ਐਡਵੋਕੇਟ ਜਸਪਾਲ ਸਿੰਘ ਮੰਝਪੁਰ
ਜ਼ਿਲ੍ਹਾ ਕਚਹਿਰੀਆਂ, ਲੁਧਿਆਣਾ
98554-01843
ਰੂਹਾਨੀ ਜਗਤ ਵਿੱਚ ਮਨ ਨੂੰ ਪਰਮਾਤਮਾ ਦਾ ਅੰਗ ਮੰਨ ਕੇ ਉਸ ਨੂੰ ਸਾਧਣ ਦੀ ਗੱਲ ਕੀਤੀ ਗਈ ਹੈ। ਮਨ ਚੰਚਲ ਵੀ ਹੈ ਅਤੇ ਮਨ ਪਿਆਰਾ ਵੀ, ਮਨ ਮਿੱਤਰ ਵੀ ਤੇ ਦੁਸ਼ਮਣ ਵੀ। ਵੱਖ-ਵੱਖ ਅਵਸਥਾਵਾਂ ਵਿੱਚ ਮਨ ਦੀ ਅਵਸਥਾ ਵੱਖ-ਵੱਖ ਹੋ ਜਾਂਦੀ ਹੈ। ਤਨ ਦਾ ਜ਼ਿਆਦਾ ਸਬੰਧ ਪਦਾਰਥਕ ਲੋੜਾਂ ਨਾਲ ਹੈ ਅਤੇ ਇਹਨਾਂ ਲੋੜਾਂ ਦੀ ਪੂਰਤੀ ਵਿੱਚ ਲੱਗਾ ਹੋਇਆ ਮਨ ਕਦੀ ਵੀ ਤਨ ਨੂੰ ਸਹੀ ਅਗਵਾਈ ਨਹੀਂ ਦੇ ਸਕਦਾ, ਪਰ ਦੂਜੇ ਪਾਸੇ ਪਰਮਾਰਥਕ ਲੋੜਾਂ ਦੀ ਪੂਰਤੀ ਵਿੱਚ ਲੱਗਾ ਹੋਇਆ ਮਨ ਹਮੇਸ਼ਾ ਹੀ ਤਨ ਨੂੰ ਦੁਨਿਆਵੀ ਤੌਰ ਉੱਪਰ ਵੀ ਸਫ਼ਲ ਕਰ ਦਿੰਦਾ ਹੈ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਲੋਂ ਸਮੁੱਚੀ ਲੋਕਾਈ ਨੂੰ ਸੁਚੱਜੀ ਜੀਵਨ-ਜਾਚ ਦੀ ਜੁਗਤ ਦਰਸਾਈ ਗਈ ਹੈ ਅਤੇ ਉਸ ਵਿੱਚ ਜਿੱਥੇ ਰੂਹਾਨੀ, ਆਤਮਕ ਅਤੇ ਅਧਿਆਤਮਕ ਜੀਵਨ ਦਾ ਮਾਰਗ ਦਰਸ਼ਨ ਮਿਲਦਾ ਹੈ ਉੱਥੇ ਦੁਨਿਆਵੀ ਜ਼ਿੰਦਗੀ ਦੇ ਵੱਖ-ਵੱਖ ਸਮਾਜਕ, ਆਰਥਕ, ਸਿਆਸੀ ਅਤੇ ਧਾਰਮਕ ਪੱਖਾਂ ਨੂੰ ਸਾਦਾ ਤੇ ਸਰਲ ਤਰੀਕੇ ਨਾਲ ਜਿਊਣ ਦੀਆਂ ਅਗਵਾਈਆਂ ਵੀ ਮਿਲਦੀਆਂ ਹਨ। ਇਸ ਸਭ ਕਾਸੇ ਬਾਰੇ ਗੁਰਬਾਣੀ ਤੇ ਗੁਰ-ਇਤਿਹਾਸ ਵਿੱਚੋਂ ਪਰਤੱਖ ਪਰਮਾਣ ਮਿਲਦੇ ਹਨ।
ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਗੁਰੂ ਖ਼ਾਲਸਾ ਪੰਥ ਨੇ ਸਮੇਂ-ਸਮੇਂ ਉੱਪਰ ਸਭ ਕਲਾਵਾਂ ਵਰਤਾ ਕੇ ਦਿਖਾਈਆਂ ਹਨ ਜਿੱਥੇ ਰੂਹਾਨੀ ਸਫ਼ਰ ਦੀਆਂ ਲੰਮੀਆਂ ਉਡਾਰੀਆਂ ਦੇ ਚਰਚੇ ਹਨ ਉੱਥੇ ਦੁਨੀਆਂ ਵਿੱਚ ਨਿਆਂਕਾਰੀ ਲੋਕਾਸ਼ਾਹੀ ਰਾਜ ਪ੍ਰਬੰਧ ਦੀਆਂ ਮਿਸਾਲਾਂ ਵੀ ਚਾਨਣ-ਮੁਨਾਰਾ ਹਨ। ਅਜੋਕੇ ਸਮੇਂ ਦੀ ਗੱਲ ਕਰੀਏ ਤਾਂ 1947, 1966, 1984 ਤੋਂ ਹਲਾਤ ਬਿਲਕੁਲ ਭਿੰਨ ਹਨ ਅਤੇ ਹੁਣ ਦੁਨੀਆਂ ਪਿੰਡ ਦੀ ਤਰ੍ਹਾਂ ਸੁੰਗੜਦੀ ਜਾ ਰਹੀ ਹੈ, ਪਰ ਦੁਨੀਆਂ ਜਿੱਥੇ ਪਦਾਰਥਕ ਪੱਖ ਤੋਂ ਮਜਬੂਤ ਹੋ ਕੇ ਜਾਣਕਾਰੀ ਇਕੱਤਰ ਕਰਨ ਦੇ ਰੂਪ ਵਿੱਚ ਨਜ਼ਦੀਕ ਆ ਗਈ ਹੈ ਉੱਥੇ ਪਰਮਾਰਥ ਤੋਂ ਦੂਰ ਤੇ ਗਿਆਨ ਤੋਂ ਸੱਖਣੀ ਹੋ ਰਹੀ ਹੈ। ਸ਼ਰੀਰਾਂ ਨੂੰ ਸੁੰਦਰ ਤੇ ਪਦਾਰਥਕ ਭੋਗਾਂ ਨੂੰ ਭੋਗਣ ਦੇ ਸਮਰੱਥ ਬਣਾਉਣ ਲਈ ਤਾਂ ਮਨੁੱਖ ਨੇ ਬਹੁਤ ਸਫ਼ਲ ਯਤਨ ਕੀਤੇ ਹਨ ਪਰ ਰੂਹ ਨੂੰ ਸਰਸ਼ਾਰ ਕਰਨ ਅਤੇ ਪਹਿਲਾਂ ਮਨ ਨੂੰ ਸਾਧ ਕੇ ਫ਼ਿਰ ਉਸ ਮੁਤਾਬਕ ਤਨ ਦੀ ਸੰਭਾਲ ਵਿੱਚ ਕੋਈ ਖ਼ਾਸ ਪ੍ਰਾਪਤੀ ਨਹੀਂ ਕੀਤੀ।
