ਯਾਦਾਂ ਦਾ ਝਰੋਖਾ – 13
ਡਾ. ਕੇਵਲ ਅਰੋੜਾ
94176-95299
ਪਿੰਡ ਲੁਬਾਣਿਆ ਵਾਲੀ ਮੇਰੇ ਹਸਪਤਾਲ ਦੇ ਸਾਹਮਣੇ ਟਿੱਬਿਆਂ ਵਾਲਾ ਇੱਕ ਖੇਤ ਸੀ ਜਿਸ ਦਾ ਮਾਲਕ ਇੱਕ ਬਜ਼ੁਰਗ ਜੋੜਾ ਸੀ, ਅਤੇ ਉਹਨਾਂ ਦਾ ਪੁੱਤਰ ਕਿਸੇ ਵਿਭਾਗ ‘ਚ ਅਫ਼ਸਰ ਸੀ ਜੋ ਕਦੇ ਕਦਾਈਂ ਉਹਨਾਂ ਕੋਲ ਗੇੜਾ ਮਾਰਦਾ ਸੀ, ਇਓਂ ਜਿਵੇਂ ਉਸ ਨੇ ਬੇਬੇ-ਬਾਪੂ ਰਾਖੇ ਬਿਠਾਏ ਹੋਣ! ਉਹਨਾਂ ਕੋਲ ਇੱਕ ਮੱਝ ਵੀ ਰੱਖੀ ਹੋਈ ਸੀ, ਸੋ ਮੈਂ ਮੱਝ ਦੇ ਵੈਕਸੀਨ ਲਾਉਣ ਲਈ ਉਹਨਾਂ ਕੋਲ ਜਾਂਦਾ ਤਾਂ ਉਹਨਾਂ ਨੇ ਚਾਹ ਜ਼ਰੂਰ ਪੁੱਛਣੀ। ਉਹ ਖਾਣ ਜੋਗੀ ਕਣਕ ਬੀਜ ਛੱਡਦੇ, ਅਤੇ ਬਾਕੀ ਥਾਂਵੇ ਉਹਨਾਂ ਨੇ ਕੁੱਝ ਸਫ਼ੈਦੇ ਲਾ ਰੱਖੇ ਸਨ। ਜਿਹੜਾ ਸਫ਼ੈਦਾ ਹਨੇਰੀ ਨਾਲ ਡਿੱਗ ਪੈਂਦਾ, ਉਸ ਨੂੰ ਵੇਚ ਕੇ ਪੈਸੇ ਵੱਟ ਲੈਂਦੇ। ਨਾ ਕੋਈ ਆੜ੍ਹਤੀਆ, ਨਾ ਕੋਈ ਬੈਂਕ। ਨਾ ਕਿਤੇ ਆਉਣ, ਨਾ ਕਿਤੇ ਜਾਣ, ਜਿਵੇਂ ਬਣਵਾਸ ਹੋਇਆ ਹੋਵੇ! ਮੇਰੇ ਜਾਣ ਤੋਂ ਦੋ ਤਿੰਨ ਸਾਲ ਬਾਅਦ ਬਜ਼ੁਰਗ ਜੋੜੇ ਦੇ ਬੇਟੇ ਨੇ ਜ਼ਮੀਨ ਵੇਚ ਦਿੱਤੀ ਅਤੇ ਫ਼ੇਰ ਕਦੇ ਉਹਨਾਂ ਦੇ ਦਰਸ਼ਨ ਨਹੀਂ ਹੋਏ।
ਉਹ ਜ਼ਮੀਨ ਗੁਰਨਾਮ ਸਿੰਘ ਢਿੱਲੋਂ ਲੰਡੇ-ਰੋਡੇ ਪਿੰਡ, ਜੋ ਸਾਡੇ ਤੋਂ ਤਿੰਨ ਕੁ ਕਿੱਲੋਮੀਟਰ ਦੂਰ ਸੀ, ਨੇ ਖ਼ਰੀਦ ਲਈ ਸੀ। ਉਸ ਦਾ ਪਿਛਲਾ ਪਿੰਡ ਹਰੀਕੇ ਕਲਾਂ ਸੀ। ਮੇਰੇ ਕੋਲ ਉਸ ਦਾ ਆਉਣ ਜਾਣ ਹੋ ਗਿਆ। ਉਮਰ ‘ਚ ਉਹ ਮੇਰੇ ਤੋਂ ਬੇਸ਼ੱਕ ਤੀਹ ਪੈਂਤੀ ਸਾਲ ਵੱਡਾ ਸੀ, ਪਰ ਉਹ ਮੇਰਾ ਬੇਲੀ ਬਣ ਗਿਆ। ਉਸ ਨੂੰ ਪੁਰਾਣੇ ਅਖਾਣ ਬਹੁਤ ਆਉਂਦੇ ਸਨ ਅਤੇ ਮੌਕੇ ‘ਤੇ ਗੱਲ ਵੀ ਬੜੀ ਔੜ੍ਹਦੀ ਸੀ। ਬੇਸ਼ੱਕ ਲੋਕ ਉਸ ਨੂੰ ਕਲੱਕੜ ਬੁੜ੍ਹਾ ਆਖਦੇ ਸਨ, ਪਰ ਮੇਰੇ ਨਾਲ ਉਹਦੀ ਪੂਰੀ ਸੱਥਰੀ ਪੈਂਦੀ ਸੀ। ਉਸ ਦੇ ਦੋ ਬੇਟੇ ਸਨ, ਇੱਕ ਖੇਤੀ ਕਰਦਾ ਸੀ ਅਤੇ ਦੂਸਰਾ ਜੰਗਲਾਤ ਵਿਭਾਗ ‘ਚ ਇੱਕ ਗਾਰਡ ਸੀ। ਅੱਗੋਂ ਇੱਕ-ਇੱਕ ਪੋਤਾ ਅਤੇ ਇੱਕ-ਇੱਕ ਪੋਤੀ। ਮੇਰਾ ਉਹਨਾਂ ਦੇ ਪਰਿਵਾਰ ‘ਚ ਕਾਫ਼ੀ ਆਉਣ-ਜਾਣ ਹੋ ਗਿਆ। ਉਸ ਨੇ ਬਹੁਤ ਥੋੜ੍ਹੀ ਜ਼ਮੀਨ, ਜੋ ਉਸ ਨੇ ਹਰੀਕੇ ਕਲਾਂ ਤੋਂ ਵੇਚੀ ਸੀ, ਤਿੰਨ ਚਾਰ ਥਾਂਵਾਂ ‘ਤੇ ਅਦਲਾ ਬਦਲੀ ਕਰ ਕੇ ਕਾਫ਼ੀ ਚੰਗੀ ਬਣਾ ਲਈ ਸੀ। ਮੈਂ ਉਸ ਨੂੰ ਛੇੜਨਾ ਕਿ ਢਿੱਲੋਂ ਤੇਰਾ ਭੇਤ ਆ ਗਿਆ ਮੈਨੂੰ, ਲੈ ਸੁਣ ਸ਼ਾਇਰੀ:
ਕੰਮ ਕਾਰ ਨੂੰ ਠੀਕ ਠਾਕ, ਪਰ ਪੂਰਾ ਸਕੀਮੀ ਬੰਦਾ,
ਟਿੱਬੇ ਖ਼ਰੀਦ ਕੇ ਲਾਵੇ ਕਰਾਹਾ, ਵੇਚ ਕੇ ਕਰਦਾ ਧੰਦਾ।
ਤਿਨ ਚਾਰ ਵਾਰ ਮਾਰ ਕੇ ਪਲਟੀ,
ਚੌਣੀ ਜ਼ਮੀਨ ਬਣਾ ਲਈ,
ਢਿੱਲੋਂ ਤੇਰੇ ਜਿਹਾ ਕੋਈ ਨਹੀਂ ਹਿਠਾੜ ‘ਚ ਹਾਲੀ।
ਸੁਣ ਕੇ ਉਸ ਨੇ ਅੱਗੋਂ ਹੱਸ ਪੈਣਾ, ਪਰ ਉਹ ਮਿਹਨਤੀ, ਕਿਰਸੀ ਅਤੇ ਦਿਮਾਗ਼ੀ ਵੀ ਸੀ। ਮੇਰੇ ਨਾਲ ਉਸ ਨੇ ਫ਼ੀਲਡ ‘ਚ ਮੋਟਰ-ਸਾਈਕਲ ਦੇ ਪਿੱਛੇ ਬੈਠ ਕੇ ਚਲੇ ਜਾਣਾ … ਲੋਕਾਂ ਨੇ ਛੇੜਨਾ ਕਿ ਡਾਕਟਰ ਸਾਹਿਬ ਤੁਸੀਂ ਢਿੱਲੋਂ ਕੰਪਾਊਂਡਰ ਰੱਖ ਲਿਆ ਤਾਂ ਉਸ ਨੇ ਝੱਟ ਜਵਾਬ ਦੇਣਾ ਕਿ ਨਹੀਂ ਬਾਈ, ਮੈਂ ਡਾਕਟਰ ਨੂੰ ਡਰਾਇਵਰ ਰੱਖਿਐ।
ਇੱਕ ਵਾਰ ਅਸੀਂ ਕੰਮ ਕੱਢਦੇ ਕੱਢਦੇ ਲੇਟ ਹੋ ਗਏ ਅਤੇ ਅਜੇ ਚਾਰ ਪੰਜ ਕੇਸ ਕਰਨ ਵਾਲੇ ਬਾਕੀ ਸਨ। ਮੈਂ ਕਿਹਾ, ”ਢਿਲੋਂ ਸੂਰਜ ਛਿਪ ਚੱਲਿਆ ਪਰ ਅਜੇ ਕੰਮ ਬੜਾ ਰਹਿੰਦਾ ਕਿਵੇਂ ਕਰਾਂਗਾ? ”ਢਿੱਲੋਂ ਆਖਣ ਲੱਗਾ, ”ਡਾਕਟਰ, ਮੈਂ ਭੱਜ ਕੇ ਸੂਰਜ ਥੱਲੇ ਸਲ਼ੰਘ ਤਾਂ ਭਾਵੇਂ ਦੇ ਆਵਾਂ ਹੋਰ ਤਾਂ ਕੋਈ ਚਾਰਾ ਨਹੀਂ।” ਮੈਂ ਹੱਸ ਕੇ ਤੁਰੰਤ ਚਿੰਤਾ ਮੁਕਤ ਹੋ ਗਿਆ। ਉਸ ਜ਼ਮੀਨ ‘ਚ ਜਿਹੜਾ ਮਕਾਨ ਸੀ, ਉਸ ਦੇ ਤਿੰਨ ਕਮਰੇ ਸਨ। ਦੋ ਉਸ ਨੇ ਕਿਰਾਏ ‘ਤੇ ਦਿੱਤੇ ਹੋਏ ਸਨ ਅਤੇ ਇੱਕ ਆਪ ਰੱਖ ਲਿਆ। ਕਦੇ ਕਦੇ ਉਹ ਰਾਤ ਖੇਤ ਹੀ ਅਪਣੇ ਕਮਰੇ ‘ਚ ਠਹਿਰ ਜਾਂਦਾ। ਸਵੇਰੇ ਉਸ ਦਾ ਪੋਤਾ ਰੋਟੀ ਤੇ ਦੁੱਧ ਦੇ ਜਾਂਦਾ। ਚਾਹ ਸਾਡੇ ਹਸਪਤਾਲ ‘ਚ ਹੀ ਬਣਦੀ। ਇੱਕ ਵਾਰ ਪਿੰਡ ‘ਚ ਕਿਸੇ ਦੇ ਘਰ ਗਏ, ਅਤੇ ਮੈਂ ਉਸ ਦੇ ਹਾਜ਼ਮੇ ਦੀ ਸਿਫ਼ਤ ਕਰਨ ਲੱਗ ਪਿਆ ਕਿ ਢਿਲੋਂ ਚਾਹ ਦੇ ਤੋਂ ਲੱਸੀ ਅਤੇ ਲੱਸੀ ਤੋਂ ਬਾਅਦ ਚਾਹ ਹਜ਼ਮ ਕਰ ਜਾਂਦਾ ਐ ਤਾਂ ਅੱਗੋਂ ਘਰਵਾਲੀ ਮਾਈ ਬੋਲੀ, ”ਵੇ ਵੀਰਾ, ਮੈਂ ਤਾਂ ਚਾਹ ਦੇ ‘ਚ ਲੱਸੀ ਪਾ ਕੇ ਆਮ ਹੀ ਪੀ ਜਾਂਦੀ ਆਂ ਕਦੇ ਦਖਲਾਂ ਨਹੀਂ ਕੀਤਾ ਇਹਨੇ।”
ਬਾਹਰ ਆ ਕੇ ਢਿੱਲੋਂ ਮੈਨੂੰ ਆਖਣ ਲੱਗਾ ਕਿ ਯਾਰ ਤੂੰ ਤਾਂ ਬੁੜ੍ਹੀ ਤੋਂ ਮੇਰੀ ਬੇਇਜ਼ਤੀ ਕਰਾ ਤੀ, ਮੈਂ ਨਹੀਂ ਆਉਣਾ ਤੇਰੇ ਨਾਲ ਹੁਣ। ਚਲੋ ਮੈਂ ਫ਼ੇਰ ਹੱਸ ਖੇਡ ਕੇ ਮਨਾ ਲਿਆ। ਇੱਕ ਵਾਰ ਉਸ ਨੇ ਅਪਣੇ ਹਰੀਕੇ ਕਲਾਂ ਪਿੰਡ ਦੇ ਬੰਦੇ ਦੀ ਗੱਲ ਸੁਣਾਈ ਕਿ ਇੱਕ ਬੰਦੇ ਤੋਂ ਦੁਸ਼ਮਣੀਆਂ ਕੱਢਦੇ ਕੱਢਦੇ ਦਸ-ਬਾਰਾਂ ਕਤਲ ਹੋ ਗਏ ਅਤੇ ਅਖੀਰ ‘ਤੇ ਫ਼ਾਂਸੀ ਦਾ ਹੁਕਮ ਹੋ ਗਿਆ। ਜਦੋਂ ਉਸ ਦੇ ਲਿਹਾਜ਼ ਵਾਲੇ ਮੁਲਾਕਾਤ ਕਰਨ ਗਏ ਤਾਂ ਉਸ ਨੇ ਕਿਹਾ, ”ਮੇਰਾ ਪਿੰਡ ਜਾ ਕੇ ਸੁਨੇਹਾ ਦੇ ਦਿਓ ਕਿ ਦੁਸ਼ਮਣ ਮਾਰਿਆਂ ਨਹੀਂ ਮੁੱਕਦੇ, ਜਿੰਨੇ ਮਾਰੋਂਗੇ ਵਧਦੇ ਜਾਣਗੇ, ਮੇਰੀ ਜ਼ਿੰਦਗੀ ਦੀ ਏਹੋ ਵੱਡੀ ਭੁੱਲ ਸੀ।” ਢਿੱਲੋਂ ਦੀ ਇਹ ਗੱਲ ਮੈਂ ਆਮ ਤੌਰ ‘ਤੇ ਸਾਂਝੀ ਕਰਦਾ ਰਹਿੰਦਾ ਹਾਂ। ਤੱਤ ਸੀ ਇਸ ਗੱਲ ‘ਚ। ਉਹਨਾਂ ਦੀਆਂ ਕਈ ਗੱਲਾਂ ਮੈਨੂੰ ਅੱਜ ਵੀ ਕੰਮ ਆਉਂਦੀਆਂ ਹਨ। ਕਿਸੇ ਕਾਰਨ ਕਰ ਕੇ ਮੈਂ ਅਪਣੀਂ ਬਦਲੀ ਕਰਵਾ ਕੇ ਨੇੜਲੇ ਕਸਬੇ ਜੰਡ ਸਾਹਿਬ ਆ ਗਿਆ, ਪਰ ਢਿੱਲੋ ਨਾਲ ਮੇਰਾ ਆਉਣ ਜਾਣ ਚੱਲਦਾ ਰਿਹਾ। ਕਦੇ ਕਦੇ ਉਹ ਸਾਦਿਕ ਵੀ ਮੇਰੇ ਕੋਲ ਠਹਿਰ ਜਾਂਦਾ ਸੀ।
ਕੁਦਰਤ ਦੀ ਖੇਡ ਕਿ ਉਸ ਦੇ ਹੱਸਦੇ ਵੱਸਦੇ ਜੀਵਨ ‘ਚ ਪੁੱਠਾ ਗੇੜ ਪੈ ਗਿਆ ਕਿ ਉਸ ਦੀ ਜੀਵਨ ਸਾਥਣ ਅਤੇ ਦੋਵੇਂ ਪੁੱਤਰ ਕੁੱਝ ਹੀ ਸਮੇਂ ‘ਚ ਚੱਲ ਵੱਸੇ। ਕਦੇ ਨਾ ਬੁੱਢਾ ਹੋਣ ਵਾਲਾ ਢਿੱਲੋਂ ਬੁਰੀ ਤਰਾਂ ਟੁੱਟ ਗਿਆ ਸੀ, ਇੱਕ ਦਿਨ ਉਸ ਨੂੰ ਅਧਰੰਗ ਦਾ ਦੌਰਾ ਪੈ ਗਿਆ। ਹੁਣ ਉਹ ਅਪਣੀਂ ਬੈਠਕ ‘ਚ ਹੀ ਜ਼ਿੰਦਗੀ ਦਾ ਸਫ਼ਰ ਕੱਢ ਰਿਹਾ ਸੀ। ਮੈਂ ਜਦੋਂ ਵੀ ਮਿਲਣ ਜਾਣਾ, ਉਸ ਦੀਆਂ ਅੱਖੀਆਂ ‘ਚ ਅੱਥਰੂ ਆ ਜਾਣੇ, ਅਤੇ ਮੇਰਾ ਵੀ ਮਨ ਭਰ ਆਉਣਾ। ਅਖੀਰ ਇੱਕ ਦਿਨ ਉਸ ਦੇ ਤੁਰ ਜਾਣ ਦੀ ਖ਼ਬਰ ਆ ਗਈ, ਅਤੇ ਮੈਂ ਉਸ ਨੂੰ ਆਖਰੀ ਵਾਰ ਵਿਦਾ ਕਰਨ ਗਿਆ। ਉਸ ਨਾਲ ਬਿਤਾਇਆ ਸਮਾਂ ਕਿਸੇ ਫ਼ਿਲਮ ਵਾਂਗ ਅੱਖਾਂ ਅੱਗੇ ਘੁੰਮ ਗਿਆ। ਉਮਰ ਵਲੋਂ ਉਹ ਮੇਰੇ ਬਾਪ ਦੇ ਹਾਣ ਦਾ ਸੀ, ਪਰ ਮੇਰੇ ਨਾਲ ਉਹ ਵਿਚਾਰਾ ਦੋਸਤਾਂ ਵਾਂਗ ਵਿਚਰਿਆ। ਕਦੇ ਪਰਿਵਾਰ ‘ਚ ਉਸ ਦਾ ਗੁੱਸਾ ਗਿਲਾ ਹੋ ਜਾਣਾ ਤਾਂ ਮੈਂ ਹੀ ਪਰਿਵਾਰ ਦਾ ਗੁੱਸਾ ਗਿਲਾ ਠੀਕ ਕਰਾ ਕੇ ਆਉਣਾ। ਉਸ ਦੇ ਦੋਵੇਂ ਪੋਤਰੇ ਹੋਣਹਾਰ ਨਿਅਕਲੇ, ਇੱਕ ਖੇਤੀ ਕਰ ਰਿਹਾ ਹੈ ਤੇ ਦੂਜਾ ਖੇਤੀ ਮਹਿਕਮੇ ‘ਚ ਅਫ਼ਸਰ ਹੈ। ਇੱਕ ਪੋਤੀ ਡਾਕਟਰ ਹੈ ਅਤੇ ਦੂਜੀ ਵੀ ਹੋਣਹਾਰ ਹੈ। ਸਾਰੇ ਅੱਜ ਵੀ ਮੇਰੇ ਅੱਖਾਂ ਅੱਗੇ ਆ ਜਾਂਦੇ ਨੇ। ਉਸ ਨੇ ਅਪਣੇ ਪੋਤਰੇ ਸ਼ਿਵਰਾਜ ਨੂੰ ਅਕਸਰ ਕੰਮ ਬਾਰੇ ਕਹਿੰਦਾ ਰਹਿਣਾ, ਉਸ ਤੋਂ ਜੋ ਮੈਂ ਲਿਖਿਆ, ਬੋਲ ਸਨ:
ਨਹਿਰਾਂ ਕੱਢਣ ਵਾਲਾ ਬਾਬਾ ਤੁਰਨੋਂ ਵੀ ਅੱਜ ਰਹਿ ਚੱਲਿਆ,
ਕੰਮ ਕਰਨ ਦੀ ਆਦਤ ਪਾ ਲਓ, ਪੋਤਰਿਆਂ ਨੂੰ ਕਹਿ ਚੱਲਿਆ।
ਪਰ ਉਸ ਦੇ ਪੋਤਰਿਆਂ ਨੇ ਵੀ ਹਿੰਮਤ ਕਰ ਕੇ ਉਸ ਦੇ ਜਾਣ ਪਿੱਛੋਂ ਸਾਰੇ ਟਿੱਬੇ ਚੱਕ ਦਿੱਤੇ ਨੇ ਤੇ ਜ਼ਮੀਨ ਨਹੀਂ ਵੇਚੀ … ਢਿੱਲੋਂ ਅੱਜ ਵੀ ਮੈਨੂੰ ਉਹਨਾਂ ਖੇਤਾਂ ‘ਚ ਤੁਰਦਾ ਫ਼ਿਰਦਾ ਦਿਸਦਾ ਰਹਿੰਦੈ।