ਕੁਲਤਾਰ ਸੰਧਵਾਂ-ਬਨਾਮ-ਕਵੀ ਸ਼ਿਵ ਨਾਥ

ਮੇਰੀ ਡਾਇਰੀ ਦਾ ਪੰਨਾ/ ਨਿੰਦਰ ਘੁਗਿਆਣਵੀ
ਗੱਲ ਇਨਾਂ ਹੀ ਦਿਨਾਂ ਦੀ ਹੈ … ਹੋਇਆ ਇਹ ਹੈ ਕਿ ਕਾਫ਼ੀ ਦਿਨਾਂ ਤੋਂ ਪੰਜਾਬੀ ਦਾ ਬਜੁਰਗ ਲੇਖਕ ਅਤੇ ਕਵੀ ਸ਼ਿਵ ਨਾਥ ਚੰਡੀਗੜ੍ਹ 32 ਸੈਕਟਰ ਵਾਲੇ ਸਰਕਾਰੀ ਹਸਪਤਾਲ ‘ਚ ਦਾਖਲ ਹੈ। ਸ਼ਿਵ ਨਾਥ ਨੇ ਪੰਜਾਬੀ ਸਾਹਿਤ ਦੀ ਝੋਲੀ 22 ਕਿਤਾਬਾਂ ਪਾਈਆਂ ਹਨ। ਉਸ ਨੇ ਆਪਣਾ ਪੇਟ ਪਾਲਣ ਲਈ ਮੋਹਲੀ ਦੇ ਘਰਾਂ ‘ਚ ਸਾਹਿਤਕ ਰਸਾਲੇ ਕਿਰਾਏ ‘ਤੇ ਲਿਜਾਣੇ ਸ਼ੁਰੂ ਕੀਤੇ ਸਨ ਅਤੇ ਅਣਗਿਣਤ ਲੋਕਾਂ ਨੂੰ ਸਾਹਿਤ ਨਾਲ ਜੋੜਿਆ। ਸਾਈਕਲ ‘ਤੇ ਜਾਂ ਪੈਦਲ ਹੀ ਸ਼ਿਵ ਨਾਥ ਗਲੀਓ-ਗਲੀ ਭਾਉਂਦਾ ਫ਼ਿਰਦਾ ਰਹਿੰਦਾ ਸੀ। ਉਸ ਦੀ ਰੋਟੀ ਰੋਜ਼ੀ ਦੇ ਜੁਗਾੜ ਦਾ ਇਹੋ ਇਕੋ ਇੱਕ ਵਸੀਲਾ ਸੀ, ਰਸਾਲੇ ਘਰ ਘਰ ਕਿਰਾਏ ‘ਤੇ ਦੇਣੇ। ਉਸ ਦਾ ਬੇਟਾ ਵੀ ਕਿਧਰੇ ਕੋਈ ਨੌਕਰੀ ਨਾ ਲੱਗ ਸਕਿਆ ਅਤੇ ਮਜ਼ਦੂਰੀ ਕਰਨ ਵਾਂਗ ਹੀ ਉਹ ਟੱਬਰ ਪਾਲ ਰਿਹਾ ਹੈ ਕਿਸੇ ਸਕੂਟਰ ਵਰਕਸ਼ਾਪ ‘ਤੇ ਕੰਮ ਕਰ ਕੇ। ਸ਼ਿਵ ਨਾਥ ਅਜਿਹਾ ਸਾਹਿਤਕਾਰ ਨਹੀਂ ਸੀ ਕਿ ਉਹ ਹੋਰਨਾਂ ਸਾਹਿਤਕਾਰਾਂ ਵਾਂਗ ਚੁਸਤ ਚਲਾਕ ਹੁੰਦਾ ਜਾਂ ਖੁਸ਼ਾਮਦੀ ਹੁੰਦਾ ਜਾਂ ਫ਼ਿਰ ਕਿਸੇ ਤੋਂ ਕੋਈ ਫ਼ਾਇਦਾ ਲੈ ਲੈਂਦਾ ਜਾਂ ਕਿਸੇ ਸਰਕਾਰ ਦੇ ਦਰਬਾਰ ‘ਚ ਜਾ ਕੇ ਅਲਖ ਜਗਾਉਂਦਾ। ਉਹ ਮਸਤ ਮੌਲਾ ਜਿਹਾ ਤੇ ਭੋਲਾ ਭਾਲਾ ਜਿਹਾ ਲਿਖਾਰੀ ਹੈ ਜੋ ਹੁਣ ਹਸਪਤਾਲ ਦਾਖਲ ਹੈ।
