ਯਾਦਾਂ ਦੇ ਝਰੋਖੇ ਚੋਂ – 18

ਡਾ. ਕੇਵਲ ਅਰੋੜਾ
ਜਰਮਨ ਵਾਇਆ ਜਲੰਧਰ
ਪਾਲ ਜੀ ਨਾਲ ਮੇਰੀ ਮੁਲਾਕਾਤ ਮੇਰੇ ਦੋਸਤ ਡਾ. ਗੁਰਦਿੱਤ ਸਿੰਘ ਕਰ ਕੇ ਹੋਈ। ਡਾ. ਗੁਰਦਿੱਤ ਦਾ ਅਕਸਰ ਉਹਨਾਂ ਕੋਲ ਆਉਣ ਜਾਣ ਰਹਿੰਦਾ ਅਤੇ ਚੰਗਾ ਲਿਹਾਜ਼ ਬਣ ਗਿਆ ਸੀ। ਡਾ. ਗੁਰਦਿੱਤ ਨੇ ਕਹਿਣਾ ਤੁਹਾਨੂੰ ਤੁਹਾਡੇ ਵਰਗਾ ਸਾਥੀ ਹੀ ਮਿਲਾਉਣਾ ਹੈ। ਮੈਨੂੰ ਲੱਗਣਾ ਕਿ ਉਹ ਮੈਨੂੰ ਮਜ਼ਾਕ ਕਰਦਾ ਹੈ ਕਿਉਂਕਿ ਅਸੀਂ ਇੱਕ ਦੂਜੇ ਨੂੰ ਅਕਸਰ ਮਜ਼ਾਕ ਕਰਦੇ ਰਹਿੰਦੇ ਹਾਂ। ਸੋ ਇੱਕ ਦਿਨ ਅਸੀਂ ਉਹਨਾਂ ਦੇ ਘਰ ਜਾਣ ਦਾ ਪ੍ਰੋਗਰਾਮ ਬਣਾ ਲਿਆ। ਮੇਰੀ ਕਾਰ ਦਾ ਆਟੋਮੈਟਿਕ ਲੌਕ ਖ਼ਰਾਬ ਸੀ ਅਤੇ ਡਾ. ਗੁਰਦਿੱਤ ਦਾ ਮਿੱਤਰ ਜੀਤੀ ਮਿਸਤਰੀ ਹੀ ਸਭ ਹੱਲ ਕਰਦਾ ਜਾਂ ਕਰਵਾ ਕੇ ਦਿੰਦਾ ਸੀ। ਉਸ ਦੇ ਨੇੜੇ ਹੀ ਪਾਲ ਜੀ ਦਾ ਫ਼ਿਜੀਓਥਰੈਪੀ ਕਲਿਨਿਕ ਸੀ, ਅਤੇ ਉਸ ਦੇ ਨਾਲ ਹੀ ਉਹਨਾਂ ਦਾ ਘਰ ਸੀ। ਡਾ. ਗੁਰਦਿੱਤ ਨੇ ਜਦੋਂ ਮੈਨੂੰ ਦੱਸਿਆ ਕਿ ਪਾਲ ਜੀ ਨੇ ਫ਼ਿਜੀਓਥਰੈਪੀ ਦੀ ਡਿਗਰੀ ਜਰਮਨ ਤੋਂ ਕੀਤੀ ਹੋਈ ਹੈ ਤਾਂ ਮੇਰੀ ਉਤਸੁਕਤਾ ਹੋਰ ਵੱਧ ਗਈ।
ਅਸੀਂ ਉਹਨਾਂ ਦੇ ਘਰ ਵੱਲ ਪੈਦਲ ਹੀ ਚੱਲ ਪਏ। ਡਾ. ਗੁਰਦਿੱਤ ਨੇ ਜਦ ਉਹਨਾਂ ਦੇ ਘਰ ਦੀ ਬੈੱਲ ਮਾਰੀ ਤਾਂ ਉਹਨਾਂ ਨੇ ਸਾਨੂੰ ਉੱਪਰ ਅਪਣੇ ਡਰਾਇੰਗ ਰੂਮ ‘ਚ ਹੀ ਬੁਲਾ ਲਿਆ। ਲੰਮਾ ਅਤੇ ਪਤਲਾ ਸ਼ਰੀਰ ਸੀ ਸਰਦਾਰ ਦਾ। ਬੜੀ ਅਪਣੱਤ ਨਾਲ ਭਰਿਆ ਸਰਦਾਰ ਇਕਦਮ ਅਪਣਾ ਜਿਹਾ ਹੋ ਕਿ ਮਿਲਿਆ। ਡਾਕਟਰ ਗੁਰਦਿੱਤ ਨੇ ਸ਼ਾਇਦ ਮੇਰੇ ਬਾਰੇ ਉਸ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ। ਚਾਹ ਪਾਣੀ ਪੀ ਕੇ ਅਸੀਂ ਗੱਲਬਾਤਾਂ ‘ਚ ਲੱਗ ਪਏ। ਮੈਂ ਉਹਨਾਂ ਨੂੰ ਪੁੱਛਿਆ, ”ਵੀਰ ਜੀ ਤੁਸੀਂ ਜਰਮਨ ਫ਼ਿਜੀਓਥਰੈਪੀ ਦੀ ਡਿਗਰੀ ਕਰਨ ਕਿਵੇਂ ਪਹੁੰਚ ਗਏ?” ਉਹ ਕਹਿਣ ਲੱਗੇ, ”ਇਸ ਪਿੱਛੇ ਵੀ ਇੱਕ ਲੰਮੀ ਕਹਾਣੀਂ ਹੈ ਡਾ. ਕੇਵਲ ਜੀ, ਬਸ ਇਹ ਸਮਝ ਲਵੋ ਕਿ ਜਰਮਨ ਵਾਇਆ ਜਲੰਧਰ।”
ਇਹ ਸੁਣ ਕੇ ਮੇਰੀ ਉਤਸੁਕਤਾ ਹੋਰ ਵੀ ਵੱਧ ਗਈ। ਉਹ ਚਾਹ ਪਾਣੀ ਪੀਣ ਲਈ ਜ਼ੋਰ ਪਾਉਣ, ਅਤੇ ਮੈਂ ਉਹਨਾਂ ਨਾਲ ਗੱਲ-ਬਾਤ ਕਰਨ ਦਾ ਇਛੁੱਕ। ਪਾਲ ਜੀ ਦਾ ਪਰਿਵਾਰ ਮੁਕਤਸਰ ਸਾਹਿਬ ‘ਚ ਸੰਨ ਸੰਤਾਲੀ ਤੋਂ ਪਹਿਲਾਂ ਹੀ ਕਾਰੋਬਾਰ ਦੇ ਸੰਬੰਧ ‘ਚ ਆ ਗਿਆ ਸੀ, ਭਾਵੇਂ ਉਹਨਾਂ ਦਾ ਜੱਦੀ ਪਿੰਡ ਕਰਤਾਰਪੁਰ ਨੇੜੇ (ਹੁਣ ਪਾਕਿਸਤਾਨ) ‘ਚ ਸੀ। ਉੱਥੇ ਉਹਨਾਂ ਦੇ ਘਰ ‘ਚ ਇੱਕ ਸੱਪਾਂ ਦਾ ਘਰ ਵੀ ਸੀ ਜਿਸ ਨੂੰ ਲੋਕ ਦੂਰੋਂ ਦੂਰੋਂ ਸ਼ਰਧਾ ਨਾਲ ਵੇਖਣ ਆਉਂਦੇ ਸਨ। ਉਹਨਾਂ ਦੀ ਜ਼ਿੰਦਗੀ ਨੂੰ ਜਾਣਨ ਲਈ ਮੈਂ ਉਹਨਾਂ ਨਾਲ ਚਾਰ ਪੰਜ ਮੁਲਾਕਾਤਾਂ ਕੀਤੀਆਂ ਜਿਨ੍ਹਾਂ ‘ਚ ਡਾ. ਗੁਰਦਿੱਤ ਅਤੇ ਡਾ. ਜੋਸ਼ੀ ਮੇਰੇ ਨਾਲ ਹੁੰਦੇ ਸਨ। ਦਿੱਲੀ ਕਿਸਾਨ ਮੋਰਚੇ ‘ਤੇ ਅਸੀਂ ਦੋ ਦਿਨ ਇਕੱਠੇ ਰਹੇ ਅਤੇ ਡਾ. ਗੁਰਦਿੱਤ ਵੀ ਮੇਰੇ ਨਾਲ ਹੀ ਸਨ। ਉਹ ਹੌਲੀ ਹੌਲੀ ਮੇਰੇ ਨਾਲ ਖੁੱਲ੍ਹ ਗਏ। ਜਿਸ ਨਾਲ ਮੈਨੂੰ ਕਈ ਰੌਚਕ ਅਤੇ ਦਿਲਚਸਪ ਕਹਾਣੀਆਂ ਜਾਣਨ ਦਾ ਮੌਕਾ ਮਿਲਿਆ, ਪਰ ਇਸ ਲਿਖਤ ‘ਚ ਮੈਂ ਉਹਨਾਂ ਦਾ ਜਲੰਧਰ ਤੋਂ ਜਰਮਨ ਤਕ ਦਾ ਸੰਖੇਪ ਸਫ਼ਰ ਹੀ ਤੁਹਾਡੇ ਨਾਲ ਸਾਂਝਾ ਕਰਾਂਗਾ।
ਪਾਲ ਜੀ ਦੇ ਪਿਤਾ ਸੰਪੂਰਨ ਸਿੰਘ ਖ਼ੁਦ ਹਾਕੀ ਦੇ ਇੱਕ ਚੰਗੇ ਖਿਡਾਰੀ ਸਨ, ਅਤੇ ਉਹਨਾਂ ਦਾ ਸੁਪਨਾ ਉਨ੍ਹਾਂ ਨੂੰ ਚੰਗੇ ਖਿਡਾਰੀ ਬਣਾਉਣ ਦਾ ਸੀ। ਮਾਤਾ ਅਮਰਜੀਤ ਕੌਰ ਨੇ ਇਹਨਾਂ ਦੀ ਖ਼ੁਰਾਕ ਦਾ ਬਹੁਤ ਖ਼ਿਆਲ ਰੱਖਿਆ। ਉਹਨਾਂ ਨੇ ਇਹਨਾਂ ਨੂੰ ਸਪੋਰਟਸ ਕਾਲਜ ਜਲੰਧਰ ‘ਚ ਦਾਖਲਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਪਾਲ ਜੀ ਜਲੰਧਰ ਸਪੋਰਟਸ ਕਾਲਜ ਜਲੰਧਰ ‘ਚ ਦਾਖਲਾ ਲੈਣ ਲਈ ਮੁਕਤਸਰ ਤੋਂ ਬੱਸੇ ਚੜ੍ਹ ਪਏ। ਉਥੇ ਦਾਖਲੇ ਲਈ ਟ੍ਰਾਇਲ ਦੇਣ ਵਾਸਤੇ ਕਾਫ਼ੀ ਲੜਕੇ ਆਏ ਹੋਏ ਸਨ। ਜਦੋਂ ਉਹਨਾਂ ਪੁੱਛਿਆ ਕਿ ਕਿਹੜੀ ਗੇਮ ਕਰਨੀ ਹੈ ਤਾਂ ਪਾਲ ਜੀ ਕਹਿਣ ਲੱਗੇ ਕਿ ਦਾਰਾ ਸਿੰਘ ਵਾਲੀ ਕੁਸ਼ਤੀ। ਉਹ ਅੱਗੋਂ ਕਹਿਣ ਲੱਗੇ ਕਿ ਇਹ ਗੇਮ ਨਹੀਂ ਹੈ ਸਾਡੇ ਕੋਲ ਤਾਂ ਪਾਲ ਜੀ ਨੇ ਬੌਕਸਿੰਗ ਦੀ ਇੱਛਾ ਕੀਤੀ, ਪਰ ਉਸ ਤੋਂ ਵੀ ਨਾਂਹ ਹੋ ਗਈ ਕਿਉਂਕਿ ਸਿਰਫ਼ ਇੱਕੋ ਹੀ ਸੀਟ ਸੀ, ਅਤੇ ਉਸ ਵਾਸਤੇ ਇੱਕ ਸਕੂਲ ਚੈਂਪੀਅਨ ਬੱਚਾ ਉਹਨਾਂ ਨੇ ਪਹਿਲਾਂ ਹੀ ਰੱਖ ਲਿਆ ਹੋਇਆ ਸੀ। ਤੈਰਾਕੀ ‘ਚ ਤਿੰਨ ਚਾਰ ਸੀਟਾਂ ਹੀ ਬਚਦੀਆਂ ਸਨ, ਪਰ ਪਾਲ ਜੀ ਦਾ ਮਨ ਹੁਣ ਇੱਥੋਂ ਮੁੜਨ ਦਾ ਨਹੀਂ ਸੀ। ਉਹ ਇਸ ਟ੍ਰਾਇਲ ‘ਚ ਕੁੱਦ ਪਏ, ਪੂਰਾ ਜ਼ੋਰ ਲਾ ਕੇ ਟ੍ਰਾਇਲ ਦਿੱਤਾ ਅਤੇ ਦੂਜੇ ਨੰਬਰ ਉਤੇ ਆ ਗਏ ਪਹਿਲੇ ਤੇ ਹਰਿਆਣੇ ਦਾ ਚੈਂਪੀਅਨ ਸੀ ਅਤੇ ਸਿਰਫ਼ ਅੱਧੇ ਗਜ਼ ਦੀ ਦੂਰੀ ਦਾ ਹੀ ਫ਼ਰਕ ਸੀ। ਬੜੇ ਵਧੀਆ ਅਤੇ ਚੈਂਪੀਅਨ ਖਿਡਾਰੀ ਪਛਾੜ ਦਿੱਤੇ। ਜਦੋਂ ਉਹਨਾਂ ਨੂੰ ਪੁੱਛਿਆ ਕਿ ਕਿੱਥੇ ਟ੍ਰੇਨਿੰਗ ਲਈ ਤਾਂ ਉਨਾਂ ਦੱਸਿਆ ਕਿ ਕੱਸੀ ‘ਚ ਤਰ ਲੈਂਦੇ ਆਂ, ਉਹ ਬਹੁਤ ਹੈਰਾਨ ਹੋਏ ਅਤੇ ਸਪੋਰਟਸ ਕਾਲਜ ‘ਚ ਦਾਖਲਾ ਮਿਲ ਗਿਆ। ਤੈਰਾਕੀ ‘ਚ ਦਾਖਲਾ ਲੈ ਕੇ ਵੀ ਇਹ ਕੰਧ ‘ਚ ਮੁੱਕੇ ਮਾਰਦੇ ਰਹੇ ਅਤੇ ਹੱਥ ਨਾਲ ਇੱਟ ਭੰਨ ਦਿੰਦੇ ਸੀ। ਨਾਲ ਦੇ ਲੜਕਿਆਂ ਨੇ ਇਹ ਗੱਲ ਬੌਕਸਿੰਗ ਕੋਚ ਨੂੰ ਦੱਸ ਦਿੱਤੀ। ਕੋਚ ਨੇ ਬੁਲਾ ਕੇ ਜਦੋਂ ਪਰਖਿਆ ਤਾਂ ਉਹਨਾਂ ਨੂੰ ਕਾਫ਼ੀ ਸੰਭਾਵਨਾਵਾਂ ਲੱਗੀਆਂ, ਅਤੇ ਪਾਲ ਜੀ ਨੂੰ ਬੌਕਸਿੰਗ ‘ਚ ਸ਼ਿਫ਼ਟ ਕਰ ਦਿੱਤਾ ਗਿਆ। ਪਹਿਲੇ ਹੀ ਸਾਲ ‘ਚ ਪਾਲ ਜੀ ਯੂਨੀਵਰਸਿਟੀ ‘ਚੋਂ ਅਪਣੇ ਵੇਟ ‘ਚ ਚੈਂਪੀਅਨ ਹੋ ਗਏ। ਉਸ ਤੋਂ ਬਾਅਦ ਇੰਟਰਵਰਸਿਟੀ ਦੀ ਤਿਆਰੀ ਲਈ ਕੈਂਪ ਲੱਗ ਗਿਆ ਤਾਂ ਸੀਨੀਅਰ ਕਹਿਣ ਲੱਗੇ ਕਿ ਅਜੇ ਤੇਰਾ ਤਜਰਬਾ ਘੱਟ ਐ, ਅਗਲੇ ਸਾਲ ਜਾਵੀਂ।
