ਪੰਜਾਬੀ ਸਿਨਮੇ ‘ਤੇ ਛਾ ਗਈ ਹੈ ਸਰਗੁਣ ਮਹਿਤਾ

flimy-duniya1ਪਰਦੇ ਤੋਂ ਕੋਹਾਂ ਦੂਰ ਛੋਟੇ ਪਰਦੇ ‘ਤੇ ਸਰਗਰਮ ਚੰਡੀਗੜ੍ਹ ਦੀ ਇੱਕ ਕੁੜੀ ਅਚਾਨਕ ਪੰਜਾਬੀ ਸਿਨਮੇ ਨਾਲ ਜੁੜਦੀ ਹੈ ਅਤੇ ਆਪਣੀ ਪਹਿਲੀ ਹੀ ਫ਼ਿਲਮ ਨਾਲ ਲੱਖਾਂ ਕਰੋੜਾਂ ਦਰਸ਼ਕਾਂ ਦੇ ਦਿਲਾਂ ‘ਤੇ ਛਾ ਜਾਂਦੀ ਹੈ। ਉਹ ਇਸ ਪਹਿਲੀ ਫ਼ਿਲਮ ਸਦਕਾ ਸਰਬੋਤਮ ਪੰਜਾਬੀ ਫ਼ਿਲਮ ਅਦਾਕਾਰਾ ਦਾ ਖ਼ਿਤਾਬ ਵੀ ਹਾਸਲ ਕਰਦੀ ਹੈ। ਉਸ ਦੀ ਅਦਾਕਾਰੀ ਦਾ ਜਾਦੂ ਇਸ ਕਦਰ ਸਿਰ ਚੜ੍ਹ ਬੋਲਦਾ ਹੈ ਕਿ ਉਹ ਸਰਗੁਣ ਮਹਿਤਾ ਦੂਬੇ ਤੋਂ ਧੰਨ ਕੌਰ ਬਣ ਜਾਂਦੀ ਹੈ। ਕਿਸੇ ਹੀਰੋਇਨ ਨਾਲ ਅਜਿਹਾ ਦਹਾਕਿਆਂ ਬਾਅਦ ਕਦੇ ਕਦਾਈਂ ਹੀ ਵਾਪਰਦਾ ਹੈ। ਹੁਣ ਇਹ ਸਰਗੁਣ ਮਹਿਤਾ ਨਾਲ ਹੋਇਆ ਹੈ। ਪਿਛਲੇ ਸਾਲ ਦੀ ਬਹੁਚਰਚਿਤ ਫ਼ਿਲਮ ‘ਅੰਗਰੇਜ’ ਜ਼ਰੀਏ ਸਰਗੁਣ ਨੇ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਸ਼ੁਰੂਆਤ ਕੀਤੀ। ਇਸ ਫ਼ਿਲਮ ਨੇ ਨਾ ਸਿਰਫ਼ ਵੱਡੀ ਸਫ਼ਲਤਾ ਹਾਸਲ ਕੀਤੀ ਬਲਕਿ ਸਰਗੁਣ ਮਹਿਤਾ ਨੂੰ ਇੱਕ ਸਾਲ ‘ਚ ਪੰਜਾਬੀ ਸਿਨਮੇ ਵਿੱਚ ਸਾਲਾਂ ਤੋਂ ਟਿਕੀਆਂ ਹੀਰੋਇਨਾਂ ਦੇ ਬਰਾਬਰ ਲਿਆ ਖੜ੍ਹਾ ਕੀਤਾ। ਇਸ ਫ਼ਿਲਮ ਵਿੱਚ ‘ਧੰਨ ਕੌਰ’ ਦਾ ਕਿਰਦਾਰ ਅਦਾ ਕਰਨ ਵਾਲੀ ਸਰਗੁਣ ਦੇ ਨਾਲ ਸਦਾ ਲਈ ਇਹ ਨਾਂ ਜੁੜ ਗਿਆ ਹੈ। ਬਹੁਗਿਣਤੀ ਦਰਸ਼ਕਾਂ ਨੂੰ ਤਾਂ ਉਸ ਦਾ ਅਸਲ ਨਾਂ ਵੀ ਨਹੀਂ ਪਤਾ, ਉਨ੍ਹਾਂ ਲਈ ਬਸ ਉਹ ਧੰਨ ਕੌਰ ਹੀ ਹੈ।
