ਸੈਰ ਕਰਨ ਦੇ ਫ਼ਾਇਦੇ

ਤੁਰਨਾ-ਫ਼ਿਰਨਾ ਸਿਹਤ ਲਈ ਬਹੁਤ ਹੀ ਜ਼ਰੂਰੀ ਹੈ। ਇਹ ਸਰੀਰ ਨੂੰ ਤਾਜ਼ਗੀ ਅਤੇ ਮਜ਼ਬੂਤੀ ਪ੍ਰਦਾਨ ਕਰਨ ਤੋਂ ਇਲਾਵਾ ਸਵੈ-ਵਿਸ਼ਵਾਸ ਵੀ ਪੈਦਾ ਕਰਦਾ ਹੈ ਪਰ ਅੱਜ-ਕੱਲ੍ਹ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿੱਚ ਸਾਡੇ ਲਈ ਆਪਣੀ ਸਿਹਤ ਲਈ ਸਮਾਂ ਕੱਢਣਾ ਬਹੁਤ ਔਖਾ ਹੋ ਗਿਆ ਹੈ, ਜਿਸ ਕਰਕੇ ਸਰੀਰ ‘ਤੇ ਤਣਾਅ-ਚਿੰਤਾ ਦਾ ਅਸਰ ਵਧਦਾ ਜਾ ਰਿਹਾ ਹੈ ਅਤੇ ਮਨੁੱਖ ਅਨੇਕਾਂ ਬਿਮਾਰੀਆਂ ਵਿੱਚ ਘਿਰਦਾ ਜਾ ਰਿਹਾ ਹੈ। ਬਹੁਤੀਆਂ ਬਿਮਾਰੀਆਂ ਦੀ ਜੜ੍ਹ ਚਿੰਤਾ ਹੀ ਹੈ। ਚਿੰਤਾ ਤੰਦਰੁਸਤ ਸਰੀਰ ਨੂੰ ਵੀ ਖੋਖਲਾ ਬਣਾ ਦਿੰਦੀ ਹੈ ਤੇ ਮਰੀਜ਼ ਤਣਾਅ ਦਾ ਸ਼ਿਕਾਰ ਹੋ ਜਾਂਦਾ ਹੈ। ਇਨ੍ਹਾਂ ਸਭ ਨਤੀਜਿਆਂ ਤੋਂ ਬਚਣ ਵਾਸਤੇ ਸੈਰ ਕਰਨੀ ਬੇਹੱਦ ਜ਼ਰੂਰੀ ਹੈ। ਰੋਜ਼ਾਨਾ ਅੱਧੇ ਘੰਟੇ ਦੀ ਸੈਰ ਸਰੀਰ ਨੂੰ ਤੰਦਰੁਸਤ ਰੱਖਣ ਲਈ ਲਾਭਦਾਇੱਕ ਸਿੱਧ ਹੋਈ ਹੈ।
ਸੈਰ ਕਰਨ ਦੇ ਫ਼ਾਇਦੇ
ਰੋਜ਼ਾਨਾ ਸੈਰ ਕਰਨ ਨਾਲ ਮਨ ਖਿੜਿਆ ਰਹਿੰਦਾ ਹੈ। ਇਸ ਨਾਲ ਸਰੀਰ ਦੇ ਸੈੱਲ ਵੀ ਤਰੋ-ਤਾਜ਼ਾ ਹੋ ਜਾਂਦੇ ਹਨ ਅਤੇ ਮੁੜ ਊਰਜਾਵਾਨ ਹੋ ਕੇ ਆਪਣੇ ਕੰਮਾਂ ਵਿੱਚ ਜੁਟ ਜਾਂਦੇ ਹਨ।
ਹਫ਼ਤੇ ਵਿੱਚ ਤਿੰਨ ਵਾਰੀ ਕੀਤੀ 30 ਮਿੰਟਾਂ ਦੀ ਸੈਰ ਦਿਲ ਲਈ ਫ਼ਾਇਦੇਮੰਦ ਸਾਬਤ ਹੋਈ ਹੈ। ਇਹ ਦਿਲ ਅਤੇ ਫ਼ੇਫ਼ੜਿਆਂ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ। ਇਸ ਤਰ੍ਹਾਂ ਹੌਲੀ- ਹੌਲੀ ਸਰੀਰ ਦੀ ਸੈਰ ਕਰਨ ਅਤੇ ਬਿਨਾਂ ਥਕਾਵਟ ਤੋਂ ਕੰਮ ਕਰਨ ਦੀ ਸਮਰੱਥਾ ਵਧਦੀ ਹੈ।
ਸੈਰ ਕਰਨ ਨਾਲ ਕੋਲੈਸਟ੍ਰੋਲ ਵੀ ਘਟਦਾ ਹੈ, ਜਿਸ ਨਾਲ ਦਿਲ ਜਵਾਨ ਰਹਿੰਦਾ ਹੈ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਵੀ ਘਟ ਜਾਂਦਾ ਹੈ।
ਸੈਰ ਕਰਨ ਨਾਲ ਚਿੰਤਾ ਵਧਾਉਣ ਵਾਲੇ ਹਾਰਮੋਨ ਘਟ ਜਾਂਦੇ ਹਨ ਅਤੇ ‘ਬੀਟਾ ਐਂਡੋਰਫ਼ਿਨ’ ਨਾਮਕ ਚਿੰਤਾ ਘਟਾਉਣ ਵਾਲੇ ਹਾਰਮੋਨ ਵਧ ਜਾਂਦੇ ਹਨ। ਇਸ ਤਰ੍ਹਾਂ ਸੈਰ ਤਣਾਅਗ੍ਰਸਤ ਰੋਗੀਆਂ ਲਈ ਕਾਫ਼ੀ ਕਾਰਗਰ ਸਾਬਤ ਹੋਈ ਹੈ।
ਤਕਰੀਬਨ 20 ਮਿੰਟਾਂ ਦੀ ਤੇਜ਼ ਸੈਰ ਕਰਨ ਤੋਂ ਬਾਅਦ ਹੌਲੀ-ਹੌਲੀ ਰਫ਼ਤਾਰ ਘਟਾ ਦੇਣੀ ਚਾਹੀਦੀ ਹੈ। ਇਸ ਨਾਲ ਸਰੀਰ ਦੇ ਵੱਖ-ਵੱਖ ਅੰਗਾਂ ਅਤੇ ਮਾਸਪੇਸ਼ੀਆਂ ਦੀ ਲਚਕਤਾ ਵਧਦੀ ਹੈ।
ਉਮਰ ਦੇ ਨਾਲ ਹੱਡੀਆਂ ਕਮਜ਼ੋਰ ਹੋ ਕੇ ਭੁਰਨ ਲੱਗ ਜਾਂਦੀਆਂ ਹਨ। ਇਸ ‘ਓਸਟੀਓਪੋਰੋਸਿਸ’ ਨਾਮਕ ਬਿਮਾਰੀ ਤੋਂ ਬਚਣ ਲਈ ਹਫ਼ਤੇ ਵਿੱਚ ਚਾਰ ਵਾਰੀ ਅੱਧਾ ਘੰਟਾ ਸੈਰ ਲਈ ਜ਼ਰੂਰ ਜਾਣਾ ਚਾਹੀਦਾ ਹੈ।
ਸੈਰ ਮਾਨਸਿਕ ਤੌਰ ‘ਤੇ ਵੀ ਸਰੀਰ ਨੂੰ ਤੰਦਰੁਸਤ ਰੱਖਦੀ ਹੈ। ਸੈਰ ਕਰਨ ਤੋਂ ਬਾਅਦ ਸਰੀਰ ਥਕਾਵਟ ਮਹਿਸੂਸ ਕਰਦਾ ਹੈ ਅਤੇ ਇਸ ਤਰ੍ਹਾਂ ਨੀਂਦ ਵੀ ਵਧੀਆ ਆਉਂਦੀ ਹੈ।
ਸਰੀਰ ਦਾ ਸੁਰੱਖਿਆਤੰਤਰ ਵੀ ਸੈਰ ਕਰਨ ਨਾਲ ਮਜ਼ਬੂਤ ਹੁੰਦਾ ਹੈ ਅਤੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧ ਜਾਂਦੀ ਹੈ।
ਸ਼ੂਗਰ ਦੇ ਮਰੀਜ਼ਾਂ ਲਈ ਰੋਜ਼ਾਨਾ ਅੱਧੇ ਘੰਟੇ ਦੀ ਸੈਰ ਬਹੁਤ ਜ਼ਰੂਰੀ ਹੈ। ਰੋਜ਼ਾਨਾ ਸੈਰ ਕਰਨ ਨਾਲ ਕੈਂਸਰ ਦਾ ਖ਼ਤਰਾ ਵੀ ਘਟ ਜਾਂਦਾ ਹੈ। ਸੈਰ ਕਰਨ ਨਾਲ ਭਾਰ ਘਟਦਾ ਹੈ ਅਤੇ ਬਲੱਡ-ਪ੍ਰੈੱਸ਼ਰ ਵੀ ਠੀਕ ਰਹਿੰਦਾ ਹੈ। ਇਸ ਕਰਕੇ ਬਲੱਡ-ਪ੍ਰੈੱਸ਼ਰ ਜ਼ਿਆਦਾ ਰਹਿਣ ਵਾਲੇ ਮਰੀਜ਼ਾਂ ਲਈ ਸੈਰ ਬਹੁਤ ਜ਼ਰੂਰੀ ਹੈ।