ਮਨੋਜ ਸਿਨਹਾ ਜੰਮੂ-ਕਸ਼ਮੀਰ ਤੋਂ ਛੇਤੀ ਹੀ ਪਰਤ ਸਕਦੇ ਹਨ ਦਿੱਲੀ

ਨਵੀਂ ਦਿੱਲੀ- ਇਹ ਲੱਗਭਗ ਸਪੱਸ਼ਟ ਹੈ ਕਿ ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਮਨੋਜ ਸਿਨਹਾ ਉਮੀਦ ਤੋਂ ਪਹਿਲਾਂ ਹੀ ਦਿੱਲੀ ਵਾਪਸ ਆ ਜਾਣਗੇ। 2019 ਦੀਆਂ ਚੋਣਾਂ ’ਚ ਆਪਣੀ ਗਾਜ਼ੀਪੁਰ ਲੋਕ ਸਭਾ ਸੀਟ ਹਾਰਨ ਤੋਂ ਬਾਅਦ ਸਿਨਹਾ ਕੇਂਦਰੀ ਮੰਤਰੀ ਮੰਡਲ ’ਚ ਸ਼ਾਮਲ ਹੋਣ ਤੋਂ ਖੁੰਝ ਗਏ ਸਨ। ਇਸ ਦੀ ਬਜਾਏ ਉਨ੍ਹਾਂ ਨੂੰ ਜੰਮੂ-ਕਸ਼ਮੀਰ ਦਾ ਐੱਲ. ਜੀ. ਬਣਾ ਕੇ ਭੇਜਿਆ ਗਿਆ, ਜਿੱਥੇ ਉਨ੍ਹਾਂ ਨੇ ਸ਼ਾਂਤੀ ਬਹਾਲ ਕਰਨ ਲਈ ਇਕ ਬੇਹੱਦ ਸੰਵੇਦਨਸ਼ੀਲ ਸੂਬੇ ਨੂੰ ਸੰਭਾਲਣ ਦੀ ਆਪਣੀ ਯੋਗਤਾ ਦਿਖਾਈ।
ਹਾਲਾਂਕਿ ਜੰਮੂ-ਕਸ਼ਮੀਰ ’ਚ ਕੋਈ ਵੀ ਪ੍ਰਯੋਗ ਸਫਲ ਨਹੀਂ ਹੋਇਆ ਸੀ, ਜਿਸ ਕਾਰਨ ਮੋਦੀ ਸਰਕਾਰ 2014 ਤੋਂ ਹੀ ਉੱਥੋਂ ਲਈ ਕਿਸੇ ਯੋਗ ਵਿਅਕਤੀ ਦੀ ਭਾਲ ਕਰ ਰਹੀ ਸੀ। ਅਖੀਰ, ਆਰਟੀਕਲ 370 ਨੂੰ ਖਤਮ ਕਰਨ ਤੋਂ ਬਾਅਦ ਨੌਕਰਸ਼ਾਹ ਜੀ. ਸੀ. ਮੁਰਮੂ ਨੂੰ 2019 ’ਚ ਐੱਲ. ਜੀ. ਵਜੋਂ ਭੇਜਿਆ ਗਿਆ, ਜੋ ਕੰਮ ਕਰਨ ’ਚ ਅਸਫਲ ਰਹੇ ਅਤੇ 2020 ’ਚ ਇਕ ਸਾਲ ਤੋਂ ਵੀ ਘੱਟ ਸਮੇਂ ’ਚ ਮਨੋਜ ਸਿਨਹਾ ਨੇ ਉਨ੍ਹਾਂ ਦੀ ਜਗ੍ਹਾ ਲੈ ਲਈ। ਕਿਹਾ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਛੇਤੀ ਹੀ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਸਿਨਹਾ ਜਾਂ ਤਾਂ ਲੋਕ ਸਭਾ ਉਮੀਦਵਾਰ ਦੇ ਤੌਰ ’ਤੇ ਵਾਪਸੀ ਕਰ ਸਕਦੇ ਹਨ ਜਾਂ ਫਿਰ ਰਾਜ ਸਭਾ ’ਚ ਲਿਆਂਦੇ ਜਾ ਸਕਦੇ ਹਨ। ਇਸ ਦਾ ਕਾਰਨ ਇਹ ਹੈ ਕਿ 70 ਸਾਲਾ ਸਕੂਲ ਅਧਿਆਪਕ ਅਤੇ ਸਿਨਹਾ ਦੇ ਕੱਟੜ ਸਮਰਥਕ ਪਾਰਸ ਨਾਥ ਰਾਏ ਨੂੰ ਭਾਜਪਾ ਹਾਈਕਮਾਂਡ ਨੇ ਲੋਕ ਸਭਾ ਟਿਕਟ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਸਿਨਹਾ ਨੂੰ ਕੇਂਦਰ ’ਚ ਵਾਪਸ ਲਿਆਉਣ ਤੋਂ ਬਾਅਦ ਰਾਏ ਆਪਣੀ ਸੀਟ ਛੱਡ ਦੇਣਗੇ। ਮਨੋਜ ਸਿਨਹਾ ਦਾ ਗ੍ਰਾਫ਼ ਕਈ ਗੁਣਾ ਵਧ ਗਿਆ ਹੈ, ਕਿਉਂਕਿ ਉਹ ਲੱਗਭਗ 4 ਸਾਲਾਂ ਦੇ ਆਪਣੇ ਕਾਰਜਕਾਲ ’ਚ ਬੇਹੱਦ ਸਫਲ ਰਹੇ ਹਨ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸਿਨਹਾ 2017 ’ਚ ਯੋਗੀ ਤੋਂ ਥੋੜ੍ਹੇ ਫਰਕ ਨਾਲ ਯੂ. ਪੀ. ਦੇ ਮੁੱਖ ਮੰਤਰੀ ਬਣਨ ਤੋਂ ਖੁੰਝ ਗਏ ਸਨ। ਇਸ ਵਾਰ ਸਿਨਹਾ ਨੂੰ ਉਮੀਦ ਤੋਂ ਵਧ ਕੇ ਲਾਭ ਮਿਲ ਸਕਦਾ ਹੈ।