ਬਹੁਰੰਗੀ ਵਲੈਤ ਦੀ ਯਾਦ

ਡਾਇਰੀ ਦਾ ਪੰਨਾ
ਨਿੰਦਰ ਘੁਗਿਆਣਵੀ
ਮੇਰੇ ਖ਼ਿਆਲ ਮੁਤਾਬਿਕ ਵਲੈਤ ਬਾਰੇ ਪਹਿਲੀ ਵਾਰ ਪੰਜਾਬੀ ‘ਚ ਸਫ਼ਰਨਾਮਾ ਭਾਈ ਕਾਹਨ ਸਿੰਘ ਨਾਭਾ ਨੇ ਲਿਖਿਆ ਸੀ। ਠੀਕ ਉਂਝ ਹੀ ਜਿਵੇਂ ਇੱਕ ਰੋਜ਼ਨਾਮਚਾ ਲਿਖੀਦੈ, ਕਿਸੇ ਡਾਇਰੀ ਦੇ ਪੰਨਿਆਂ ਵਾਂਗ। ਉਹ ਉਹਨਾਂ ਦੇ ਦਿਹਾਂਤ ਦੇ ਦੇਰ ਮਗਰੋਂ ਛਪਿਆ। ਐੱਸ
ਐੱਸ
ਕਮਲਾ ਅਕਾਲੀ ਨੇ ਵੀ ਮੇਰੀ ਵਲੈਤ ਯਾਤਰਾ ਨਾਮੀ ਇੱਕ ਕਿਤਾਬ ਲਿਖੀ ਸੀ। ਉਸ ਤੋਂ ਬਾਅਦ ਸੈਂਕੜੇ ਪੰਜਾਬੀ ਲੇਖਕ ਵਲੈਤ ਗਏ ਅਤੇ ਉਹਨਾਂ ‘ਚੋਂ ਅੱਧਿਆਂ ਤੋਂ ਵੱਧ ਨੇ ਵਲੈਤ ਬਾਰੇ ਸਫ਼ਰਨਾਮਾ ਪੁਸਤਕਾਂ ਲਿਖੀਆਂ। ਵਲੈਤ ਪਹਿਲੀ ਵਾਰ ਮੈਂ ਸੰਨ 2005 ‘ਚ ਗਿਆ ਸੀ, ਅਤੇ ਦੂਜੀ ਵਾਰ 2010 ‘ਚ। ਪਹਿਲੀ ਵਾਰੀ ਗਿਆ ਤਾਂ ਢਾਈ ਕੁ ਮਹੀਨੇ ਰਿਹਾ। ਓਦੋਂ ਸਾਊਥਾਲ ਦੇ ਦੇਸੀ ਰੇਡੀਓ ‘ਚ ਠਹਿਰਿਆ ਅਤੇ ਪੰਜਾਬੀ ਲੋਕ-ਸੰਗੀਤ ਬਾਰੇ ਕੁੱਝ ਦਸਤਾਵੇਜ਼ੀ ਫ਼ੀਚਰ ਤਿਆਰ ਕੀਤੇ। ਦੇਰ ਰਾਤੀਂ ਸਟੂਡੀਓ ‘ਚੋਂ ਵਿਹਲੇ ਹੋਣਾ ਅਤੇ ਉੱਪਰ ਬਣੇ ਰੂਮ ‘ਚ ਜਾ ਸੌਣਾ। ਸਵੇਰੇ ਦੀ ਪਹਿਲੀ ਚਾਹ ਦਾ ਵੱਡਾ ਕੱਪ ਵੀ ਸਟੂਡੀਓ ‘ਚ ਹੀ ਪੀਣਾ ਅਤੇ ਸਾਰਾ ਦਿਨ ਲਿਖਣ, ਪੜ੍ਹਨ, ਰਿਕਾਰਡਿੰਗ ਅਤੇ ਡਬਿੰਗ ਕਰਨ ‘ਚ ਜੁਟੇ ਰਹਿਣਾ।
ਵਿਹਲ ਹੀ ਕਿੱਥੇ ਸੀ ਬਾਹਰ ਘੁੰਮਣ-ਫ਼ਿਰਨ ਜਾਣ ਦੀ, ਐਂਵੇ ਦੋ ਕੁ ਵਾਰੀ ਹਫ਼ਤੇ ਦੇ ਅੰਤ ‘ਤੇ ਸਾਊਥਾਲ ਤੋਂ ਇੱਕ ਕੋਚ ‘ਚ ਬਹਿ ਕੇ ਬਰਮਿੰਘਮ ਨੂੰ ਚਲਾ ਜਾਂਦਾ ਸਾਂ। ਜਦ ਦੂਜੀ ਵਾਰੀ ਵਲੈਤ ਫ਼ੇਰੀ ‘ਤੇ ਗਿਆ ਤਾਂ ਇਹ ਫ਼ੇਰੀ ਪੂਰੀ ਤਰਾਂ ਖੁੱਲ੍ਹੀ-ਡੁੱਲ੍ਹੀ ਸੀ। ਇੱਕ ਥਾਂ ਰਹਿਣ ਦਾ ਕੋਈ ਬੰਧੇਜ ਨਹੀਂ ਸੀ, ਜਿੱਥੇ ਜੀਅ ਚਾਹੇ, ਜਦੋਂ ਮਰਜ਼ੀ ਆਵਾਂ ਅਤੇ ਜਾਵਾਂ, ਜਿੰਨੇ ਦਿਨ, ਜਿੱਥੇ ਮਰਜ਼ੀ ਰਹੀ ਜਾਵਾਂ! ਓਦੋਂ ਮੈਂ ਚਾਰ ਮਹੀਨੇ ਅਤੇ ਕੁੱਝ ਦਿਨ ਪੂਰੀ ਵਲੈਤ ਦੇਖੀ। ਬਰਮਿੰਘਮ, ਸਾਊਥਾਲ, ਕਵੈਂਟਰੀ, ਵੁਲਵਰਹੈਂਪਟਨ, ਇਲਫ਼ੌਰਡ, ਚੈਟਮ, ਡਰਬੀ, ਲੈੱਸਟਰ, ਬਾਰਟਨ ਆਦਿ ਸ਼ਹਿਰਾਂ ‘ਚ ਕਈ-ਕਈ ਵਾਰੀ ਗਿਆ। ਆਸੇ-ਪਾਸੇ ਦੀ ਹਰੇਵਾਈ ਮਨ ਮੋਂਹਦੀ। ਪੱਥਰਾਂ ‘ਚ ਉੱਗੇ ਦਰਖ਼ਤ ਕੁੱਝ ਕਹਿਣ ਲਈ ਮਜਬੂਰ ਕਰਦੇ।
ਲਿਖਣ, ਪੜ੍ਹਨ, ਸੁਣਨ-ਸੁਣਾਉਣ ਅਤੇ ਗਾਉਣ-ਵਜਾਉਣ ਲਈ ਵੀ ਖ਼ੂਬ ਵਿਹਲ ਸੀ। ਆਪਣੇ ਪਾਠਕਾਂ-ਪ੍ਰਸ਼ੰਸਕਾਂ ‘ਚ ਘਿਰਿਆ ਰਿਹਾ। ਬਹੁਤ ਡੂੰਘੀਆਂ ਵਿਚਾਰਾਂ ਵੀ ਹੁੰਦੀਆਂ ਅਤੇ ਹਲਕੀਆਂ-ਫ਼ੁਲਕੀਆਂ ਵੀ। ਬੜੀ ਵਾਰ ਦਿਲ ਉਦਾਸ ਵੀ ਹੋਇਆ ਅਤੇ ਖੁਸ਼ ਵੀ। ਉਤਲੇ ਮਨੋਂ ਹੱਸਣ ਵਾਲਿਆਂ ਨਾਲ ਹੱਸ ਲੈਂਦਾ ਅਤੇ ਦਿਲੋਂ ਰੋਣ ਵਾਲਿਆਂ ਨਾਲ ਰੋ ਲੈਂਦਾ। ਲਗਦਾ ਕਿ ਵਲੈਤ ‘ਚ ਸਾਰੇ ਰੋਂਦੇ ਦਿਲੋਂ ਹੀ ਨੇ ਅਤੇ ਹਸਦੇ ਉਤਲੇ ਮਨੋਂ ਨੇ … ਫ਼ੋਕਾ-ਫ਼ੋਕਾ! ਕਦੇ ਵਲੈਤ ਪਰਦੇਸ ਜਾਪਣ ਲਗਦਾ ਅਤੇ ਕਦੇ ਬਿਲਕੁਲ ਆਪਣੇ ਪਿੰਡ ਵਰਗਾ। ਕਦੇ ਦਿਲ ਕਰਦਾ ਬਹੁਤ ਰਹਿ ਲਿਐ … ਵਾਪਿਸ ਚਲਿਆ ਜਾਵਾਂ ਅਤੇ ਕਦੇ ਕੁੱਝ ਦਿਨ ਹੋਰ ਰੁਕਣ ਲਈ ਦਿਲ ਕਰ ਆਉਂਦਾ। ਸਾਰੇ ਆਪਣੇ-ਆਪਣੇ ਹੀ ਲਗਦੇ … ਓਪਰਾ ਕੋਈ ਨਾ ਜਾਪਦਾ। ਸੋਚਦਾ ਕਿ ਕਿੰਨੇ ਚੰਗੇ ਲੋਕ ਨੇ, ਸੱਚੋ ਸੱਚ ਦੱਸਣ ਵਾਲੇ। ਇਹ ਮੇਰੇ ਕੀ ਲਗਦੇ ਨੇ? ਕੀ ਰਿਸ਼ਤਾ ਹੈ ਇਹਨਾਂ ਨਾਲ ਮੇਰਾ? ਕਿੰਨੀ ਅਪਣੱਤ ਜਿਤਾਉਂਦੇ ਨੇ ਮੇਰੇ ਨਾਲ ਏਹ। ਸਾਡੇ ਰਿਸ਼ਤੇਦਾਰਾਂ ਅਤੇ ਖ਼ੂਨ ਦੇ ਰਿਸ਼ਤਿਆਂ ਤੋਂ ਵੀ ਵੱਧ ਕੇ!
ਪੰਜਾਬੀਆਂ ਦੇ ਜਨ-ਜੀਵਨ ਨੂੰ ਨੇੜਿਓਂ ਦੇਖਿਆ। ਖ਼ਾਸ ਕਰ ਕੇ ਸਾਲਾਂ ਤੋਂ ਪੁਰਾਣੇ ਗਏ ਪੰਜਾਬੀਆਂ ਅਤੇ ਹੁਣੇ-ਹੁਣੇ ਵਿਦਿਆਰਥੀ ਵੀਜ਼ਿਆਂ ‘ਤੇ ਗਏ ਪੰਜਾਬੀਆਂ ਦੇ ਦੁਖੜੇ ਵੰਨ-ਸੁਵੰਨੇ ਹਨ। ਕੁੱਝ-ਕੁੱਝ ਗੱਲਾਂ ਨੋਟ ਕਰਦਾ ਰਹਿੰਦਾ ਅਤੇ ਜਦ ਫ਼ੁਰਸਤ ਮਿਲਦੀ ਕੰਪਿਊਟਰ ‘ਤੇ ਟਾਈਪ ਕਰ ਲੈਂਦਾ। ਵਲੈਤ ਯਾਤਰਾ ਸਮੇਂ ਆਪਣੀ ਡਾਇਰੀ ਦੇ ਪੰਨੇ ਵੀ ਲਿਖੇ ਅਤੇ ਸਫ਼ਰ ਦੀਆਂ ਯਾਦਾਂ ਵੀ। ਲੰਡਨ ਦੇ ਲੇਖਕਾਂ ਸੰਗ ਵੀ ਵਿਚਰਿਆ ਅਤੇ ਉਹਨਾਂ ਦੀ ਆਪਸੀ ਘੈਂਸ-ਘੈਂਸ ਦਾ ਮਜ਼ਾ ਵੀ ਲਿਆ। ਕਈ ਮਹਿਫ਼ਲਾਂ ‘ਚ ਸੰਗੀਤਕਾਰਾਂ ਦਾ ਸੰਗੀਤ ਸੁਣਿਆ … ਅਲਾਪ ਲੱਗੇ ਅਤੇ ਤਰਾਨੇ ਤਾਰੀ ਹੋਏ। ਕਵੀਆਂ ਦੀਆਂ ਕਵਿਤਾਵਾਂ ਅਤੇ ਵਲੈਤੀ ਗਾਇਕਾਂ ਦੇ ਗੀਤ ਗੂੰਜੇ।
ਦੋ ਪੈਰ ਤੁਰਦਾ … ਕੋਈ ਨਾ ਕੋਈ ਪੱਬ ਆ ਜਾਂਦਾ। ਠੰਢੀ ਬੀਅਰ ਕਾਲਜੇ ਸ਼ੀਤ ਕਰਦੀ। ਮਸਤ ਬੈਠੇ ਗੋਰੇ-ਗੋਰੀਆਂ ਸਿਗਰਟਾਂ ਦੇ ਲੰਬੇ-ਲੰਬੇ ਕਸ਼ ਖਿੱਚ੍ਹਦੇ। ਨੀਵੇਂ ਸੁਰ ‘ਚ ਗੱਲਾਂ ਕਰਦੇ ਅਤੇ ਮੁਸਕ੍ਰਾਹਟਾਂ ਵੰਡਦੇ। ਪੱਬਾਂ-ਕਲੱਬਾਂ, ਸਿਨੇਮਿਆਂ, ਕਲਾ-ਭਵਨਾਂ ਅਤੇ ਗੁਰੂਘਰਾਂ ‘ਚ ਖ਼ੂਬ ਦਿਲ ਲਗਦਾ।
ਕਦੇ-ਕਦੇ ਸੁੰਨੇ ਪਏ ਘਰਾਂ ਦੇ ਹਉਕੇ ਸੁਣਾਈ ਦੇਣ ਲਗਦੇ। ਬੇਰੋਕ ਵਗਦੇ ਰੋਡ ਦੀ ਘੂਕਰ ਨੇ ਕੰਨਾਂ ਦਾ ਖਹਿੜਾ ਕਦੇ ਨਾ ਛਡਿਆ। ਕਿਸੇ ਘਰ ਦੇ ਪਿਛਵਾੜੇ ਰੁੱਖ ‘ਤੇ ਕੋਈ ਅਲੋਕਾਰ ਪੰਛੀ ਕੂਕਦਾ ਅਤੇ ਉਡ ਜਾਂਦਾ … ਮੈਂ ਪੰਛੀ ਦੀ ਆਵਾਜ਼ ਹੋਰ-ਹੋਰ ਸੁਣਨ ਲਈ ਤਰਲੋ-ਮੱਛੀ ਹੋਣ ਲਗਦਾ। ਫ਼ਰੀਜ਼ਰਾਂ ਤੇ ਹੀਟਰਾਂ ਦੀ ਘੂੰ-ਘੂੰ ਤੇ ਸਾਂ-ਸਾਂ ਅਤੇ ਪੁਲੀਸ ਦੀਆਂ ਗੱਡੀਆਂ ਦਾ ਸਾਇਰਨ ਓਦੋਂ ਬਹੁਤ ਉਦਾਸ ਕਰਦੇ ਜਦੋਂ ਘਰ ‘ਚ ਇਕੱਲਾ ਹੁੰਦਾ। ਕਦੇ ਬਹੁਤੀ ਸਵੇਰ ਜਾਗ ਆ ਜਾਂਦੀ ਤਾਂ ਘਰ ਤੋਂ ਬਾਹਰ ਨਿਕਲਦਾ, ਸ਼ਾਂਤ ਅਤੇ ਇਕਸਾਰ ਖਲੋਤੇ ਘਰ ਵੀ ਸੁੱਤੇ ਹੁੰਦੇ। ਤ੍ਰੇਲ ਨਾਲ ਭਿੱਜੀਆਂ ਕਾਰਾਂ ਫ਼ਸ ਕੇ ਖਲੋਤੀਆਂ ਹੁੰਦੀਆਂ। ਕਈ-ਕਈ ਦਿਨ ਮੀਂਹ ਨਾ ਹਟਦਾ … ਕਿਣਮਿਣ-ਕਿਣਮਿਣ ਹੁੰਦੀ ਰਹਿੰਦੀ। ਕਦੇ-ਕਦੇ ਕਿਸੇ ਪਾਰਕ ‘ਚ ਤੁਰਨ ਚਲਾ ਜਾਂਦਾ।
ਇੱਕ ਦਿਨ ਮੈਂ ਇੱਕ ਆਰਟ ਗੈਲਰੀ ‘ਚ ਵੜਿਆ, ਨਿਹਾਲੋ-ਨਿਹਾਲ ਹੋ ਕੇ ਜਦ ਚਾਰ ਘੰਟੇ ਬਾਅਦ ਬਾਹਰ ਨਿਕਲਿਆ ਤਾਂ ਬਾਰਿਸ਼ ਬਹੁਤ ਤੇਜ਼ ਹੋ ਗਈ। ਇੱਕ ਪੜਛੱਤੀ ਹੇਠਾਂ ਸਿਰ ਲੁਕਾ ਕੇ ਖਲੋ ਗਿਆ। ਲਾਗੇ ਹੀ ਇੱਕ ਵੱਡੇ ਥੰਮ੍ਹਲੇ ਨਾਲ ਕਬੂਤਰਾਂ ਦਾ ਇੱਕ ਜੋੜਾ ਭਿੱਜੇ ਖੰਭ੍ਹਾਂ ਨਾਲ ਠਿਠਕਿਆ ਬੈਠਾ ਸੀ ਜਿਸ ਨੇ ਦਿਲ ‘ਚ ਪਿਆਰ ਦੀ ਤਰੰਗ ਛੇੜ ਦਿੱਤੀ। ਅਜਿਹੇ ਹੀ ਨਿੱਕੇ-ਨਿੱਕੇ ਪਲਾਂ ਨੇ ਲਿਖਣ ਲਈ ਉਤਸ਼ਾਹ ਪੈਦਾ ਕਰ ਦਿੱਤਾ। ਸਿੱਟੇ ਵਜੋਂ ਪੁਸਤਕ ਵੱਖਰੇ ਰੰਗ ਵਲੈਤ ਦੇ ਹੋਂਦ ‘ਚ ਆ ਗਈ ਅਤੇ ਫ਼ਿਰ ਸਾਰ ਕੁੱਝ ਭਾਵ ਕਿ ਸਾਰੇ ਮੁਲਕਾਂ ਦੀ ਯਾਤਰਾ ਨੂੰ ਰਲਾ-ਲਿਾ ਕੇ ਪੁਸਤਕ ਠੰਢੀ ਧਰਤੀ-ਤਪਦੇ ਲੋਕ ਲਿਖੀ ਸੀ।
94174-21700