ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1495

ਇੱਕ ਖ਼ਾਸ ਹਥੌੜਾ ਹੁੰਦਾ ਹੈ ਜਿਸ ਨੂੰ ਅੰਗ੍ਰੇਜ਼ੀ ‘ਚ Claw Hammer ਕਿਹਾ ਜਾਂਦਾ ਹੈ। ਇਸ ਦੇ ਇੱਕ ਸਿਰੇ ‘ਤੇ ਠੋਕਣ ਵਾਲਾ ਹਥੌੜੇ ਵਾਲਾ ਪਾਸਾ ਹੁੰਦਾ ਹੈ ਅਤੇ ਦੂਸਰੇ ਸਿਰੇ ‘ਤੇ ਇੱਕ ਵਿਰਲ ਹੁੰਦੀ ਹੈ ਜੋ ਮੇਖਾਂ ਪੱਟਣ ਦੇ ਕੰਮ ਆਉਂਦੀ ਹੈ। ਸੋ ਇਹ ਹਥੌੜਾ ਮੇਖਾਂ ਨੂੰ ਕੱਢ ਸਕਦਾ ਹੈ, ਅਤੇ ਨਾਲ ਹੀ ਉਨ੍ਹਾਂ ਨੂੰ ਕੰਧਾਂ ‘ਚ ਠੋਕ ਵੀ। ਸਾਡੀਆਂ ਕਲਪਨਾਵਾਂ ਵੀ ਇਸੇ ਤਰ੍ਹਾਂ ਦਾ ਇੱਕ ਬਹੁਮੁਖੀ ਹਥਿਆਰ ਹਨ। ਕਈ ਵਾਰ, ਪਰ, ਸਾਡੇ ਲਈ ਇਹ ਦੱਸ ਪਾਉਣਾ ਬਹੁਤਾ ਸੌਖਾ ਨਹੀਂ ਹੁੰਦਾ ਕਿ ਅਸੀਂ ਉਹਨਾਂ ਨੂੰ ਕਿਸੇ ਚੀਜ਼ ਨੂੰ ਤੋੜਨ ਲਈ ਵਰਤ ਰਹੇ ਹਾਂ ਜਾਂ ਜੋੜਨ ਲਈ। ਉਦਾਹਰਣ ਦੇ ਤੌਰ ‘ਤੇ, ਰਚਨਾਤਮਕ ਵਿਚਾਰਕ ਪ੍ਰਕਿਰਿਆਵਾਂ ਨੂੰ ਹੀ ਲੈ ਲਓ ਜਿਹੜੀਆਂ ਤੁਸੀਂ ਹੁਣ ਆਪਣੀ ਨਿੱਜੀ ਜ਼ਿੰਦਗੀ ਦੇ ਇੱਕ ਖ਼ਾਸ ਪਹਿਲੂ ‘ਤੇ ਲਾਗੂ ਕਰ ਰਹੇ ਹੋ। ਇਹ ਆਪਣੇ ਆਪ ਤੋਂ ਇਹ ਪੁੱਛਣ ਦਾ ਸਮਾਂ ਹੈ ਕਿ ਕੀ ਤੁਹਾਡੇ ਕੁੱਝ ਵਿਚਾਰਾਂ ਦੇ ਵਿਨਾਸ਼ਕਾਰੀ ਪ੍ਰਭਾਵ ਛੱਣਣ ਦੀ ਸੰਭਾਵਨਾ ਕੇਵਲ ਇਸ ਲਈ ਬਣੀ ਹੋਈ ਹੈ ਕਿਉਂਕਿ ਤੁਸੀਂ ਉਨ੍ਹਾਂ ਨੂੰ ਉਸਾਰੂ ਸਮਝਣ ਦੀ ਗ਼ਲਤੀ ਕਰ ਰਹੇ ਹੋ।

ਸਾਡੀ ਭਾਸ਼ਾ ਵਰਜਿਤ ਸ਼ਬਦਾਂ ਅਤੇ ਅਸਵੀਕਾਰਨਯੋਗ ਵਾਕਾਂਸ਼ਾਂ ਨਾਲ ਭਰੀ ਪਈ ਹੈ। ਉਹ ਸਿਰਫ਼ ਇੱਕ ਖਾਸ ਕ੍ਰਮ ‘ਚ ਵਿਵਸਥਿਤ ਵਰਣਮਾਲਾ ਦੇ ਅੱਖਰ ਹੋ ਸਕਦੇ ਨੇ ਪਰ ਆਪਣੀ ਅਪਰਾਧਕ ਸ਼ਕਤੀ ਕਾਰਨ, ਉਹ ਇੱਕ ਹਥਿਆਰ ਵੀ ਬਣ ਸਕਦੇ ਨੇ। ਵੈਸੇ ਅਜੀਬ ਗੱਲ ਹੈ ਨਾ ਕਿ ਸਭ ਤੋਂ ਵੱਧ ਨਿਮਰ ਸਮਾਜ ‘ਚ ਵੀ, ਅਸੀਂ ਡੂੰਘੀ ਮਨੋਵਿਗਿਆਨਕ ਤਬਾਹੀ ਮਚਾਉਣ ਵਾਲੀ ਭਾਸ਼ਾ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੰਦੇ ਹਾਂ। ਸ਼ਬਦ ਜਿਵੇਂ ‘ਚਾਹੀਦਾ ਹੈ’ ਜਾਂ ‘ਕਰਨਾ ਚਾਹੀਦਾ ਹੈ’ ਜਾਂ, ਇਸ ਤੋਂ ਵੀ ਭੈੜ ਵਾਕਾਂਸ਼, ‘ਸਿਰਫ਼ ਜੇਕਰ’, ਆਦਿ। ਆਪਣੀ ਸ਼ਬਦਾਵਲੀ ‘ਚੋਂ ਅਜਿਹੇ ਪ੍ਰਗਟਾਵਿਆਂ ਨੂੰ ਕੱਢ ਬਾਹਰ ਮਾਰੋ। ਕੇਵਲ ਉਹ ਹੀ ਬੋਲੋ ਜੋ ਪ੍ਰੇਰਨਾ ਦੀ ਭਾਵਨਾ ਪੈਦਾ ਕਰੇ, ਪਛਤਾਵੇ ਜਾਂ ਫ਼ਰਜ਼ ਦੀ ਨਹੀਂ।

ਇੱਕ ਭਾਵਨਾਤਮਕ ਮੁੱਦੇ ਦੇ ਸਬੰਧ ‘ਚ, ਤੁਹਾਨੂੰ ਆਪਣੀ ਕਿਸਮਤ ਨੂੰ ਕਿੰਨੀ ਕੁ ਦੂਰ ਤਕ ਧੱਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ? ਦਰਅਸਲ, ਜਿੱਥੋਂ ਤਕ ਵੀ ਤੁਸੀਂ ਉਸ ਨੂੰ ਧੱਕਣ ਦੀ ਜ਼ਰੂਰਤ ਮਹਿਸੂਸ ਕਰਦੇ ਹੋ, ਧੱਕੋ। ਜੇ ਤੁਸੀਂ ਆਪਣੇ ਹਾਲਾਤ ਤੋਂ ਸੰਤੁਸ਼ਟ ਅਤੇ ਖ਼ੁਸ਼ ਹੋ ਤਾਂ ਤੁਸੀਂ ਉਨ੍ਹਾਂ ਚੀਜ਼ਾਂ ਨੂੰ ਓਦਾਂ ਹੀ ਛੱਡ ਸਕਦੇ ਹੋ ਜਿੰਦਾਂ ਦੀਆਂ ਉਹ ਹਨ। ਆਖਿਰਕਾਰ, ਜੇ ਕੋਈ ਸ਼ੈਅ ਟੁੱਟੀ ਨਹੀਂ ਤਾਂ ਇੱਕ ਜੋਖ਼ਮ ਇਹ ਹੈ ਕਿ ਜੇਕਰ ਤੁਸੀਂ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਹੋ ਸਕਦਾ ਹੈ ਤੁਸੀਂ ਮਾਮਲੇ ਨੂੰ ਹੋਰ ਵਿਗਾੜ ਦੇਵੋ। ਪਰ ਜੇ ਉਹ ਸੱਚਮੁੱਚ ਟੁੱਟ ਗਈ ਹੈ? ਫ਼ਿਰ ਤੁਹਾਨੂੰ ਆਪਣੀ ਕਿਸਮਤ ਨੂੰ ਸਹੀ ਦਿਸ਼ਾ ‘ਚ ਥੋੜਾ ਜਿਹਾ ਝਟਕਾ ਦੇਣ ਦਾ ਖ਼ੁਦ ਨੂੰ ਪੂਰੀ ਤਰ੍ਹਾਂ ਹੱਕਦਾਰ ਸਮਝਣਾ ਚਾਹੀਦਾ ਹੈ। ਇੱਕ ਅਜਿਹਾ ਹੱਲ ਲੱਭੋ ਜਿਸ ਦੇ ਕੰਮ ਕਰਨ ਦੀ ਸੰਭਾਵਨਾ ਹੋਵੇ, ਫ਼ਿਰ ਆਪਣਾ ਪੂਰਾ ਜ਼ੋਰ ਉਸ ਕੋਸ਼ਿਸ਼ ‘ਚ ਲਗਾਓ।

ਓਹੀ ਕਿਓਂ ਕਰੀ ਜਾਣਾ ਜੋ ਤੁਸੀਂ ਹਮੇਸ਼ਾ ਤੋਂ ਕਰਦੇ ਆਏ ਹੋ? ਤੁਸੀਂ ਕਿਸੇ ਜਾਣੇ-ਪਛਾਣੇ ਨਾਟਕ ਦੇ ਦੁਹਰਾਅ ਨੂੰ ਜੀਊਣ ਲਈ ਮਜਬੂਰ ਨਹੀਂ। ਇਸ ਤਰ੍ਹਾਂ ਜਾਪਦਾ ਹੈ ਜਿਵੇਂ ਤੁਸੀਂ ਸਿਰਫ਼ ਬਿਨਾ ਲੋੜੋਂ ਵਾਧੂ ਦੇ ਚੱਕਰਾਂ ‘ਚ ਘੁੰਮ ਰਹੇ ਹੋ, ਪਰ ਜੇ ਤੁਸੀਂ ਧਿਆਨ ਨਾਲ ਦੇਖੋਗੇ, ਤਾਂ ਤੁਸੀਂ ਦੇਖੋਗੇ ਕਿ ਤੁਸੀਂ ਉਨ੍ਹਾਂ ਸਾਰੇ ਬਿੰਦੂਆਂ ਨੂੰ ਹਾਲੇ ਤਕ ਛੂ ਨਹੀਂ ਪਾਏ ਜਿਨ੍ਹਾਂ ਨੂੰ ਪਾਰ ਕਰਨ ਦੀ ਤੁਸੀਂ ਉਮੀਦ ਕੀਤੀ ਸੀ। ਫ਼ਿਰ ਵੀ ਜਦੋਂ ਅਸੀਂ ਕਲਪਨਾ ਕਰਦੇ ਹਾਂ ਕਿ ਅਸੀਂ ਸਿਰਫ਼ ਚੱਕਰਾਂ ‘ਚ ਘੁੰਮ ਰਹੇ ਹਾਂ ਤਾਂ ਸਾਨੂੰ ਸੱਚਮੁੱਚ ਚੱਕਰ ਆਉਣ ਦੀ ਸੰਭਾਵਨਾ ਬਣ ਸਕਦੀ ਹੈ, ਅਤੇ ਫ਼ਿਰ ਅਸੀਂ ਯਕੀਨੀ ਤੌਰ ‘ਤੇ ਇਹ ਵੀ ਦੱਸ ਨਹੀਂ ਸਕਦੇ ਕਿ ਅਸੀਂ ਕਿੱਥੇ ਹਾਂ ਜਾਂ ਸਾਡੇ ਆਲੇ ਦੁਆਲੇ ਕੀ ਹੋ ਰਿਹਾ ਹੈ। ਕੁੱਝ ਮੁੱਖ ਤੱਥਾਂ ਨੂੰ ਸਿੱਧਾ ਕਰੋ ਅਤੇ ਇਸ ਬਾਰੇ ਵੀ ਸਪੱਸ਼ਟ ਹੋਵੋ ਕਿ ਤੁਹਾਨੂੰ ਚਾਹੀਦਾ ਕੀ ਹੈ। ਫ਼ਿਰ ਹੀ ਤੁਸੀਂ ਦੇਖ ਸਕੋਗੇ ਕਿ ਉਸ ਨੂੰ ਪ੍ਰਾਪਤ ਕਿਵੇਂ ਕਰਨਾ ਹੈ।

ਸਾਡੀਆਂ ਕਲਪਨਾਵਾਂ ਸਾਨੂੰ ਸਕਿੰਟਾਂ ‘ਚ ਬ੍ਰਿਸਬੇਨ ਤੋਂ ਬੋਰਨੀਓ ਤਕ ਲਿਜਾ ਸਕਦੀਆਂ ਹਨ ਅਤੇ ਫ਼ਿਰ ਬੈਂਗੋਰ ਰਾਹੀਂ ਹੁੰਦੇ ਹੋਏ ਵਾਪਿਸ ਵੀ ਲਿਆ ਸਕਦੀਆਂ ਹਨ। ਅਸੀਂ ਕਿਸੇ ਵੀ ਸੰਭਾਵਨਾ ਦੀ ਕਲਪਨਾ ਕਰ ਸਕਦੇ ਹਾਂ, ਚਾਹੇ ਉਨ੍ਹਾਂ ਦੇ ਵਾਪਰਣ ਦਾ ਇਮਕਾਨ ਕਿੰਨਾ ਵੀ ਘੱਟ ਕਿਓਂ ਨਾ ਹੋਵੇ। ਪਰ ਸਾਡੀਆਂ ਕਲਪਨਾ ਕੁੱਝ ਹਕੀਕਤਾਂ ਦਾ ਮੁਕਾਬਲਾ ਨਹੀਂ ਵੀ ਕਰ ਸਕਦੀਆਂ, ਜਿਵੇਂ ਕਿ ਸਮੇਂ ਦੀ ਨਾ ਕੋਈ ਸ਼ੁਰੂਆਤ ਹੁੰਦੀ ਹੈ ਅਤੇ ਨਾ ਹੀ ਅੰਤ। ਇਹ ਤੱਥ ਸਾਡੇ ‘ਚੋਂ ਕਿਸੇ ਨੂੰ ਵੀ ਦਿਮਾਗ਼ੀ ਤੌਰ ‘ਤੇ ਪਰੇਸ਼ਾਨ ਕਰ ਸਕਦਾ ਹੈ। ਜਦੋਂ ਅਸੀਂ ਡੂੰਘੀਆਂ ਭਾਵਨਾਵਾਂ ਬਾਰੇ ਸੋਚਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਨੂੰ ਵੀ ਅਜਿਹੀਆਂ ਹੀ ਸਮੱਸਿਆਵਾਂ ਪੇਸ਼ ਆਉਂਦੀਆਂ ਹਨ। ਜਜ਼ਬਾਤ ਦਿਲਾਂ ਨਾਲ ਸਬੰਧਤ ਹੁੰਦੇ ਹਨ ਨਾ ਕਿ ਸਿਰਾਂ ਨਾਲ। ਪਰ ਉਹ ਬਹੁਤ ਮਹੱਤਵਪੂਰਣ ਹੁੰਦੇ ਹਨ। ਹੁਣ ਤੁਹਾਡੇ ਜੀਵਨ ‘ਚ, ਤਰਕ ਨੂੰ ਸੰਵੇਦਨਸ਼ੀਲਤਾ ਸਾਹਮਣੇ ਦੂਜਾ ਸਥਾਨ ਲੈ ਲੈਣਾ ਚਾਹੀਦਾ ਹੈ। ਇਸ ‘ਚ ਡਰਨ ਵਾਲੀ ਕੋਈ ਗੱਲ ਨਹੀਂ।