ਪਿੰਡ ਦੀ ਸੱਥ ਵਿੱਚੋਂ (ਕਿਸ਼ਤ-258)

ਕਈਆਂ ਦਿਨਾਂ ਪਿੱਛੋਂ ਜਿਉਂ ਹੀ ਬਾਬਾ ਤਾਰਾ ਸਿਉਂ ਸੱਥ ‘ਚ ਆਇਆ ਤਾਂ ਆਉਂਦਾ ਹੀ ਥੜ੍ਹੇ ‘ਤੇ ਬਹਿੰਦਾ ਨਾਥੇ ਅਮਲੀ ਨੂੰ ਪਹਿਲਾਂ ਹੀ ਟਿੱਚਰ ‘ਚ ਕਹਿੰਦਾ, ”ਕਿਉਂ ਬਈ ਨਾਥਾ ਸਿਆਂ! ਬਾਹਲੇ ਦਿਨਾਂ ਪਿੱਛੋਂ ਸੱਥ ‘ਚ ਆਇਐਂ। ਲਾਮ੍ਹ ਲੂਮ੍ਹ ਨੂੰ ਗਿਆ ਵਿਆ ਸੀ ਕੁ ਮਖਤਿਆਰੋ ਨੇ ਕੁੱਕੜਾਂ ਦੀ ਰਾਖੀ ਬਹਾ ਛੱਡਿਆ ਸੀ?”
ਮੁਖਤਿਆਰੋ ਅਮਲੀ ਦੇ ਘਰ ਵਾਲੀ ਦਾ ਨਾਂ ਸੀ ਜਿਸ ਕਰ ਕੇ ਬਾਬੇ ਨੇ ਮੁਖਤਿਆਰੋ ਦਾ ਨਾਮ ਲੈ ਕੇ ਅਮਲੀ ਪਹਿਲਾਂ ਹੀ ਦੱਬ ਲਿਆ। ਬਾਬਾ ਤਾਰਾ ਸਿਉਂ ਆਇਆ ਵੀ ਤਾਂ ਸੱਥ ‘ਚ ਕਈਆਂ ਦਿਨਾਂ ਪਿੱਛੋਂ ਸੀ, ਕਿਉਂਕਿ ਬਾਬਾ ਨਾਨਕੇ ਛੱਕ ਲੈ ਕੇ ਦੋਹਤੇ ਦੇ ਵਿਆਹ ਗਿਆ ਹੋਇਆ ਸੀ, ਪਰ ਬਾਬੇ ਨੇ ਅਮਲੀ ਨੂੰ ਪਹਿਲਾਂ ਹੀ ਇਸ ਕਰ ਕੇ ਟਿੱਚਰ ਕੀਤੀ ਸੀ ਕਿ ਕਿਤੇ ਅਮਲੀ ਪਹਿਲਾਂ ਉਹਨੂੰ ਟਿੱਚਰ ਨਾ ਕਰ ਜਾਵੇ।
ਬਾਬੇ ਤਾਰਾ ਸਿਉਂ ਦੇ ਮੂੰਹੋਂ ਟਿੱਚਰ ਸੁਣ ਕੇ ਨਾਥਾ ਅਮਲੀ ਨੇ ਬਾਬੇ ਵੱਲ ਇਉਂ ਝਾਕਿਆ ਜਿਵੇਂ ਬਾਬੇ ਨੇ ਅਮਲੀ ਦੀ ਫ਼ੀਮ ਵਾਲੀ ਡੱਬੀ ਲਕੋ ਲਈ ਹੋਵੇ ਤੇ ਅਮਲੀ ਨੂੰ ਪਤਾ ਲੱਗ ਗਿਆ ਹੋਵੇ ਬਈ ਬਾਬੇ ਨੇ ਉਹਦਾ ਕੁਝ ਚੁੱਕ ਕੇ ਲਕੋ ਲਿਆ ਹੈ। ਬਾਬੇ ਦੇ ਮੂੰਹੋਂ ਟਿੱਚਰ ਸੁਣ ਕੇ ਪ੍ਰਤਾਪਾ ਭਾਊ ਬਾਬੇ ਨੂੰ ਕਹਿੰਦਾ, ”ਅੱਜ ਤਾਂ ਬਾਬਾ ਨਾਥੇ ਅਮਲੀ ਦੇ ਟਿੱਚਰ ਕਰਨ ਤੋਂ ਪਹਿਲਾਂ ਈ ਤੋਪ ਦਾ ਗੋਲ਼ਾ ਸਿੱਟ ਗਿਐਂ ਅਮਲੀ ‘ਤੇ। ਊਂ ਤਾਂ ਇੱਕ ਗੱਲੋਂ ਚੰਗਾ ਵੀ ਹੋ ਗਿਆ ਬਈ ਤੂੰ ਆਉਂਦੇ ਨੇ ਪਹਿਲਾਂ ਈ ਅਮਲੀ ਨੂੰ ਮਧੋਲ ਲਿਆ, ਨਹੀਂ ਤਾਂ ਇਹਨੇ ਤੇਰੀਆਂ ਐਹੋ ਜੀਆਂ ਗੁੱਡੀਆਂ ਘਮਾਉਣੀਆਂ ਸੀ, ਢਹੇ ਗੀਰ੍ਹੇ ਅਰਗਾ ਕਰ ਦੇਣਾ ਸੀ ਤੈਨੂੰ।”
ਮਾਹਲਾ ਨੰਬਰਦਾਰ ਪ੍ਰਤਾਪੇ ਭਾਊ ਨੂੰ ਕਹਿੰਦਾ, ”ਕਿਉਂ ਭਾਊ! ਹੁਣ ਤਾਂ ਫ਼ਿਰ ਅਮਲੀ ਮੀਂਹ ‘ਚ ਭਿੱਜ ਕੇ ਫ਼ਿੱਸੇ ਹੋਏ ਗਿੱਲੇ ਤੰਦੂਰ ਅਰਗਾ ਹੋ ਗਿਆ। ਦੋਨਾਂ ‘ਚੋਂ ਇੱਕ ਦੇ ਤਾਂ ਛਿੱਕਲੀ ਪੈਣੀਓ ਈ ਪੈਣੀ ਸੀ। ਤਾਰਾ ਸਿਉਂ ਨ੍ਹੀ ਤਾਂ ਹੁਣ ਅਮਲੀ ਸਹੀ।”
ਸੀਤਾ ਮਰਾਸੀ ਅਮਲੀ ਨੂੰ ਟਿੱਚਰਾਂ ਹੁੰਦੀਆਂ ਸੁਣ ਕੇ ਅਮਲੀ ਵਿੱਚਦੀ ਗੱਲ ਕੱਢ ਕੇ ਬਾਬੇ ਤਾਰਾ ਸਿਉਂ ਨੂੰ ਕਹਿੰਦਾ, ”ਤੇਰੀ ਟਿੱਚਰ ਸੁਣ ਕੇ ਤਾਂ ਅਮਲੀ ਭਿੱਜੀ ਬਿੱਲੀ ਬਣ ਗਿਆ ਬਾਬਾ। ਅੱਜ ਤਾਂ ਤੈਂ ਬਰਫ਼ ਚੀ ਲਾ ‘ਤਾ।”
ਗੱਲਾਂ ਸੁਣੀ ਜਾਂਦਾ ਬੁੱਘਰ ਦਖਾਣ ਵੀ ਬੋਲਿਆ, ”ਅੱਬਲ ਤਾਂ ਅਮਲੀ ਹੁਣ ਦੋ ਤਿੰਨ ਦਿਨ ਸੱਥ ‘ਚ ਨ੍ਹੀ ਆਉਂਦਾ, ਜੇ ਕਿਤੇ ਆ ਵੀ ਗਿਆ ਤਾਂ ਅੱਜ ਆਂਗੂੰ ਗੂੰਗਾ ਚਿੜਾ ਬਣ ਕੇ ਬਹਿਣਾ ਪਊ।”
ਮੁਖਤਿਆਰਾ ਮੈਂਬਰ ਬਾਬੇ ਤਾਰਾ ਸਿਉਂ ਨੂੰ ਕਹਿੰਦਾ, ”ਚੱਲ ਛੱਡ ਯਾਰ ਤਾਇਆ ਤੂੰ ਗੱਲ। ਹੁਣ ਤੂੰ ਵੀ ਦੱਸ ਦੇ ਬਈ ਤੂੰ ਕਿਉਂ ਨ੍ਹੀ ਆਇਆ ਐਨੇ ਦਿਨ ਸੱਥ ‘ਚ?”
ਮੁਖਤਿਆਰੇ ਮੈਂਬਰ ਦੀ ਹਾਂ ‘ਚ ਹਾਂ ਰਲਾਉਂਦਾ ਨਾਥਾ ਅਮਲੀ ਵੀ ਕੰਡੇ ‘ਚ ਹੋ ਕੇ ਬਾਬੇ ਨੂੰ ਕਹਿੰਦਾ, ”ਕਿਉਂ ਬਾਬਾ! ਆਇਆ ਤੂੰ ਐਂ ਪੰਜਾਂ ਦਿਨਾਂ ਮਗਰੋਂ, ਕਹਿ ‘ਤਾ ਮੈਨੂੰ। ਤੂੰ ਦੱਸ ਕਿੱਥੋਂ ਆਇਐਂ ਐਨੇ ਦਿਨਾਂ ਪਿੱਛੋਂ?”
ਬਾਬਾ ਤਾਰਾ ਸਿਉਂ ਕਹਿੰਦਾ, ”ਤੈਨੂੰ ਦੱਸਿਆ ਤਾਂ ਹੈ ਬਈ ਮੇਰੇ ਦੋਹਤੇ ਦਾ ਵਿਆਹ ਸੀ। ਨਾਨਕੇ ਛੱਕ ਭਰ ਕੇ ਆਏ ਆਂ।”
ਨਾਥਾ ਅਮਲੀ ਕਹਿੰਦਾ, ”ਨਾਨਕੇ ਛੱਕ ਭਰ ਕੇ ਆਇਐਂ ਕੁ ਜੇਬ੍ਹ ਖੀਸਾ ਪੜਵਾ ਕੇ ਆਇਐਂ। ਤੁਰ੍ਹਲੇ ਆਲੀ ਪੱਗ ਵੀ ਤੂੰ ਈ ਬੰਨ੍ਹ ਕੇ ਬੈਠਾ ਹੋਏਂਗਾ ਸਾਰਿਆਂ ਤੋਂ ਮੂਹਰੇ, ਪੈਂਸੇ ਕੋਈ ਹੋਰ ਵਾਰੇ, ਮੂਹਰੇ ਤੂੰ ਬੈਠੈਂ,ਹੈਂਅ। ਚੱਲ ਤੂੰ ਹੁਣ ਇਉਂ ਦੱਸ ਬਈ ਜਿੱਥੇ ਗਾਹਾਂ ਜੰਨ ਗਏ ਸੀ, ਚੰਗੀ ਸੇਵਾ ਸੂਵਾ ਹੋਈ ਕੁ ਧੱਲੇ ਕਿਆਂ ਆਲੇ ਨੰਬਰਦਾਰਾਂ ਆਲੀ ਕੀਤੀ ਅਗਲਿਆਂ ਨੇ। ਧੱਲੇ ਕੇ ਵੀ ਆਪਾਂ ਵਿਆਹ ਗਏ ਸੀ, ਯਾਦ ਐ ਤੈਨੂੰ। ਪਤੰਦਰਾਂ ਨੇ ਖਾਣ ਪੀਣ ਆਲਾ ਨਮਾਂ ਈ ਢੌਂਗ ਰਚਾਇਆ ਵਿਆ ਸੀ।”
ਜੰਗੀਰੇ ਕਾ ਭੱਬੂ ਕਹਿੰਦਾ, ”ਧੱਲੇ ਕੇ ਕਿਹੜੇ ਅਮਲੀਆ। ਜਿਹੜਾ ਮੋਗੇ ਕੋਲੇ ਐ। ਓੱਥੇ ਤਾਂ ਮੇਰੇ ਨਾਨਕੇ ਐ।”
ਅਮਲੀ ਕਹਿੰਦਾ, ”ਐਧਰ ਗੰਗਾਨਗਰ ਕੋਲੇ ਐ ਰਾਜਸਥਾਨ ‘ਚ।”
