ਚੰਡੀਗੜ੍ਹ/ਪਟਿਆਲਾ : ਸ਼ੁਰੂਆਤ ਵਿਚ ਸੁਸਤ ਰਹਿਣ ਤੋਂ ਬਾਅਦ ਪੰਜਾਬ ਵਿਚ ਮਾਨਸੂਨ ਇਕ ਵਾਰ ਫਿਰ ਸਰਗਰਮ ਹੋ ਗਿਆ ਹੈ। ਪੰਜਾਬ ਦੇ ਕਈ ਹਿੱਸਿਆਂ ਵਿਚ ਰੁਕ ਰੁਕ ਕੇ ਹੋ ਰਹੀ ਬਾਰਿਸ਼ ਨਾਲ ਤਾਪਮਾਨ ਵਿਚ ਭਾਰੀ ਗਿਰਾਵਟ ਆਈ ਹੈ, ਲਿਹਾਜ਼ਾ ਪੰਜਾਬ ਵਾਸੀਆਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ 25 ਤੋਂ 30 ਜੁਲਾਈ ਤੱਕ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਨੇ ਅਨੁਮਾਨ ਪ੍ਰਗਟਾਇਆ ਹੈ ਕਿ ਇਨ੍ਹਾਂ ਤਾਰੀਖਾਂ ਦੌਰਾਨ ਪੰਜਾਬ ਵਿਚ ਕਈ ਥਾਈਂ ਤੇਜ਼ ਅਤੇ ਕਈ ਥਾਈਂ ਮੱਧਮ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਅੱਜ 25 ਜੁਲਾਈ ਨੂੰ ਪੰਜਾਬ ਵਿਚ ਕਈ ਥਾਈਂ ਬਾਰਿਸ਼ ਹੋਵੇਗੀ। ਇਸ ਤੋਂ ਬਾਅਦ 26 ਜੁਲਾਈ ਨੂੰ ਵੀ ਕਈ ਜ਼ਿਲ੍ਹਿਆਂ ਵਿਚ ਮੀਂਹ ਦੇ ਆਸਾਰ ਹਨ। 27 ਜੁਲਾਈ ਨੂੰ ਮੀਂਹ ਰਫ਼ਤਾਰ ਫੜ ਸਕਦਾ ਹੈ। ਇਸ ਤੋਂ ਅੱਗੇ 28-29 ਜੁਲਾਈ ਨੂੰ ਪੰਜਾਬ ਭਰ ਵਿਚ ਭਾਰੀ ਤੋਂ ਬਹੁਤ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ 30 ਜੁਲਾਈ ਨੂੰ ਪੰਜਾਬ ਭਰ ਵਿਚ ਬਹੁਤੀ ਥਾਈਂ ਮੀਂਹ ਦਾ ਦੌਰ ਜਾਰੀ ਰਹਿ ਸਕਦਾ ਹੈ। ਇਥੇ ਇਹ ਵੀ ਦੱਸ ਦਈਏ ਕਿ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਬਹੁਤੇ ਹਿੱਸਿਆਂ ਵਿਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ ਜਦਕਿ ਕੁਝ ਥਾਵਾਂ ‘ਤੇ ਗਰਜ-ਚਮਕ ਅਤੇ ਤੇਜ਼ ਹਵਾਵਾਂ ਚੱਲੀਆਂ। ਮੌਸਮ ਵਿਭਾਗ ਨੇ ਪੰਜਾਬ ਵਿਚ ਮਾਨਸੂਨ ਦੀ ਗਤੀਵਿਧੀ ਨੂੰ ਆਮ ਕਰਾਰ ਦਿੱਤਾ ਹੈ। ਇਸ ਤੋਂ ਇਲਾਵਾ ਗੁਆਂਢੀ ਸੂਬਿਆਂ ਹਿਮਾਚਲ, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਵਿਚ ਵੀ ਭਾਰੀ ਮੀਂਹ ਦਰਜ ਕੀਤਾ ਗਿਆ ਹੈ।
ਇਸ ਦੌਰਾਨ ਪੰਜਾਬ ਵਿਚ ਔਸਤਨ 6.6 ਮਿਲੀਮੀਟਰ ਮੀਂਹ ਪਿਆ, ਜਿਸ ਵਿਚ 24.6 ਮਿਲੀਮੀਟਰ ਬਾਰਿਸ਼ ਨਾਲ ਗੁਰਦਾਸਪੁਰ ਸਭ ਤੋਂ ਵੱਧ ਮੀਂਹ ਵਾਲਾ ਜ਼ਿਲ੍ਹਾ ਰਿਹਾ। ਇਸ ਤੋਂ ਬਾਅਦ ਮੁਕਤਸਰ ਵਿਚ 15.6 ਮਿਲੀਮੀਟਰ, ਫਰੀਦਕੋਟ ਵਿਚ 15.6 ਮਿਲੀਮੀਟਰ ਅਤੇ ਅੰਮ੍ਰਿਤਸਰ ਵਿੱਚ 14.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੁਹਾਲੀ, ਸੰਗਰੂਰ ਅਤੇ ਮਾਨਸਾ ਹੀ ਅਜਿਹੇ ਇਲਾਕੇ ਰਹੇ ਜਿੱਥੇ ਮੌਸਮ ਖੁਸ਼ਕ ਰਿਹਾ। ਸੂਬੇ ਵਿਚ ਦਿਨ ਅਤੇ ਰਾਤ ਦਾ ਤਾਪਮਾਨ ਆਮ ਵਾਂਗ ਰਿਹਾ, ਜਿਸ ਵਿਚ ਬਠਿੰਡਾ ਵਿਚ ਵੱਧ ਤੋਂ ਵੱਧ ਤਾਪਮਾਨ 36.6 ਡਿਗਰੀ ਸੈਲਸੀਅਸ ਅਤੇ ਪਠਾਨਕੋਟ ਵਿਚ ਘੱਟ ਤੋਂ ਘੱਟ ਤਾਪਮਾਨ 24.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਭਾਗ ਦਾ ਆਖਣਾ ਹੈ ਕਿ ਮਾਨਸੂਨ ਦੀ ਟਰਫ਼ ਲਾਈਨ ਆਪਣੀ ਆਮ ਸਥਿਤੀ ਤੋਂ ਦੱਖਣ ਵੱਲ ਬਣੀ ਹੋਈ ਹੈ ਅਤੇ ਇਕ ਹੋਰ ਟਰਫ਼ ਦੱਖਣ-ਪੂਰਬੀ ਰਾਜਸਥਾਨ ਤੋਂ ਜੰਮੂ ਤੱਕ ਫੈਲੀ ਹੋਈ ਹੈ। ਇਸ ਤੋਂ ਇਲਾਵਾ ਮੱਧ ਪਾਕਿਸਤਾਨ ‘ਤੇ ਪੱਛਮੀ ਗੜਬੜੀ ਵੀ ਸਰਗਰਮ ਹੈ। ਇਨ੍ਹਾਂ ਮੌਸਮੀ ਪ੍ਰਣਾਲੀਆਂ ਦੇ ਪ੍ਰਭਾਵ ਹੇਠ 30 ਜੁਲਾਈ ਤੱਕ ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਵੀ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਤੇਜ਼ ਹਵਾਵਾਂ, ਗਰਜ-ਚਮਕ ਅਤੇ ਬਿਜਲੀ ਲਿਸ਼ਕਣ ਦੇ ਨਾਲ ਵਿਆਪਕ ਬਾਰਿਸ਼ ਹੋਣ ਦੀ ਸੰਭਾਵਨਾ ਹੈ।















