ਡਾ. ਕੇਵਲ ਅਰੋੜਾ
94176 95299
ਕੁੜਤਾ-ਪਜਾਮਾ ਅਤੇ ਪੱਗ
ਇਹ ਗੱਲ 1991 ਦੀ ਲੋਹੜੀ ਵਾਲੇ ਦਿਨ ਦੀ ਹੈ ਕਿ ਮੈਂ ਆਰਫ਼ ਕੇ ਡਾ. ਬਿੱਲੇ ਦੀ ਦੁਕਾਨ ‘ਤੇ ਖੜ੍ਹਾ ਸੀ। ਡਾ. ਬਿੱਲਾ, ਜੋ ਕਿ ਫ਼ਿਰੋਜ਼ਪੁਰ ਵਾਲੇ ਡਾਕਟਰ ਕੁੰਦਨ ਸਿੰਘ ਦਾ ਸ਼ਾਗਿਰਦ ਸੀ, ਪੁਰਾਣਾ ੍ਰੰਫ ਸੀ ਅਤੇ ਭਗੰਦਰ ਦੇ ਇਲਾਜ ਲਈ ਦੂਰ ਦੂਰ ਤਕ ਮਸ਼ਹੂਰ ਸੀ। ਫ਼ਿਰੋਜ਼ਪੁਰ ਦਾ ਮਿਸ਼ਨ ਹਸਪਤਾਲ ਅਤੇ ਡਾ. ਕੁੰਦਨ ਫ਼ਿਰੋਜ਼ਪੁਰ ਦੀ ਕਿਸੇ ਵੇਲੇ ਇਲਾਕੇ ‘ਚ ਤੂਤੀ ਬੋਲਦੀ ਸੀ। ਕਦੇ ਕਦੇ ਸੋਚਦਾ ਹਾਂ ਕਿ ਬਿਨਾ ਬਹੁਤੀ ਪੜ੍ਹਾਈ ਦੇ ਵੀ ਲੋਕ ਕਿਸ ਤਰਾਂ ਲੋਕਾਂ ਦੇ ਮਨਾਂ ‘ਚ ਵੱਸ ਜਾਂਦੇ ਹਨ। ਡਾ. ਬਿੱਲੇ ਦਾ ਆਰਫ਼ ਕੇ ਦੇ ਆਸ-ਪਾਸ ਦੇ ਅੱਠ ਦਸ ਪਿੰਡਾਂ ‘ਚ ਬਹੁਤ ਸਤਿਕਾਰ ਸੀ। ਓਦੋਂ ਲੋਕਾਂ ‘ਚ ਬਿਮਾਰੀ ਵੀ ਬਹੁਤ ਘੱਟ ਸੀ। ਸ਼ੂਗਰ, BP ਤੋਂ ਵਿਰਲਾ ਬੰਦਾ ਹੀ ਪੀੜ੍ਹਤ ਸੀ। ਕਣਕ ਦੇ ਦਸਵੇਂ ਹਿੱਸੇ ਦਾ ਖ਼ਰਚਾ ਵੀ ਮਸਾਂ ਆਮ ਪਰਿਵਾਰ ਦੀ ਬੀਮਾਰੀਆਂ ਉੱਤੇ ਲੱਗਦਾ ਸੀ, ਪਰ ਉਸ ਤੋਂ ਬਾਅਦ ਵੇਖਦੇ ਵੇਖਦੇ ਘਰ ਘਰ ‘ਚ ਵੰਨ ਸੁਵੰਨੀਆਂ ਬੀਮਾਰੀਆਂ ਨੇ ਪੈਰ ਪਸਾਰ ਲਏ। ਕਦੇ ਕਦੇ ਮੈਂ ਡਾ. ਬਿੱਲੇ ਅਤੇ ਉਸ ਦੇ ਸਾਹਮਣੇ ਬੱਤੇ ਸੇਠ ਕੋਲ ਖੜ੍ਹ ਜਾਂਦਾ ਸੀ, ਉਹ ਸਾਡੇ ਅਨੌਟਮੀ ਵਾਲੇ ਪ੍ਰੋਫ਼ੈਸਰ ਡਾ. ਆਰ. ਪੀ. ਸਹਿਗਲ ਦੇ ਪਰਿਵਾਰ ‘ਚੋਂ ਸੀ। ਬਹੁਤ ਹੀ ਵਧੀਆ ਬੰਦਾ, ਲੋਕਾਂ ‘ਚ ਬਹੁਤ ਹੀ ਹਰਮਨਪਿਆਰਾ, ਬੇਸ਼ੱਕ ਦੌਲਤ ਵਲੋਂ ਸੇਠ ਨਹੀਂ ਸੀ ਪਰ ਦਿਲ ਦਰਿਆ ਬੰਦਾ … ਡਾ. ਬਿੱਲੇ ਨੂੰ ਮੇਰੇ ਸੀਨੀਅਰ ਡਾ ਸਰਬਜੀਤ ਸੰਧੂ ਨੇ ਮਿਲਾਇਆ ਸੀ ਜੋ ਮੇਰੇ ਤੋਂ ਪਹਿਲਾਂ ਉੱਥੇ ਵੈਟਨਰੀ ਅਫ਼ਸਰ ਦੀ ਸੇਵਾ ਨਿਭਾ ਕੇ ਆਏ ਸਨ।
ਖੜ੍ਹੇ ਖੜ੍ਹੇ ਅਚਾਨਕ ਇੱਕ ਸਕੂਟਰ ਬੜੀ ਤੇਜ਼ੀ ਨਾਲ ਆਇਆ ਜਿਸ ‘ਤੇ ਇੱਕ ਆਦਮੀ, ਦੋ ਬੀਬੀਆਂ ਸਨ, ਜਿਨ੍ਹਾਂ ਵਿੱਚੋਂ ਇੱਕ ਦੀ ਬੁੱਕਲ਼ ‘ਚ ਤਿੰਨ ਚਾਰ ਸਾਲ ਦਾ ਬੱਚਾ ਸੀ। ਸਾਡੇ ਕੋਲ ਆ ਕੇ ਰੁਕਿਆ। ਕਾਹਲੀ ਕਾਹਲੀ ਪੁੱਛਣ ਲੱਗੇ ਕਿ ਡਾ. ਬਿੱਲਾ ਕਿੱਥੇ ਹੈ? ਡਾ. ਬਿੱਲਾ ਦੁਕਾਨ ਉਤੇ ਨਹੀਂ, ਮੈਂ ਉਹਨਾਂ ਨੂੰ ਦੱਸਿਆ ਤਾਂ ਉਹ ਘਬਰਾਏ ਹੋਏ ਉਸ ਤੋਂ ਚਾਲੀ ਪੰਜਾਹ ਗਜ਼ ਅੱਗੇ ਡਾ. ਲੱਖੇ ਵੱਲ ਨੂੰ ਹੋ ਗਏ। ਸਕੂਟਰ ਵਾਲਾ ਆਦਮੀ ਨਾਲ ਦੇ ਕਟੋਰੇ ਪਿੰਡ ਤੋਂ ਵਾਹਕੇ ਮੋੜ ‘ਤੇ ਵਰਕਸ਼ਾਪ ਵਾਲੇ DC ਮਿਸਤਰੀ ਦਾ ਭਾਈ ਸੀ, ਅ ਤੇ ਉਸ ਨਾਲ ਉਸਦੀ ਅਤੇ DC ਬਾਈ ਦੀ ਪਤਨੀ ਸੀ, ਜਿਨ੍ਹਾਂ ਨੂੰ ਮੈਂ ਉਹਨਾਂ ਦੇ ਘਰ ਪਸ਼ੂਆਂ ਦੇ ਇਲਾਜ ਲਈ ਆਉਣ ਜਾਣ ਕਰ ਕੇ ਚੰਗੀ ਤਰਾਂ ਜਾਣਦਾ ਸੀ।