ਧੱਲੇ ਕਿਆਂ ਵਾਲੇ ਨੰਬਰਦਾਰਾਂ ਦਾ ਨਾਂ ਸੁਣ ਕੇ ਆਲਿਆਂ ਨੂੰ ਕੋਈ ਗੱਲ ਥਿਅ੍ਹਾ ਜੇ ਸਹੀ, ਵੱਸ ਫ਼ੇਰ ਐਹੋ ਜਾ ਪੂੰਝਾ ਬੰਨ੍ਹਣਗੇ ਪਤੰਗੀ ਨੂੰ, ਛੱਤਣੀ ਚਾੜ੍ਹ ਕੇ ਹਟਦੇ ਐ ਫ਼ਿਰ ਬਾਬਾ ਤਾਰਾ ਸਿਉਂ ਨਾਥੇ ਅਮਲੀ ਨੂੰ ਕਹਿੰਦਾ, ”ਕਿਉਂ ਖਰੀਂਢ ਚੇੜਦੈਂ ਅਮਲੀਆ। ਢਕੀ ਢਕਾਈ ਰਹਿਣ ਦੇ ਇਹ ਆਪਣੀ ਸੱਥ ਦੀ ਗੱਲ।”
ਬਾਬੇ ਤੇ ਅਮਲੀ ਦੇ ਮੂੰਹੋਂ ਧੱਲੇ ਕਿਆਂ ਆਲੇ ਨੰਬਰਦਾਰਾਂ ਦੀ ਗੱਲ ਦਾ ਜ਼ਿਕਰ ਸੁਣ ਕੇ ਸਾਰੀ ਸੱਥ ਨੇ ਇਉਂ ਕੰਨ ਚੁੱਕ ਲਏ ਜਿਮੇਂ ਅੱਧੀ ਰਾਤ ਨੂੰ ਪਿੰਡ ‘ਚ ਚਾਰ ਪੰਜ ਫ਼ਾਇਰ ਹੋਣ ਪਿੱਛੋਂ ਗੁਰਦੁਆਰੇ ਦੇ ਸਪੀਕਰ ‘ਚੋਂ ਹੋਕੇ ਦੀ ਉਡੀਕ ਸੁਣਨ ਨੂੰ ਸਾਰੇ ਪਿੰਡ ਨੇ ਕੰਨ ਚੁੱਕੇ ਹੋਏ ਹੋਣ ਬਈ ਗੁਰਦੁਆਰੇ ਵਾਲਾ ਭਾਈ ਜੀ ਕੀ ਕਹੂ ਕਿ ਫ਼ਾਇਰ ਕਿੱਥੇ ਹੋਏ ਐ।
ਮਾਹਲਾ ਨੰਬਰਦਾਰ ਨਾਥੇ ਅਮਲੀ ਨੂੰ ਕਹਿੰਦਾ, ”ਅਮਲੀਆ! ਇਹ ਕੀ ਗੱਲ ਐ ਬਈ ਧੱਲੇ ਕਿਆਂ ਆਲੇ ਨੰਬਰਦਾਰਾਂ ਦੇ ਵਿਆਹ ਆਲੀ।”
ਸੀਤਾ ਮਰਾਸੀ ਟਿੱਚਰ ‘ਚ ਹੱਸ ਕੇ ਕਹਿੰਦਾ, ”ਕੁੱਟ ਕੱਟ ਪਈ ਹੋਣੀ ਐ ਬਾਬੇ ਤੇ ਅਮਲੀ ਦੇ ਧੱਲੇ ਕੀ, ਹੋਰ ਕਿਤੇ ਕੌਡੀ ਖੇਡਣ ‘ਚ ਗੁਰਜ ਤਾਂ ਨ੍ਹੀ ਜਿੱਤ ਲਿਆਏ। ਖਾ ਪੀ ਲੀ ਹੋਣੀ ਐ ਬਹੁਤੀ, ਮਾੜੀ ਮੋਟੀ ਕੋਈ ਸ਼ਰਾਰਤ ਸ਼ਰੂਰਤ ਹੋ ਗੀ ਹੋਣੀ ਐ ਕਿਸੇ ਹੋਰ ਤੋਂ, ਤਲੈਬਰ ਇਨ੍ਹਾਂ ਦੇ ਮੌਰਾਂ ‘ਚ ਧਰ ‘ਤੇ ਹੋਣੇ ਐ ਅਗਲਿਆਂ। ਕਿਉਂ ਅਮਲੀਆ ਓਏ! ਇਉਂ ਈ ਹੋਈ ਸੀ ਕੁ ਕੋਈ ਹੋਰ ਗੱਲ ਐ?”
