ਨਿਮੋਲੀਆਂ

ਮੇਰੀ ਵੱਡੀ ਲੜਕੀ ਮਮਤਾ ਅਜੇ ਥੋੜ੍ਹੇ ਦਿਨਾਂ ਦੀ ਸੀ। ਮੈਂ ਬਾਹਰੋਂ ਖੇਤਾਂ ਵਿੱਚੋਂ ਨਵੀਂ ਪੁੰਗਰੀ ਨਿੰਮ, ਜਿਹੜੀ ਅਜੇ ਨਿਮੋਲੀ ‘ਚੋਂ ਨਿਕਲ ਕੇ ਚਾਰ ਕੁ ਪੱਤਿਆਂ ਨਾਲ ਹੀ ਬਾਹਰਲੇ ਸੁੰਦਰ ਮੌਸਮ ‘ਚ ਮੁਸਕਰਾ ਰਹੀ ਸੀ, ਨੂੰ ਲਿਆ ਕੇ ਘਰ ਦੇ ਵਿਹੜੇ ਵਿੱਚਕਾਰ ਟੋਆ ਪੁੱਟ ਕੇ ਲਾ ਦਿੱਤੀ। ਦਿਨਾਂ ਵਿੱਚ ਹੀ ਨਿੰਮ ਤੁਰ ਪਈ। ਚਿਕਣੇ ਮੁਲਾਇਮ ਪੱਤੇ।ਮਮਤਾ ਰਿੜ੍ਹਨ ਲੱਗ ਪਈ। ਨਿੱਕੇ-ਨਿੱਕੇ ਸੋਹਲ ਜਿਹੇ ਪੈਰਾਂ ਨਾਲ ਤੁਰਨ ਲੱਗ ਪਈ। ਭੱਜਣ ਲੱਗ ਪਈ ਤੇ ਕਿਲਕਾਰੀਆਂ ਮਾਰਦੀ ਨਿੰਮ ਦੇ ਦੁਆਲੇ ਗੇੜੇ ਕੱਢਦੀ ਰਹਿੰਦੀ। ਮਮਤਾ ਤੇ ਨਿੰਮ ‘ਹਾਨਣਾਂ’ ਸਹੇਲੀਆਂ।ਨਿੰਮ ਵਧਦੀ ਵਿਸ਼ਾਲ ਰੂਪ ਧਾਰਨ ਕਰ ਗਈ। ਸਾਰੇ ਵਿਹੜੇ ਵਿੱਚ ਖਿੱਲਰ ਗਈ। ਲੰਮੇ-ਲੰਮੇ ਟਾਹਣ ਕੰਧੋਂ ਪਾਰ ਤਾਇਆ ਜੀ ਦੇ ਵਿਹੜੇ ਵਿੱਚ ਵੀ ਛਾਂ ਕਰਨ ਲੱਗ ਪਏ। ਤਾਇਆ ਜੀ ਦੇ ਪਰਿਵਾਰ ਦੀਆਂ ਮੰਜੀਆਂ ਵੀ ਦੁਪਹਿਰ ਵੇਲੇ, ਕੰਧ ਦੇ ਨਾਲ-ਨਾਲ ਨਿੰਮ ਦੇ ਟਾਹਣਾਂ ਦੀ ਗੂੜ੍ਹੀ ਛਾਂ ਥੱਲੇ ਡਹਿ ਜਾਂਦੀਆਂ। ਜਦੋਂ ਨਿੰਮ ਨੂੰ ਨਿੱਕੇ-ਨਿੱਕੇ ਫ਼ੁੱਲ ਪੈਂਦੇ, ਨਿਮੋਲੀਆਂ ਲੱਗਦੀਆਂ ਤਾਂ ਸਾਰਾ ਚੌਗਿਰਦਾ ਹੀ ਨਿੰਮੀ-ਨਿੰਮੀ ਰਾਂਗਲੀ ਮਹਿਕ ਨਾਲ ਭਰ ਜਾਂਦਾ।ਤਾਇਆ ਜੀ ਪਿੰਡ ਛੱਡ ਕੇ ਸਣੇ ਪਰਿਵਾਰ ਮੁਕਤਸਰ ਜਾ ਵਸੇ ਤਾਂ  ਆਪਣਾ ਘਰ ਸਾਡੇ ਸਪੁਰਦ ਕਰ ਗਏ। ਵਿੱਚਕਾਰਲੀ ਕੰਧ ਢਾਅ ਦਿੱਤੀ ਗਈ। ਵਿਹੜਾ ਖੁੱਲ੍ਹਾ ਹੋ ਗਿਆ। ਨਿੰਮ ਦੇ ਟਾਹਣੇ ਹੋਰ ਫ਼ੈਲ ਗਏ। ਵਿਹੜੇ ਦੇ ਚਾਰੇ ਪਾਸੇ ਬੀਬੀ ਜੀ, ਪਿਤਾ ਜੀ ਅਤੇ ਮੇਰੇ ਭਰਾਵਾਂ ਦੇ ਕਮਰੇ ਅਤੇ ਵਿੱਚਕਾਰ ਵਿਸ਼ਾਲ ਹਰੀ-ਭਰੀ ਸੰਘਣੀ ਨਿੰਮ। ਸਾਰਾ ਦਿਨ ਸਾਰੇ  ਸਾਂਝੇ ਪਰਿਵਾਰ ਦੇ ਮੰਜੇ ਨਿੰਮ ਥੱਲੇ ਹੀ ਡਹੇ ਰਹਿੰਦੇ। ਕੋਈ ਭੈਣ-ਭਰਾ, ਰਿਸ਼ਤੇਦਾਰ ਆਇਆ ਹੋਵੇ ਤਾਂ ਵੀ ਨਿੰਮ ਥੱਲੇ ਹੀ। ਬਿਜਲੀ ਆਵੇ ਨਾ ਆਵੇ, ਨਿੰਮ ਥੱਲੇ ਪਾਣੀ ਛਿੜਕ ਕੇ ਮੰਜੇ ਡਾਹੋ ਤੇ ਮੌਜ ਕਰੋ।ਮਮਤਾ ਜਦੋਂ ਤੀਜੀ ਜਮਾਤ ਵਿੱਚ ਪੜ੍ਹਦੀ ਸੀ ਅਤੇ ਕਾਕਾ ਅਜੇ ਛੋਟਾ ਸੀ। ਮੈਂ ਫ਼ਰੀਦਕੋਟ ਆਪਣਾ ਮਕਾਨ ਬਣਾ ਕੇ ਰਹਿਣ ਲੱਗ ਪਿਆ। ਹੁਣ ਕਦੇ-ਕਦਾਈਂ ਪਿੰਡ ਗੇੜਾ ਲੱਗਦਾ। ਜਿੰਨਾ ਚਿਰ ਪਿੰਡ ਰਹੀਦਾ, ਬਸ ਡੇਰੇ ਨਿੰਮ ਥੱਲੇ ਹੀ। ਹੱਥੀਂ ਲਾਏ ਬੂਟੇ ਦੀ ਛਾਂ ਦਾ ਆਨੰਦ ਮਾਨਣ ਦਾ ਆਪਣਾ ਵੱਖਰਾ ਹੀ ਸੁਆਦ ਹੁੰਦੈ।ਮਮਤਾ ਦੇ ਵਿਆਹ ਤੋਂ ਬਾਅਦ ਪਿੰਡ ਗਏ ਤਾਂ ਮਮਤਾ ਅਤੇ ਮੇਰਾ ਜੁਆਈ ਵੀ ਨਾਲ ਸੀ। ਮਮਤਾ ਦੇ ਕੁੱਛੜ ਇੱਕ ਨਿੱਕੀ ਜਿਹੀ ਗੋਲ-ਮਟੋਲ ਧੀ ਵੀ ਸੀ। ਘਰ ਅੰਦਰ ਵੜਦਿਆਂ ਹੀ ਮਮਤਾ ਕਮਲਿਆਂ ਵਾਂਗੂ ਆਪਣੀ ਭੋਰਾ ਕੁ ਜਿੰਨੀ ਕੁੜੀ ਨੂੰ ਲੈ ਕੇ ਭੱਜ ਕੇ ਨਿੰਮ ਦੇ ਥੱਲੇ ਕੱਚੀ ਥਾਂ ਉੱਤੇ ਹੀ ਧੱਪ ਦੇਣੇ ਬਹਿ ਗਈ। ਬੀਬੀ ਨੇ ਬਥੇਰਾ ਰੌਲਾ ਪਾਇਆ, ”ਨੀਂ ਮਮਤਾ ਲੀੜੇ ਖ਼ਰਾਬ ਹੋ ਜਾਣਗੇ, ਉੱਠ ਕੇ ਮੰਜੇ ‘ਤੇ ਬਹਿਜਾ।””ਨਹੀਂ ਬੀਬੀ, ਮੈਂ ਤਾਂ ਐਥੇ ਭੁੰਜੇ ਈ ਬੈਠੂੰ ਨਿੱਕੀ ਹੁੰਦੀ ਵੀ ਤਾਂ ਇਸੇ ਮਿੱਟੀ ‘ਚ ਖੇਡਦੀ ਹੁੰਦੀ ਸੀ। ਨਾਲੇ ਨਿੰਮ ਤਾਂ ਮੇਰੀ ਸਹੇਲੀ ਆ, ਮੇਰੀ ਹਾਨਣ।” ਮਮਤਾ ਜ਼ਿੱਦ ਜਿਹੀ ਕਰ ਕੇ ਕਿੰਨਾ ਚਿਰ ਈ ਭੁੰਜੇ ਬੈਠੀ ਰਹੀ।ਦੋ ਕੁ ਮਹੀਨੇ ਪਹਿਲਾਂ ਮੈਂ ਪਿੰਡ ਗਿਆ ਸਾਂ। ਪਿਤਾ ਜੀ ਨੂੰ ਕਿਹਾ ਸੀ ਕਿ ਨਿਮੋਲੀਆਂ ਇੱਕੱਠੀਆਂ ਕਰ ਕੇ ਰੱਖਣ। ਦਵਾਈ ਬਣਾਉਣੀ ਸੀ। ਉਦੋਂ ਪਿੰਡ ਵਾਲੀ ਥਾਂ ਵੰਡਣ ਦੀ ਗੱਲ ਤੁਰੀ ਸੀ ਪਰ ਮੈਂ ਬਹੁਤਾ ਧਿਆਨ ਨਹੀਂ ਸੀ ਦਿੱਤਾ।ਕੁਝ ਦਿਨ ਪਹਿਲਾਂ ਪਿੰਡੋਂ ਫ਼ੋਨ ਆਇਆ ਸੀ। ਪਿਤਾ ਜੀ ਢਿੱਲੇ (ਬੀਮਾਰ) ਸਨ। ਪਤਾ ਲੈਣ ਜਾਣ ਲਈ ਤੁਰਨ ਲੱਗਿਆ ਤਾਂ ਮਮਤਾ ਦਾ ਫ਼ੋਨ ਆ ਗਿਆ। ਹਾਲ-ਚਾਲ ਪੁੱਛ ਰਹੀ ਸੀ। ਮੈਂ ਦੱਸਿਆ ਕਿ ਪਿੰਡ ਜਾ ਰਿਹਾ ਹਾਂ, ਪਿਤਾ ਜੀ ਦਾ ਪਤਾ ਲੈਣ। ਪਿੰਡ ਜਾ ਕੇ ਬੂਹੇ ਅੱਗੇ ਸਕੂਟਰ ਠੱਲ੍ਹਿਆ ਈ ਸੀ ਸਾਹਮਣੇ ਨਿਗ੍ਹਾ ਪਈ ਤਾਂ ਮੇਰੀਆਂ ਅੱਖਾਂ ਮੂਹਰੇ ਜਿਵੇਂ ਹਨੇਰਾ ਛਾ ਗਿਆ ਹੋਵੇ ਜਿਵੇਂ ਸਿਰ ਉੱਤੇ ਕੋਈ ਭਾਰੀ ਪੱਥਰ ਆਣ ਡਿੱਗਿਆ ਹੋਵੇ। ਮੈਂ ਡੌਰ-ਭੌਰ ਹੋਇਆ ਪਾਟੀਆਂ-ਪਾਟੀਆਂ ਨਜ਼ਰਾਂ ਨਾਲ ਨਿੰਮ ਵੱਲ ਦੇਖ ਰਿਹਾ ਸਾਂ। ਨਿੰਮ ਅੱਧੀ ਵੱਢੀ ਪਈ ਸੀ। ਛੋਟੇ ਭਰਾ ਨੇ ਆਪਣੇ ਹਿੱਸੇ ਆਉਂਦੀ ਥਾਂ ਉੱਤੇ ਕਮਰੇ ਬਣਾਉਣੇ ਸ਼ੁਰੂ ਕੀਤੇ ਹੋਏ ਸਨ।”ਜਸਵੀਰ, ਇਹ ਕੀ ਕੀਤਾ ?” ਬਗੈਰ ਕਿਸੇ ਦਾ ਹਾਲ-ਚਾਲ ਜਾਣੇ, ਮੈਂ ਛੋਟੇ ਭਾਈ ਨੂੰ ਜਾ ਪੁੱਛਿਆ।”ਵੀਰ ਜੀ ਅੜਿੱਕਾ ਬਣਦੀ ਸੀ ਇਹ ਨਾਲੇ ਬਾਕੀ ਦੀ ਵੀ ਤਾਂ ਅੱਜ ਭਲਕ ਵੱਢਣੀ ਈ ਪੈਣੀ ਆਂ ਬਰਾਂਡੇ  ਛੱਤਣੇ ਆ।”