ਵੇਖਦੇ ਹੀ ਵੇਖਦੇ ਪੰਜ ਕੁ ਮਿੰਟਾਂ ‘ਚ ਡਾ. ਲੱਖੇ ਦੀ ਦੁਕਾਨ ਤੇ ਪੰਦਰਾਂ ਵੀਹ ਜਣੇ ਇਕੱਠੇ ਹੋ ਗਏ। ਮੈਂ ਵੀ ਵੇਖਣ ਲਈ ਉਹਨਾਂ ਵੱਲ ਨੂੰ ਹੋ ਗਿਆ। ਅੱਗੇ ਜਾ ਕਿ ਦੇਖਿਆ ਤਾਂ ਡਾ. ਲੱਖਾ ਉਸ ਦੇ ਟੀਕਾ ਟੱਲਾ ਲਾਉਣ ਦੀ ਵਿਉਂਤ ਬਣਾ ਰਿਹਾ ਸੀ ਅਤੇ ਲੋਕ ਵਾਰੀ ਵਾਰੀ ਪੁੱਛ ਰਹੇ ਸਨ ਕਿ ਮੁੰਡੇ ਨੂੰ ਕੀ ਹੋ ਗਿਆ? ਜਦੋਂ ਮੈਂ ਜਾ ਕੇ ਤੱਕਿਆ ਤਾਂ ਬੱਚਾ ਬਹੁਤ ਤੰਗ ਸੀ, ਉਸ ਦੀਆਂ ਪੁਤਲੀਆਂ ਚੌੜੀਆਂ ਹੋ ਰਹੀਆਂ ਸਨ, ਸਾਹ ਬਹੁਤ ਹੀ ਔਖਾ ਆ ਰਿਹਾ ਸੀ। ਮੈਂ ਡਾ. ਲੱਖੇ ਨੂੰ ਆਖਿਆ ਕਿ ਇਹ ਬੱਚਾ ਬਹੁਤ ਖ਼ਤਰੇ ‘ਚ ਹੈ, ਤੁਹਾਡੇ ਵੇਖਣ ਵਾਲਾ ਕੇਸ ਨਹੀਂ। ਇਸ ਨੂੰ ਛੇਤੀ ਵਧੀਆ ਡਾਕਟਰੀ ਸਹਾਇਤਾ ਦੀ ਲੋੜ ਹੈ। ਡਾ. ਲੱਖੇ ਨੇ ਮੇਰੀ ਹਾਂ ‘ਚ ਹਾਂ ਭਰੀ ਪਰ DC ਮਿਸਤਰੀ ਦੇ ਭਰਾ ਨੂੰ ਕੁੱਝ ਨਹੀਂ ਸੀ ਸੁੱਝ ਰਿਹਾ। DC ਮਿਸਤਰੀ ਦੇ ਘਰ ਵਾਲੀ ਕਹਿਣ ਲੱਗੀ ਕਿ ਬਾਈ ਪਤਾ ਨਹੀਂ ਕੀ ਹੋ ਗਿਆ, ਬਾਪੂ ਜੀ ਮੱਕੀ ਦੇ ਫ ੁੱਲੇ ਲਿਆਏ ਸੀ ਲੋਹੜੀ ਕਰਕੇ, ਬਸ ਓਹੀ ਫ਼ੁੱਲੇ ਖਾਂਦੇ ਖਾਂਦੇ ਇਕਦਮ ਹੱਥਾਂ ਪੈਰਾਂ ‘ਚ ਆ ਗਿਆ, ਬਾਕੀ ਜਵਾਕਾਂ ਨੇ ਵੀ ਓਹੀ ਫੁੱਲੇ ਖਾਧੇ ਆ। ਮੈਂ ਇਕਦਮ ਸਮਝ ਗਿਆ ਕਿ ਮੱਕੀ ਦਾ ਫ਼ੁੱਲਾ ਬੱਚੇ ਦੀ ਸਾਹ ਨਾਲੀ ‘ਚ ਚਲਾ ਗਿਆ ਹੈ, ਸੋ ਉਸ ਨੂੰ ਕੱਢਣਾ ਪਵੇਗਾ।