ਅਮਲੀ ਕਹਿੰਦਾ, ”ਕਾਹਨੂੰ ਕੁੱਟ ਪਈ ਸੀ। ਇਹ ਤਾਂ ਬਾਬਾ ਤਾਰਾ ਸਿਉਂ ਕਿਤੇ ਮੈਨੂੰ ਵੀ ਧੱਲੇ ਕੀ ਵਿਆਹ ਲੈ ਗਿਆ।”
ਬੁੱਘਰ ਦਖਾਣ ਨੇ ਅਮਲੀ ਨੂੰ ਗੱਲ ਕਰਦੇ ਨੂੰ ਟੋਕ ਕੇ ਪੁੱਛਿਆ, ”ਧੱਲੇ ਕੀ ਕੀਅ੍ਹੈ ਬਾਬੇ ਦਾ ਜਾਂ ਤੇਰਾ ਓਏ?”
ਮਾਹਲਾ ਨੰਬਰਦਾਰ ਬੁੱਘਰ ਦਖਾਣ ਦੀ ਗੱਲ ਸੁਣ ਕੇ ਬੁੱਘਰ ਨੂੰ ਚੁੱਪ ਕਰਾਉਂਦਾ ਬੋਲਿਆ, ”ਚੁੱਪ ਕਰ ਖਾਂ ਮਿਸਤਰੀਆ। ਗੱਲ ਸੁਣਨ ਦੇ ਯਾਰ। ਤਾਰਾ ਸਿਉਂ ਕੇ ਬਜੁਰਗਾਂ ਦੀ ਪੁਰਾਣੀ ਲਿਹਾਜ ਐ ਧੱਲੇ ਕਿਆਂ ਆਲੇ ਨੰਬਰਦਾਰਾਂ ਨਾਲ। ਸਕੀਰੀ ਨਾਲੋਂ ਵੱਧ ਵਰਤਦੇ ਆਪਸ ਵਿੱਚ।”
ਜੰਗਾ ਰਾਹੀ ਕਹਿੰਦਾ, ”ਤੇ ਅਮਲੀ ਦੇ ਕੀ ਨੰਬਰਦਾਰਾਂ ਨਾਲ ਲੇਲ਼ੇ ਸਾਂਝੇ ਐ। ਇਹ ਕਿਮੇਂ ਗਿਆ ਸੀ ਵਿਆਹ?”
ਮਾਹਲਾ ਨੰਬਰਦਾਰ ਜੰਗੇ ਰਾਹੀ ਨੂੰ ਵੀ ਹਰਖ ਕੇ ਬੋਲਿਆ, ”ਓਏ ਚੁੱਪ ਤਾਂ ਕਰ ਬਾਪੂ! ਗੱਲ ਸੁਣ ਲੈਣ ਦੇ ਯਾਰ। ਤੂੰ ਵਾਧੂ ਈ ਲੋਗੜ ਵਕੀਲ ਬਣਿਐ ਬੈਠੈਂ ਵਿੱਚ। ਜਦੋਂ ਨੂੰ ਗੱਲ ਤੁਰਦੀ ਐ, ਉਦੋਂ ਨੂੰ ਸਾਗ ‘ਚ ਡੋਈ ਫ਼ੇਰਨ ਆਲੀ ਗੱਲ ਕਰ ਦਿੰਨੇ ਐਂ। ਚੁੱਪ ਕਰ ਜਾ, ਹੁਣ ਨਾ ਬੋਲੀਂ।”
ਜੰਗੇ ਰਾਹੀ ਤੇ ਬੁੱਘਰ ਦਖਾਣ ਨੂੰ ਚੁੱਪ ਹੋਇਆ ਵੇਖ ਕੇ ਸੀਤਾ ਮਰਾਸੀ ਨਾਥੇ ਅਮਲੀ ਨੂੰ ਕਹਿੰਦਾ, ”ਹਾਂ ਬਈ ਨਾਥਾ ਸਿਆਂ! ਦੱਸ ਫ਼ਿਰ ਧੱਲੇ ਕਿਆਂ ਆਲੇ ਨੰਬਰਦਾਰਾਂ ਦੇ ਵਿਆਹ ਦੀ ਗੱਲ।”
