ਯਾਦਾਂ ਦਾ ਝਰੋਖਾ- (15)

ਡਾ. ਕੇਵਲ ਅਰੋੜਾ
ਕੰਟੀਨ ਵਾਲਾ ਪੰਡਤ ਲੇਖ ਰਾਜ
ਜਦੋਂ ਮੈਨੂੰ ਵੈਟਨਰੀ ਕਾਲਜ PLAU ‘ਚ ਦਾਖਲਾ ਮਿਲਿਆ ਤਾਂ ਹੋਸਟਲ ਨੰਬਰ 3 ਅਲੌਟ ਹੋਇਆ। ਕਮਰਿਆਂ ਦੀ ਘਾਟ ਕਰ ਕੇ ਤਿੰਨ ਦੀ ਜਗ੍ਹਾ ‘ਤੇ ਚਾਰ ਵਿਦਿਆਰਥੀ ਇੱਕ ਕਮਰੇ ‘ਚ ਐਡਜਸਟ ਕਰ ਦਿੱਤੇ ਗਏ। ਮੈਂ ਵੀ ਅਪਣੇ ਇਲਾਕੇ ਦੇ ਵਿਦਿਆਰਥੀਆਂ ਨਾਲ ਕਮਰਾ ਲੈ ਲਿਆ, ਪਰ ਉਹ ਤਿੰਨ ਜਣੇ ਹੀ ਕਮਰਾ ਮੱਲਣਾ ਚਾਹੁੰਦੇ ਸਨ ਅਤੇ ਮੈਨੂੰ ਤੰਗ ਪਰੇਸ਼ਾਨ ਕਰ ਕੇ ਬਾਹਰ ਕਰਨਾ। ਮੈਨੂੰ ਇਹਨਾਂ ਲੋਕਾਂ ਦੀ ਨੀਚਤਾ ਤੋਂ ਨਫ਼ਰਤ ਹੋ ਗਈ, ਬੇਸ਼ੱਕ ਉਹ ਚੰਗੇ ਘਰਾਂ ਨਾਲ ਸੰਬੰਧ ਰੱਖਦੇ ਸਨ। ਮੈਂ ਅਪਣੇ ਪਿੰਡਾਂ ਦੇ ਇੱਕ ਸੀਨੀਅਰ ਨੂੰ ਇਹ ਗੱਲ ਦੱਸੀ ਤਾਂ ਉਸ ਨੇ ਅਪਣੇ ਨਾਲ ਦਿਆਂ ਨਾਲ ਸਲਾਹ ਕਰ ਕੇ ਮੈਨੂੰ ਨਾਲ ਰੱਖ ਲਿਆ। ਚਲੋ, ਮੈਂ ਮਾਨਸਿਕ ਤੌਰ ‘ਤੇ ਸੰਤੁਸ਼ਟ ਸੀ। ਉਹ ਅਖੀਰਲੇ ਸਾਲ ‘ਚ ਸਨ ਸੋ ਇੰਝ ਛੇ ਮਹੀਨੇ ਦੇ ਕਰੀਬ ਉਹਨਾਂ ਨਾਲ ਰਿਹਾ ਅਤੇ ਬਹੁਤ ਕੁੱਝ ਸਿੱਖਿਆ।
ਉਸ ਤੋਂ ਬਾਅਦ ਸਾਲ ਡੇਢ ਸਾਲ ਤੱਕ ਮੇਰੀ ਅਪਣੀਂ ਪਹਿਚਾਣ ਸਭਿਆਚਾਰਕ ਗਤੀਵਿਧੀਆਂ ਕਰ ਕੇ ਬਣ ਗਈ ਅਤੇ ਤੀਜੇ ਸਾਲ ਕਿਊਬੀਕਲ ਅਲੌਟ ਹੋ ਗਿਆ। ਹੋਸਟਲ ‘ਚ ਇੱਕ ਸਾਂਝੀ ਮੈੱਸ ਚੱਲਦੀ ਸੀ ਅਤੇ ਕੰਟੀਨ ਦਾ ਠੇਕਾ ਪੰਡਤ ਲੇਖ ਰਾਜ ਕੋਲ ਸੀ। ਉਸ ਨਾਲ ਉਸ ਦਾ ਭਰਾ ਦੇਸ ਰਾਜ ਹੁੰਦਾ। ਦੋਵੇਂ ਬੜੇ ਮਿਹਨਤੀ ਪਰ ਸੁਭਾਅ ਬੜੇ ਵੱਖ ਵੱਖ। ਇੱਕ ਪਾਣੀ ਅਤੇ ਦੂਜਾ ਨਿਰਾ ਅੱਗ, ਪਰ ਦੇਸ ਰਾਜ ਕਦੇ ਨਾ ਥੱਕਦਾ ਤੇ ਸਾਰੇ ਕਮਰਿਆਂ ‘ਚ ਚਾਹ ਦੀ ਸੇਵਾ ਕਰਨਾ ਉਸ ਦੇ ਜ਼ਿੰਮੇ ਸੀ। ਚੁੱਪ ਕਰ ਕੇ ਅਪਣੀ ਲਗਨ ਨਾਲ ਕੰਮ ਕਰਦਾ ਰਹਿੰਦਾ ਪਰ ਕਿਸੇ ਦੀ ਟੈਂ ਨਹੀਂ ਸੀ ਸਹਾਰਦਾ। ਇੱਕ ਵਾਰ ਕਿਸੇ ਨੇ ਹੱਸ ਕਿ ਕਹਿ ਦਿੱਤਾ ਕਿ ਦੇਸ ਰਾਜ, ਤੇਰੀ ਚਾਹ ਨਾਲ ਹਾਜਤ ਨਹੀਂ ਹੁੰਦੀ ਤਾਂ ਦੇਸ ਰਾਜ ਝੱਟ ਬੋਲਿਆ, ”ਅਸੀਂ ਚਾਹ ਦੀ ਕੰਟੀਨ ਦਾ ਠੇਕਾ ਲਿਆ ਹੈ, ਤੁਹਾਡੀ ਹਾਜਤ ਦਾ ਨਹੀਂ।”ਨਾਲ ਦੇ ਹੱਸ ਪਏ ਅਤੇ ਉਹ ਮੁੰਡਾ ਵੀ ਪੂਰਾ ਬੌਸ ਸੀ। ਉਹ ਦੇਸ ਰਾਜ ਦੇ ਮਗਰ ਭੱਜਿਆ, ਪਰ ਉਦੋਂ ਤਕ ਉਹ ਕੰਟੀਨ ‘ਚ ਪਹੁੰਚ ਚੁੱਕਾ ਸੀ। ਅੱਗੋਂ ਲੇਖ ਰਾਜ ਨੇ ਮਾਮਲਾ ਠੰਡਾ ਕਰ ਦਿੱਤਾ। ਦੇਸ ਰਾਜ ਸ਼ੇਵ ਕਰਦਾ ਸੀ ਅਤੇ ਕੁੰਢੀਆਂ ਮੁੱਛਾਂ ਉਸ ਦੀ ਇੱਕ ਵੱਖਰੀ ਪਹਿਚਾਣ ਸਨ। ਇਸ ਕਰ ਕੇ ਮੁੰਡੇ ਉਸ ਨੂੰ ਦੇਸ ਰਾਜ ਮੁੱਛ ਵੀ ਕਹਿ ਕੇ ਬੁਲਾਉਂਦੇ। ਇੱਕ ਵਾਰ ਤਿੰਨ ਅਤੇ ਚਾਰ ਨੰਬਰ ਦੇ ਮੁੰਡਿਆਂ ‘ਚ ਲੜਾਈ ਹੋ ਗਈ ਅਤੇ ਪੰਡਤ ਜੀ ਦੀ ਕੰਟੀਨ ਦੀਆਂ ਪਲੇਟਾਂ ਭੰਨ ਦਿੱਤੀਆਂ। ਜਦੋਂ ਵਾਰਡਨ ਆਇਆ ਤਾਂ ਪੰਡਤ ਜੀ ਵਿਚਾਰੇ ਅਪਣੀਆਂ ਪਲੇਟਾਂ ਤੋਂ ਹੀ ਮੁਨਕਰ ਹੋ ਗਏ ਤਾਂ ਕਿ ਵਿਦਿਆਰਥੀਆਂ ਦਾ ਨੁਕਸਾਨ ਨਾ ਹੋਵੇ। ਪੰਡਤ ਲੇਖ ਰਾਜ ਦਾ ਵੇਸਣ ਬਹੁਤ ਸਵਾਦ ਹੁੰਦਾ ਸੀ। ਜਦੋਂ ਉਸ ਨੇ ਵੇਸਣ ਬਣਾਉਣਾ ਤਾਂ ਕੰਟੀਨ ਦੇ ਆਲੇ ਦੁਆਲੇ ਮਹਿਕ ਪਸਰ ਜਾਣੀ।
ਪੰਡਤ ਲੇਖ ਰਾਜ ਨੇ 1979 ਤੋਂ 1984 ਤਕ ਹੋਸਟਲ ਨੰਬਰ ਤਿੰਨ ‘ਚ ਕੰਟੀਨ ਰੱਖੀ, ਅਤੇ ਉਸ ਤੋਂ ਬਾਅਦ 1984 ‘ਚ ਕਾਲਜ ਕੰਟੀਨ ‘ਚ ਆ ਗਿਆ ਜਿਸ ਦਾ ਠੇਕਾ ਉਸ ਨੇ ਸੰਨ 2000 ਤਕ ਰੱਖਿਆ। ਇੱਕ ਵਾਰ ਮੁੰਡਿਆਂ ‘ਚ ਝਗੜਾ ਹੋ ਗਿਆ, ਦੇਸ ਰਾਜ ਵੇਸਣ ਬਰਫ਼ੀ ਬਣਾ ਰਿਹਾ ਸੀ, ਅਤੇ ਕੜਾਹੀ ‘ਚ ਖੁਰਚਣਾ ਫ਼ੇਰ ਰਿਹਾ ਸੀ। ਇੱਕ ਮੁੰਡੇ ਨੇ ਸਹਿਜ ਸਭਾਅ ਕੰਮ ਕਰਦੇ ਦੇਸ ਰਾਜ ਤੋਂ ਖੁਰਚਣਾ ਖੋਹ ਲਿਆ, ਅਤੇ ਉਸ ਮੁੰਡੇ ਦੇ ਮਗਰ ਮਾਰਨ ਲਈ ਦੌੜਿਆ ਅਤੇ ਉਸ ਦੇ ਪਿੱਛੇ ਦੇਸ ਰਾਜ ਰੌਲਾ ਪਾਉਂਦਾ ਆਵੇ ਕਿ ਸਾਡਾ ਵੇਸਣ ਸੜ ਜਾਣਾ ਐਂ ਖੁਰਚਣਾ ਮੋੜ … ਸਾਡਾ ਖੁਰਚਣਾ ਮੋੜ। ਕੁਦਰਤੀ ਅੱਗੋਂ ਸਾਡੇ ਪਿੰਡਾਂ ਵਾਲਾ ਐਥਲੀਟ ਅਪਮਿੰਦਰ ਬਰਾੜ ਆ ਗਿਆ ਅਤੇ ਉਸ ਨੇ ਖੁਰਚਣਾ ਖੋਹ ਲਿਆਂਦਾ। ਇਸ ਤਰਾਂ ਪੰਡਤ ਜੀ ਦਾ ਵੇਸਣ ਬਚ ਗਿਆ, ਅਤੇ ਮੁੰਡਿਆਂ ‘ਚ ਲੜਾਈ ਵੀ ਟਲ ਗਈ। ਅਪਮਿੰਦਰ ਬਰਾੜ ਨਾਲ ਵੀ ਕਈ ਕਿੱਸੇ ਜੁੜੇ ਹੋਏ ਹਨ। ਉਸ ਦੀ ਰੇਸ ਕਈਆਂ ਨੂੰ ਰਾਸ ਆਈ।
ਡਾ. ਦਿਵੇਦੀ ਮੇਰੇ ਸੀਨੀਅਰ ਸਨ। ਉਹ ਵੈਟਨਰੀ ਕਾਲਜ ‘ਚ MVC ਕਰਨ ਆਏ ਸਨ। ਉਹ ਸਿਰੇ ਦੇ ਸ਼ਰਾਰਤੀ ਦਿਮਾਗ਼ੀ ਅਤੇ ਹਾਜ਼ਰ ਜਵਾਬ ਬੜੇ ਸਨ। ਉਹ ਵੀ ਪੰਡਤ ਜੀ ਦੇ ਬਹੁਤ ਲਿਹਾਜ਼ੀ ਹੋ ਗਏ ਕਿਉਂਕਿ ਉਹ ਵੀ ਪਰਵਾਸੀ ਪੰਡਤ ਸਨ। ਉਸ ਨਾਲ PG ਕਰਦੇ ਸਾਰੇ ਉਸਦੇ ਬੇਲੀ ਬਣ ਗਏ। ਉਹਨਾਂ ਨੂੰ ਖੋਜ ਵਾਸਤੇ ਮੁਰਗੇ ਮਿਲਦੇ ਸੀ। ਡਾ. ਦਵੇਦੀ ਨੇ ਵਧੀਆ ਮੁਰਗੇ ਛਾਂਟ ਕੇ ਲੈ ਆਉਣੇ ਤੇ ਉਹਨਾਂ ਦਾ ਵਿਸਰਾ ਵਗੈਰਾ ਖੋਜ (ਰੀਸਰਚ) ਲਈ ਕੱਢ ਕੇ ਬਾਕੀ ਡਰੈੱਸ ਕਰ ਕੇ ਫ਼ਰਿੱਜ ‘ਚ ਲਾ ਦੇਣੇ। ਸ਼ਾਮੀ ਪੰਡਿਤ ਜੀ ਨੂੰ ਕਹਿਣਾ ਕਿ ਪੰਡਤ ਜੀ ਜੀਵ ਮੁਕਤੀ ਕਰਨੀ ਹੈ ਮਸਾਲੇ ਪਾ ਕੇ। ਪੰਡਿਤ ਜੀ ਨੇ ਬਥੇਰਾ ਰੋਕਣਾ, ਪਰ ਉਸ ਨੇ ਕਹਿਣਾ ਕਿ ਅਸੀਂ ਵੀ ਪੰਡਤ ਹੀ ਹਾਂ, ਜ਼ਮਾਨੇ ਨਾਲ ਬਦਲੀਏ। ਦਵੇਦੀ ਨੇ ਸਾਡੇ ਪ੍ਰੋਫ਼ੈਸਰ ਦਾ ਮੁੰਡਾ ਵੀ ਪੱਟ ਲਿਆ ਅਤੇ ਉਹ ਵੀ ਪੰਡਤ ਹੀ ਸੀ। ਪੇਂਡੂ ਪਿਛੋਕੜ ਹੋਣ ਕਰ ਕੇ ਪੰਡਤ ਲੇਖ ਰਾਜ ਵੀ ਦਲੇਰ ਸੀ ਪਰ ਮੀਟ ਸ਼ਰਾਬ ਦਾ ਸੇਵਣ ਨਹੀਂ ਸੀ ਕਰਦਾ। ਕਈ ਮੁੰਡੇ ਤਾਂ ਗੈੱਸਟ ਆਏ ਤੋਂ ਉਸ ਤੋਂ ਸ਼ਰਾਬ ਵਾਸਤੇ ਪੈਸੇ ਵੀ ਉਧਾਰੇ ਲੈ ਜਾਂਦੇ, ਫ਼ਿਰ ਰਾਤ ਦੇਰ ਤੱਕ ਭੁਰਜੀ ਵੀ ਉਨ੍ਹਾਂ ਦੇ ਖਾਤੇ ‘ਚੋਂ ਹੀ ਚੱਲਦੀ ਰਹਿੰਦੀ। ਪੇਪਰਾਂ ਦੇ ਦਿਨਾਂ ‘ਚ ਪੰਡਤ ਜੀ ਦੀ ਕੰਟੀਨ ਚਾਹ ਵਾਸਤੇ ਸਾਰੀ ਰਾਤ ਹੀ ਚੱਲਦੀ। ਮੁੰਡੇ ਸਾਰੀ ਰਾਤ ਪੜ੍ਹਦਿਆਂ ਚਾਹ ਪੀਂਦੇ ਰਹਿੰਦੇ।
ਅਸੀਂ ਮਹੀਨੇ ਪਿੱਛੋਂ ਪਿੰਡ ਦੂਜੇ ਸ਼ਨੀਵਾਰ ਆਉਣਾ ਹੁੰਦਾ ਸੀ। ਸਾਡੇ ਕਈ ਮੁੰਡਿਆਂ ਕੋਲੋਂ ਪੈਸੇ ਮੁੱਕ ਜਾਣੇ ਅਤੇ ਕਿਰਾਏ ਵਾਸਤੇ ਪੰਡਤ ਜੀ ਤੋਂ ਉਧਾਰੇ ਲੈ ਕੇ ਆਉਣੇ। ਮੈਂ ਵੀ ਇੱਕ ਦੋ ਵਾਰ ਲੈ ਕੇ ਆਇਆ ਸੀ। ਕਿਥੇ ਭੁੱਲਣ ਵਾਲੇ ਨੇ ਉਹ ਸਮੇਂ। ਇੱਕ ਹੋਰ ਗੱਲ ਡਾ ਦਿਵੇਦੀ ਨਾਲ ਜੁੜੀ ਯਾਦ ਆ ਗਈ ਹੈ ਕਿ ਉਸ ਦਾ ਵਿਆਹ ਬੇਸ਼ੱਕ ਹੋ ਗਿਆ ਸੀ ਪਰ ਬਹੁਤਿਆਂ ਨੂੰ ਨਹੀਂ ਸੀ ਪਤਾ। ਪੰਡਤ ਜੀ ਨੇ ਕਹਿਣਾ ਕਿ ਡਾਕਟਰ ਸਾਹਬ, ਪੰਜਾਬੀ ਪੰਡਤ ਨੇ ਤੈਨੂੰ ਰਿਸ਼ਤਾ ਨਹੀਂ ਕਰਨਾ, ਨਹੀਂ ਤਾਂ ਮੈਂ ਹੀ ਕਰਵਾ ਦਿੰਦਾ। ਡਾ. ਦਿਵੇਦੀ ਨੇ ਅਗੋਂ ਛੇੜਨਾ ਕਿ ਪੰਡਤ ਜੀ, ਮੈਨੂੰ ਰਿਸ਼ਤਾ ਕਰਵਾਓ! ਓਦੋਂ ਪੰਡਤ ਜੀ ਕਾਲਜ ਕੰਟੀਨ ‘ਚ ਆ ਗਏ ਸਨ, ਅਤੇ ਡਾ. ਦਿਵੇਦੀ ਪ੍ਰੋਫ਼ੈਸਰ ਲੱਗ ਗਿਆ ਸੀ। ਕਿਸੇ ਘਰੇਲੂ ਮਜਬੂਰੀ ਕਾਰਨ ਡਾ. ਦਿਵੇਦੀ ਅਪਣੀਂ ਪਤਨੀ ਨੂੰ ਦੋ ਕੁ ਸਾਲ ਇੱਥੇ ਨਹੀਂ ਸੀ ਲਿਆ ਸਕੇ ਅਤੇ ਹੁਣ ਉਹਨਾਂ ਦੇ ਬੱਚੀ ਵੀ ਹੋ ਚੁੱਕੀ ਸੀ। ਜਦੋਂ ਉਹ ਅਪਣੀ ਪਤਨੀ ਨੂੰ ਲੁਧਿਆਣੇ ਲੈ ਕੇ ਆਏ ਤਾਂ ਸ਼ਾਮੀਂ ਕੰਟੀਨ ‘ਚ ਲੈ ਆਏ ਅਤੇ ਦੋ ਕੱਪ ਚਾਹ ਮੰਗਵਾ ਲਈ। ਇਸ ਦੌਰਾਨ ਉਹਨਾਂ ਨੇ ਪੰਡਤ ਜੀ ਦੀ ਨੇਕ-ਦਿਲੀ ਬਾਰੇ ਦੱਸਿਆ। ਜਦੋਂ ਪੰਡਤ ਜੀ ਚਾਹ ਫ਼ੜਾਉਣ ਆਏ ਤਾਂ ਡਾਕਟਰ ਸਾਹਬ ਦੀ ਪਤਨੀ ਪੰਡਤ ਜੀ ਦੇ ਪੈਰੀਂ ਹੱਥ ਲਾਵੇ ਅਤੇ ਪੰਡਤ ਜੀ ਪਿਛਾਂਹ ਨੂੰ ਜਾਵੇ, ਪੰਡਤ ਲੇਖ ਰਾਜ ਆਖੇ ਕਿ ਡਾ ਸਾਹਬ ਮੁਰਗੇ ਤਕ ਤਾਂ ਕੰਮ ਚੱਲਦਾ ਪਰ ਬਿਗਾਨੀ ਇਸਤਰੀ ਤੋਂ ਆਹ ਕੰਮ ਨਾ ਕਰਵਾਓ, ਇਹ ਪਾਪ ਤਾਂ ਸੱਤ ਜਨਮ ਨਹੀਂ ਲਹਿੰਦਾ। ਇਹ ਪਾਪ ਮੇਰੇ ਤੇ ਨਾ ਚੜ੍ਹਾਓ। ਫ਼ਿਰ ਪੰਡਤ ਜੀ ਦੋਵਾਂ ਨੇ ਸਾਰੀ ਗੱਲ ਦੱਸ ਕੇ ਸਮਝਾਇਆ, ਡਾ. ਦਿਵੇਦੀ ਦੱਸਦੇ ਨੇ ਕਿ ਫ਼ੇਰ ਪੰਡਤ ਜੀ ਨੇ ਇੱਕ ਸੌ ਇੱਕ ਰੁਪਏ ਉਹਨਾਂ ਦੀ ਪਤਨੀ ਨੂੰ ਅਤੇ ਪੰਜਾਹ ਰੁਪਏ ਉਸ ਦੀ ਬੇਟੀ ਨੂੰ ਸ਼ਗਨ ਪਾਇਆ। ਡਿਗਰੀ ਤੋਂ ਬਾਅਦ ਨੌਕਰੀ ‘ਚ ਆ ਕੇ ਜਦੋਂ ਵੀ ਕਾਲਜ ਜਾਣਾ ਤਾਂ ਪੰਡਤ ਜੀ ਨੂੰ ਜ਼ਰੂਰ ਮਿਲ ਕੇ ਆਉਣਾ।
ਵਿਦਿਆਰਥੀ ਅੱਜ ਵੀ ਉਸ ਨਾਲ ਜੁੜੇ ਹੋਏ ਹਨ ਅਤੇ ਅੱਜ-ਕੱਲ੍ਹ ਉਹ ਅਪਣੇ ਪਿੰਡ ਕਲਸੇੜਾ ਵਿਖੇ ਜੋ ਪੰਜਾਬ ਹਿਮਾਚਲ ਦੀ ਹੱਦ ‘ਤੇ ਹੈ ਰਹਿ ਰਿਹਾ ਹੈ। ਦੇਸ ਰਾਜ ਰੁਖ਼ਸਤ ਹੋ ਗਿਆ ਹੈ। ਦੁਨੀਆਂ ‘ਚ ਲੋਕ ਅਪਣੇ ਅਹੁਦਿਆਂ ਕਰ ਕੇ ਨਹੀਂ ਅਪਣੇ ਵਰਤਾਰੇ ਕਰਕੇ ਯਾਦ ਰੱਖੇ ਜਾਂਦੇ ਹਨ। ਇਸੇ ਕਰ ਕੇ ਉਨਾਂ ਨੂੰ ਅਜ ਯਾਦ ਕੀਤਾ ਹੈ।
94176 -9529