‘ਅੰਗਰੇਜ’ ਨਾਲ ਜੁੜਨ ਦਾ ਸਬੱਬ ਬਣਨ ਬਾਰੇ ਸਰਗੁਣ ਦੱਸਦੀ ਹੈ ਕਿ ਇਹ ਸਭ ਇਤਫ਼ਾਕ ਨਾਲ ਹੋਇਆ। ਚੰਡੀਗੜ੍ਹ ਦੀ ਜੰਮਪਲ ਹੋਣ ਦੇ ਬਾਵਜੂਦ ਉਸ ਨੇ ਕਦੇ ਪੰਜਾਬੀ ਫ਼ਿਲਮਾਂ ‘ਚ ਕੰਮ ਕਰਨ ਬਾਰੇ ਨਹੀਂ ਸੋਚਿਆ ਸੀ। ਉਹ ਮੁੰਬਈ ‘ਚ ਸਰਗਰਮ ਸੀ ਤੇ ਉੱਥੇ ਹੀ ਰਹਿਣਾ ਚਾਹੁੰਦੀ ਸੀ। ‘ਅੰਗਰੇਜ’ ਦੇ ਲੇਖਕ ਅੰਬਰਦੀਪ ਸਿੰਘ ਨੂੰ ਉਹ ਪਹਿਲਾਂ ਤੋਂ ਜਾਣਦੀ ਸੀ। ਉਹ ਦੋਵੇਂ ‘ਕਾਮੇਡੀ ਨਾਈਟ ਦੇ ਆਜੂਬੇ’ ਦਾ ਹਿੱਸਾ ਰਹੇ ਹਨ। ਅੰਬਰ ਨੇ ਹੀ ਉਸ ਨੂੰ ਇਸ ਫ਼ਿਲਮ ਦੀ ਕਹਾਣੀ ਸੁਣਾਈ ਅਤੇ ਇਸ ਵਿੱਚ ਕੰਮ ਕਰਨ ਲਈ ਕਿਹਾ ਸੀ। ਉਸ ਨੂੰ ਫ਼ਿਲਮ ਦੀ ਕਹਾਣੀ ਜਚੀ ਪਰ ਆਪਣੇ ਕਿਰਦਾਰ ਨੂੰ ਲੈ ਕੇ ਉਹ ਕਾਫ਼ੀ ਚਿੰਤਤ ਸੀ। ਉਸ ਅੰਦਰ ਡਰ ਵੀ ਸੀ ਤੇ ਖ਼ੁਸ਼ੀ ਵੀ। ਆਖਰ ਉਸ ਨੇ ਫ਼ਿਲਮ ਲਈ ਹਾਮੀ ਭਰੀ ਤੇ ਜ਼ਿੰਦਗੀ ਦਾ ਇਹ ਫ਼ੈਸਲਾ ਉਸ ਨੂੰ ਨਵੇਂ ਮੁਕਾਮ ‘ਤੇ ਲੈ ਗਿਆ। ਇਸ ਫ਼ਿਲਮ ਵਿੱਚ ਅਮਰਿੰਦਰ ਗਿੱਲ ਨਾਲ ਸਰਗੁਣ ਇੱਕੱਲੀ ਹੀਰੋਇਨ ਨਹੀਂ ਸੀ, ਬਲਕਿ ਬਾਲੀਵੁੱਡ ਅਦਾਕਾਰਾ ਅਦਿਤੀ ਸ਼ਰਮਾ ਵੀ ਇਸ ਦਾ ਅਹਿਮ ਹਿੱਸਾ ਸੀ ਪਰ ਸਗਰੁਣ ਵੱਲੋਂ ਨਿਭਾਇਆ ਧੰਨ ਕੌਰ ਦਾ ਕਿਰਦਾਰ ਇਸ ਕਦਰ ਮਕਬੂਲ ਹੋਇਆ ਕਿ ਇਹ ਫ਼ਿਲਮ ਅਮਰਿੰਦਰ-ਸਰਗੁਣ ਦੀ ਜੋੜੀ ਦੀ ਫ਼ਿਲਮ ਬਣ ਗਈ। ਸਰਗੁਣ ਮੁਤਾਬਕ ਓਨੀ ਪਛਾਣ ਉਸ ਨੂੰ ਛੋਟੇ ਪਰਦੇ ਤੋਂ ਨਹੀਂ ਮਿਲੀ, ਜਿੰਨੀ ਮਕਬੂਲੀਅਤ ਉਸ ਨੂੰ ਇਸ ਇੱਕੋ ਪੰਜਾਬੀ ਫ਼ਿਲਮ ਨਾਲ ਮਿਲੀ ਹੈ। ਇਸ ਫ਼ਿਲਮ ਲਈ ਉਸ ਨੇ ਮਿਹਨਤ ਵੀ ਤਾਂ ਬਹੁਤ ਕੀਤੀ ਸੀ। ਪੰਜਾਬ, ਪੰਜਾਬੀ ਪਿਛੋਕੜ ਤੇ ਸਭਿਆਚਾਰ ਤੋਂ ਅਣਜਾਣ ਸਰਗੁਣ ਲਈ ਇਹ ਠੇਠ ਪੰਜਾਬੀ ਕੁੜੀ ਦਾ ਕਿਰਦਾਰ ਨਿਭਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ ਪਰ ਰੰਗਮੰਚ ਦਾ ਤਜਰਬਾ, ਮਿਹਨਤ ਤੇ ਕਿਸਮਤ ਨੇ ਅਜਿਹਾ ਸਾਥ ਦਿੱਤਾ ਕਿ ਅੱਜ ਉਹ ਪੰਜਾਬੀ ਸਿਨਮੇ ਦਾ ਚਰਚਿਤ ਚਿਹਰਾ ਹੈ।
ਸਰਗੁਣ ਦੱਸਦੀ ਹੈ ਕਿ ਹੀਰੋਇਨ ਬਣਨ ਦੀ ਉਸ ਦੀ ਕੋਈ ਇੱਛਾ ਨਹੀਂ ਸੀ, ਇਹ ਤਾਂ ਰੰਗਮੰਚ ਨੇ ਉਸ ਨੂੰ ਇਸ ਪਾਸੇ ਅਜਿਹਾ ਤੋਰਿਆ ਕਿ ਇਹ ਸਫ਼ਰ ਨਿਰੰਤਰ ਜਾਰੀ ਹੈ। ਚੰਡੀਗੜ੍ਹ ਤੋਂ ਦਿੱਲੀ ਬੀ.ਕਾਮ. ਆਨਰਜ਼ ਕਰਨ ਗਈ ਸਰਗੁਣ ਨੂੰ ਦਿੱਲੀ ਯੂਨੀਵਰਸਿਟੀ ਦੇ ਕਰੋੜੀਮੱਲ ਕਾਲਜ ਦੇ ਮਾਹੌਲ ਨੇ ਰੰਗਮੰਚ ਨਾਲ ਜੋੜ ਦਿੱਤਾ। ਸਰਗੁਣ ਨੇ ਇੱਥੇ ਤਿੰਨ ਸਾਲ ਥੀਏਟਰ ਕੀਤਾ। ਥੀਏਟਰ ਦੇ ਉਸ ਦੇ ਇੱਕ ਸੀਨੀਅਰ ਸੁਧੀਰ ਸ਼ਰਮਾ ਨੇ ਜਦੋਂ ਆਪਣੇ ਸੀਰੀਅਲ ‘ਬਾਰਾਂ ਬਟਾ ਚੌਵੀ ਕਰੋਲ ਬਾਗ’ ਲਈ ਆਡੀਸ਼ਨ ਲਏ ਤਾਂ ਸਰਗੁਣ ਦੀ ਚੋਣ ਹੋਈ। ਇਸ ਸੀਰੀਅਲ ਤੋਂ ਉਸ ਦੇ ਕਰੀਅਰ ਦੀ ਸ਼ੁਰੂਆਤ ਹੋਈ। ਨਾਮਵਰ ਟੀਵੀ ਚੈਨਲਾਂ ਦੇ ਚਰਚਿਤ ਸੀਰੀਅਲ ‘ਗੀਤਾ’ ਅਤੇ ‘ਫ਼ੁਲਵਾ’ ਵਿੱਚ ਉਸ ਨੇ ਅਹਿਮ ਕਿਰਦਾਰ ਨਿਭਾਏ। ਰਿਆਲਿਟੀ ਸ਼ੋਅ ‘ਨੱਚ ਬੱਲੀਏ’ ਅਤੇ ‘ਕਾਮੇਡੀ ਨਾਈਟ ਦਾ ਆਜੂਬਾ’ ਨੇ ਉਸ ਨੂੰ ਇਸ ਖੇਤਰ ਵਿੱਚ ਪਛਾਣ ਦਿੱਤੀ। ‘ਕਾਮੇਡੀ ਨਾਈਟ ਦਾ ਆਜੂਬਾ’ ਵਿੱਚ ਉਸ ਨੇ ਕਪਿਲ ਸ਼ਰਮਾ ਨਾਲ ਸੈਲਬ੍ਰਿਟੀ ਪਾਰਟਨਰ ਵਜੋਂ ਕਈ ਐਪੀਸੋਡ ਕੀਤੇ। ਇਸੇ ਸ਼ੋਅ ਵਿੱਚ ਹੀ ਅੰਗਰੇਜ ਵਾਲਾ ਅੰਬਰ ਲੇਖਕ ਵਜੋਂ ਕੰਮ ਕਰਦਾ ਸੀ, ਜਿੱਥੋਂ ਉਹ ਇੱਕ ਦੂਜੇ ਨੂੰ ਜਾਣਨ ਲੱਗੇ। ਇਹ ਜਾਣ-ਪਛਾਣ ਕਈ ਸਾਲਾਂ ਬਾਅਦ ਇਸ ਕਦਰ ਕੰਮ ਆਈ ਕਿ ਅੱਜ ਉਹ ਪੰਜਾਬੀ ਸਿਨਮੇ ਦੀ ਨਾਮਵਰ ਅਦਾਕਾਰਾ ਹੈ। ਪਿਛਲੇ ਮਹੀਨੇ ਆਈ ਉਸ ਦੀ ਦੂਜੀ ਪੰਜਾਬੀ ਫ਼ਿਲਮ ‘ਲਵ ਪੰਜਾਬ’ ਨੇ ਉਸ ਦੀ ਪਛਾਣ ਨੂੰ ਹੋਰ ਗੂੜ੍ਹਾ ਕਰ ਦਿੱਤਾ ਹੈ। ਇਸ ਫ਼ਿਲਮ ਵਿੱਚ ਵੀ ਉਸ ਦਾ ਨਾਇੱਕ ਅਮਰਿੰਦਰ ਗਿੱਲ ਸੀ। ਬੇਸ਼ੱਕ ਇਸ ਫ਼ਿਲਮ ਵਿੱਚ ਉਸ ਦਾ ਕਿਰਦਾਰ ਅੰਗਰੇਜ ਫ਼ਿਲਮ ਨਾਲੋਂ ਬਿਲਕੁਲ ਵੱਖਰਾ ਸੀ ਪਰ ਦਰਸ਼ਕਾਂ ਲਈ ਉਹ ਧੰਨ ਕੌਰ ਹੀ ਸੀ। ਸ਼ਾਇਦ ਉਹ ਹਮੇਸ਼ਾ ਦਰਸ਼ਕਾਂ ਲਈ ਧੰਨ ਕੌਰ ਹੀ ਰਹੇ। ਇਹ ਅਮਰ ਕਿਰਦਾਰ ਸਰਗੁਣ ਦੇ ਹਿੱਸੇ ਆਉਣਾ ਸੀ ਤੇ ਉਸ ਨੇ ‘ਸਟਾਰ’ ਬਣਨਾ ਸੀ। ਇਹ ਸ਼ਾਇਦ ਉਸ ਦੀ ਕਿਸਮਤ ਸੀ ਜਾਂ ਫ਼ਿਰ ਮਿਹਨਤ ਦਾ ਫ਼ਲ। ਬਿਨਾਂ ਸ਼ੱਕ ਅੱਜ ਉਹ ਪੰਜਾਬੀ ਫ਼ਿਲਮ ਇੰਡਸਟਰੀ ਦੀਆਂ ਚੋਟੀ ਦੀਆਂ ਨਾਇੱਕਾਵਾਂ ‘ਚ ਸ਼ਾਮਲ ਹੈ।

LEAVE A REPLY