ਓਦੋਂ ਆਉਣ ਜਾਣ ਦੇ ਸਾਧਨ ਵੀ ਬਹੁਤੇ ਨਹੀਂ ਸੀ ਹੁੰਦੇ, ਬਸ ਵਾਹਕਾ ਮੋੜ ਵਾਲ਼ਿਆਂ ਦੀਆਂ ਦੋ ਸਰਬਜੀਤ ਮਿੰਨੀ ਬੱਸਾਂ ਚੱਲਦੀਆਂ ਸਨ ਜਾਂ ਫ਼ੇਰ ਇੱਕ ਦੋ ਘੜੁੱਕੇ ਸਨ। DC ਦੇ ਭਰਾ ਅਤੇ ਬੀਬੀਆਂ ਦੇ ਚਿਹਰੇ ‘ਤੇ ਬੇਵੱਸੀ ਦਾ ਤਰਲਾ ਸੀ। ਮੇਰਾ ਡਿਊਟੀ ਦਾ ਟਾਈਮ ਵੀ ਪੂਰਾ ਹੋਣ ਵਾਲਾ ਸੀ, ਅਤੇ ਮੈਂ ਕੰਮ ਵੀ ਮੁਕਾ ਚੁੱਕਾ ਸੀ। ਮੈਨੂੰ ਜਾਣਦੇ ਹੋਣ ਕਰ ਕੇ DC ਦੀ ਘਰ ਵਾਲੀ ਤਰਲੇ ਨਾਲ ਮੈਨੂੰ ਕਹਿਣ ਲੱਗੀ ਕਿ ਵੀਰ ਜੀ, ਸਾਨੂੰ ਛੇਤੀ ਕਿਸੇ ਡਾਕਟਰ ਕੋਲ ਪੁਚਾ ਦੇ, ਵੀਰ ਮੇਰਾ ਮੁੰਡਾ ਬਚਾ ਦੇ। ਕਾਹਲੀ ਨਾਲ DC ਦਾ ਭਰਾ ਤੇ ਉਸ ਦੀ ਪਤਨੀ ਉਸ ਦੇ ਸਕੂਟਰ ‘ਤੇ ਬੈਠ ਗਏ ਅਤੇ DC ਮਿਸਤਰੀ ਦੀ ਪਤਨੀ ਤੇ ਬੱਚਾ ਮੇਰੇ ਮਗਰ ਸਕੂਟਰ ‘ਤੇ ਬਹਿ ਗਏ। ਬੇਸ਼ੱਕ ਆਰਫ਼ ਕੇ ਵੀ ਹਸਪਤਾਲ ਸੀ, ਪਰ ਉੱਥੇ ਪੋਸਟਿਡ ਲੇਡੀ ਡਾਕਟਰ ਜ਼ਿਆਦਾਤਰ ਸ਼ਹਿਰ ਹੀ ਡਿਊਟੀ ਦਿੰਦੀ ਸੀ ਅਤੇ ਮੈਨੂੰ ਮੇਰੇ ਨੇੜੇ ਹਸਪਤਾਲ ਹੋਣ ਕਰ ਕੇ ਪਤਾ ਹੁੰਦਾ ਸੀ ਉਹਨਾਂ ਦੇ ਆਉਣ ਦਾ। ਲੋਕ ਵੀ ਭੁੱਲੇ ਚੁੱਕੇ ਹੀ ਆਉਂਦੇ ਸਨ ਉੱਥੇ।
ਅਸੀਂ ਤੇਜ਼ ਤੇਜ਼ ਫ਼ਿਰੋਜ਼ਪੁਰ ਸ਼ਹਿਰ ਵੱਲ ਹੋ ਤੁਰੇ, ਅਟਾਰੀ ਪਿੰਡ ਪਹੁੰਚ ਕੇ ਮੈਨੂੰ ਮਾਹਲਮ ਵਾਲੇ ਡਾਕਟਰ ਦਾ ਖ਼ਿਆਲ ਆਇਆ ਜੋ ਕੁੱਝ ਦਿਨ ਪਹਿਲਾਂ ਹੀ ਮੇਰਾ ਵਾਕਿਫ਼ ਹੋਇਆ ਸ। ਤਕਰੀਬਨ ਇੱਕ ਡੇਢ ਕਿੱਲੋਮੀਟਰ ਖੱਬੇ ਵੱਲ ਮੈਂ ਸਕੂਟਰ ਮੋੜ ਕੇ ਉਧਰ ਵੱਲ ਨੂੰ ਹੋ ਤੁਰਿਆ ਪਰ ਡਾਕਟਰ ਨਾ ਮਿਲਿਆ ਅਤੇ ਵਾਪਿਸ ਸ਼ਹਿਰ ਵੱਲ ਹੋ ਗਿਆ ਬਸ ਦੋ ਤਿੰਨ ਮਿੰਟ ਦਾ ਸਮਾਂ ਹੀ ਇਸ ‘ਤੇ ਲੱਗਾ ਪਰ ਮਨ ‘ਚ ਪਛਤਾਵਾ ਕਿ ਸਮਾਂ ਗਵਾ ਲਿਆ ਹੈ। ਛੇਤੀ ਹੀ ਅਸੀਂ ਬਾਗ਼ੀ ਹਸਪਤਾਲ ਫ਼ਿਰੋਜ਼ਪੁਰ ਪਹੁੰਚ ਗਏ ਜਿੱਥੇ ਡਾਕਟਰ ਟੀਨਾ ENT ਮਾਹਿਰ ਸਨ। ਅਸੀਂ ਛੇਤੀ ਛੇਤੀ ਬੱਚੇ ਨੂੰ ਲੈ ਕਿ ਹਸਪਤਾਲ ‘ਚ ਗਏ, ਅਤੇ ਜੂਨੀਅਰ ਸਟਾਫ਼ ਆ ਗਿਆ। ਮੈਂ ਡਾ. ਟੀਨਾ ਨੂੰ ਬੁਲਾਉਣ ਨੂੰ ਕਿਹਾ ਤਾਂ ਉਹਨਾਂ ਕਿਹਾ ਆ ਰਹੇ ਨੇ। ਉਹਨਾਂ ਬੱਚੇ ਬਾਰੇ ਪੁੱਛਿਆ ਕਿ ਕੀ ਖਾਧਾ ਹੈ ਇਸ ਨੇ? ਬੱਚੇ ਦੀ ਮਾਂ ਬੋਲੀ ਕਿ ਫ਼ੁੱਲੇ ਖਾਧੇ ਨੇ, ਬਾਪੂ ਜੀ ਲੋਹੜੀ ਕਰ ਕੇ ਇੱਥੋਂ ਹੀ ਲੈ ਕੇ ਗਏ ਸੀ। ਪੁਤਲੀ ਵੇਖ ਕੇ ਉਹ Gastirc lavage ਦਾ ਸਮਾਨ ਚੁੱਕੀ ਫ਼ਿਰਨ, ਪਰ ਮੈਂ ਉਹਨਾਂ ਨੂੰ ਕਹਾਂ ਤੁਸੀਂ ਗ਼ਲਤ ਪਾਸੇ ਨਾ ਜਾਓ ਇਹ ਮੱਕੀ ਦਾ ਫੁੱਲਾ ਸਾਹ ਨਾਲੀ ‘ਚ ਚਲਾ ਗਿਆ ਹੈ॥ ਮੈਂ ਆਖਾਂ ਮੈਂ ਵੈਟਨਰੀ ਡਾਕਟਰ ਹਾਂ ਅਤੇ ਉਹ ਆਖਣ ਇਹ ਡੰਗਰ ਹਸਪਤਾਲ ਨਹੀਂ, ਬਾਹਰ ਚੱਲ, ਸਾਨੂੰ ਕੰਮ ਕਰਨ ਦੇ। ਪਰ ਉਹਨਾਂ ਨੇ ਮੱਲੋ ਜ਼ੋਰੀ ਆਪਣਾ ਕੰਮ ਸ਼ੁਰੂ ਕਰ ਦਿੱਤਾ। ਛੇਤੀ ਡਾ. ਟੀਨਾ ਵੀ ਆ ਗਏ। ਮੈਂ ਫ਼ੇਰ ਅੰਦਰ ਜਾ ਕੇ ਰੌਲਾ ਪਾ ਲਿਆ ਅਤੇ ਡਾ. ਟੀਨਾ ਮੇਰੀ ਗੱਲ ਝੱਟ ਸਮਝ ਗਏ। ਉਹਨਾਂ ਬੜੀ ਲਿਆਕਤ ਨਾਲ ਕਿਹਾ ਕਿ ਡਾ. ਸਾਹਿਬ ਤੁਹਾਡੀ ਗੱਲ ਸਹੀ ਹੈ, ਇਸ ਨੂੰ ਬਰੌਂਕੀਓਸਕੋਪੀ ਦੀ ਜ਼ਰੂਰਤ ਹੈ ਜੋ ਸਾਡੇ ਕੋਲ ਨਹੀਂ, ਸੋ ਇਸ ਨੂੰ ਲੁਧਿਆਣੇ ਜਾਂ ਫ਼ਰੀਦਕੋਟ ਮੈਡੀਕਲ ਕਾਲਜ ਲਿਜਾ ਕੇ ਵੇਖੋ ਪਰ ਹਾਲਤ ਬਹੁਤ ਮਾੜੀ ਐ। ਮੈਂ ਫ਼ਿਰ ਦੁਬਾਰਾ ਪੁੱਛਿਆ ਕਿ ਫ਼ਰੀਦਕੋਟ ਇਹ ਸਹੂਲਤ ਹੈ? ਤਾਂ ਡਾ. ਟੀਨਾ ਕਹਿਣ ਲੱਗੇ ਕਿ ਮੈਡੀਕਲ ਕਾਲਜ ਹੈ, ਹੋਵੇਗੀ ਹੀ।
ਇਨ੍ਹੇ ਸਮੇਂ ‘ਚ ਪਿੰਡ ਤੋਂ DC ਮਿਸਤਰੀ ਅਤੇ ਹੋਰ ਲੋਕ ਵੀ ਪਹੁੰਚ ਗਏ ਅਤੇ ਐਂਬੂਲੈਂਸ ਲੈ ਕੇ ਫ਼ਰੀਦਕੋਟ ਮੈਡੀਕਲ ਕਾਲਜ ਵੱਲ ਹੋ ਤੁਰੇ। ਮੈਨੂੰ ਵੀ ਮਗਰ ਫ਼ਰੀਦਕੋਟ ਵੱਲ ਨੂੰ ਆਉਣ ਲਈ ਕਿਹਾ, ਸੋ ਮੈਂ ਵੀ ਸਕੂਟਰ ‘ਤੇ ਫ਼ਰੀਦਕੋਟ ਵੱਲ ਚੱਲ ਪਿਆ। ਉਹ ਮੇਰੇ ਤੋਂ ਦਸ ਪੰਦਰਾਂ ਮਿੰਟ ਪਹਿਲਾਂ ਪਹੁੰਚ ਗਏ ਸਨ ਜਦੋਂ ਹੀ ਮੈਂ ਐਮਰਜੈਂਸੀ ਵਾਰਡ ‘ਚ ਪਹੁੰਚਿਆ ਤਾਂ ਉਹ ਵੀ ਮਿਹਦਾ ਧੋਣ ਵੱਲ ਨੂੰ ਚੱਲ ਪਏ ਕਿਉਂਕਿ ਉਹ ਵੀ ਜ਼ਹਿਰੀਲੇ ਦਾਣੇ ਸਮਝ ਬੈਠੇ ਸੀ। ਮੈਂ ਫ਼ਿਰ ਜਾ ਕੇ ਦੱਸਣ ਲੱਗਾ ਕਿ ਮੈਂ ਵੈਟਨਰੀ ਡਾਕਟਰ ਹਾਂ ਅਤੇ ਬਰੌਂਕੀਓਸਕੋਪੀ ਕਰੋ, ਇਸ ਦੀ ਮੱਕੀ ਦਾ ਫੁੱਲਾ ਇਸ ਦੀ ਸਾਹ ਨਾਲੀ ‘ਚ ਚਲਾ ਗਿਆ ਹੈ, ਪਰ ਉੱਥੇ ਮੌਜੂਦ ਸਟਾਫ਼ ਮੈਨੂੰ ਬਾਹਰ ਕੱਢੇ। ਖੈਰ, ਦੋ ਚਾਰ ਮਿੰਟਾਂ ‘ਚ ਇੱਕ PG ਆ ਗਿਆ ਅਤੇ ਉਸ ਨੇ ਮੇਰੀ ਗੱਲ ਧਿਆਨ ਨਾਲ ਸੁਣੀ ਤੇ ਨਵੇਂ ਅਤੇ ਜੂਨੀਅਰ ਸਟਾਫ਼ ਨੂੰ ਵੀ ਸਮਝਾਇਆ। ਮੈਨੂੰ ਦੱਸਿਆ ਕਿ ਡਾ. ਸਾਹਿਬ, ਸੌਰੀ ਸਾਡੇ ਕੋਲ ਇਹ ਸਹੂਲਤ ਨਹੀਂ, ਸੋ ਅਸੀਂ ਕੁੱਝ ਨਹੀਂ ਕਰ ਸਕਦੇ। ਇਸ ਬਾਰੇ ਡਾ. ਟੀਨਾ ਨੂੰ ਵੀ ਪਤਾ ਨਹੀਂ ਸੀ, ਨਹੀਂ ਤਾਂ ਉਹ ਤੁਹਾਨੂੰ ਲੁਧਿਆਣੇ ਭੇਜਦੇ। ਬੱਚਾ ਹੋਰ ਗੰਭੀਰ ਹਾਲਤ ‘ਚ ਚਲਾ ਗਿਆ ਅਤੇ ਕੁੱਝ ਹੀ ਮਿੰਟਾਂ ‘ਚ ਠੰਢਾ ਹੋ ਗਿਆ। ਪਰਿਵਾਰ ਦੇ ਅਠ ਦਸ ਲੋਕ ਉਸ ਦੇ ਮਗਰ ਆਏ ਸਨ, ਸਭ ਰੋਣ ਕੁਰਲਾਉਣ ਲੱਗੇ ਪਏ ਅਤੇ ਮੇਰੇ ਤੋਂ ਵੀ ਅੱਥਰੂ ਰੋਕੇ ਨਾ ਗਏ। ਡੀਸੀ ਮਿਸਤਰੀ ਮੇਰੇ ਗਲ ਲੱਗ ਕੇ ਰੋਇਆ, ਮੈਂ ਹੌਸਲਾ ਦਿੱਤਾ, ”ਵੀਰ ਇਹ ਮੁੜ ਕੇ ਆਵੇਗਾ ਤੇਰੇ ਘਰ, ਇਸ ਵਾਰ ਏਨੀ ਹੀ ਲਿਖਾ ਕੇ ਲਿਆਇਆ ਸੀ।”
ਮੈਂ ਹਨੇਰੇ ਹੋਏ ਪਿੰਡ ਘਰ ਪਹੁੰਚ ਗਿਆ ਅਤੇ ਆਂਢ ਗੁਆਂਢ ਨੇ ਮਿਲ ਕੇ ਜੋ ਲੋਹੜੀ ਬਾਲੀ ਸੀ, ਉੱਤੇ ਤਿਲ ਪਾ ਕੇ ਮੁੜ ਅਪਣੇ ਕਮਰੇ ‘ਚ ਆ ਗਿਆ ਪਰ ਸਾਰੀ ਰਾਤ ਨੀਂਦ ਨਹੀਂ ਆਈ। 1992 ‘ਚ ਮੇਰੀ ਪੋਸਟਿੰਗ ਲੁਬਾਣਿਆਂ ਵਾਲੀ ਹੋ ਗਈ ਤੇ ਅਪਣੇ ਕੰਮ ‘ਚ ਲੱਗ ਗਿਆ। ਸੰਨ 1993 ‘ਚ ਐਤਵਾਰ ਦਾ ਦਿਨ ਸੀ ਕਿ DC ਮਿਸਤਰੀ ਪਰਿਵਾਰ ਨਾਲ ਸਾਡੇ ਘਰ ਆਣ ਖਲੋਤਾ। ਉਸ ਨਾਲ ਸਾਡੇ ਪਿੰਡ ਦੇ ਹਰਨੇਕ ਮਿਸਤਰੀ ਦੀ ਘਰ ਵਾਲੀ ਵੀ ਸੀ ਜਿਸ ਨਾਲ ਉਹਨਾਂ ਦੀ ਕੋਈ ਦੂਰੋਂ ਨੇੜਿਓਂ ਰਿਸ਼ਤੇਦਾਰੀ ਰਲਦੀ ਸੀ। ਸਭ ਮੰਜਿਆਂ ਉਤੇ ਬੈਠ ਗਏ ਤਾਂ DC ਇੱਕ ਮਿਠਿਆਈ ਦਾ ਡੱਬਾ, ਇੱਕ ਕੁੜਤਾ ਪਜਾਮਾ ਅਤੇ ਪੱਗ ਕੱਢ ਲਿਆਇਆ। ਕਹਿਣ ਲੱਗਾ ਕਿ ਡਾਕਟਰ ਸਾਹਿਬ, ਅਪਣਾ ਮੁੰਡਾ ਮੁੜ ਆਇਆ ਐ, ਤੁਹਾਡੇ ਬੋਲ ਸੁਣ ਲਏ ਰੱਬ ਨੇ, ਸਵਾ ਮਹੀਨੇ ਦਾ ਹੋ ਗਿਆ। ਨਾਲ ਹੀ DC ਦੇ ਘਰ ਵਾਲੀ ਬੋਲੀ ਬਾਈ ਕਿ ਇਹ ਕੁੜਤਾ ਪਜਾਮਾ ਸਵਾ ਕੇ ਆਪ ਪਾਵੀਂ ਤੂੰ … ਪੱਗ ਵੀ ਬੰਨ੍ਹੀਂ ਭਾਵੇਂ ਇੱਕ ਵਾਰ ਹੀ ਬੰਨ੍ਹ ਲਵੀਂ … ਬੜੀ ਰੀਝ ਅਤੇ ਨਿਹਚੇ ਨਾਲ ਲੈ ਕੇ ਆਏ ਹਾਂ ਤੇਰੇ ਵਾਸਤੇ। DC ਦੀ ਘਰ ਵਾਲੀ ਦੀਆਂ ਅੱਖੀਆਂ ‘ਚ ਭਾਵੁਕਤਾ ਦੇ ਅੱਥਰੂ ਸਨ। ਮੇਰੀਆਂ ਅੱਖਾਂ ਵੀ ਨਮ ਹੋ ਗਈਆਂ। ਮੈਂ ਵੀ ਉਹਨਾਂ ਨਾਲ ਕੀਤਾ ਵਾਅਦਾ ਨਿਭਾਇਆ ਅਤੇ ਉਹ ਕੁੜਤਾ ਪਜਾਮਾ ਆਪ ਪਾ ਕੇ ਹੰਢਾਇਆ। ਜ਼ਿੰਦਗੀ ‘ਚ ਦੁੱਖ-ਸੁੱਖ ‘ਚ ਬਣੇ ਰਿਸ਼ਤੇ ਖ਼ੂਨੀ ਰਿਸ਼ਤਿਆਂ ਤੋਂ ਘੱਟ ਨਹੀਂ ਹੁੰਦੇ, ਇਹ ਯਾਦ ਲਿਖਦੇ ਲਿਖਦੇ ਮੇਰੀਆਂ ਅੱਖਾਂ ਫ਼ਿਰ ਸਿੱਲ੍ਹੀਆਂ ਹੋ ਗਈਆਂ ਨੇ ਉਹ ਕੁੜਤਾ-ਪਜਾਮਾ ਅਤੇ ਪੱਗ ਪਿੰਡ ਵਾਲੇ ਘਰ ‘ਚ ਮੰਜੇ ਤੇ ਪਈ ਉਵੇਂ ਦਿਸ ਰਹੀ ਹੈ।