ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1493

ਤੁਸੀਂ ਆਪਣਾ ਕੋਈ ਨੁਕਤਾ-ਏ-ਨਜ਼ਰੀਆ ਮਨਵਾਉਣ ਲਈ ਕਿਸ ਹੱਦ ਤਕ ਜਾ ਸਕਦੇ ਹੋ? ਤੁਸੀਂ ਬਹੁਤ ਸ਼ਿੱਦਤ ਨਾਲ ਇਹ ਚਾਹੁੰਦੇ ਹੋ ਕਿ ਕੋਈ ਖ਼ਾਸ ਵਿਅਤਕੀ ਤੁਹਾਡੀ ਕਿਸੇ ਗੱਲ ਨੂੰ ਸਮਝੇ। ਇਸ ਵਿੱਚ ਸੱਚਮੁੱਚ ਤੁਹਾਡੇ ਨਾਲੋਂ ਵੱਧ ਉਸ ਦਾ ਫ਼ਾਇਦਾ ਹੈ। ਮੁਕਦੀ ਗੱਲ ਇਹ ਕਿ, ਹਾਲਾਂਕਿ, ਤੁਹਾਨੂੰ ਲਾਭ ਹੋ ਸਕਦਾ ਹੈ, ਭਾਵੇਂ ਅਸਿੱਧੇ ਤੌਰ ‘ਤੇ ਹੀ ਸਹੀ, ਪਰ ਤਾਂ ਹੀ ਜੇ ਉਹ ਵਿਅਕਤੀ ਕਿਸੇ ਖ਼ਾਸ ਸਥਿਤੀ ਨੂੰ ਇੱਕ ਵੱਖਰੇ ਦ੍ਰਿਸ਼ਟੀਕੋਣ ਤੋਂ ਦੇਖੇ। ਉਹ ਵੀ ਇਹ ਗੱਲ ਭਲੀ ਪ੍ਰਕਾਰ ਦੇਖ ਅਤੇ ਸਮਝ ਸਕਦਾ ਹੈ, ਅਤੇ ਇਹੋ ਕਾਰਨ ਹੈ ਤੁਹਾਡੇ ਵਲੋਂ ਦਿੱਤੀ ਸਲਾਹ ‘ਤੇ ਅੱਖਾਂ ਮੀਟ ਕੇ ਵਿਸ਼ਵਾਸ ਕਰਨ ‘ਚ ਉਸ ਦੀ ਝਿਝਕ ਦਾ। ਸਬਰ ਰੱਖੋ। ਤੁਹਾਡੇ ਦਖ਼ਲ ਤੋਂ ਬਿਨਾਂ, ਅਤੇ ਜਿੰਨਾ ਤੁਸੀਂ ਸੋਚਦੇ ਹੋ ਉਸ ਤੋਂ ਕਿਤੇ ਜਲਦੀ, ਉਸ ਵਿਅਕਤੀ ਨੂੰ ਪੂਰੀ ਗੱਲ ਸਮਝ ਲੱਗ ਜਾਵੇਗੀ।

ਸਿਧਾਂਤਕ ਤੌਰ ‘ਤੇ, ਹਾਲ ਹੀ ‘ਚ, ਤੁਸੀਂ ਬਹੁਤ ਸਫ਼ਲ ਹੋਏ ਹੋ। ਪਰ ਸ਼ਾਇਦ ਤੁਹਾਨੂੰ ਇੰਝ ਨਹੀਂ ਲੱਗਦਾ। ਸੰਭਵ ਤੌਰ ‘ਤੇ, ਤੁਹਾਡੀਆਂ ਜਿੱਤਾਂ ਖੋਖਲੀਆਂ ਮਹਿਸੂਸ ਹੋ ਰਹੀਆਂ ਹਨ ਅਤੇ ਤੁਹਾਡੀਆਂ ਉਪਲਬਧੀਆਂ ਅਪ੍ਰਸੰਗਿਕ ਜਾਪ ਰਹੀਆਂ ਹਨ। ਜਦੋਂ ਤੁਹਾਡੀ ਜ਼ਿੰਦਗੀ ‘ਚ ਕੋਈ ਹੋਰ ਸ਼ੈਅ ਇੰਨੀ ਨਿਰਾਸ਼ਾਜਨਕ ਹੋਵੇ ਤਾਂ ਇਨ੍ਹਾਂ ਸਭ ਜਿੱਤਾਂ ਅਤੇ ਉਪਲਬਧੀਆਂ ਦਾ ਫ਼ਾਇਦਾ ਹੀ ਕੀ? ਇਸ ਵਕਤ ਤੁਹਾਡੀਆਂ ਬਹੁਤੀਆਂ ਚਿੰਤਾਵਾਂ ਕਿਸੇ ਹੋਰ ਮੁੱਦੇ ‘ਤੇ ਕੇਂਦ੍ਰਿਤ ਹਨ – ਇੱਕ ਅਜਿਹਾ ਮਸਲਾ ਜਿਸ ਨੂੰ ਹੱਲ ਕਰਨਾ ਮੁਸ਼ਕਿਲ ਸਾਬਿਤ ਹੋ ਰਿਹਾ ਹੈ। ਜਦੋਂ ਤਕ ਇਸ ਅਹਿਮ ਖੇਤਰ ‘ਚ ਕੋਈ ਸਾਕਾਰਾਤਮਕ ਹਲਚਲ ਨਹੀਂ ਹੁੰਦੀ, ਬਾਕੀ ਸਭ ਕੁਝ ਦੂਸਰੇ ਦਰਜੇ ਦਾ ਜਾਪੇਗਾ। ਫ਼ਿਰ ਤੁਸੀਂ ਇਸ ਪਰੇਸ਼ਾਨੀਜਨਕ ਮਾਮਲੇ ਬਾਰੇ ਕਰ ਕੀ ਸਕਦੇ ਹੋ? ਤੁਸੀਂ ਉਸ ਨੂੰ ਕੁਝ ਹੋਰ ਵਕਤ ਦੇ ਸਕਦੇ ਹੋ। ਅਤੇ ਉਸ ਨੂੰ ਕੇਵਲ ਇਹੋ ਚਾਹੀਦਾ ਵੀ ਹੈ।