ਸੋ ਪਾਲ ਜੀ ਮੁਕਤਸਰ ਸਾਹਿਬ ਵਾਪਿਸ ਆ ਗਏ, ਪਰ ਜਦੋਂ ਕੋਚ ਨੇ ਦੇਖਿਆ ਕਿ ਪਾਲ ਤਾਂ ਕੈਂਪ ‘ਚ ਹੀ ਨਹੀਂ ਤਾਂ ਤਾਰ ਪਾ ਕੇ ਵਾਪਿਸ ਸੱਦ ਲਿਆ ਗਿਆ। ਕੈਂਪ ‘ਚ ਤਿਆਰੀ ਕਰ ਕੇ ਜਦੋਂ ਮੁਕਾਬਲੇ ਲੜੇ ਤਾਂ ਅਪਣੇ ਭਾਰ ਮੁਕਾਬਲੇ ‘ਚ ਇੰਟਰਵਰਸਿਟੀ ਚੈਂਪੀਅਨ ਬਣ ਗਏ। ਇਸ ਤਰਾਂ ਸਪੋਰਟਸ ਕਾਲਜ ਜਲੰਧਰ ‘ਚ ਪਾਲ ਜੀ ਦਾ ਮਾਣ ਬਹੁਤ ਵੱਧ ਗਿਆ। ਫ਼ਿਰ ਬੌਕਸਿੰਗ ਵਾਲੇ ਤਿੰਨ ਚਾਰ ਲੜਕੇ ਇਕੱਠੇ ਹੋ ਕੇ ਜਰਮਨ ਜਾਣ ਦਾ ਮਨ ਬਣਾ ਬੈਠੇ ਕਿ ਚੰਗੀ ਗੇਮ ਬਣਾ ਕਿ ਇੰਡੀਆ ਵਲੋਂ ਖੇਡਾਂਗੇ। ਪਾਲ ਜੀ ਜਰਮਨ ਦੇ ਇੱਕ ਕਲੱਬ ‘ਚ ਜਾ ਕੇ ਖੇਡਣ ਲੱਗੇ। ਥੋੜ੍ਹੇ ਹੀ ਸਮੇਂ ‘ਚ ਉਨ੍ਹਾਂ ਦੀ ਗੇਮ ਦੀਆਂ ਸੁਰਖ਼ੀਆਂ ਅਤੇ ਤਸਵੀਰਾਂ ਜਰਮਨ ਦੇ ਅਖ਼ਬਾਰਾਂ ‘ਚ ਛਾਅ ਗਈਆਂ। ਇਹਨਾਂ ਦੀ ਖੇਡ ਦੀ ਖ਼ਾਸੀਅਤ ਇਹ ਸੀ ਕਿ ਇਹ ਵਿਰੋਧੀ ਨੂੰ ਸੰਭਲਣ ਦਾ ਮੌਕਾ ਹੀ ਨਹੀ ਸਨ ਦਿੰਦੇ, ਵੱਖਰੇ ਸਟਾਈਲ ਅਤੇ ਰੋਚਕਤਾ ਨਾਲ ਖੇਡਦੇ ਸਨ। ਦਰਸ਼ਕ ਇਹਨਾਂ ਦੀ ਖੇਡ ਨੂੰ ਮਾਣਦੇ ਸਨ। ਮੈਨੂੰ ਇਹ ਲਿਖਦੇ ਲਿਖਦੇ ਯਾਦ ਆਇਆ ਹੈ ਕਿ ਸਾਡੇ ਸਾਦਿਕ ਸੂਬੇਦਾਰ ਦਰਸ਼ਨ ਫ਼ੌਜੀ ਮਾਨੀ ਵਾਲਾ ਦੇ ਭਤੀਜੇ ਨਾਲ ਲੜਨ ਵਾਸਤੇ ਆ ਗਏ, ਓਹ ਇਕੱਲਾ ਸੀ ਅਤੇ ਦੂਜੇ ਪਾਸੇ ਅੱਠ ਦਸ ਜਣੇ ਸਨ, ਫ਼ੌਜੀ ਨੇ ਵੀ ਬੌਕਸਿੰਗ ਕਰਾਟੇ ਕੀਤੇ ਹੋਏ ਸਨ, ਅਤੇ ਅਚਾਨਕ ਉਹ ਵੀ ਉੱਤੋਂ ਆ ਗਿਆ। ਬਸ ਫ਼ੇਰ ਕੀ ਸੀ, ਜਿਸ ਦੇ ਵੀ ਘਸੁੰਨ ਮਾਰੇ, ਓਹ ਪਿੱਛੇ ਮੁੜ ਕੇ ਨਾ ਵੇਖੇ। ਲੋਕ ਅੱਜ ਵੀ ਉਸ ਘਟਨਾ ਨੂੰ ਯਾਦ ਕਰਦੇ ਹਨ।