ਦੇਰ ਤੋਂ ਦਿੱਲੀ ਵੱਸਦੇ ਪ੍ਰਸਿੱਧ ਪੰਜਾਬੀ ਲੇਖਕ ਗੁਰਬਚਨ ਸਿੰਘ ਭੁੱਲਰ ਨਾਲ ਸ਼ਿਵ ਨਾਥ ਦਾ ਦਿਲੋਂ ਮੋਹ ਰਿਹਾ ਹੈ। ਇੱਕ ਦਿ ਭੁੱਲਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਈਮੇਲ ਸ਼ਿਵ ਨਾਥ ਦੀ ਬੀਮਾਰੀ ਦੇ ਇਲਾਜ ਖ਼ਾਤਿਰ ਲਿਖ ਦਿੱਤੀ, ਅਤੇ ਨਾਲ ਹੀ ਇੱਕ ਈਮੇਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਵੀ ਲਿਖੀ। ਈਮੇਲ ਮਿਲਦਿਆਂ ਹੀ ਸੰਧਵਾ ਜੀ ਨੇ ਭੁੱਲਰ ਜੀ ਨੂੰ ਖ਼ੁਦ ਫ਼ੋਨ ਕੀਤਾ ਅਤੇ ਆਖਿਆ, ”ਸਰ, ਜਦ ਸਰਕਾਰੀ ਪੈਸੇ ਮਨਜ਼ੂਰ ਹੋਣਗੇ, ਉਹ ਵੀ ਦੇ ਦਿਆਂਗੇ, ਫ਼ਿਲਹਾਲ ਮੈਂ ਆਪਣੀ ਜੇਬ੍ਹ ‘ਚੋਂ ਸ਼ਿਵ ਨਾਥ ਜੀ ਨੂੰ ਇਲਾਜ ਵਾਸਤੇ ਪੈਸੇ ਦੇ ਕੇ ਆਉਂਦਾ ਹਾਂ।” ਕੁਲਤਾਰ ਸਿੰਘ ਸੰਧਵਾਂ ਨੇ ਜੋ ਕਿਹਾ, ਉਸ ਨੇ ਉਹ ਕੀਤਾ ਅਤੇ ਲਿਖਾਰੀ ਸ਼ਿਵ ਨਾਥ ਦਾ ਇਲਾਜ ਹੋਰ ਚੰਗੇ ਢੰਗ ਨਾਲ ਹੋਣ ਲੱਗਿਆ। ਉਸ ਦੇ ਪਰਿਵਾਰ ਦਾ ਟੁੱਟਾ ਹੌਸਲਾ ਬੱਝਣ ਲੱਗਿਆ। ਜਿਹੜੀ ਈਮੇਲ ਭੁੱਲਰ ਜੀ ਨੇ ਮੁੱਖ ਮੰਤਰੀ ਮਾਨ ਸਾਹਿਬ ਨੂੰ ਲਿਖੀ ਸੀ, ਉਹ ਉਨਾਂ ਦੇ ਦਫ਼ਤਰ ‘ਚ ਮਿਲਦੇ ਸਾਰ ਮੁੱਖ ਮੰਤਰੀ ਨੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਭੇਜ ਦਿੱਤੀ। ਡਾ. ਬਲਬੀਰ ਸਿੰਘ ਨੇ ਭੁੱਲਰ ਜੀ ਨੂੰ ਆਪ ਫ਼ੋਨ ਕਰਿਆ ਤੇ ਆਖਿਆ, ”ਪੰਜਾਬ ਸਰਕਾਰ ਵਲੋਂ ਇਲਾਜ ਮੁਫ਼ਤ ਕਰਨ ਵਾਸਤੇ ਹਸਪਤਾਲ ਨੂੰ ਆਖ ਦਿੱਤਾ ਹੈ। ਇਲਾਜ ਮੁਫ਼ਤ ਹੋ ਜਾਏਗਾ ਅਤੇ ਅਸੀਂ ਹੋਰ ਵੀ ਆਰਥਿਕ ਸਹਾਇਤਾ ਲਈ ਜਲਦੀ ਹੀ ਸਾਰਾ ਕੁੱਝ ਕਰਦੇ ਹਾਂ, ਆਪ ਫ਼ਿਕਰ ਨਾ ਕਰੋ।”
