ਸਰੀ: ਸਟਾਰ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੂੰ ICC ਵਨਡੇਅ ਪਲੇਅਰ ਔਫ਼ ਦਾ ਯੀਅਰ ਐਵਾਰਡ ਮਿਲਿਆ ਹੈ, ਅਤੇ ICC ਪੁਰਸ਼ ਵਨਡੇਅ ਟੀਮ ਔਫ਼ ਦਾ ਯੀਅਰ 2023 ‘ਚ ਵੀ ਚੁਣਿਆ ਗਿਆ ਹੈ। ICC ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਹੈਂਡਲ ‘ਤੇ ਇੱਕ ਵੀਡੀਓ ਪੋਸਟ ਕੀਤੀ ਜਿਸ ‘ਚ ਵਿਰਾਟ ਨੂੰ 2023 ‘ਚ ਬੱਲੇ ਨਾਲ ਸ਼ਾਨਦਾਰ ਪ੍ਰਦਸ਼ਨ ਲਈ ਧੰਨਵਾਦ ਵਜੋਂ ਇੱਕ ਟਰਾਫ਼ੀ ਅਤੇ ਕੈਪ ਭੇਂਟ ਕੀਤੇ ਗਏ।
35 ਸਾਲਾ ਖਿਡਾਰੀ ਕੁਝ ਸਾਲਾਂ ਦੀ ਖ਼ਰਾਬ ਫ਼ੌਰਮ ਅਤੇ ਵੱਡੇ ਸਕੋਰ ਲਈ ਸੰਘਰਸ਼ ਕਰਨ ਤੋਂ ਬਾਅਦ 2023 ‘ਚ ਆਪਣੇ ਸ਼ਾਨਦਾਰ ਕਰੀਅਰ ‘ਚ ਇੱਕ ਹੋਰ ਵੱਡੀ ਸਿਖਰ ਵੱਲ ਜਾ ਰਿਹਾ ਸੀ। ਉਸ ਨੇ 27 ਵਨਡੇਅ ‘ਚ 24 ਪਾਰੀਆਂ ‘ਚ 72.47 ਦੀ ਔਸਤ ਅਤੇ 99.13 ਦੀ ਸਟ੍ਰਾਈਕ ਰੇਟ ਨਾਲ ਛੇ ਸੈਂਕੜੇ ਅਤੇ ਅੱਠ ਅਰਧ ਸੈਂਕੜਿਆਂ ਦੀ ਮਦਦ ਨਾਲ 1,377 ਦੌੜਾਂ ਬਣਾਈਆਂ ਜਿਨ੍ਹਾਂ ‘ਚ ਉਸ ਦਾ ਸਰਵੋਤਮ ਸਕੋਰ 166 ਰਿਹਾ। ਉਸ ਨੇ ਸੁਪਰ ਫ਼ੋਰ ਪੜਾਅ ਦੀ ਇੱਕ ਮਹੱਤਵਪੂਰਣ ਖੇਡ ‘ਚ ਪੁਰਾਣੇ ਵਿਰੋਧੀ ਪਾਕਿਸਤਾਨ ਖ਼ਿਲਾਫ਼ 94 ਗੇਂਦਾਂ ‘ਚ ਅਜੇਤੂ 122 ਦੌੜਾਂ ਬਣਾ ਕੇ ਭਾਰਤ ਦੀ ਏਸ਼ੀਆ ਕੱਪ 2023 ਦੀ ਜਿੱਤ ‘ਚ ਇੱਕ ਵੱਡੀ ਭੂਮਿਕਾ ਨਿਭਾਈ ਸੀ।
ਪਿਛਲੇ ਸਾਲ ਘਰੇਲੂ ਮੈਦਾਨ ‘ਤੇ ਆਯੋਜਿਤ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਵਿਰਾਟ ਨੇ 11 ਮੈਚਾਂ ‘ਚ 95.62 ਦੀ ਔਸਤ ਨਾਲ 765 ਦੌੜਾਂ ਬਣਾਈਆਂ ਜਿਨ੍ਹਾਂ ‘ਚ ਤਿੰਨ ਸੈਂਕੜੇ, ਛੇ ਅਰਧ ਸੈਂਕੜੇ ਅਤੇ 117 ਦਾ ਸਰਵੋਤਮ ਸਕੋਰ ਸ਼ਾਮਿਲ ਸਨ। ਉਸ ਨੇ 2003 ਵਿਸ਼ਵ ਕੱਪ ‘ਚ ਸਚਿਨ ਤੇਂਦੁਲਕਰ ਦੇ 673 ਦੌੜਾਂ ਦੇ ਰਿਕਾਰਡ ਨੂੰ ਤੋੜਦੇ ਹੋਏ ਇੱਕ ਵਿਸ਼ਵ ਕੱਪ ਐਡੀਸ਼ਨ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਚੋਟੀ ਦੇ ਸਕੋਰਰ ਵਜੋਂ ਟੂਰਨਾਮੈਂਟ ਦਾ ਅੰਤ ਕੀਤਾ। ਉਸ ਨੇ ਸੈਮੀਫ਼ਾਈਨਲ ‘ਚ ਨਿਊ ਜ਼ੀਲੈਂਡ ਖ਼ਿਲਾਫ਼ ਆਪਣਾ 50ਵਾਂ ਵਨਡੇਅ ਸੈਂਕੜਾ ਲਗਾ ਕੇ ਸਚਿਨ ਦੇ 49 ਵਨਡੇਅ ਸੈਂਕੜਿਆਂ ਦੇ ਰਿਕਾਰਡ ਨੂੰ ਵੀ ਤੋੜ ਦਿੱਤਾ।
ਹੁਣ ਵਿਰਾਟ ਵੈੱਸਟ ਇੰਡੀਜ਼ ਅਤੇ ਅਮਰੀਕਾ ‘ਚ ਹੋਣ ਵਾਲੇ ICC T-20 ਵਿਸ਼ਵ ਕੱਪ ਲਈ ਭਾਰਤੀ ਰੰਗ ‘ਚ ਮੈਦਾਨ ‘ਚ ਉਤਰੇਗਾ। ਉਹ ਇੰਡੀਅਨ ਪ੍ਰੀਮੀਅਰ ਲੀਗ ‘ਚ ਸਭ ਤੋਂ ਵੱਧ ਦੌੜਾਂ ਲਈ ਔਰੇਂਜ ਕੈਪ ਜਿੱਤਣ ਤੋਂ ਬਾਅਦ ਇਸ ਟੂਰਨਾਮੈਂਟ ‘ਚ ਆ ਰਿਹਾ ਹੈ, ਅਤੇ ਉਸ ਨੇ 15 ਮੈਚਾਂ ‘ਚ 61.75 ਦੀ ਔਸਤ ਅਤੇ 154 ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ 741 ਦੌੜਾਂ ਬਣਾਈਆਂ ਹਨ ਜਿਨ੍ਹਾਂ ‘ਚ ਇੱਕ ਸੈਂਕੜਾ ਅਤੇ ਪੰਜ ਅਰਧ ਸੈਂਕੜੇ ਸ਼ਾਮਿਲ ਹਨ।