ਇਸੇ ਦੌਰਾਨ ਇਹਨਾਂ ਨੇ ਜਰਮਨ ਵੀ ਸਿੱਖ ਲਈ। ਉਹ ਵੀ ਉਸੇ ਤਰ੍ਹਾਂ ਜਿਵੇਂ ਦੀ ਜਰਮਨ ਲੋਕ ਬੋਲਦੇ ਹਨ। ਉਨ੍ਹਾਂ ਨੂੰ ਇੱਕ ਪ੍ਰੋਫ਼ੈਸਰ, ਜੋ ਉੱਥੋਂ ਦੀ ਸਰਕਾਰ ‘ਚ ਬਹੁਤ ਪਹੁੰਚ ਰੱਖਦਾ ਸੀ ਅਤੇ ਕਾਫ਼ੀ ਅਮੀਰ ਵੀ ਸੀ, ਇਹਨਾਂ ਦੀ ਗੇਮ, ਜਰਮਨ ਬੋਲੀ ਨੂੰ ਬਹੁਤ ਛੇਤੀ ਸਿੱਖਣ ਸ਼ਕਤੀ ਅਤੇ ਅਦਬ ਤੋਂ ਪ੍ਰਭਾਵਿਤ ਹੋ ਗਿਆ। ਉਸ ਨੇ ਅਖ਼ਬਾਰਾਂ ਦੀਆਂ ਖ਼ਬਰਾਂ ਤੋਂ ਚੁੱਪ ਚੁਪੀਤੇ ਇੱਕ ਐਲਬਮ ਤਿਆਰ ਕਰ ਲਈ। ਉਨ੍ਹਾਂ ਨੇ ਅਪਣੀਂ ਪਤਨੀ ਨੂੰ ਲਿਆ ਕੇ ਪਾਲ ਜੀ ਨੂੰ ਮਿਲਾਇਆ। ਦਰਅਸਲ ਉਹਨਾਂ ਦੇ ਅਪਣੇ ਬੱਚੇ ਕਿਸੇ ਐਕਸੀਡੈਂਟ ‘ਚ ਚੱਲ ਵੱਸੇ ਸਨ। ਉਸ ਜੋੜੇ ਨੇ ਪਾਲ ਜੀ ਨੂੰ ਆਪਣਾ ਪੁੱਤਰ ਬਣਾ ਕੇ ਰੱਖ ਲਿਆ। ਜਦੋਂ ਉਸ ਜੋੜੇ ਨੇ ਇਹਨਾਂ ਨੂੰ ਗੋਦ ਲਿਆ ਤਾਂ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਪਾਲ ਜੀ ਦਾ ਧਰਮ ਬਦਲਾਉਣ ਦੀ ਸਲਾਹ ਦਿੱਤੀ, ਪਰ ਉਸ ਜੋੜੇ ਨੇ ਕਿਹਾ ਕਿ ਇਸ ਦਾ ਅਪਣਾ ਧਰਮ ਹੀ ਬਹੁਤ ਵਧੀਆ ਹੈ ਅਤੇ ਇਸ ਦੀ ਲੋੜ ਨਹੀਂ।
ਪਾਲ ਜੀ ਬਹੁਤਾ ਸਮਾਂ ਇਹ ਉਹਨਾਂ ਕੋਲ ਹੀ ਰਹਿੰਦੇ ਸਨ, ਸੋ ਜਰਮਨੀ ‘ਚ Werner Vitzthum ਪਾਪਾ ਅਤੇ Rosa Vitzthum ਮਾਤਾ ਬਣ ਗਏ। ਦੋ ਵਾਰ ਉਨ੍ਹਾਂ ਦੀ ਜਰਮਨ ਵਾਲੀ ਮਾਤਾ ਇੰਡੀਆ ਉਨ੍ਹਾਂ ਦੇ ਨਾਲ ਵੀ ਆਈ। ਤਿੰਨ ਚਾਰ ਸਾਲਾਂ ‘ਚ ਹੀ ਪਾਲ ਦੀ ਚੜ੍ਹਤ ਸਾਰੇ ਜਰਮਨੀ ‘ਚ ਹੋ ਗਈ। ਉਨ੍ਹਾਂ ਨੇ ਇੱਕ ਜਰਮਨੀ ਦੇ ਚੈਂਪੀਅਨ ਨੂੰ ਵੀ ਹਰਾ ਦਿੱਤਾ। ਪਾਲ ਜੀ ਦੇ ਇੱਕ ਮੈਚ ਦੀ ਫ਼ੀਸ ਚਾਲੀ ਲੱਖ ਰੁਪਏ ਹੋ ਗਈ। ਇਸੇ ਦੌਰਾਨ ਉਨ੍ਹਾਂ ਨੇ ਉੱਥੋਂ ਫ਼ਿਜੀਓਥਰੈਪੀ ਦੀ ਡਿਗਰੀ ਹਾਸਿਲ ਕਰ ਲਈ। ਕੁਦਰਤ ਨੇ ਜ਼ਿੰਦਗੀ ‘ਚ ਇੱਕ ਹੋਰ ਵੱਡਾ ਮੋੜ ਕੱਟਿਆ ਕਿ ਜਦੋਂ ਇਥੋਪੀਆ ‘ਚ ਕਾਲ ਪੈ ਗਿਆ ਤਾਂ ਉੱਥੋਂ ਦਾਨ ਵਗੈਰਾ ਕਰਨ ਦੀਆਂ ਅਪੀਲਾਂ ਹੋਣ ਲੱਗੀਆਂ। ਵੀਡੀਓ ਵੇਖ ਕੇ ਪਾਲ ਜੀ ਅਤੇ ਉਨ੍ਹਾਂ ਦੇ ਦੋਸਤ ਪਸੀਜ ਗਏ। ਓਦੋਂ ਉਨ੍ਹਾਂ ਦੇ ਐਕਾਊਂਟ ‘ਚ ਸੱਤ ਕਰੋੜ ਛੱਤੀ ਲੱਖ ਰੁਪਈਆ ਸੀ ਜੋ ਉਨ੍ਹਾਂ ਨੇ ਦਾਨ ਕਰ ਦਿੱਤਾ। ਪਾਲ ਜੀ ਨੇ ਸੰਨਿਆਸ ਲੈ ਕੇ ਬੋਧੀ ਹੋਣ ਦਾ ਮਨ ਬਣਾ ਲਿਆ ਅਤੇ ਵਾਪਿਸ ਇੰਡੀਆ ਦੇ ਪਰਬਤਾਂ ‘ਚ ਤਪੱਸਿਆ ਕਰਨ ਦੀ ਸੋਚ ਲਈ।
ਜਰਮਨ ਮਾਪਿਆਂ ਦੇ ਸਮਝਾਉਣ ਦੇ ਬਾਵਜੂਦ ਜਹਾਜ਼ ਚੜ੍ਹ ਕੇ ਦਿੱਲੀ ਆ ਗਏ। ਜਦੋਂ ਦਿੱਲੀ ਆਏ ਤਾਂ ਉਨ੍ਹਾਂ ਦੇ ਮਨ ‘ਚ ਆਇਆ ਕਿ ਇੱਕ ਵਾਰ ਘਰ ਵਾਲ਼ਿਆਂ ਨੂੰ ਮਿਲ ਆਵਾਂ, ਉਨ੍ਹਾਂ ਕੋਲ ਬਹੁਤ ਥੋੜ੍ਹੇ ਪੈਸੇ ਬਾਕੀ ਬਚੇ ਸਨ। ਪਾਲ ਜੀ ਨੇ ਅਪਣਾ ਜਰਮਨੀ ਤੋਂ ਲਿਆਂਦਾ ਇੱਕ ਬਹੁਤ ਮਹਿੰਗਾ ਕੋਟ ਵੀ ਸੌ ਕੁ ਰੁਪਏ ‘ਚ ਕਿਸੇ ਨੂੰ ਦੇ ਦਿੱਤਾ ਅਤੇ ਮੁਕਤਸਰ ਆਪਣੇ ਘਰ ਪਹੁੰਚ ਗਏ। ਘਰ ਵਾਲੇ ਹੈਰਾਨ ਹੋ ਗਏ। ਹੌਲੀ ਹੌਲੀ ਦੋ ਤਿੰਨ ਦਿਨਾਂ ‘ਚ ਘਰ ਵਾਲ਼ਿਆਂ ਨੂੰ ਸਭ ਪਤਾ ਲੱਗ ਗਿਆ। ਉਹਨਾਂ ਨੇ ਪਾਲ ਜੀ ਨੂੰ ਉਹਨਾਂ ਦੀ ਭੂਆ ਕੋਲ ਜਲੰਧਰ ਭੇਜ ਦਿੱਤਾ ਜਿੱਥੇ ਉਨ੍ਹਾਂ ਦਾ ਨਰਸਿੰਗ ਹੋਮ ਸੀ। ਉਥੇ ਇਹਨਾਂ ਨੂੰ ਫ਼ਿਜੀਓਥਰੈਪੀ ਦੀ ਡਿਗਰੀ, ਜੋ ਇਹਨਾਂ ਨੇ ਜਰਮਨੀ ‘ਚ ਕੀਤੀ ਸੀ, ਬਹੁਤ ਕੰਮ ਆਈ। ਫ਼ਿਰ ਉਨ੍ਹਾਂ ਦੀ ਸ਼ਾਦੀ ਹੋ ਗਈ ਅਤੇ ਦੋ ਬੱਚੇ ਵੀ ਹਨ। ਅੱਜ-ਕੱਲ੍ਹ ਬਹੁਤ ਹੀ ਵਧੀਆ ਸੇਵਾ ਨਿਭਾਅ ਰਹੇ ਹਨ। ਸਮਾਂ ਕੱਢ ਕੇ ਬੱਚਿਆਂ ਨੂੰ ਬੌਕਸਿੰਗ ਦੀ ਟ੍ਰੇਨਿੰਗ ਵੀ ਸੇਵਾ ਵਜੋਂ ਦੇ ਰਹੇ ਹਨ। ਮੁਕਤਸਰ ਸਾਹਿਬ ‘ਚ ਉਨ੍ਹਾਂ ਨੂੰ ਘਰ ਵਾਲੇ ਅਤੇ ਦੋਸਤ ਨਿੰਦੀ ਕਹਿ ਕੇ ਬੁਲਾਉਂਦੇ ਹਨ। ਬੌਕਸਿੰਗ ਕੋਚ ਗੁਰਬਖਸ਼ ਸਿੰਘ, ਜੋ ਬੌਕਸਿੰਗ ਦੀ ਦੁਨੀਆਂ ‘ਚ ਇੱਕ ਬਹੁਤ ਵੱਡਾ ਨਾਮ ਹੈ, ਨਾਲ ਉਹਨਾਂ ਦੇ ਸੰਬੰਧ ਅੱਜ ਵੀ ਕਾਇਮ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਉਹਨਾਂ ਨੂੰ ਬਹੁਤ ਵੱਡੀ ਰਕਮ ਦਾਨ ਦੇਣ ਦਾ ਭੋਰਾ ਵੀ ਗਿਲਾ ਜਾਂ ਪਛਤਾਵਾ ਨਹੀਂ। ਉਨ੍ਹਾਂ ਦਾ ਸਾਂਝਾ ਪਰਿਵਾਰ ਹੈ, ਸਕੂਲ ਹੈ, ਕਾਲਜ ਹੈ ਅਤੇ ਜਰਮਨੀ ਵਾਲੇ ਦੋਸਤ ਅੱਜ ਵੀ ਉਨ੍ਹਾਂ ਨਾਲ ਓਸੇ ਤਰ੍ਹਾਂ ਜੁੜੇ ਹੋਏ ਹਨ। ਜ਼ਿੰਦਗੀ ‘ਚ ਬਹੁਤ ਮੁਸ਼ਕਿਲਾਂ ਦੇ ਬਾਵਜੂਦ ਉਨ੍ਹਾਂ ਨੇ ਕਦੇ ਹਾਰ ਨਹੀਂ ਮੰਨੀ। ਜ਼ਿੰਦਗੀ ਨੂੰ ਕਿਸੇ ਜੋਗੀ ਵਾਂਗ ਹੰਢਾਇਆ ਹੈ ਅਤੇ ਹੰਢਾ ਰਹੇ ਹਨ। ਇਥੇ ਆਪਣੇ ਕਾਲਮ ‘ਚ ਮੈਂ ਆਪਣੀਆਂ ਦੋ ਸਤਰਾਂ ਨਾਲ ਗੱਲ ਮੁਕਾਉਂਦਾ ਹਾਂ:
ਨਾ ਵਲ ਛਲ, ਨਾ ਹੇਰਾ ਫ਼ੇਰੀ,
ਨਾ ਕਦੇ ਹੌਂਸਲਾ ਢਾਈਦਾ।
ਨਾ ਲਾਲਚ, ਨਾ ਡਰ ਜ਼ਿੰਦਗੀ ਵਿੱਚ,
ਐਸਾ ਜੋਗ ਕਮਾਈਦਾ।