ਜਸਵੀਰ ਨੇ ਸਹਿਜ ਭਾਵ ਨਾਲ ਈ ਕਹਿ ਦਿੱਤਾ ਪਰ ਮੇਰਾ ਤਾਂ ਜਿਵੇਂ ਅੰਦਰ ਈ ਵੱਢਿਆ ਗਿਆ ਹੋਵੇ। ਕਿਵੇਂ ਦੋ ਕੁ ਪੱਤਿਆਂ ਵਾਲੇ ਇਸ ਕੂਲੇ-ਕੂਲੇ ਬੂਟੇ ਨੂੰ ਆਪਣੇ ਹੱਥਾਂ ਨਾਲ ਲਾਇਆ ਤੇ ਪਾਲਿਆ ਪੋਸਿਆ ਆਪਣੀ ਧੀ ਮਮਤਾ ਵਾਂਗ।”ਫ਼ੋਨ ਫ਼ਿਰ ਵੱਜ ਉੱਠਿਆ” ਮਮਤਾ ਦਾ ਸੀ।”ਡੈਡੀ, ਪਿਤਾ ਜੀ ਦਾ ਕੀ ਹਾਲ ਐ.?””ਠੀਕ ਐ” ਆਪਣੇ ਅੰਦਰੋਂ ਮੈਂ ਇਹ ਦੋ ਸ਼ਬਦ ਮਸਾਂ ਧੂਹ ਕੇ ਕੱਢੇ।”ਤੇ ਤੁਸੀਂ ਮੇਰੀ ਨਿੰਮ ਥੱਲੇ ਈ ਬੈਠੇ ਓ ਨਾ?””ਪੁੱਤ ਮਮਤਾ ਨਿੰਮ ਤਾਂ ਤੇਰੇ ਚਾਚੇ ਨੇ.” ਤੇ ਬਾਕੀ ਦੇ ਸ਼ਬਦ ਮੇਰੇ ਭਰ ਆਏ ਗੱਚ ‘ਚ ਗੁਆਚ ਗਏ। ਮਮਤਾ ਫ਼ੋਨ ‘ਤੇ ਬੋਲੀ ਜਾ ਰਹੀ ਸੀ-”ਡੈਡੀ, ਬੋਲਦੇ  ਨਹੀਂ ਨਿੰਮ ਬਾਰੇ ਕੀ ਕਹਿ ਰਹੇ ਓ?”ਮੈਂ ਆਪਣੇ ਗਲੇ ‘ਚ ਗੁਆਚ ਗਏ ਸ਼ਬਦਾਂ ਨੂੰ ਇੱਕੱਠਿਆਂ ਕਰ ਕੇ ਮਸਾਂ ਏਨਾ ਈ ਦੱਸ ਸਕਿਆ, ”ਪੁੱਤ, ਨਿੰਮ ਤਾਂ ਤੇਰੇ ਚਾਚੇ ਨੇ ਵੱਢਤੀ” ਤੇ ਫ਼ਿਰ ਜਦ ਤਕ ਮੈਂ ਫ਼ੋਨ ਬੰਦ ਨਹੀਂ ਕਰ ਦਿੱਤਾ, ਮਮਤਾ  ਦੇ ਰੋਣ ਅਤੇ ਡੁਸਕਣ ਦੀ ਆਵਾਜ਼ ਆਉਂਦੀ ਰਹੀ। ਅਗਲੇ ਦਿਨ ਸਵੇਰੇ ਈ ਮਮਤਾ ਦਾ ਫ਼ਿਰ ਫ਼ੋਨ ਆ ਗਿਆ।”ਡੈਡੀ, ਨਿੰਮ ਦੀਆਂ ਨਿਮੋਲੀਆਂ ਤਾਂ ਤੁਹਾਡੇ ਕੋਲ ਹੋਣਗੀਆਂ?””ਹਾਂ, ਹੈਗੀਆਂ ਪੁੱਤ ਪਰ ਤੂੰ ਕੀ ਕਰਨੀਆਂ?””ਦੋ-ਤਿੰਨ ਤਾਂ ਮੈਂ ਆਪਣੇ ਬੂਹੇ ਅੱਗੇ ਲਾਵਾਂਗੀ, ਆਪਣੀਆਂ ਦੋਵੇਂ ਧੀਆਂ ਦੇ ਜਨਮ ਦਿਨ ‘ਤੇ ਅਤੇ ਬਾਕੀ ਮੈਂ ਆਪਣੇ ਕੋਲ ਸਾਂਭ ਕੇ ਰੱਖਾਂਗੀ, ਆਪਣੀ ਸਹੇਲੀ ਨਿੰਮ ਦੀ ਯਾਦ ਵਜੋਂ ਆਪਣੀ ਹਾਨਣ ਨਿੰਮ ਦੀ ਨਿਸ਼ਾਨੀ।’ਇਹ ਕਹਿੰਦੀ ਮਮਤਾ ਫ਼ਿਰ ਡੁਸਕ ਪਈ।ਸੰਤੋਖ ਸਿੰਘ ਭਾਣਾ