ਵਿਲੱਖਣ ਪੱਤਰਕਾਰੀ ਦੇ ਰੰਗ

ਡਾਇਰੀ ਦਾ ਪੰਨਾ/ ਨਿੰਦਰ ਘੁਗਿਆਣਵੀ
ਜੁਪਿੰਦਰਜੀਤ ਸਿੰਘ ਅੰਗ੍ਰੇਜ਼ੀ ਦਾ ਇੱਕ ਚਰਚਿਤ ਅਤੇ ਖੋਜੀ ਪੱਤਰਕਾਰ ਹੈ। ਉਸ ਨੇ ਅਹਿਮ ਕੇਸਾਂ ਦੀਆਂ ਸਟੋਰੀਆਂ ਬੜੀ ਮੇਹਨਤ ਨਾਲ ਕਵਰ ਕਰ ਕੇ ਵਾਹ-ਵਾਹ ਖੱਟੀ ਹੈ ਅਤੇ ਨਾਲੋ ਨਾਲ ਕਿਤਾਬਾਂ ਵੀ ਲਿਖ ਰਿਹਾ ਹੈ। ਉਸ ਨੇ ਭਗਤ ਸਿੰਘ ਦੇ ਪਿਸਤੌਲ ਦੀ ਖੋਜ ਕਿਤਾਬ ਬੜੀ ਹਿੰਮਤ ਤੇ ਖੋਜ ਭਰੀ ਲਗਨ ਨਾਲ ਲਿਖੀ ਜੋ ਕਿ ਅੰਗਰੇਜ਼ੀ ਅਤੇ ਹਿੰਦੀ ਭਾਸ਼ਾਵਾਂ ‘ਚ ਛਪੀ। ਭਗਤ ਸਿੰਘ ਵਲੋਂ ਸਾਂਡਰਸ ਨੂੰ ਮਾਰਨ ਵਾਲੀ ਗੁਆਚੀ ਗੁੰਮੀ ਪਿਸਤੌਲ 2016 ‘ਚ ਉਸ ਨੇ ਇੰਦੌਰ BSF ਮਿਊਜ਼ੀਅਮ ‘ਚੋਂ ਲੱਭੀ ਸੀ ਅਤੇ ਫ਼ਿਰ ਸਟੋਰੀ ਲਿਖੀ ਅਤੇ ਉਹ ਪਿਸਤੌਲ ਹੁਸੈਨੀਵਾਲਾ BSF ਦੇ ਮਿਊਜ਼ੀਅਮ ‘ਚ ਲਿਆਂਦੀ ਗਈ। ਉਸ ਤੋਂ ਪਹਿਲਾਂ ਜੁਪਿੰਦਰ ਨੇ ਛੋਟੀਆਂ ਕਹਾਣੀਆਂ ਦੀ ਇੱਕ ਕਿਤਾਬ ਵੀ ਲਿਖੀ। ਜੱਸੀ ਆਨਰ ਕੀਲਿੰਗ ਕੇਸ (ਕੈਨੇਡਾ ਵਾਲੀ ਘਟਨਾ) ਇਹ ਵੀ ਖੋਜ ਕਿਤਾਬ ਉਸ ਨੇ ਲਿਖੀ ਜੋ 2009 ‘ਚ ਛਪੀ ਸੀ। ਮੇਰਾ ਜੁਪਿੰਦਰ ਨਾਲ ਵਾਹ ਵਾਸਤਾ ਚੰਡੀਗੜ੍ਹ ਜਾ ਕੇ 2018 ‘ਚ ਹੀ ਬਣਿਆ ਸੀ। ਉਸ ਨੂੰ ਹਰ ਪਲ ਆਪਣੀ ਪੱਤਰਕਾਰਤਾ ਦੇ ਕਾਰਜਾਂ ‘ਚ ਗੁੰਮਿਆ ਗੁਆਚਿਆ ਦੇਖਦਾ ਹਾਂ। ਮੇਹਨਤੀ ਬਹੁਤ ਹੈ ਉਹ। ਹਲੀਮੀ ਅਤੇ ਨਿਮਰਤਾ ਦਾ ਮਾਲਕ ਹੈ।
ਹੁਣ ਅੰਗਰੇਜ਼ੀ ‘ਚ ਉਸ ਦੀ ਕਿਤਾਬ ਸਿੱਧੂ ਮੂਸੇਵਾਲਾ ਕਤਲ ਕੇਸ ਬਾਰੇ ਖੋਜ ਭਰੀ ਜਾਣਕਾਰੀ ਅੰਗ੍ਰੇਜ਼ੀ ‘ਚ ਛਪੀ ਹੈ ਅਤੇ 12 ਭਾਸ਼ਾਵਾਂ ‘ਚ ਅਨੁਵਾਦ ਹੋਈ ਰਹੀ ਹੈ। ਅੰਗਰੇਜ਼ੀ ‘ਚ ਇਸ ਦਾ ਨਾਂ ਹੈ ਹੂ ਕਿਲਡ ਮੂਲੇਵਾਲਾ? ਇਹ ਕਿਤਾਬ ਇੱਕ ਵੱਡੇ ਜੁਰਮ ਨਾਲ ਸਬੰਧਤ ਜਾਣਕਰੀ, ਅਹਿਮ ਤੱਥ ਅਤੇ ਵੱਖ ਵੱਖ ਪੱਖ ਬਿਆਨਦੀ ਹੈ। ਇੱਕ ਪੱਤਰਕਾਰ ਦੀ ਡਾਇਰੀ ਹੀ ਹੈ। ਉਸ ਨੇ ਮੂਸੇਵਾਲਾ ਦੇ ਕਤਲ ਵਾਲੇ ਦਿਨ ਤੋਂ ਹੀ ਲਿਖਣੀ ਆਰੰਭ ਦਿੱਤੀ ਸੀ ਇਹ ਕਿਤਾਬ। ਇਸ ਕਤਲ ਕੇਸ ‘ਚ ਕੀ ਕੀ ਹੋਇਆ? ਮੂਸੇਵਾਲਾ ਦੇ ਮੁਢਲੇ ਜੀਵਨ ਵੇਰਵੇ ਵੀ ਦਰਜ ਹਨ। ਉਸ ਦੀ ਗਾਇਕੀ ਦੇ ਪੱਖ ਵੀ ਉਭਾਰੇ। ਮੂਸੇਵਾਲਾ ਦੀ ਗਾਇਕੀ ਨਾਲ ਉਪਜੇ ਅਤੇ ਜੁੜੇ ਵਿਵਾਦ ਵੀ ਉਜਾਗਰ ਕੀਤੇ। ਉਹ ਗਾਇਕੀ ‘ਚ ਕਿਵੇਂ ਤਰੱਕੀ ਕਰਦਾ, ਨਵੇਂ ਨਵੇਂ ਕੀਰਤੀਮਾਨ ਸਥਾਪਿਤ ਕਰਦਾ ਰਿਹਾ। ਉਸ ਦਾ ਦੁਨੀਆ ਭਰ ‘ਚ ਕਿਵੇਂ ਵਿਸ਼ਾਲ ਸਰੋਤਾ ਮੰਡਲ ਪੈਦਾ ਹੁੰਦਾ ਹੈ। ਕਿਵੇਂ ਉਸ ਦੀ ਹਰਮਨਪਿਆਰਤਾ ਬਾਅਦ ਉਸ ਨਾਲ ਈਰਖਾ ਅਤੇ ਸਾੜਾ ਉਪਜਦਾ ਹੈ।
ਮੂਸੇਵਾਲਾ ਦੇ ਕਤਲ ਨੂੰ ਇੱਕ ਸਮੁੱਚੇ ਪੰਜਾਬ ਦੀ ਕਹਾਣੀ ਵਜੋਂ ਦਰਸਾਇਆ ਗਿਆ ਹੈ। ਇਸ ਦੇ ਨਾਲ ਹੀ ਕਿ ਪੰਜਾਬ ਕਿਸ ਦਿਸ਼ਾ ਵੱਲ ਜਾ ਰਿਹਾ ਹੈ, ਕਿਵੇ ਬਦਲ ਰਿਹਾ ਹੈ ਪੰਜਾਬ ਦਾ ਸਰੂਪ ਦਿਨੋ ਦਿਨ। ਗਾਇਕੀ ਦੀ ਸਮੀਖਿਆ ਤੇ ਸਮੀਕਰਣਾਂ ਤੋਂ ਲੈ ਕੇ ਉਸ ਨੇ ਇੱਕ ਭਰਵਾਂ ਦਸਤਾਵੇਜ਼ ਲਿਖ ਦਿੱਤਾ ਹੈ। ਇਹ ਪੁਸਤਕ ਵੱਖਰੇ ਅਤੇ ਭਖਦੇ ਮਸਲੇ ‘ਤੇ ਇੱਕ ਨੌਜਵਆਨ ਫ਼ਨਕਾਰ ਦੇ ਹੋਏ ਬੇਦਰਦੀ ਨਾਲ ਕਤਲ ਦੀ ਕਹਾਣੀ ਬਿਆਨ ਕਰਦੀ ਹੈ। ਜੁਪਿੰਦਰ ਨੂੰ ਇਸ ਵਾਸਤੇ ਬੜੀ ਕਠਿਨ ਮਿਹਨਤ ਕਰਨੀ ਪਈ। ਕਾਫ਼ੀ ਘੁੰਮਿਆ, ਥਾਣੇ ਅਤੇ ਕਚਹਿਰੀਆਂ ਗਾਹ ਮਾਰੇ। ਮੂਸੇਵਾਲਾ ਦੇ ਪ੍ਰਸ਼ੰਸਕ, ਪ੍ਰੇਮੀ ਅਤੇ ਉਸ ਨੂੰ ਚਾਹੁਣ ਵਾਲੇ ਇਸ ਕਿਤਾਬ ਨੂੰ ਦਿਲੋਂ ਸਤਿਕਾਰ ਰਹੇ ਨੇ … ਸ਼ਿੱਦਤ ਨਾਲ ਪੜ ਰਹੇ ਨੇ। ਇਸ ਕਿਤਾਬ ਨੂੰ ਵੈੱਸਟਲੈਂਡ ਸੂਨ ਨੇ ਛਾਪਿਆ ਹੈ, ਹਿੰਦੀ ਅਤੇ ਪੰਜਾਬੀ ‘ਚ ਵੀ ਆਣ ਵਾਲੀ ਹੈ। ਐਮੇਜ਼ੌਨ ਤੋਂ ਵੀ ਆਰਡਰ ਕਰ ਸਕਦੇ ਹੋ।