ਨਾਥਾ ਅਮਲੀ ਗੱਲ ਸੁਣਾਉਣ ਨੂੰ ਪੈਰਾਂ ਭਾਰ ਹੋ ਕੇ ਬਾਬੇ ਤਾਰਾ ਸਿਉਂ ਦੇ ਨੇੜੇ ਹੋ ਕੇ ਕਹਿੰਦਾ, ”ਬਾਬਾ ਤਾਰਾ ਸਿਉਂ ਧੱਲੇ ਕਿਆਂ ਆਲੇ ਨੰਬਰਦਾਰਾਂ ਦੇ ਮੁੰਡੇ ਦੇ ਵਿਆਹ ‘ਚ ਮੈਨੂੰ ਵੀ ਲੈ ਗਿਆ। ਨੰਬਰਦਾਰਾਂ ਨੂੰ ਸਾਰਾ ਪਿੰਡ ਕੰਜੂਸਾਂ ਦਾ ਲਾਣਾ ਕਹਿੰਦਾ। ਪਰ ਅਸੀਂ ਸਕੀਮੀਆਂ ਦਾ ਲਾਣਾ ਨਾਓਂ ਧਰ ਆਏ ਆਂ। ਨੰਬਰਦਾਰਾਂ ਨੇ ਜੰਨ ਚੜ੍ਹਣ ਤੋਂ ਇੱਕ ਦਿਨ ਪਹਿਲਾਂ ਮੁੰਡੇ ਦਾ ਮੰਗਣਾ ਕੀਤਾ ਸੀ ਤੇ ਅਗਲੇ ਦਿਨ ਜੰਨ ਗਈ ਸੀ। ਮੰਗਣੇ ਆਲੇ ਦਿਨ ਨੰਬਰਦਾਰਾਂ ਦੇ ਬਹੁਤ ਵੱਡੀ ਪਾਰਟੀ ਕੀਤੀ। ਅੱਡ ਅੱਡ ਪੰਜ ਟੈਂਟ ਲਾਏ ਵੇ ਸੀ। ਉਨ੍ਹਾਂ ਟੈਂਟਾਂ ਤੋਂ ਮੂਹਰੇ ਇੱਕ ਛੋਟਾ ਜਾ ਹੋਰ ਟੈਂਟ ਲਾਇਆ ਵਿਆ ਸੀ ਜੀਹਦੇ ‘ਚ ਬਹਿ ਕੇ ਨੰਬਰਦਾਰ ਲੋਕਾਂ ਤੋਂ ਤੇ ਸਕੀਰੀ ਆਲਿਆਂ ਤੋਂ ਨਿਉਂਦਾ ਲੈ ਕੇ ਬਹੀ ‘ਤੇ ਲਿਖਦੇ ਸੀ। ਓੱਦੂੰ ਪਿੱਛੋਂ ਜਿਹੜੇ ਪੰਜ ਟੈਂਟ ਲੱਗੇ ਵੇ ਸੀ, ਨਿਉਂਦਾ ਲੈ ਕੇ ਉਨ੍ਹਾਂ ‘ਚ ਅੱਡ ਅੱਡ ਕਰਕੇ ਭੇਜ ਦਿੰਦੇ ਸੀ। ਜਿਹੜਾ ਤਾਂ ਨਿਉਂਦੇ ਦੇ ਦਸ ਰਪੀਏ ਸ਼ਗਨ ਦਿੰਦਾ ਸੀ, ਉਨ੍ਹਾਂ ਨੂੰ ਤਾਂ ‘ਕੱਲੀ ਚਾਹ ਤੇ ਠੰਢੇ ਜੇ ਪਤੌੜਾਂ ਆਲੇ ਟੈਂਟ ‘ਚ ਵਾੜ ਦਿਆ ਕਰਨ ਨੰਬਰਦਾਰ, ਜਿਹੜੇ ਵੀਹ ਕੁ ਰਪੀਏ ਸ਼ਗਨ ਪਾਉਂਦੇ ਸੀ ਉਨ੍ਹਾਂ ਨੂੰ ਚਾਹ ਪਤੌੜਾਂ ਨਾਲ ਜਲੇਬੀਆਂ ਆਲੇ ਟੈਂਟ ‘ਚ ਵਾੜ ਦਿੰਦੇ ਸੀ। ਪੰਜਾਹਾਂ ਰਪੀਆਂ ਆਲਿਆਂ ਨੂੰ ਬਰਫ਼ੀ ਬੁਰਫ਼ੀ ਤੇ ਰਸ ਗੁੱਲੇ ਮਿਲਦੇ ਸੀ। ਜਿਹੜੇ ਸੌ ਰਪੀਆਂ ਆਲੇ ਸੀ, ਉਹ ਝਟਕੇ ਨਾਲ ਰੋਟੀ ਵੀ ਖਾ ਕੇ ਗਏ। ਜਿਹੜੇ ਸੌ ਤੋਂ ਵੱਧ ਆਲੇ ਸੀ, ਉਨ੍ਹਾਂ ਨੂੰ ਦਾਰੂ ਛਿੱਕਾ ਵੀ ਮਿਲਿਆ, ਆਂਡਿਆਂ ਦੀ ਭੁਰਜੀ ਵੀ ਮਿਲੀ। ਬੱਕਰੇ ਦਾ ਝੱਟਕਾ ਵੀ ਦਿੱਤਾ। ਹੋਰ ਵੀ ਬਹੁਤ ਨਿੱਕ ਸੁੱਕ ਸੀ।”
ਅਮਲੀ ਦੀ ਗੱਲ ਵਿੱਚੋਂ ਟੋਕ ਕੇ ਗਮਦੂਰੇ ਬੁੜ੍ਹੇ ਨੇ ਅਮਲੀ ਨੂੰ ਪੁੱਛਿਆ, ”ਤੂੰ ਤੇ ਤਾਰਾ ਸਿਉਂ ਫ਼ਿਰ ਕਿੰਨੇ ਰਪੀਆਂ ਆਲੇ ਟੈਂਟ ‘ਚ ਵੜ੍ਹੇ, ਆਵਦੀ ਦੀ ਦੱਸ ਦੇ?”
ਸੀਤਾ ਮਰਾਸੀ ਟਿੱਚਰ ‘ਚ ਕਹਿੰਦਾ, ”ਬਾਬਾ ਤਾਰਾ ਸਿਉਂ ਤਾਂ ਸੌ ਰਪੀਏ ਆਲੇ ਟੈਂਟ ਚੀ ਗਿਆ ਹੋਊ। ਇਹਦੇ ਅਮਲੀ ਕੋਲੇ ਪੰਜ ਰਪੀਏ ਹੋਣੇ ਐ ਅਗਲਿਆਂ ਨੇ ਇਹਨੂੰ ਨਿਉਂਦੇ ਆਲੇ ਟੈਂਟ ਦੇ ਬਾਹਰ ਈ ਬਠਾ ਕੇ ਲੱਡੂ ਜਲੇਬੀਆਂ ਤੇ ਪਤੌੜਾਂ ਪਤੂੜਾਂ ਦਾ ਗਤਾਵਾ ਜਾ ਕਰਕੇ ਮੋਢੇ ਆਲੇ ਡਵੱਟੇ ‘ਚ ਪਾ ਕੇ ਕਹਿ ‘ਤਾ ਹੋਣਾ ‘ਹੋਥੇ ਪਰ੍ਹਾਂ ਹੋ ਕੇ ਖਾ ਲਾ’।”
ਗਮਦੂਰਾ ਬੁੜ੍ਹਾਂ ਕਹਿੰਦਾ, ”ਨਹੀਂ ਯਾਰ ਇਉਂ ਤਾਂ ਨ੍ਹੀ ਹੋਈ ਹੋਣੀ। ਫ਼ਿਰ ਵੀ ਤਾਰਾ ਸਿਉਂ ਦਾ ਬਾਡੀਗਾਡ ਬਣ ਕੇ ਗਿਆ ਸੀ, ਦਸਾਂ ਆਲੇ ਟੈਂਟ ‘ਚ ਤਾਂ ਵੜਿਆ ਈ ਹੋਊ ਜੇ ਤਾਰਾ ਸਿਉਂ ਨਾਲ ਨਹੀਂ ਗਿਆ ਤਾਂ।”
