ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀਆਂ ਅਸਲ ਤਾਰੀਖ਼ਾਂ

main-news-300x150ਸਿੱਖ ਇਤਿਹਾਸ ਵਿੱਚ ਸ਼ਹੀਦੀਆਂ, ਇੱਕ ਖ਼ਾਸ ਮੁਕਾਮ ਰੱਖਦੀਆਂ ਹਨ। ਗੁਰੂ ਸਾਹਿਬਾਨ ਨੇ ਬਾਣੀ ਰਾਹੀ ਸਿਰਫ਼ ਉਪਦੇਸ਼ ਹੀ ਨਹੀਂ ਦਿੱਤਾ ਸਗੋਂ ਉਸ ‘ਤੇ ਖ਼ੁਦ ਅਮਲ ਕਰ ਕੇ ਇਹ ਸਬਕ ਦ੍ਰਿੜ ਵੀ ਕਰਵਾਇਆ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਆਰੰਭ ਹੋ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਧਰਮ ਦੀ ਰੱਖਿਆ ਕਰਦਿਆਂ ਸਿੱਖਾਂ ਵਲੋਂ ਦਿੱਤੀਆਂ ਗਈਆਂ ਸ਼ਹੀਦੀਆਂ, ਗੁਰੂ ਤੇਗ਼ ਬਹਾਦਰ ਜੀ ਦੀ ਮਨੁੱਖੀ ਅਧਿਕਾਰਾਂ ਦੀ ਖ਼ਾਤਰ ਲਾਸਾਨੀ ਸ਼ਹਾਦਤ, ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਅਨੇਕਾਂ ਸਿੰਘਾਂ ਸਮੇਤ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਇਹ ਸਿਲਸਿਲਾ ਬਾਬਾ ਬੰਦਾ ਬਹਾਦਰ, ਛੋਟੇ ਅਤੇ ਵੱਡੇ ਘਲੂਘਾਰੇ ਰਾਹੀਂ ਹੁੰਦਾ ਹੋਇਆ ਅੱਜ ਦੇ ਆਧੁਨਿਕ ਸਮੇਂ ਤਾਈਂ ਨਿਰੰਤਰ ਜਾਰੀ ਹੈ। ਅੱਜ ਅਸੀਂ ਇਸੇ ਲੜੀ ਦੇ ਅਣਮੋਲ ਹੀਰੇ, ਨਿੱਕੀਆਂ ਉਮਰਾਂ ‘ਚ ਵੱਡੇ ਸਾਕੇ ਕਰਨ ਵਾਲੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹੀਦੀ ਨੂੰ ਕੋਟ-ਕੋਟ ਪ੍ਰਣਾਮ ਕਰਦੇ ਹਾਂ। ਜਿਥੇ ਸਾਹਿਬਜ਼ਾਦਿਆਂ ਵਲੋਂ ਨਿੱਕੀਆਂ ਉਮਰਾਂ ‘ਚ ਕੀਤੇ ਗਏ ਵੱਡੇ ਸਾਕਿਆਂ ਦਾ ਇਤਿਹਾਸ ਅਤੇ ਇਤਿਹਾਸ ਅਸਥਾਨ ਸਾਡੇ ਪ੍ਰੇਰਨਾ ਸਰੋਤ ਹੈ। ਚਾਹੀਦਾ ਤਾਂ ਇਹ ਸੀ ਕਿ ਅਸੀਂ ਆਪਣੇ ਪ੍ਰੇਰਣਾ ਸਰੋਤਾਂ ਦੀ ਉਸੇ ਰੂਪ ‘ਚ ਸਾਂਭ-ਸੰਭਾਲ ਕਰਦੇ ਪਰ ਕਾਰ ਸੇਵਾ ਵਾਲੇ ਬਾਬਿਆਂ ਨੇ ਜਿਥੇ ਇਤਿਹਾਸਕ ਯਾਦਗਾਰਾਂ ਨੂੰ ਸੰਗਮਰਮਰ ਦੇ ਥੱਲੇ ਦੱਬ ਦਿੱਤੈ ਉਥੇ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਇਤਿਹਾਸਕ ਤਾਰੀਖ਼ਾਂ ਨੂੰ ਵਿਗਾੜਨ ‘ਚ ਆਪਣਾ ਯੋਗਦਾਨ ਪਾ ਰਹੀ ਹੈ।
