ ਕਿ ਮੈਨੂੰ ਕੁਝ ਵੱਖ ਕਰਨ ਦਾ ਮੌਕਾ ਮਿਲੇ ਤਾਂ ਕਿ ਲੋਕਾਂ ਨੂੰ ਮੇਰੀ ਅਦਾਕਾਰੀ ਦੇ ਪੱਧਰ ਦਾ ਪਤਾ ਚੱਲ ਸਕੇ ਅਤੇ ਮੈਨੂੰ ਵੀ ਰਚਨਾਤਮਕ ਸੰਤੁਸ਼ਟੀ ਮਿਲ ਸਕੇ। ਇਸ ਵਜ੍ਹਾ ਨਾਲ ਵੱਖ-ਵੱਖ ਕਿਰਦਾਰਾਂ ਨੂੰ ਤਵੱਜੋ ਦੇ ਰਹੀ ਹਾਂ। ਉਂਜ ਵੀ ਮੇਰਾ ਸ਼ੌਕ ਹਮੇਸ਼ਾਂ ਕੁਝ ਨਵਾਂ ਕਰਨ ਅਤੇ ਸਿੱਖਣ ਦਾ ਹੈ, ਵੱਖ ਕਿਰਦਾਰ ਕਰਨ ਵਿੱਚ ਵੀ ਮੈਨੂੰ ਹਰ ਵਾਰ ਕੁਝ ਨਵਾਂ ਸਿੱਖਣ ਅਤੇ ਸਮਝਣ ਦਾ ਮੌਕਾ ਮਿਲਦਾ ਹੈ।











