ਚੰਡੀਗੜ੍ਹ : ਤਰਨਤਾਰਨ ਜ਼ਿਮਨੀ ਚੋਣ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਆਪੋ-ਆਪਣੇ ਉਮੀਦਵਾਰ ਉਤਾਰੇ ਹਨ ਅਤੇ ਚੋਣ ਪ੍ਰਚਾਰ ਸਿਖ਼ਰਾਂ ‘ਤੇ ਹੈ। ਇਸ ਦੌਰਾਨ ਰਾਜਾ ਵੜਿੰਗ ਦੇ ਮਰਹੂਮ ਬੂਟਾ ਸਿੰਘ ਬਾਰੇ ਜਾਤੀਵਾਦ ਵਾਲੇ ਬਿਆਨ ‘ਤੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਸਖ਼ਤ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ, ਪੀਰਾਂ ਨੇ ਜਾਤੀਵਾਦ ਦੇ ਖ਼ਿਲਾਫ਼ ਸੰਦੇਸ਼ ਦਿੱਤਾ ਹੈ ਪਰ ਰਾਜਾ ਵੜਿੰਗ ਜਾਤੀਵਾਦ ਦਾ ਜ਼ਹਿਰ ਤਰਨਤਾਰਨ ਜ਼ਿਮਨੀ ਚੋਣ ‘ਚ ਘੋਲ ਰਹੇ ਹਨ। ਇਸ ਬਿਆਨ ਖ਼ਿਲਾਫ਼ ਐੱਸ. ਸੀ. ਕਮਿਸ਼ਨ ਵਲੋਂ ਰਾਜਾ ਵੜਿੰਗ ਨੂੰ ਕਾਨੂੰਨੀ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਰਹੂਮ ਗ੍ਰਹਿ ਮੰਤਰੀ ਬੂਟਾ ਸਿੰਘ ਸਿੰਘ ਜੀ ਬਾਰੇ ਕਹੀਆਂ ਗੱਲਾਂ ਮਗਰੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਦੀ ਜਾਤੀਵਾਦ ਖ਼ਿਲਾਫ਼ ਮਾਨਸਿਕਤਾ ਸਾਫ਼ ਝਲਕਦੀ ਹੈ ਅਤੇ ਇਹ ਦਲਿਤਾਂ ਅਤੇ ਗਰੀਬ ਲੋਕਾਂ ਦਾ ਅਪਮਾਨ ਹੈ।
ਹਰਪਾਲ ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਕਹਿੰਦੀ ਹੈ ਕਿ ਅਸੀਂ ਦਲਿਤਾਂ ਦੇ ਹਮਾਇਤੀ ਹਾਂ ਪਰ ਰਜਵਾੜਾਸ਼ਾਹੀ ਸੋਚ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਕਰਦੀ ਹੈ। ਉਨ੍ਹਾਂ ਕਿਹਾ ਕਿ ਸਾਰੇ ਕਾਂਗਰਸੀ ਆਗੂਆਂ ਅੰਦਰ ਦਲਿਤ ਵਿਰੋਧੀ ਭਾਵਨਾ ਕੁੱਟ-ਕੁੱਟ ਕੇ ਭਰੀ ਹੋਈ ਹੈ ਪਰ ਬਾਬਾ ਸਾਹਿਬ ਡਾ. ਅੰਬੇਡਕਰ ਨੇ ਸਭ ਨੂੰ ਸੰਵਿਧਾਨ ਤਹਿਤ ਬਰਾਬਰ ਹੱਕ ਦਿੰਦੀ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਕਾਂਗਰਸ ਹਾਈਕਮਾਨ ਇਸ ਸਿਰਫਿਰੇ ਵਿਅਕਤੀ ਨੂੰ ਆਪਣੀ ਪਾਰਟੀ ‘ਚੋਂ ਕੱਢੇਗੀ ਅਤੇ ਸਖ਼ਤ ਕਾਰਵਾਈ ਕਰੇਗੀ ਕਿਉਂਕਿ ਇਸ ਤਰ੍ਹਾਂ ਦੇ ਵਿਅਕਤੀਆਂ ਦੀ ਥਾਂ ਪੰਜਾਬ ‘ਚ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਰਾ ਪੰਜਾਬ ਜਾਣਦਾ ਹੈ ਕਿ ਪੰਜਾਬ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਵੱਡੇ ਪੱਧਰ ‘ਤੇ ਮਨਾਏ ਜਾ ਰਹੇ ਹਨ ਅਤੇ ਇਸ ਪਵਿੱਤਰ ਦਿਹਾੜੇ ਮੌਕੇ ਕਾਂਗਰਸ ਪਾਰਟੀ ਅਜਿਹੀ ਮਾਨਸਿਕਤਾ ਦਾ ਪ੍ਰਗਟਾਵਾ ਕਰ ਰਹੀ ਹੈ।







