ਪੰਜਾਬ ‘ਚ ਪੰਚਾਇਤ ਸੰਮਤੀਆਂ ਹੋਈਆਂ ਭੰਗ, ਪੰਚਾਇਤੀ ਚੋਣਾਂ ਜਲਦ!

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਸੂਬੇ ਦੀਆਂ ਪੰਚਾਇਤ ਸੰਮਤੀਆਂ ਨੂੰ ਭੰਗ ਕਰ ਦਿੱਤਾ ਗਿਆ ਹੈ। ਇਸ ਸਬੰਧੀ ਸਰਕਾਰ ਦੇ ਪ੍ਰਮੁੱਖ ਸਕੱਤਰ ਵਲੋਂ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇੱਥੇ ਇਹ ਦੱਸਣਯੋਗ ਹੈ ਕਿ ਸੂਬੇ ਦੀਆਂ 74 ਪੰਚਾਇਤ ਸੰਮਤੀਆਂ ਦਾ ਕਾਰਜਕਾਲ 10 ਸਤੰਬਰ ਨੂੰ ਖ਼ਤਮ ਹੋ ਚੁੱਕਾ ਹੈ।
ਸਰਕਾਰ ਵਲੋਂ ਅਜਿਹੇ ਸਮੇਂ ਪੰਚਾਇਤ ਸੰਮਤੀਆਂ ਨੂੰ ਭੰਗ ਕੀਤਾ ਗਿਆ ਹੈ, ਜਦੋਂ ਪੰਚਾਇਤੀ ਚੋਣਾਂ ਦੇ ਚਰਚੇ ਚੱਲ ਰਹੇ ਹਨ। ਇਹ ਸੰਭਾਵਨਾ ਲਗਾਈ ਜਾ ਰਹੀ ਹੈ ਕਿ ਸੂਬੇ ‘ਚ ਜਲਦੀ ਹੀ ਪੰਚਾਇਤੀ ਚੋਣਾਂ ਹੋ ਸਕਦੀਆਂ ਹਨ। ਜਿਨ੍ਹਾਂ ਪੰਚਾਇਤ ਸੰਮਤੀਆਂ ਨੂੰ ਭੰਗ ਕੀਤਾ ਗਿਆ ਹੈ, ਉਨ੍ਹਾਂ ਦੀ ਟਰਮ 10 ਸਤੰਬਰ ਤੱਕ ਦੀ ਬਣਦੀ ਹੈ।
ਇਸ ਲਈ ਇਨ੍ਹਾਂ ਦੀਆਂ ਚੋਣਾਂ ਕਰਵਾਉਣੀਆਂ ਜਾਂ ਕੰਮ-ਕਾਰ ਚਲਾਉਣ ਦੇ ਲਈ ਪ੍ਰਸ਼ਾਸਕ ਲਾਉਣਾ ਜ਼ਰੂਰੀ ਹੋ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਜਲਦ ਹੀ ਗ੍ਰਾਮ ਪੰਚਾਇਤ ਚੋਣਾਂ ਦੇ ਨਾਲ ਹੀ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਕਰਵਾ ਸਕਦੀ ਹੈ। ਦੱਸਣਯੋਗ ਹੈ ਕਿ ਪੰਜਾਬ ‘ਚ 13 ਹਜ਼ਾਰ ਗ੍ਰਾਮ ਪੰਚਾਇਤਾਂ ਪਹਿਲਾਂ ਹੀ ਭੰਗ ਹੋ ਚੁੱਕੀਆਂ ਹਨ।