ਗੁਰੂ ਗੋਬਿੰਦ ਸਿੰਘ ਜੀ ਦੇ ਸੰਘਰਸ਼ਮਈ ਜੀਵਨ ‘ਚ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਗੁਰੂ ਸਾਹਿਬ ਜੀ ਨੂੰ ਅਨੰਦਪੁਰ ਦਾ ਕਿਲਾ ਖ਼ਾਲੀ ਕਰਨਾ ਪਿਆ। ਪਹਾੜੀ ਰਾਜਿਆਂ ਅਤੇ ਸ਼ਾਹੀ ਫ਼ੌਜਾਂ ਵਲੋਂ ਦਿਵਾਏ ਭਰੋਸੇ ਅਤੇ ਕਿਲੇ ਦੇ ਅੰਦਰੂਨੀ ਹਾਲਾਤ ਨੂੰ ਮੁਖ ਰੱਖ ਕੇ ਗੁਰੂ ਜੀ ਨੇ 6 ਪੋਹ ਸੰਮਤ 1761 ਬਿਕ੍ਰਮੀ (5 ਦਸੰਬਰ 1704 ਈ. ਜੂਲੀਅਨ) ਦੀ ਰਾਤ ਨੂੰ ਕਿਲਾ ਖ਼ਾਲੀ ਕਰ ਦਿੱਤਾ। ਵੈਰੀ ਦੀਆਂ ਫ਼ੌਜਾਂ ਨੇ ਖਾਧੀਆਂ ਕਸਮਾਂ ਨੂੰ ਭੁੱਲਾ ਕੇ, ਸਿੱਖਾਂ ਦਾ ਪਿੱਛਾ ਕਰਨਾ ਅਰੰਭ ਦਿੱਤਾ। ਬਹੁਤ ਸਾਰੇ ਸਿੰਘ, ਬਹਾਦਰੀ ਨਾਲ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ। ਇਸੇ ਦੌਰਾਨ ਗੁਰੂ ਜੀ ਸਰਸਾ ਨਦੀ ਨੂੰ ਪਾਰ ਕਰ ਨੇ ਚਮਕੌਰ ਦੇ ਚੌਧਰੀ ਦੀ ਇੱਕ ਕੱਚੀ ਗੜ੍ਹੀ ਵਿੱਚ ਮੋਰਚੇ ਸੰਭਾਲ ਲਏ। ਮੁਗਖਲਾਂ ਨੇ ਰਾਤ ਦੇ ਸਮੇ ਹਜ਼ਾਰਾਂ ਦੀ ਗਿਣਤੀ ‘ਚ ਫ਼ੌਜ ਨਾਲ ਗੜ੍ਹੀ ਨੂੰ ਘੇਰਾ ਪਾ ਲਿਆ। ਗੁਰੂ ਸਾਹਿਬ ਜੀ, ਦੋ ਵੱਡੇ ਸਾਹਿਬਜ਼ਾਦੇ ਤੇ 40 ਸਿੰਘਾਂ ਨੇ ਮੁਗਲ ਫ਼ੌਜ ਦਾ ਡਟ ਕੇ ਟਾਕਰਾ ਕੀਤਾ। ਪੰਜ-ਪੰਜ ਸਿੰਘਾਂ ਦਾ ਜਥਾ ਮੈਦਾਨ ‘ਚ ਜਾਂਦਾ ਅਤੇ ਵੈਰੀ ਦੇ ਸੱਥਰ ਵਿਛਾਉਂਦਾ ਹੋਇਆ ਸ਼ਹੀਦ ਹੋ ਜਾਂਦਾ। ਸਾਹਿਬਜ਼ਾਦਾ ਅਜੀਤ ਸਿੰਘ ਵੀ ਗੁਰੂ ਜੀ ਤੋਂ ਆਗਿਆ ਲੈ ਕੇ ਮੈਦਾਨ ‘ਚ ਜਾ ਗੱਜਿਆ। ਕਈਆਂ ਨੂੰ ਪਾਰ ਬੁਲਾ ਕੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਸ਼ਹੀਦ ਹੋ ਗਏ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਵੀ ਵੈਰੀਆਂ ਦੇ ਆਹੂ ਲਾਹੁੰਦੇ ਹੋਏ ਅੱਗੇ ਵਧਦੇ-ਵਧਦੇ ਸ਼ਹੀਦੀ ਪ੍ਰਾਪਤ ਕਰ ਗਏ। ਇਹ ਯੁੱਧ 8 ਪੋਹ ਸੰਮਤ 1761 ਬਿਕ੍ਰਮੀ (7 ਦਸੰਬਰ 1704 ਈ. ਜੂਲੀਅਨ) ਦਿਨ ਵੀਰਵਾਰ ਨੂੰ ਹੋਇਆ ਸੀ। ਸਰਸਾ ਨਦੀ ਤੇ ਪਏ ਵਿਛੋੜੇ ਕਾਰਨ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਜੀ, ਮਾਤਾ ਗੁਜਰੀ ਜੀ, ਗੰਗੂ ਬ੍ਰਾਹਮਣ ਦੇ ਘਰ, ਉਸ ਦੇ ਪਿੰਡ ਖੇੜੀ ਪੁਜ ਗਏ ਸਨ। ਲੂਣ ਹਰਾਮੀ ਗੰਗੂ ਨੇ ਲਾਲਚ ਵੱਸ ਮੋਰਿੰਡਾ ਦੇ ਥਾਣੇ ਜਾ ਖ਼ਬਰ ਕਰ ਦਿੱਤੀ। ਅਹਿਲਕਾਰਾਂ ਨੇ ਮਾਤਾ ਗੁਜਰੀ ਅਤੇ ਦੋਵੇਂ ਮਾਸੂਮਾਂ ਨੂੰ ਗ੍ਰਿਫ਼ਤਾਰ ਕਰ ਕੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਂ ਦੇ ਸਪੁਰਦ ਕਰ ਦਿੱਤਾ। ਕਚਹਿਰੀ ‘ਚ 11 ਅਤੇ 12 ਪੋਹ ਨੂੰ ਪੇਸ਼ੀਆਂ ਉਪ੍ਰੰਤ ਕਾਜ਼ੀ ਵਲੋਂ ਸੁਣਾਏ ਫ਼ਤਵੇ ਤੇ ਅਮਲ ਕਰਦਿਆਂ, ਸਾਹਿਬਜ਼ਾਦਿਆਂ ਨੂੰ ਦੀਵਾਰ ‘ਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਇਹ ਸ਼ਹੀਦੀ ਸਾਕਾ 13 ਪੋਹ ਸੰਮਤ 1761 ਬਿਕ੍ਰਮੀ (12 ਦਸੰਬਰ 1704 ਈ. ਜੂਲੀਅਨ) ਦਿਨ ਮੰਗਲਵਾਰ ਨੂੰ ਵਾਪਰਿਆ ਸੀ।
ਭਾਵੇਂ ਕਈ ਇਤਿਹਾਸਿਕ ਤਾਰੀਖ਼ਾਂ ਬਾਰੇ ਵਿਦਵਾਨਾਂ ਵਿੱਚ ਮਤਭੇਦ ਹਨ, ਪਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀਆਂ ਤਾਰੀਖ਼ਾਂ ਬਾਰੇ ਕੋਈ ਮੱਤ ਭੇਦ ਨਹੀਂ ਹੈ। ਇਹ ਦੋਵੇਂ ਤਾਰੀਖ਼ਾਂ ਸੂਰਜੀ ਬਿਕ੍ਰਮੀ ਕੈਲੰਡਰ ਦੀਆਂ ਹਨ ਅਤੇ ਇਸੇ ਮੁਤਾਬਕ ਹੀ ਇਹ ਦਿਹਾੜੇ ਮਨਾਏ ਜਾਂਦੇ ਰਹੇ ਹਨ। ਸ਼੍ਰੋਮਣੀ ਕਮੇਟੀ ਵਲੋਂ ਛਾਪੀ ਗਈ 1992 ਈ. ਦੀ ਜੰਤਰੀ ਵਿੱਚ ਵੀ ਇਹ ਦਿਹਾੜੇ 8 ਪੋਹ ਅਤੇ 13 ਪੋਹ ਦੇ ਹੀ ਦਰਜ ਹਨ। ਨਾਨਕਸ਼ਾਹੀ ਕੈਲੰਡਰ ਵਿੱਚ ਵੀ ਇਹ ਤਾਰੀਖ਼ਾਂ ਹੀ ਭਾਵ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਤਾਰੀਖ 8, ਪੋਹ ਜੋ ਹਰ ਸਾਲ 21 ਦਸੰਬਰ (ਸੀ: ਈ.) ਨੂੰ ਆਉਂਦੀ ਹੈ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਤਾਰੀਖ 13 ਪੋਹ ਜੋ ਹਰ ਸਾਲ 26 ਦਸੰਬਰ (ਸੀ: ਈ.) ਨੂੰ ਆਉਂਦੀ ਹੈ, ਦਰਜ ਕੀਤੀ ਗਈ ਹੈ। 2003 ਈ. ਤੋਂ 2009 ਈ. ਤਾਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਮੇਤ ਸੰਸਾਰ ਭਰ ਵਿੱਚ ਇਨ੍ਹਾਂ ਤਾਰੀਖ਼ਾਂ ਤੇ ਹੀ ਇਹ ਦਿਹਾੜੇ ਮਨਾਏ ਜਾਂਦੇ ਰਹੇ ਹਨ। ਸ਼੍ਰੋਮਣੀ ਕਮੇਟੀ ਨੇ ਬਿਨਾ ਕਿਸੇ ਠੋਸ ਕਾਰਨ ਦੇ, 2010 ਈ. ਇਨ੍ਹਾਂ ਦੋਵਾਂ ਦਿਹਾੜਿਆਂ ਦੀਆਂ ਤਾਰੀਖ਼ਾਂ ਨੂੰ ਬਦਲ ਦਿੱਤਾ, ਜੋ ਕਿ ਤੁਸੀਂ ਚਾਰਟ ਵਿੱਚ ਵੇਖ ਸਕਦੇ ਹੋ।