ਦੁਨੀਆਂ ਪਦਾਰਥ ਦੇ ਨੇੜੇ ਅਤੇ ਉਸ ਦੀ ਖੋਜ ਲਈ ਤਾਂ ਤਰਲੋ-ਮੱਛੀ ਹੋ ਰਹੀ ਹੈ ਅਤੇ ਸਹਿਜ ਦਾ ਪੱਲਾ ਛੱਡ ਕੇ ਸਭ ਕੁਝ ਤੁਰੰਤ ਤੇ ਛੇਤੀ ਚਮਤਕਾਰ ਵਾਂਗੂੰ ਹੋ ਜਾਣਾ ਲੋਚਦੀ ਹੈ ਪਰ ਅਜਿਹਾ ਸੰਭਵ ਨਹੀਂ ਕਿਉਂਕਿ ਵਿਗਾਸ, ਅਨੰਦ ਤੇ ਸਥਿਰਤਾ ਲਈ ਮੂਲ ਦੀ ਪਹਿਚਾਣ ਕਰ ਕੇ ਸਹਿਜ-ਚਾਲ ਜ਼ਰੂਰੀ ਹੈ। ਅਸਲ ਵਿੱਚ ਸਾਰਾ ਕੁਝ ਮਨ ਨੂੰ ਸਮਝਾਉਣ ਅਤੇ ਉਸ ਨੂੰ ਸੂਤ (ਕੰਟਰੋਲ) ਕਰ ਕੇ ਗੁਰਮਤ ਗਾਡੀ ਰਾਹ ਉੱਪਰ ਪਾਉਣ ਦੀ ਸ਼ੁਰੂਆਤ ਨਾਲ ਹੀ ਅਗਲੇ ਪੜਾਅ, ਮੁਸ਼ਕਲਾਂ ਜਾਂ ਸਮੱਸਿਆਵਾਂ ਦੇ ਹੱਲ, ਦਿਸਣਗੇ ਅਤੇ ਮੰਜ਼ਲਾਂ ਦੀ ਪ੍ਰਾਪਤੀ ਹੋਵੇਗੀ। ਅਸੀਂ ਉਲਟੀ ਰੀਤ ਚਲਾ ਲਈ ਹੈ ਕਿ ਪਹਿਲਾਂ ਚਲਦੇ ਤਨਾਂ ਵਿੱਚੋਂ ਕਿਸੇ ਇੱਕ ਤਨ ਦੀ ਅਗਵਾਈ ਵਿੱਚ ਸਭ ਤਨਾਂ ਨੂੰ ਨਾਲ ਜੋੜ ਕੇ ਭਾਵ ਜਥੇਬੰਦ ਹੋਈਏ ਅਤੇ ਫ਼ਿਰ ਚੱਲੀਏ ਜਦਕਿ ਪਹਿਲਾਂ ਗੱਲ ਮਨਾਂ ਨੂੰ ਗੁਰ-ਲਿਵ ਵਿੱਚ ਇਕਸੁਰ ਕਰਨ ਦੀ ਕਰਨੀ ਪਵੇਗੀ, ਫ਼ਿਰ ਗੁਰ ਲਿਵ ਤੇ ਪਿਆਰ ਵਿੱਚ ਜੁੜੇ ਤੇ ਸੂਤ ਹੋਏ ਮਨ ਤਨਾਂ ਨੂੰ ਵੀ ਨਾਲ ਲੈ ਲੈਣਗੇ ਅਤੇ ਫ਼ਿਰ ਮੰਜ਼ਲਾਂ ਸਰ ਹੋਣਗੀਆਂ।
ਇਹਨਾਂ ਫ਼ਿਲਾਸਫ਼ੀ ਕ੍ਰਿਤ ਗੱਲਾਂ ਦੀ ਸਮਝ ਲਈ ਪਰਤੱਖ ਕੁਝ ਗੱਲਾਂ ਕਰੀਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੋਈ। ਮਨ ਕੁਰਲਾ ਉਠੇ ਤੇ ਗੁਰੁ ਪਿਆਰ ਵਿੱਚ ਹੀ ਤਨਾਂ ਨੂੰ ਨਾਲ ਲੈ ਕੇ ਚੱਲ ਪਏ ਪਰ ਕੁਝ ਤਨਾਂ ਨੇ ਮਨਾਂ ਦੀ ਥਾਹ ਨੂੰ ਅਣਦੇਖਿਆ ਕਰ ਕੇ ਤਨਾਂ ਨੂੰ ਗਿਣਤੀ-ਮਿਣਤੀ (ਵੋਟ ਰਾਜਨੀਤੀ) ਵਿੱਚ ਉਲਝਾਉਣ ਦੀ ਚੇਸ਼ਟਾ ਕੀਤੀ ਤਾਂ ਸਹੀ ਅਗਵਾਈ ਦੀ ਅਣਹੋਂਦ ਨੇ ਮਨਾਂ ਨੂੰ ਨਿਰਾਸ਼ਤਾ ਵਿੱਚ ਸੁੱਟ ਦਿੱਤਾ। ਸ਼ਰੀਰਾਂ ਦੇ ਪੱਧਰ ਉੱਪਰ ਜੀਣ ਵਾਲੇ ਲੋਕ ਸ਼ਬਦ ਗੁਰੂ ਗਿਆਨ ਦੇ ਸਿੱਖਾਂ ਨੂੰ ਅਗਵਾਈ ਨਹੀਂ ਦੇ ਸਕਦੇ। ਬਲਸ਼ਾਲੀ ਗਿਆਨੀ ਰੂਹਾਂ, ਜੋ ਨਾ ਕਿਸੇ ਦਾ ਭੈਅ ਮੰਨਦੀਆਂ ਹੋਣ ਅਤੇ ਨਾ ਕਿਸੇ ਨੂੰ ਭੈਅ ਦਿੰਦੀਆਂ ਹੋਣ, ਬੱਸ ਇੱਕ ਦੇ ਭੈਅ ਅਤੇ ਹੁਕਮ ਦੀਆਂ ਪਾਬੰਦ ਹੋਣ, ਹੀ ਇਸ ਪੰਥ ਦੀ ਅਗਵਾਈ ਕਰ ਸਕਦੀਆਂ ਹਨ।
ਮਨੁੱਖੀ ਮਨ ਤੇ ਤਨ ਵਿੱਚ ਪਏ ਵਖਰੇਵੇਂ ਹੀ ਮਨੁੱਖਤਾ ਨੂੰ ਪਈਆਂ ਸਮੱਸਿਆਵਾਂ ਦਾ ਮੂਲ ਹਨ ਅਤੇ ਇਹੀ ਕਾਰਨ ਹੈ ਕਿ ਸਿੱਖਾਂ ਦੀਆਂ ਸਮੱਸਿਆਵਾਂ ਜੋ ਕਿ ਹੱਲ ਹੋਣ ਦੀ ਥਾਂ ਦਿਨੋਂ-ਦਿਨ ਵੱਧ ਰਹੀਆਂ ਹਨ ਅਤੇ ਜਿਉਂ-ਜਿਉਂ ਅਸੀਂ ਹੱਲ ਲੱਭਣ ਦਾ ਯਤਨ ਕਰਦੇ ਹਾਂ ਤਾਂ ਉਸ ਹੱਲ ਦਾ ਕਾਰਨ ਮੂਲ ਨਾਲ ਨਾ ਜੁੜਿਆ ਹੋਣ ਕਰ ਕੇ ਉਸ ਹੱਲ ਵਿੱਚ ਵੀ ਸ਼ੱਕ-ਸ਼ੰਕੇ ਖੜ੍ਹੇ ਹੋ ਜਾਂਦੇ ਹਨ ਅਤੇ ਨਵੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਪ੍ਰਭੂਸੱਤਾ ਦੀ ਗੱਲ ਹੋਵੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਦੀ ਜਾਂ ਬਾਕੀ ਹੋਰ ਮਸਲੇ ਜਾਂ ਸਮੱਸਿਆਵਾਂ, ਇਹਨਾਂ ਦੇ ਹੱਲ ਲਈ ਕੋਈ ਸਵਾਲ-ਜਵਾਬ ਮੁਕਾਬਲਾ ਜਾਂ ਪ੍ਰਸ਼ਨੋਤਰੀ ਜਾਰੀ ਕਰ ਕੇ ਨਹੀਂ ਕੀਤਾ ਜਾ ਸਕਦਾ। ਗੱਲ ਤਾਂ ਇਹ ਹੈ ਕਿ ਇਨ੍ਹਾਂ ਸਮੱਸਿਆਵਾਂ ਦਾ ਮੂਲ ਕੀ ਹੈ ਅਤੇ ਸਾਡਾ ਮੂਲ ਕੀ? ਲੋੜ ਤਾਂ ਇਹਨਾਂ ਦੋਹਾਂ ਨੂੰ ਪਛਾਣਨ ਦੀ ਹੈ, ਪਰ ਅਸੀਂ ਆਪਣਾ ਮੂਲ ਪਛਾਣ ਨਹੀਂ ਰਹੇ ਅਤੇ ਸਮੱਸਿਆ ਦਾ ਮੂਲ ਪਛਾਣ ਹੋਣ ਦਾ ਦਾਅਵਾ ਕਰ ਕੇ ਸਮੱਸਿਆ ਦੇ ਹੱਲ ਕੱਢਣ ਚੱਲ ਪਏ ਹਾਂ ਜਦ ਕਿ ਅਸਲ ਵਿੱਚ ਆਪਣਾ ਮੂਲ ਪਛਾਣਨਾ ਪਹਿਲਾਂ ਜ਼ਰੂਰੀ ਹੈ ਅਤੇ ਆਪਣੇ ਮੂਲ ਵਿੱਚੋਂ ਹੀ ਸਮੱਸਿਆ ਦਾ ਮੂਲ ਅਤੇ ਉਸ ਦਾ ਹੱਲ ਨਜ਼ਰੀਂ ਪਏਗਾ। ਉੇਦਾਹਰਣ ਵਜੋਂ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿੱਚ ਇਕੱਠੇ ਹੋਣ ਲਈ ਤਾਂ ਕਹਿ ਰਹੇ ਹਾਂ ਪਰ ਅਕਾਲ ਤਖ਼ਤ ਸਾਹਿਬ ਦੀ ਅਗੰਮੀ ਰਹਿਮਤ ਤੋਂ ਵਾਂਝੇ ਹਾਂ। ਉੱਥੇ ਬੈਠ ਕੇ ਸੇਵਾ ਕਰਨ ਵਾਲੀਆਂ ਰੂਹਾਂ ਦੀ ਜ਼ਰੂਰਤ ਦੀ ਗੱਲ ਨਹੀਂ ਕਰ ਰਹੇ ਸਗੋਂ ਤਨਾਂ ਦੀ ਗੱਲ ਕਰ ਰਹੇ ਹਾਂ ਕਿ ਉਹਨਾਂ ਨੂੰ ਕੀ ਤਨਖ਼ਾਹ ਦਿੱਤੀ ਜਾਵੇ, ਕੀ ਭੱਤੇ ਦਿੱਤੇ ਜਾਣ, ਕਦੋਂ ਰਿਟਾਇਰ ਕੀਤਾ ਜਾਵੇ, ਕਦੋਂ ਤੇ ਕਿਹਨਾਂ ਦੋਸ਼ਾਂ ਅਧੀਨ ਉਹਨਾਂ ਨੂੰ ਲਾਹਿਆ ਜਾ ਸਕੇ? ਪੰਥ ਦੀ ਅਗਵਾਈ ਅਗੰਮੀ ਤੇ ਨਿਰਇੱਛਤ ਰੂਹਾਂ ਨੇ ਕਰਨੀ ਹੈ ਜੋ ਭਾਵੇਂ ਕਿ ਕਿਸੇ ਸ਼ਰੀਰ ਵਿੱਚ ਹੀ ਹੋਣੀ ਹੈ, ਪਰ ਯੋਗਤਾਵਾਂ ਸ਼ਰੀਰਕ ਰੱਖਾਂਗੇ ਤਾਂ ਸ਼ਰੀਰ ਦੇ ਪੱਧਰ ਉੱਪਰ ਜਿਊਣ ਵਾਲੇ ਹੀ ਮਿਲਣਗੇ, ਰੂਹਾਨੀ ਪੱਧਰ ਉਪਰ ਜੀਵਨ ਸਫ਼ਲ ਕਰਨ ਵਾਲਾ ਕੋਈ ਸ਼ਰੀਰ ਇਹਨਾਂ ਅਹੁਦਿਆ ਲਈ ਕਦੇ ਅਪਲਾਈ ਹੀ ਨਹੀਂ ਕਰੇਗਾ।
ਸਾਡੀ ਸਾਰੀ ਟੇਕ ਤੇ ਸਾਡਾ ਸਾਰਾ ਜ਼ੋਰ ਦੁਨਿਆਵੀ ਰਾਜ ਪ੍ਰਬੰਧ ਵਿੱਚੋਂ ਨਿਕਲੇ ਢਾਂਚਿਆਂ ਅਧੀਨ ਹੀ ਪੰਥ ਦੇ ਢਾਂਚੇ ਖੜ੍ਹੇ ਕਰਨ ਵਿੱਚ ਲੱਗਾ ਹੋਇਆ ਹੈ ਕਿਉਂਕਿ ਸਾਡੇ ਗਿਆਨ ਦਾ ਮੂਲ ਦੁਨਿਆਵੀ ਵਿਦਿਅਕ ਢਾਂਚੇ ਵਿੱਚੋਂ ਨਿਕਲੀਆਂ ਸੰਸਥਾਵਾਂ ਹੀ ਹਨ, ਜਿਸ ਦਿਨ ਸਾਡੇ ਗਿਆਨ ਦਾ ਮੂਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਗੁਰ-ਇਤਿਹਾਸ ਅਤੇ ਸ਼ਹੀਦਾਂ ਦਾ ਜੀਵਨ ਹੋਵੇਗਾ ਤਾਂ ਸਾਡੇ ਤਿਆਰ ਕੀਤੇ ਢਾਂਚੇ ਦੁਨਿਆਵੀ ਢਾਂਚਿਆਂ ਨੂੰ ਮਾਤ ਪਾ ਦੇਣਗੇ। ਆਓ! ਆਪਣਾ ਮੂਲ ਪਛਾਣ ਕੇ ਗੁਰਬਾਣੀ ਨਾਲ ਜੁੜੀਏ, ਸੁਣੀਏ, ਪੜ੍ਹੀਏ, ਮੰਨੀਏ ਤੇ ਜੀਵੀਏ ਤਾਂ ਜੋ ਸਾਡੇ ਜੀਵਨਾਂ ਵਿੱਚੋਂ ਖ਼ੁਸ਼ਬੂ ਆਵੇ ਸਿੱਖੀ ਦੀ। ਮਨਾਂ ਨੂੰ ਗੁਰਮਤ ਗਾਡੀ ਰਾਹ ਉੱਪਰ ਤੋਰ ਕੇ ਸੂਤ-ਮਨਾਂ ਮੁਤਾਬਕ ਹੀ ਤਨਾਂ ਨੂੰ ਚਲਾਈਏ ਤਾਂ ਹੀ ਦੁਨਿਆਵੀ ਪੱਖਾਂ ਨੂੰ ਉਜਾਗਰ ਕਰਦੀ ਅਗਵਾਈ ਸਾਡੀ ਝੋਲੀ ਪਵੇਗੀ, ਨਹੀਂ ਤਾਂ ਹਮੇਸ਼ਾ ਵਾਂਗ ਕੁਝ ਸਮੇਂ ਬਾਅਦ ਨਵੀਂ ਨਿਰਾਸ਼ਤਾ ਤੇ ਨਵੀਆਂ ਸਮੱਸਿਆਵਾਂ ਆ ਖੜ੍ਹੀਆਂ ਹੋਣਗੀਆਂ।
-0-