ਟੋਰੌਂਟ : ਲੱਖਾਂ-ਕਰੋੜਾਂ ਕੈਨੇਡੀਅਨਾਂ ਦੇ ਦਿਲਾਂ ਦੀ ਧੜਕਨ ਕਹਿਲਾਉਣ ਵਾਲਾ ਲੀਡਰ, ਜਸਟਿਨ ਟਰੂਡੋ, ਜਿਸ ਨੂੰ ਆਜ਼ਾਦ ਖ਼ਿਆਲ ਹਲਕਿਆਂ ਵਿੱਚ ਇੱਕ ਰੌਕ ਸਟਾਰ ਵਾਲਾ ਦਰਜਾ ਪ੍ਰਾਪਤ ਹੈ, ਭਾਰਤ ਵਿੱਚ ਆਪਣੀ ਇੱਕ ਹਫ਼ਤਾ ਲੰਬੀ ਫ਼ੇਰੀ ਦੌਰਾਨ ਕੋਈ ਖ਼ਾਸ ਮਾਰਕਾ ਮਾਰਨ ਵਿੱਚ ਕਾਮਯਾਬ ਨਹੀਂ ਹੋ ਸਕਿਆ – ਘੱਟੋਘੱਟ ਜੇ ਭਾਰਤ ਦੀ ਸਥਾਨਕ ਪ੍ਰੈੱਸ ਦੀ ਮੰਨੀਏ ਤਾਂ।ਭਾਰਤੀ ਮੀਡੀਆ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਵਲੋਂ ਕੈਨੇਡੀਅਨ ਪ੍ਰਧਾਨ ਮੰਤਰੀ ਪ੍ਰਤੀ ਅਜਿਹੀ ਬੇਰੁਖ਼ੀ ਦਰਅਸਲ ਉਸ ਦੀ ਸਰਕਾਰ ਵਿਚਲੇ ਤਥਾਕਥਿਤ ਖ਼ਾਲਿਸਤਾਨੀ ਵਿਚਾਰਧਾਰਾ ਵਾਲੇ ਨੇਤਾਵਾਂ ਨੂੰ ਨੀਵਾਂ ਦਿਖਾਉਣ ਦਾ ਇੱਕ ਢੰਗ ਸੀ ਅਤੇ ਇਸ ਨਿਰਾਦਰ ਦੀ ਸ਼ੁਰੂਆਤ ਉਸ ਦੀ ਦਿੱਲੀ ਏਅਰਪੋਰਟ ‘ਤੇ ਆਮਦ ਤੋਂ ਹੀ ਹੋ ਗਈ ਸੀ। ਟਰੂਡੋ ਦੇ ਸਵਾਗਤ ਲਈ ਕੋਈ ਨਰੇਂਦਰ ਮੋਦੀ ਆਪਣੀ ਭਾਲੂ ਜੱਫੀ ਲੈ ਕੇ ਏਅਰਪੋਰਟ ‘ਤੇ ਨਹੀਂ ਸੀ ਖੜ੍ਹਾ ਸਗੋਂ ਕਿਸੇ ਐਰੇ ਗ਼ੈਰੇ ਨੱਥੂ ਖੈਰੇ ਖੇਤੀਬਾੜੀ ਮੰਤਰੀ ਨੂੰ ਇਸ ਕੰਮ ਲਈ ਭੇਜਿਆ ਗਿਆ ਸੀ।
ਕਈ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਮੋਦੀ ਵਲੋਂ ਟਰੂਡੋ ਨੂੰ ਇੰਝ ਅਣਗੌਲਿਆਂ ਕਰ ਕੇ ਉਸ ਨੂੰ ਖ਼ਾਲਿਸਤਾਨ ਦੇ ਸਮਰਥਕ ਸਿੱਖਾਂ ਨਾਲ ਤਥਾਕਥਿਤ ਨੇੜਤਾ ਦੀ ਸਜ਼ਾ ਦਿੱਤੀ ਗਈ ਹੈ। ਇਸ ਦੀ ਇੱਕ ਮਿਸਾਲ ਓਦੋਂ ਵੀ ਦੇਖਣ ਨੂੰ ਮਿਲੀ ਜਦੋਂ ਟਰੂਡੋ ਮੋਦੀ ਦੇ ਜੱਦੀ ਸੂਬੇ ਗੁਜਰਾਤ ਗੇੜਾ ਲਗਾਉਣ ਗਿਆ ਤਾਂ ਸੋਸ਼ਲ ਮੀਡੀਆ ਦੀ ਵਰਤੋਂ ਵਿੱਚ ਮਾਹਿਰ ਭਾਰਤੀ ਪ੍ਰਧਾਨ ਮੰਤਰੀ ਤੋਂ ਕੈਨੇਡਾ ਦੇ ਪ੍ਰਥਮ ਪਰਿਵਾਰ ਨੂੰ ਇੱਕ ਸਵਾਗਤੀ ਟਵੀਟ ਤਕ ਨਹੀਂ ਸਰੀ।
