ਮਹਿਲਾਵਾਂ ਦੇ ਹੱਕਾਂ ‘ਚ ਰੋੜਾ ਬਣੇ ਵਿਰੋਧੀ, ਸਾਰਿਆਂ ਨੇ ਮਿਲ ਕੇ ਬਿੱਲ ਰੋਕਣ ਦਾ ਕੀਤਾ ਕੰਮ : ਸਿਰਸਾ

ਅੰਮ੍ਰਿਤਸਰ ਦਿੱਲੀ ਦੇ ਕੈਬਿਨਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਨਾਰੀ ਸ਼ਕਤੀ ਵੰਧਨ ਅਧਿਨਿਯਮ ਅਤੇ ਡੀਲਿਮੀਟੇਸ਼ਨ (ਹੱਦਬੰਦੀ) ਬਿੱਲ ਦੇ ਰਾਹ ਵਿੱਚ ਰੋੜਾ ਬਣਨ ਲਈ ਵਿਰੋਧੀ ਪਾਰਟੀਆਂ ਦੀ ਸਖ਼ਤ ਨਿਖੇਧੀ ਕੀਤੀ ਹੈ। ਸਿਰਸਾ ਨੇ ਕਿਹਾ ਕਿ ਦੇਸ਼ ਦੀ ਸੰਸਦ ਵਿੱਚ ਮਹਿਲਾਵਾਂ ਨੂੰ 33 ਫੀਸਦੀ ਰਿਜ਼ਰਵੇਸ਼ਨ ਦੇਣ ਵਾਲੇ ਬਿੱਲ ਨੂੰ ਰੋਕਣਾ ਬਹੁਤ ਦੁਖਦਾਈ ਹੈ। ਵਿਰੋਧੀ ਪਾਰਟੀਆਂ ਮਿਲ ਕੇ ਉਸ ਬਿੱਲ ਨੂੰ ਡੇਗਣ ਦਾ ਕੰਮ ਕੀਤਾ ਹੈ, ਜਿਸ ਨੇ ਦੇਸ਼ ਦੀਆਂ ਧੀਆਂ ਅਤੇ ਭੈਣਾਂ ਨੂੰ ਵੱਡੀ ਰਾਜਨੀਤਿਕ ਤਾਕਤ ਦੇਣੀ ਸੀ।
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਅਨੁਸਾਰ, ਗ੍ਰਹਿ ਮੰਤਰੀ ਨੇ ਲੋਕ ਸਭਾ ਵਿੱਚ ਖੜ੍ਹੇ ਹੋ ਕੇ ਸਪੱਸ਼ਟ ਕੀਤਾ ਸੀ ਕਿ ਜੇਕਰ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਸਹਿਮਤੀ ਦੇਣ, ਤਾਂ ਸਰਕਾਰ ਇੱਕ ਘੰਟੇ ਦੇ ਅੰਦਰ ਅਧਿਕਾਰਤ ਸੋਧ (Official Amendment) ਲਿਆਉਣ ਲਈ ਤਿਆਰ ਹੈ, ਪਰ ਇਸ ਦਾ ਵਿਰੋਧ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਲਿਆਂਦੇ ਗਏ ਇਸ ਬਿੱਲ ਨਾਲ ਦੇਸ਼ ਦੀ ਸੰਸਦ ਅਤੇ ਵਿਧਾਨ ਸਭਾ ‘ਚ ਮਹਿਲਾਵਾਂ ਨੂੰ ਵੱਡੀ ਭਾਗੀਦਾਰੀ ਮਿਲਣੀ ਸੀ। ਸਿਰਸਾ ਨੇ ਦਾਅਵਾ ਕੀਤਾ ਕਿ ਡਿਲੀਮੀਟੇਸ਼ਨ ਦੇ ਨਾਂ ‘ਤੇ ਵਿਰੋਧੀ ਪਾਰਟੀਆਂ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ, ਜੇਕਰ ਇਹ ਡੀਲਿਮੀਟੇਸ਼ਨ ਲਾਗੂ ਹੁੰਦੀ ਤਾਂ ਪੰਜਾਬ ਦੀਆਂ ਲੋਕ ਸਭਾ ਸੀਟਾਂ 13 ਤੋਂ ਵਧ ਕੇ 20 ਹੋ ਜਾਣੀਆਂ ਸਨ। ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਦੀਆਂ ਸੀਟਾਂ ਵੀ ਵਧ ਕੇ ਲਗਭਗ 170 ਤੋਂ 177 ਦੇ ਕਰੀਬ ਹੋ ਜਾਣੀਆਂ ਸਨ, ਜਿਸ ਨਾਲ ਸੂਬੇ ਦੀ ਰਾਜਨੀਤਿਕ ਨੁਮਾਇੰਦਗੀ ਮਜ਼ਬੂਤ ਹੋਣੀ ਸੀ।ਜਿਸ ਨਾਲ ਉਹ ਆਪਣੇ ਹੱਕਾਂ ਲਈ ਫੈਸਲੇ ਖੁਦ ਕਰ ਸਕਦੀਆਂ।
ਸਿਰਸਾ ਨੇ ਮਹਿਲਾ ਰਿਜ਼ਰਵੇਸ਼ਨ ਦੇ ਮੁੱਦੇ ‘ਤੇ ਰੁਕਾਵਟ ਪੈਦਾ ਕਰਨ ਦੇ ਦੋਸ਼ ਲਗਾਏ ਅਤੇ ਕਿਹਾ ਕਿ 70 ਸਾਲਾਂ ਵਿੱਚ ਇਹ ਬਿੱਲ ਕਦੇ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਮੋਦੀ ਸਰਕਾਰ ਇਸ ਨੂੰ ਲੈ ਕੇ ਆਈ ਤਾਂ ਵਿਰੋਧੀ ਪਾਰਟੀਆਂ ਨੇ ਇਕੱਠੇ ਹੋ ਕੇ ਇਸ ਦਾ ਵਿਰੋਧ ਕੀਤਾ। ਸਿਰਸਾ ਨੇ ਇਹ ਵੀ ਕਿਹਾ ਕਿ ਭਾਜਪਾ ਹਮੇਸ਼ਾ ਮਹਿਲਾਵਾਂ ਨੂੰ ਅੱਗੇ ਲਿਆਂਦੀ ਰਹੀ ਹੈ ਅਤੇ ਇਸ ਦਾ ਉਦਾਹਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਦੇਸ਼ ਦੀ ਰਾਸ਼ਟਰਪਤੀ ਬਣੀ ਆਦਿਵਾਸੀ ਮਹਿਲਾ ਦ੍ਰੌਪਦੀ ਮੁਰਮੂ ਦੀ ਨਿਯੁਕਤੀ ਦਾ ਜ਼ਿਕਰ ਕੀਤਾ।
ਉਨ੍ਹਾਂ ਦੋਹਰਾਇਆ ਕਿ ਭਾਜਪਾ 33 ਫੀਸਦੀ ਮਹਿਲਾ ਰਿਜ਼ਰਵੇਸ਼ਨ ਲਾਗੂ ਕਰਨ ਲਈ ਵਚਨਬੱਧ ਹੈ ਅਤੇ ਹਰ ਹਾਲਤ ਵਿੱਚ ਇਸ ਲਈ ਸੰਘਰਸ਼ ਕਰੇਗੀ। ਉਨ੍ਹਾਂ ਕਿਹਾ ਕਿ ਇਸ ਮੁੱਦੇ ‘ਤੇ ਦੇਸ਼ ਭਰ ਵਿੱਚ ਜਾਗਰੂਕਤਾ ਫੈਲਾਈ ਜਾਵੇਗੀ ਅਤੇ ਵਿਰੋਧੀ ਪਾਰਟੀਆਂ ਨੂੰ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਵੇਗਾ।