ਅਦਾਕਾਰ ਅਤੇ ਨਿਰਮਾਤਾ ਅਜੈ ਦੇਵਗਨ ਆਪਣੀ ਫ਼ਿਲਮ ਤਾਨਾਜੀ ਨੂੰ ਸੁਪਰਹਿੱਟ ਬਣਾਉਣ ‘ਚ ਕੋਈ ਕਸਰ ਨਹੀਂ ਰਹਿਣ ਦੇਣੀ ਚਾਹੁੰਦਾ। ਇਹ ਇੱਕ ਪੀਰੀਅਡ ਡਰਾਮਾ ਫ਼ਿਲਮ ਹੈ ਜਿਸ ‘ਚ ਸ਼ਾਨਦਾਰ ਸੈੱਟ, ਕੌਸਟਿਊਮਜ਼ ਅਤੇ ਯੁੱਧ ਦੇ ਦ੍ਰਿਸ਼ ਹੋਣਗੇ। ਮੁੰਬਈ ‘ਚ ਇਸ ਫ਼ਿਲਮ ਲਈ ਪੰਜ ਸੈੱਟ ਤਿਆਰ ਕੀਤੇ ਗਏ ਹਨ। ਪਹਿਲੇ ਸੈੱਟ ਨੂੰ ਸੱਤ ਕਰੋੜ ‘ਚ ਤਿਆਰ ਕੀਤਾ ਗਿਆ ਹੈ, ਅਤੇ ਬਾਕੀ ਸੈੱਟ ਇਸ ਤੋਂ ਵੀ ਮਹਿੰਗੇ ਹੋਣਗੇ। ਫ਼ਿਲਮ ਦਾ ਕੁੱਲ ਬਜਟ 160 ਕਰੋੜ ਰੁਪਏ ਤੈਅ ਕੀਤਾ ਗਿਆ ਹੈ। ਫ਼ਿਲਮ ਦੀ ਸ਼ੂਟਿੰਗ ਕੁੱਝ ਦਿਨ ਪਹਿਲਾਂ ਸ਼ੁਰੂ ਹੋ ਚੁੱਕੀ ਹੈ। ਇਸ ਮਹੀਨੇ ਦੇ ਅਖ਼ੀਰ ਤਕ ਅਜੈ ਵੀ ਆਪਣੇ ਹਿੱਸੇ ਦੀ ਸ਼ੂਟਿੰਗ ਸ਼ੁਰੂ ਕਰ ਦੇਵਗਾ। ਫ਼ਿਲਮ ਭਾਵੇਂ ਸ਼ੁਰੂ ਹੋ ਚੁੱਕੀ ਹੈ, ਪਰ ਇਸ ‘ਚ ਹੀਰੋਇਨ ਕੌਣ ਹੋਵੇਗੀ ਇਹ ਇੱਕ ਵੱਡਾ ਸਵਾਲ ਸੀ। ਜਾਣਕਾਰੀ ਮੁਤਾਬਿਕ, ਹੁਣ ਅਜੈ ਨੂੰ ਆਪਣੀ ਫ਼ਿਲਮ ਲਈ ਹੀਰੋਇਨ ਮਿਲ ਗਈ ਹੈ। ਇਸ ਵਿੱਚ ਉਸ ਦੀ ਪਤਨੀ ਕਾਜੋਲ ਨੂੰ ਲਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਜੋੜੀ ਨੂੰ ਸਿਨੇਮਾ ਪ੍ਰੇਮੀ ਕਾਫ਼ੀ ਪਸੰਦ ਕਰਦੇ ਹਨ। ਇਹ ਜੋੜੀ ਹੁਣ ਤਕ ਕਈ ਹਿੱਟ ਫ਼ਿਲਮਾਂ ਕਰ ਚੁੱਕੀ ਹੈ, ਜਿਸ ਵਿੱਚ ਪਿਆਰ ਤੋ ਹੋਨਾ ਹੀ ਥਾ, ਇਸ਼ਕ, ਰਾਜੂ ਚਾਚਾ, ਗੁੰਡਾਰਾਜ, ਹਲਚਲ, ਆਦਿ ਫ਼ਿਲਮਾਂ ਸ਼ਾਮਿਲ ਹਨ। ਤਾਨਾਜੀ ‘ਚ ਖ਼ਲਾਨਾਇਕ ਦੀ ਭੂਮਿਕਾ ਸੈਫ਼ ਅਲੀ ਖ਼ਾਨ ਨਿਭਾਏਗਾ। ਇਸ ਕਿਰਦਾਰ ਦੀ ਸੈਫ਼ ਨੂੰ ਪੇਸ਼ਕਸ਼ ਖ਼ੁਦ ਅਜੈ ਨੇ ਕੀਤੀ ਸੀ। ਸੈਫ਼ ਦੀ ਜਲਦੀ ਹੀ ਫ਼ਿਲਮ ਬਾਜ਼ਾਰ ਵੀ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ‘ਚ ਉਸ ਨੇ ਇੱਕ ਬਿਜ਼ਨਸਮੈਨ ਦੀ ਭੂਮਿਕਾ ਨਿਭਾਈ ਹੈ। ਇਸ ‘ਚ ਅਦਾਕਾਰਾ ਰਾਧਿਕਾ ਆਪਟੇ ਅਤੇ ਚਿਤਰਾਂਗਦਾ ਸਿੰਘ ਵੀ ਅਹਿਮ ਰੋਲ ‘ਚ ਨਜ਼ਰ ਆਉਣਗੀਆਂ।
—