ਪਰ ਬੜੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਅੱਜ ਸਾਡੇ ਮੁਖੀਆਂ ਵਲੋਂ, ਸਾਹਿਬਜ਼ਾਦਿਆਂ ਵਲੋਂ ਪਾਏ ਪੂਰਨਿਆਂ ‘ਤੇ ਚਲਣਾ ਤਾਂ ਇੱਕ ਪਾਸੇ, ਚੰਦ ਵੋਟਾਂ ਦੀ ਖ਼ਾਤਰ, ਸਿੱਖਾਂ ਦੇ ਦਿਲਾਂ ਤੇ ਉੱਕਰੀਆਂ ਹੋਈਆਂ ਇਤਿਹਾਸਕ ਤਾਰੀਖ਼ਾਂ, 8 ਪੋਹ ਅਤੇ 13 ਪੋਹ ਨਾਲ ਜਾਣ ਬੁਝ ਕੇ ਛੇੜ ਛਾੜ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਵਲੋਂ ਰਾਸ਼ਟਰੀ ਸੰਤ ਸਮਾਜ ਨੂੰ ਖ਼ੁਸ਼ ਕਰਨ ਲਈ ‘ਨਾਨਕ ਸ਼ਾਹੀ ਕੈਲੰਡਰ’ ਨੂੰ ਵਿਗਾੜ ਕੇ ਜਾਰੀ ਕੀਤੇ ਗਏ ਧੁਮੱਕੜਸ਼ਾਹੀ ਕੈਲੰਡਰ ‘ਚ ਇਹ ਇਤਿਹਾਸਿਕ ਦਿਹਾੜੇ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ 8 ਪੋਹ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ 13 ਪੋਹ, ਹਰ ਸਾਲ ਬਦਲ ਦਿੱਤੀ ਜਾਂਦੀ ਹੈ। ਕੀ ਇੰਝ ਕਰ ਕੇ ਸ਼੍ਰੋਮਣੀ ਕਮੇਟੀ ਸਾਡੇ ਇਤਿਹਾਸ ਨੂੰ ਵਿਗਾੜ ਨਹੀਂ ਰਹੀ? ਕੀ ਸ਼੍ਰੋਮਣੀ ਕਮੇਟੀ ਇਹ ਸਪੱਸ਼ਟ ਕਰੇਗੀ ਕਿ ਹਰ ਸਾਲ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ? ਜੇ ਹਰ ਸਾਲ ਇਹ ਦਿਹਾੜੇ ਅਸਲ ਤਾਰੀਖ਼ਾਂ ਭਾਵ 8 ਪੋਹ ਅਤੇ 13 ਪੋਹ ਨੂੰ ਮਨਾਏ ਜਾਣ ਤਾਂ ਕੀ ਨੁਕਸਾਨ ਹੋਵੇਗਾ? ਖ਼ਾਲਸਾ ਜੀ ਜਾਗੋ! ਕੀ ਅਸੀਂ ਸਿਰਫ਼ ਬੀਤੇ ਬਾਰੇ ਪਛਤਾਵਾ ਹੀ ਕਰਦੇ ਰਹਾਂਗੇ ਜਾਂ ਵਰਤਮਾਨ ਨੂੰ ਸਾਂਭਣ ਦਾ ਵੀ ਕੋਈ ਯਤਨ ਕਰਾਂਗੇ? ਆਓ, ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਦਿਹਾੜੇ ਤੋਂ ਪ੍ਰੇਰਣਾ ਲੈਂਦੇ ਹੋਏ ਆਪਣੇ ਇਤਿਹਾਸ ਨੂੰ ਨਿਰਮਲ ਰੱਖਣ ਦਾ ਯਤਨ ਅਰੰਭੀਏ।
ਸਰਬਜੀਤ ਸਿੰਘ ਸੈਕਰਾਮੈਂਟੋ
sarbjits@gmail.com