ਦਿੱਲੀ ਚਲੋ ਮਾਰਚ ਸ਼ੁਰੂ; ਕਿਸਾਨਾਂ ਨੂੰ ਰੋਕਣ ਲਈ ਸਿੰਘੂ ਬਾਰਡਰ ‘ਤੇ ਭਾਰੀ ਗਿਣਤੀ ਸੁਰੱਖਿਆ ਫ਼ੋਰਸ ਤਾਇਨਾਤ

ਨਵੀਂ ਦਿੱਲੀ- ਕਿਸਾਨ ਅੰਦੋਲਨ 2.0 ਦਾ ਅੱਜ ਯਾਨੀ ਕਿ ਬੁੱਧਵਾਰ ਨੂੰ ਦੂਜਾ ਦਿਨ ਹੈ। ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਕਿਸਾਨ ਅੱਜ ਯਾਨੀ ਕਿ 14 ਫਰਵਰੀ ਨੂੰ ਇਕ ਵਾਰ ਫਿਰ ਦਿੱਲੀ ਕੂਚ ਦੀ ਕੋਸ਼ਿਸ਼ ਕਰਨਗੇ। ਸ਼ੰਭੂ ਬਾਰਡਰ ‘ਤੇ ਜਿੱਥੇ ਕਿਸਾਨਾਂ ਦਾ ਵੱਡਾ ਇਕੱਠ ਜੁੱਟ ਗਿਆ ਹੈ, ਉੱਥੇ ਹੀ ਟਿਕਰੀ ਬਾਰਡਰ ਵੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਉੱਥੇ ਹੀ ਦਿੱਲੀ ‘ਚ ਸਿੰਘੂ ਬਾਰਡਰ ‘ਤੇ ਸਵੇਰ ਤੋਂ ਵੱਡੀ ਗਿਣਤੀ ਸੁਰੱਖਿਆ ਫ਼ੋਰਸ ਬੰਦੂਕਾਂ ਲੈ ਕੇ ਖੜ੍ਹੀ ਹੈ। ਦਿੱਲੀ ਚਲੋ ਮਾਰਚ ਸ਼ੁਰੂ ਕਰਨ ਲਈ ਅੰਬਾਲਾ ਕੋਲ ਸ਼ੰਭੂ ਬਾਰਡਰ ‘ਤੇ ਇਕੱਠੇ ਹੋਈ ਕਿਸਾਨਾਂ ਦੀ ਭੀੜ ਨੂੰ ਦੌੜਾਉਣ ਲਈ ਹਰਿਆਣਾ ਪੁਲਸ ਨੇ ਹੰਝੂ ਗੈਸ ਦੇ ਗੋਲੇ ਦਾਗ਼ੇ।
ਦੱਸ ਦਈਏ ਕਿ ਕਿਸਾਨਾਂ ਦੇ ‘ਦਿੱਲੀ ਚਲੋ’ ਰੋਸ ਮਾਰਚ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ 7 ਜ਼ਿਲ੍ਹਿਆਂ ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ ‘ਚ ਮੋਬਾਈਲ ਇੰਟਰਨੈੱਟ ਅਤੇ ਬਲਕ ਐੱਸ.ਐੱਮ.ਐੱਸ. ਸੇਵਾਵਾਂ ‘ਤੇ ਪਾਬੰਦੀ ਦੋ ਦਿਨ ਵਧਾ ਕੇ 15 ਫਰਵਰੀ ਤੱਕ ਕਰ ਦਿੱਤੀ ਹੈ। ਇਸ ਤੋਂ ਇਲਾਵਾ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਪੁਲਸ ਨਾਲ ਝੜਪਾਂ ਤੋਂ ਬਾਅਦ ਕਈ ਕਿਸਾਨਾਂ ਦੇ ਜ਼ਖ਼ਮੀ ਹੋਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਹਰਿਆਣਾ ਸਰਹੱਦ ਨੇੜੇ ਸਥਿਤ ਹਸਪਤਾਲਾਂ ‘ਚ ਅਲਰਟ ਜਾਰੀ ਕਰ ਦਿੱਤਾ ਹੈ। ਸਰਕਾਰੀ ਸੂਤਰਾਂ ਅਨੁਸਾਰ ਸੂਬਾ ਸਰਕਾਰ ਨੇ ਹਰਿਆਣਾ ਸਰਕਾਰ ਤੋਂ ਕਿਸਾਨਾਂ ‘ਤੇ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਨਾ ਸੁੱਟਣ ਦੀ ਵੀ ਮੰਗ ਕੀਤੀ ਹੈ। ਕਿਸਾਨਾਂ ਵਲੋਂ ਦਿੱਲੀ ਕੂਚ ਕਰਨ ਦਾ ਮਕਸਦ ਆਪਣੀਆਂ ਮੰਗਾਂ ਵਿਚ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਕਾਨੂੰਨੀ ਗਾਰੰਟੀ ਤੋਂ ਇਲਾਵਾ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ, ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਪੈਨਸ਼ਨ, ਕਿਸਾਨੀ ਕਰਜ਼ੇ ਮੁਆਫ਼ ਕਰਨ, ਪੁਲਸ ਵੱਲੋਂ ਦਰਜ ਕੀਤੇ ਕੇਸ ਵਾਪਸ ਲੈਣ, ਲਖੀਮਪੁਰੀ ਦੇ ਪੀੜਤਾਂ ਨੂੰ ਰਾਹਤ ਦੇਣ ਆਦਿ ਸ਼ਾਮਲ ਹਨ। ਕਿਸਾਨ ‘ਨਿਆਂ’, ਭੂਮੀ ਗ੍ਰਹਿਣ ਕਾਨੂੰਨ 2013 ਨੂੰ ਬਹਾਲ ਕਰਨ ਅਤੇ ਪਿਛਲੇ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਹਨ।