ਇਸਲਾਮਾਬਾਦ— ਪਾਕਿਸਤਾਨ ‘ਚ ਇਕ ਵਿਸ਼ੇਸ਼ ਅਦਾਲਤ ਸਾਬਕਾ ਫੌਜ ਮੁਖੀ ਪ੍ਰਵੇਜ਼ ਮੁਸ਼ੱਰਫ ਵਿਰੁੱਧ ਕਲ ਤੋਂ ਫਿਰ ਦੇਸ਼ ਧ੍ਰੋਹ ਦੇ ਮੁਕੱਦਮੇ ਦੀ ਸੁਣਵਾਈ ਕਰੇਗੀ। ਮੀਡੀਆ ‘ਚ ਆਈ ਇਕ ਖਬਰ ਵਿਚ ਕਿਹਾ ਗਿਆ ਹੈ ਕਿ ਇਹ ਇਮਰਾਨ ਖਾਨ ਦੀ ਤਹਿਰੀਕ-ਏ-ਇੰਸਾਂ ਪਾਰਟੀ ਲਈ ਵੀ ਵੱਡੀ ਪ੍ਰੀਖਿਆ ਹੋਵੇਗੀ, ਜਿਸ ਨੂੰ ਜਲਦੀ ਹੀ ਸਰਕਾਰ ਬਣਾਉਣ ਦੀ ਆਸ ਹੈ।
ਜਾਣਕਾਰੀ ਮੁਤਾਬਕ ਲਾਹੌਰ ਹਾਈਕੋਰਟ ਦੇ ਮੁਖੀ ਜਸਟਿਸ ਯਾਵਰ ਅਲੀ ਤਿੰਨ ਜੱਜਾਂ ਵਾਲੇ ਵਿਸ਼ੇਸ਼ ਟ੍ਰਿਬਿਊਨਲ ਦੀ ਪ੍ਰਧਾਨਗੀ ਕਰ ਰਹੇ ਹਨ। ਉਹ 31 ਜੁਲਾਈ ਤੋਂ 2 ਅਗਸਤ ਦਰਮਿਆਨ ਤਿੰਨ ਦਿਨਾਂ ਇਸਲਾਮਾਬਾਦ ਦਾ ਦੌਰਾ ਕਰਨਗੇ। ਐਕਸਪ੍ਰੈੱਸ ਟ੍ਰਿਬਿਊਨ ਨੇ ਕਿਹਾ ਹੈ ਕਿ ਉਨ੍ਹਾਂ ਦੇ ਇਸ ਦੌਰੇ ਦਾ ਮਕਸਦ ਸਾਬਕਾ ਰਾਸ਼ਟਰਪਤੀ ਵਿਰੁੱਧ ਦਰਜ ਦੇਸ਼ ਧ੍ਰੋਹ ਦੇ ਮਾਮਲੇ ਦੀ ਸੁਣਵਾਈ ਕਰਨਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ 2013 ‘ਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਸੱਤਾ ‘ਚ ਆਉਣ ਦੇ ਫੌਰਨ ਬਾਅਦ ਦਰਜ ਕੀਤਾ ਗਿਆ ਸੀ। ਉਨ੍ਹਾਂ ‘ਤੇ 3 ਨਵੰਬਰ 2007 ਨੂੰ ਐਮਰਜੈਂਸੀ ਲਗਾਉਣ ਦੀ ਉਨ੍ਹਾਂ ਦੀ ਕਥਿਤ ਭੂਮਿਕਾ ਲਈ ਇਹ ਮਾਮਲਾ ਦਰਜ ਕੀਤਾ ਗਿਆ ਸੀ।