ਇਨ੍ਹਾਂ ਦੋਹਾਂ ਨੇਤਾਵਾਂ ਦੀ ਮਿਲਣੀ ਹੁਣ ਸ਼ੁਕਰਵਾਰ ਵਾਲੇ ਦਿਨ ਰੱਖੀ ਗਈ ਹੈ, ਪਰ ਭਾਰਤੀ ਰੋਜ਼ਨਾਮਚੇ ‘ਦਾ ਹਿੰਦੁਸਤਾਨ ਟਾਈਮਜ਼’ ਅਨੁਸਾਰ ਟਰੂਡੋ ਨਾਲ ਸਫ਼ਰ ਕਰ ਰਹੇ ਛੇ ਕੈਬਨਿਟ ਮੰਤਰੀਆਂ ਦੀਆਂ ਸਰਕਾਰੀ ਮੀਟਿੰਗਾਂ ਪਹਿਲਾਂ ਤੋਂ ਹੀ ਤੈਅ ਹਨ।
ਟਰੂਡੋ ਦੀ ਨਿੱਜੀ ਸਮਾਂਸਾਰਣੀ ਵੀ ਭਾਰਤੀ ਵਿਓਪਾਰੀਆਂ ਨਾਲ ਹੋਣ ਵਾਲੀਆਂ ਮੀਟਿੰਗਾਂ ਨਾਲ ਭਰੀ ਪਈ ਹੈ।
ਕੈਨੇਡੀਅਨ ਪ੍ਰਧਾਨ ਮੰਤਰੀ, ਜਿਸ ਨੂੰ ਵਿਸ਼ਵ ਦਾ ਲਗਭਗ ਹਰ ਮੁਲਕ ਆਪਣੇ ਸਿਰ ਮੱਥੇ ‘ਤੇ ਬਿਠਾਉਂਦਾ ਹੈ, ਦਾ ਅਜਿਹਾ ਨਿਰਾਦਰ ਇਸ ਲਈ ਵੀ ਥੋੜ੍ਹਾ ਅਟਪਟਾ ਲਗਦੈ ਕਿਉਂਕਿ ਭਾਰਤ ਵਿੱਚ ਹੀ ਅੱਜਕੱਲ੍ਹ ਇੱਕ ਹੋਰ ਫ਼ੇਰੀ ਦੇ ਚਰਚੇ ਬਹੁਤ ਜ਼ੋਰਾਂ ਸ਼ੋਰਾਂ ਨਾਲ ਚਲ ਰਹੇ ਹਨ। ਉਹ ਹੈ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਸਪੁੱਤਰ ਡੌਨਲਡ ਟਰੰਪ ਜੂਨੀਅਰ ਦੀ ਇੱਕ ਅਣਅਧਿਕਾਰਕ ਭਾਰਤ ਫ਼ੇਰੀ ਜਿਸ ਦੌਰਾਨ ਉਸ ਨੇ ਆਪਣੇ ਪਰਿਵਾਰਕ ਰੀਅਲ ਐਸਟੇਟ ਪ੍ਰੌਜੈਕਟ ਪ੍ਰਮੋਟ ਕੀਤੇ, ਵਪਾਰੀ ਸੱਜਣਾਂ ਅਤੇ ਨਿਵੇਸ਼ਕਾਂ ਨਾਲ ਮੁਲਾਕਾਤਾਂ ਕੀਤੀਆਂ, ਅਤੇ ਇੱਕ ਅਜਿਹੀ ਕਾਨਫ਼ਰੈਂਸ ਨੂੰ ਮੁਖ਼ਾਤਿਬ ਹੋਇਆ ਜਿਸ ਵਿੱਚ ਮੋਦੀ ਦੀ ਵੀ ਸ਼ਿਰਕਤ ਰਹੀ। ਟਰੰਪ ਜੂਨੀਅਰ ਦੀ ਫ਼ੇਰੀ ਤੋਂ ਐਨ ਪਹਿਲਾਂ ਉਸ ਦੇ ਵਪਾਰਕ ਭਾਈਵਾਲਾਂ ਨੇ ਭਾਰਤ ਦੀਆਂ ਕੁਝ ਚੁਣੀਂਦਾ ਅਖ਼ਬਾਰਾਂ ਵਿੱਚ ਪੂਰੇ ਪੂਰੇ ਸਫ਼ਿਆਂ ਦੀਆਂ ਰੰਗਦਾਰ ਐਡਾਂ ਛਪਵਾਈਆਂ ਜਿਨ੍ਹਾਂ ਵਿੱਚ ਐਲਾਨ ਕੀਤਾ ਗਿਆ: ”ਟਰੰਪ ਪਧਾਰ ਚੁੱਕੇ ਨੇ”
ਔਟਵਾ ਦੀ ਕਾਰਲਟਨ ਯੂਨੀਵਰਸਿਟੀ ਵਿੱਚ ਅਰਥਸ਼ਾਸਤਰ ਦੇ ਪ੍ਰੋਫ਼ੈਸਰ, ਵਿਵੇਕ ਦਹੇਜੀਆ, ਨੇ ਬੀ.ਬੀ.ਸੀ. ਨਾਲ ਇੱਕ ਗੱਲਬਾਤ ਦੌਰਾਨ ਕਿਹਾ ਕਿ ਭਾਰਤ ਸਰਕਾਰ ਵਲੋਂ ਕੈਨੇਡਾ ਦੇ ਪਸੰਦੀਦਾ ਪ੍ਰਧਾਨ ਮੰਤਰੀ ਦਾ ਅਜਿਹਾ ਠੰਡਾ ਸਵਾਗਤ ਉਸ ਨੂੰ ”ਚਪੇੜ ਮਾਰਨ” ਦੇ ਬਰਾਬਰ ਹੈ।
ਮਾਹਿਰਾਂ ਦਾ ਕਹਿਣਾ ਹੈ ਟਰੂਡੋ ਨੂੰ ਭਾਰਤ ਵਿੱਚ ਅਜਿਹਾ ਟਰੀਟਮੈਂਟ ਇਸ ਲਈ ਮਿਲ ਰਿਹੈ ਕਿਉਂਕਿ ਭਾਰਤ ਵਿੱਚ ਇਹ ਸੋਚ ਬਹੁਤ ਪ੍ਰਬਲ ਹੈ ਕਿ ਉਸ ਦੀ ਸਰਕਾਰ ਕੈਨੇਡਾ ਵਿਚਲੇ ਉਨ੍ਹਾਂ ਵੱਖਵਾਦੀ ਗਰੁੱਪਾਂ ਪ੍ਰਤੀ ਹਮਦਰਦੀ ਰੱਖਦੀ ਹੈ ਜਿਹੜੇ ਭਾਰਤ ਤੋਂ ਅਲਹਿਦਾ ਇੱਕ ਸਿੱਖ ਰਾਜ ਖ਼ਾਲਿਸਤਾਨ ਸਥਾਪਿਤ ਕਰਨ ਦੇ ਮੁੱਦਈ ਹਨ। ਹਾਲਾਂਕਿ ਟਰੂਡੋ ਸਰਕਾਰ ਨੇ ਬਹੁਤ ਜ਼ੋਰ ਨਾਲ ਕਈ ਵਾਰ ਇਹ ਗੱਲ ਦੋਹਰਾਈ ਹੈ ਕਿ ਉਸ ਦਾ ਸਿੱਖ ਵੱਖਵਾਦੀਆਂ ਨਾਲ ਕੋਈ ਸਰੋਕਾਰ ਨਹੀਂ।
ਕੈਨੇਡਾ ਵਿੱਚ 1.9 ਮਿਲੀਅਨ ਸਾਊਥ ਏਸ਼ੀਅਨ ਲੋਕ ਰਹਿੰਦੇ ਹਨ ਜਿਨ੍ਹਾਂ ਵਿੱਚ ਪ੍ਰਭਾਵਸ਼ਾਲੀ ਸਿੱਖ ਪ੍ਰਵਾਸੀਆਂ ਦੀ ਵੀ ਕਾਬਿਲ-ਏ-ਗ਼ੌਰ ਵੱਡੀ ਗਿਣਤੀ ਹੈ। ਟਰੂਡੋ ਜਦੋਂ ਕੈਨੇਡਾ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ ਤਾਂ ਉਸ ਨੇ ਸ਼ੇਖੀ ਮਾਰਦੇ ਹੋਏ ਕਿਹਾ ਸੀ ਕਿ ਉਸ ਦੀ ਕੈਬਨਿਟ ਵਿੱਚ ਮੋਦੀ ਸਰਕਾਰ ਤੋਂ ਵੀ ਵੱਧ ਸਿੱਖ ਹਨ, ਜਿਨ੍ਹਾਂ ਵਿੱਚ ਇੱਕ ਰੱਖਿਆ ਮੰਤਰੀ ਵੀ ਸ਼ਾਮਿਲ ਹੈ। ਉਸ ਵਕਤ ਭਾਰਤ ਸਰਕਾਰ ਨੂੰ ਇਹ ਗੱਲ ਸਖ਼ਤ ਨਾਗ਼ਵਾਰ ਗ਼ੁਜ਼ਰੀ ਸੀ।