****
ਇਹ ਜੋ ਕਿੱਸਾ ਆਪ ਨੇ ਸ਼ਿਵ ਨਾਥ ਵਾਲਾ ਪੜ੍ਹਿਆ ਹੈ, ਇਹ ਗੱਲ ਮਾਮੂਲੀ ਨਹੀਂ। ਸਮੇਂ-ਸਮੇਂ ਦੀਆਂ ਸਰਕਾਰਾਂ ਸਮੇਂ ਉਨਾਂ ਸਮਿਆਂ ‘ਚ ਪੰਜਾਬ ਦੇ ਬੜੇ ਬੜੇ ਨਾਮਵਰ ਕਲਾਕਾਰ, ਲੇਖਕ, ਚਿਤਰਕਾਰ ਅਤੇ ਸੰਗੀਤਕਾਰ ਇਲਾਜ ਕਰਵਾਉਣ ਖੁਣੋ ਹੀ ਮਰ-ਖਪ ਗਏ। ਕਿਸੇ ਨੇ ਉਨਾਂ ਦੀ ਆਵਾਜ਼ ਹੀ ਬੁਲੰਦ ਨਹੀ ਕੀਤੀ, ਜੇ ਕਿਸੇ ਨੇ ਕੀਤੀ ਵੀ ਸੀ ਤਾਂ ਕਿਸੇ ਨੇ ਸੁਣੀ ਹੀ ਨਹੀਂ।
***
ਕੁਲਤਾਰ ਸਿੰਘ ਸੰਧਵਾਂ ਮੈਨੂੰ ਕੋਈ ਓਪਰਾ ਨਹੀ ਹੈ, ਮੇਰੇ ਜਿਲੇ ਦਾ ਹੈ। ਉਹ ਮੰਤਰੀ ਵੀ ਨਹੀਂ, ਅਤੇ ਉਹ ਸਿਰਫ਼ ਸਪੀਕਰ ਪੰਜਾਬ ਵਿਧਾਨ ਸਭਾ ਹੋ ਕੇ ਇੱਕ ਮੰਤਰੀ ਤੋਂ ਵੀ ਵੱਧ ਫ਼ਰਜ਼ ਨਿਭਾ ਗਿਆ ਹੈ। ਹੈ ਨਾ ਸੁਆਦ ਵਾਲੀ ਗੱਲ, ਅਤੇ ਨਾਲ ਮਾਣ ਕਰਨ ਵਾਲੀ ਵੀ ਗੱਲ! ਇਥੇ ਮੈਨੂੰ ਲਿਖਦੇ ਹੋਏ ਯਾਦ ਆ ਗਿਆ ਹੈ ਕਿ ਜੋ ਗੁਰਬਚਨ ਸਿੰਘ ਭੁੱਲਰ ਨੇ ਕੁਲਤਾਰ ਸਿੰਘ ਸੰਧਵਾਂ ਹੱਥੋਂ ਕਰਵਾਇਆ ਹੈ, ਓਹੀ ਮੈਂ 2018 ‘ਚ ਉਸ ਵੇਲੇ ਪੰਜਾਬ ਦੇ ਸਭਿਆਚਾਰਕ ਮਾਮਲਿਆਂ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਹੱਥੋਂ ਸਾਡੇ ਉੱਘੇ ਨਾਟਕਕਾਰ ਅਜਮੇਰ ਸਿੰਘ ਔਲਖ ਵਾਸਤੇ ਕਰਵਾਇਆ ਸੀ, ਅਤੇ ਸਿੱਧੂ ਦੇ ਨਿੱਜੀ ਖਾਤੇ ‘ਚੋਂ ਹੀ ਕਰਵਾਇਆ ਸੀ। ਸਿੱਧੂ ਖ਼ੁਦ ਸਾਡੇ ਨਾਲ ਫ਼ੋਰਟਿਸ ਹਸਪਤਾਲ ਔਲਖ ਜੀ ਦਾ ਬਕਾਇਆ ਲੱਖਾਂ ਰੁਪਏ ਦਾ ਬਿੱਲ ਅਦਾ ਕਰਨ ਗਏ ਸਨ। ਇਸ ਗੱਲ ਦੀ ਸਭਿਆਚਾਰਕ ਖੇਤਰ ‘ਚ ਸਿਫ਼ਤ ਵੀ ਹੋਈ ਸੀ ਅਤੇ ਹੋਣੀ ਵੀ ਚਾਹੀਦੀ ਸੀ। ਖ਼ੈਰ, ਇਨਾਂ ਸ਼ਬਦਾਂ ਨਾਲ ਅਜ ਦੀ ਡਾਇਰੀ ਦਾ ਪੰਨਾ ਸਮਾਪਤ ਕਰਦਾ ਹਾਂ:
ਨਹੀਓਂ ਲੱਭਣੇ ਲਾਲ ਗੁਆਚੇ
ਮਿੱਟੀ ਨਾ ਫ਼ਰੋਲ ਜੋਗੀਆ