ਕਈ ਵਾਰ, ਅਸੀਂ ਚਲਾਕ ਬਣਨ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕਰਦੇ ਹਾਂ। ਅਸੀਂ ਬਹੁਤ ਜ਼ਿਆਦਾ ਸੋਚਦੇ ਹਾਂ। ਅਤੇ ਇਸ ਪ੍ਰਕਿਰਿਆ ਦੌਰਾਨ ਅਸੀਂ ਖ਼ੁਦ ਦੀਆਂ ਡੂੰਘੀਆਂ ਭਾਵਨਾਵਾਂ ਦੀ ਵੈਧਤਾ ‘ਤੇ ਹੀ ਸ਼ੱਕ ਕਰਨ ਲੱਗ ਪੈਂਦੇ ਹਾਂ। ਤੁਸੀਂ ਹੁਣ ਇਹ ਸੋਚਣਾ ਸ਼ੁਰੂ ਕਰ ਦਿੱਤਾ ਹੈ ਕਿ ਕੀ ਆਪਣੇ ਦਿਲ ‘ਚ ਉਭਰਦੀਆਂ ਭਾਵਨਾਵਾਂ ਉੱਪਰ ਤੁਹਾਡਾ ਕੋਈ ਹੱਕ ਹੈ ਵੀ ਜਾਂ ਨਹੀਂ। ਤੁਸੀਂ ਉਨ੍ਹਾਂ ਤੋਂ ਮੁਨਕਰ ਨਹੀਂ ਹੋ ਸਕਦੇ, ਪਰ ਤੁਸੀਂ ਉਨ੍ਹਾਂ ਨੂੰ ਇੱਕ ਅਜਿਹੀ ਜਾਂਚ ਹੇਠ ਪਰਖ ਜ਼ਰੂਰ ਸਕਦੇ ਹੋ ਜਿੱਥੇ ਉਹ ਖ਼ੁਦ-ਬ-ਖ਼ੁਦ ਮੂਰਖਤਾ ਭਰਪੂਰ ਅਤੇ ਵਿਅਰਥ ਜਾਪਣ ਲੱਗਣ। ਫ਼ਿਰ ਵੀ ਉਨ੍ਹਾਂ ਦਾ ਸਨਮਾਨ ਕੀਤੇ ਜਾਣਾ ਅਤੇ ਉਨ੍ਹਾਂ ਨੂੰ ਕਬੂਲ ਕਰਨਾ ਬਣਦਾ ਹੈ। ਤੁਹਾਡੇ ਅੰਦਰਲੀ ਆਵਾਜ਼ ਦਾ ਤੁਹਾਡੀ ਜ਼ਾਤ ਲਈ ਇੱਕ ਬਹੁਤ ਹੀ ਗੰਭੀਰ ਅਤੇ ਸੁਹਿਰਦ ਸੰਦੇਸ਼ ਹੈ। ਉਸ ਵੱਲ ਧਿਆਨ ਦਿਓ

ਕਲਪਨਾ ਕਰੋ ਇੱਕ ਮੈਗਾਫ਼ੋਨ ਜਾਂ ਲਾਊਡ ਸਪੀਕਰ ਰਾਹੀਂ ਤੁਹਾਡੇ ‘ਤੇ ਚੀਕਿਆ ਜਾ ਰਿਹਾ ਹੈ। ਉਸ ਯੰਤਰ ‘ਤੇ ਲੱਗਾ ਭੋਂਪੂ ਤੁਹਾਡੇ ਕੰਨ ਦੇ ਅਸੁਵਿਧਾਜਨਕ ਹੱਦ ਤਕ ਨੇੜੇ ਹੈ। ਜੇ ਤੁਸੀਂ ਉਸ ਰੌਲੇ ਨੂੰ ਬੰਦ ਵੀ ਕਰਵਾ ਸਕਦੇ, ਤੁਹਾਨੂੰ ਆਪਣੇ ਬੋਲੇਪਨ ਦੇ ਆਰਜ਼ੀ ਜਾਂ ਬਚੇ-ਖੁਚੇ ਅਹਿਸਾਸ ਤੋਂ ਉਭਰਣ ‘ਚ ਕੁਝ ਵਕਤ ਲੱਗ ਜਾਣਾ ਸੀ। ਤੀਬਰ ਤਜਰਬੇ ਖ਼ਤਮ ਹੋਣ ਮਗਰੋਂ ਅਕਸਰ ਸਾਨੂੰ ਵਧੇਰੇ ਪ੍ਰਭਾਵਿਤ ਕਰਦੇ ਹਨ। ਕੇਵਲ ਤਦ ਹੀ ਤਾਂ ਸਾਨੂੰ ਇਹ ਚੇਤੇ ਰਹਿੰਦਾ ਹੈ ਕਿ ਉਹ ਸਾਡੇ ਲਈ ਕਿੰਨੇ ਜ਼ਿਆਦਾ ਸ਼ਕਤੀਸ਼ਾਲੀ ਸਨ। ਕੀ ਤੁਸੀਂ ਹੁਣ ਇੱਕ ਅਜਿਹੀ ਪ੍ਰਕਿਰਿਆ ‘ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹੋ ਜਿਹੜੀ ਅਸਲ ‘ਚ ਕੁਝ ਸਮਾਂ ਪਹਿਲਾਂ ਹੀ ਆਪਣੇ ਸਿਖਰ ‘ਤੇ ਅੱਪੜ ਗਈ ਸੀ? ਸ਼ਾਂਤੀ ਰੱਖੋ; ਸਭ ਤੋਂ ਭੈੜਾ ਸੰਘਰਸ਼ ਤੁਸੀਂ ਆਪਣੇ ਪਿੱਛੇ ਛੱਡ ਚੁੱਕੇ ਹੋ!

ਜੇ, ਕਦੇ-ਕਦੇ, ਤੁਸੀਂ ਖ਼ੁਦ ਦੇ ਬਦਤਰੀਨ ਦੁਸ਼ਮਣ ਬਣ ਜਾਂਦੇ ਹੋ ਤਾਂ ਇਹ ਵੀ ਪ੍ਰਤੱਖ ਹੈ ਕਿ ਦੂਸਰੇ ਸਮਿਆਂ ‘ਚ, ਤੁਸੀਂ ਖ਼ੁਦ ਦੇ ਸਭ ਤੋਂ ਚੰਗੇ ਦੋਸਤ ਵੀ ਬਣ ਸਕਦੇ ਹੋ। ਇਹ ਦੋਹੇਂ, ਆਖ਼ਿਰਕਾਰ, ਬਹੁਤੇ ਲੋਕਾਂ ਦੇ ਸੋਚਣ ਨਾਲੋਂ ਕਿਤੇ ਵੱਧ ਨੇੜਿਓਂ ਜੁੜੇ ਹੋਏ ਹਨ। ਲਗਭਗ ਹਮੇਸ਼ਾ, ਦੁਸ਼ਮਣੀ ਉਨ੍ਹਾਂ ਲੋਕਾਂ ਦਰਮਿਆਨ ਹੁੰਦੀ ਹੈ ਜਿਹੜੇ ਕਿਸੇ ਵਕਤ ਚੰਗੇ ਦੋਸਤ ਰਹੇ ਹੋਣ। ਇਹੀ ਕਾਰਨ ਹੈ ਕਿ ਲੋਕਾਂ ਨੂੰ ਇਹ ਨਿਰਣਾ ਕਰਨ ‘ਚ ਸਮਾਂ ਲੱਗ ਜਾਂਦਾ ਹੈ ਕਿ ਉਨ੍ਹਾਂ ਦੇ ਅਸਲ ਦੁਸ਼ਮਣ ਕੌਣ ਹਨ! ਅਤੇ ਇਸ ਗੱਲ ਦਾ ਉਲਟ ਵੀ ਬਿਲਕੁਲ ਸੱਚ ਹੈ। ਇਸ ਦੀ ਪਰਵਾਹ ਨਾ ਕਰੋ ਕਿ ਇਸ ਵੇਲੇ ਹੋਰ ਕੌਣ ਤੁਹਾਡੇ ਨਾਲ ਖੜ੍ਹਾ ਹੈ, ਬੱਸ ਇੰਨਾ ਸੁਨਿਸ਼ਚਿਤ ਕਰੋ, ਆਪਣੀ ਭਾਵਨਾਤਮਕ ਸਥਿਰਤਾ ਦੀ ਖ਼ਾਤਿਰ, ਕਿ ਤੁਸੀਂ ਖ਼ੁਦ ਨੂੰ ਉਹ ਹਮਾਇਤ ਦਿਓ ਜਿਸ ਦੇ ਤੁਸੀਂ ਹੱਕਦਾਰ ਹੋ।