ਆ ਹੋਇਆ ਤਾਂ ਅਗਲਿਆਂ ਨੇ ਇਉਂ ਘੜੀਸ ਕੇ ਬਾਹਰ ਕੱਢਿਆ ਹੋਣੈ ਜਿਮੇਂ ਨਿਹਾਲੂ ਦੀ ਆਟਾ ਚੱਕੀ ਤੋਂ ਕੁੱਤੇ ਆਟੇ ਦੀ ਬੋਰੀ ਘੜੀਸ ਕੇ ਲੈ ਗੇ ਸੀ।”
ਅਮਲੀ ਸੀਤੇ ਮਰਾਸੀ ਤੋਂ ਟਿੱਚਰ ਸੁਣ ਕੇ ਅਮਲੀ ਨੂੰ ਹਰਖ ਕੇ ਪੈ ਗਿਆ, ”ਟੈਂਟ ਤੂੰ ਲਾ ਕੇ ਆਇਆ ਸੀ ਓੱਥੇ ਬਈ ਤੈਨੂੰ ਬਾਹਲਾ ਪਤੈ। ਪਿੰਡ ਦੀ ਕਦੇ ਜੂਹ ਨ੍ਹੀ ਟੱਪਿਆ, ਗੱਲਾਂ ਕਰੂ ਵਲੈਤ ਦੀਆਂ। ਬੈਠਾ ਰਹਿ ਓਏ ਅੰਨ ਖਾਣਿਆਂ। ਸਾਲਾ ਤੁਰਲ ਮੁਰਲ ਜਾ ਨਾ ਹੋਵੇ ਤਾਂ।”
ਨਾਥੇ ਅਮਲੀ ਨੂੰ ਹਰਖਿਆ ਵੇਖ ਕੇ ਬਾਬੇ ਤਾਰਾ ਸਿਉਂ ਨੇ ਮਾਰਿਆ ਫ਼ਿਰ ਦਬਕਾ, ”ਬਹਿੰਦੇ ਨ੍ਹੀ ਓਏ ਚੁੱਪ ਕਰ ਕੇ। ਗੱਲ ਕੀ ਚੱਲਦੀ ਸੀ ਕਰਦੇ ਕੀ ਐ। ਆਂਏਂ ਤੁਸੀਂ ਲੜ ਪੈਣਾ। ਸੋਨੂੰ ਤਾਂ ਕਿਸੇ ਨੇ ਕਹਿਣਾ ਕੁਸ ਨ੍ਹੀ, ਸਾਡਾ ਧੌਲ਼ਾ ਝਾਟਾ ਪਟਾਉਂਗੇ ਪਿੰਡ ਆਲਿਆਂ ਤੋਂ। ਪਿੰਡ ਆਲੇ ਤਾਂ ਸਾਨੂੰ ਈ ਕਹਿਣਗੇ ਬਈ ਤੁਸੀਂ ਤਾਂ ਸਿਆਣੇ ਸੀ, ਤੁਸੀਂ ਤਾਂ ਇਨ੍ਹਾਂ ਨੂੰ ਵਰਜਦੇ। ਚਲੋ ਉੱਠੋ ਘਰਾਂ ਨੂੰ ਚਲੋ, ਐਮੇ ਖ਼ਾਹਮਖਾਹ ਲੜ ਪੋਂ ਗੇ, ਉੱਠੋ। ਤੂੰ ਉੱਠ ਓਏ ਮੀਰ ਪਹਿਲਾਂ। ਚਲ, ਚਲੋ ਸਾਰੇ ਚਲੋ ਘਰਾਂ ਨੂੰ। ਚਲ ਓ ਨਾਥਾ ਸਿਆਂ ਤੁੰ ਵੀ ਤੁਰ ਘਰ ਨੂੰ।”
ਬਾਬੇ ਤਾਰਾ ਸਿਉਂ ਦਾ ਦਬਕਾ ਸੁਣ ਕੇ ਸਾਰੇ ਸੱਥ ਵਾਲੇ ਧੱਲੇ ਕਿਆਂ ਵਾਲੇ ਨੰਬਰਦਾਰਾਂ ਦੇ ਵਿਆਹ ਦੀਆਂ ਗੱਲਾਂ ਕਰਦੇ ਆਪੋ ਆਪਣੇ ਘਰਾਂ ਨੂੰ ਤੁਰ ਗਏ।