ਟਰੂਡੋ ਵਲੋਂ ਆਪਣੀ ਪਲੇਠੀ ਜਿੱਤ ਤੋਂ ਬਾਅਦ ਕੈਨੇਡੀਅਨ ਸਿੱਖਾਂ ਵੱਲ ਵਧਾਏ ਗਏ ਹੱਥ ਨੂੰ ਭਾਰਤ ਵਿੱਚ ਉਨ੍ਹਾਂ ਸਿੱਖਾਂ ਪ੍ਰਤੀ ਹਮਦਰਦੀ ਵਜੋਂ ਦੇਖਿਆ ਗਿਆ ਜਿਹੜੇ ਭਾਰਤ ਨੂੰ ਵੰਡਣਾ ਚਾਹੁੰਦੇ ਹਨ। ਖ਼ਾਲਿਸਤਾਨ ਦਾ ਮਾਮਲਾ ਅਕਸਰ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਤਨਾਅ ਦਾ ਕਾਰਨ ਬਣਦਾ ਰਿਹਾ ਹੈ। ਓਨਟੈਰੀਓ ਦੀ ਪਾਰਲੀਮੈਂਟ ਨੇ 2017 ਵਿੱਚ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਸਿੱਖਾਂ ਦੀ ਨਸਲਕੁਸ਼ੀ ਗਰਦਾਨਣ ਵਾਲੇ ਮਤੇ ਨੂੰ ਪਾਸ ਕਰ ਕੇ ਵੀ ਨਵੀਂ ਦਿੱਲੀ ਦੀ ਘੋਰ ਨਾਰਾਜ਼ਗੀ ਸਹੇੜੀ ਸੀ। ਇੱਕ ਭਾਰਤੀ ਮੈਗਜ਼ੀਨ ਆਊਟਲੁੱਕ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਆਪਣੀ ਇੱਕ ਕਵਰ ਸਟੋਰੀ ਵਿੱਚ ਟਰੂਡੋ ਨੂੰ ਇੱਕ ਸਿੱਖ ਪ੍ਰੋਗਰਾਮ ਵਿੱਚ ਸ਼ਿਰਕਤ ਕਰਦੇ ਹੋਏ ਦਿਖਾ ਕੇ ਉਸ ਤਸਵੀਰ ਨੂੰ ਹੈੱਡ ਲਾਈਨ ਦਿੱਤੀ ਸੀ: ”ਖ਼ਾਲਿਸਤਾਨ ਟੂ – ਮੇਡ ਇਨ ਕੈਨੇਡਾ।”
ਟਰੂਡੋ ਦੇ ਪੰਜਾਬ ਦੌਰੇ ਦੇ ਮੌਕੇ ‘ਤੇ ਬੁੱਧਵਾਰ ਨੂੰ ਅੰਮ੍ਰਿਤਸਰ ਸਥਿਤ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ‘ਤੇ ਕੇਂਦਰੀ ਸ਼ਹਿਰੀ ਅਤੇ ਮਕਾਨ ਉਸਾਰੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਪੰਜਾਬ ਦੇ ਸਥਾਨਕ ਸਰਕਾਰਾਂ, ਸਭਿਆਚਾਰਕ ਮਾਮਲੇ ਅਤੇ ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਉਸ ਦਾ ਸਵਾਗਤ ਕਰਨ ਦੀ ਗੱਲ ਤੈਅ ਹੋਈ ਹੈ। ਟਰੂਡੋ ਵਲੋਂ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵੇਲੇ ਵੀ ਪੁਰੀ ਅਤੇ ਸਿੱਧੂ ਉਸ ਦੇ ਨਾਲ ਜਾਣਗੇ।
ਟਰੂਡੋ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਇੱਕ 20 ਮਿੰਟ ਦੀ ਮੁਲਾਕਾਤ ਕਰਨੀ ਹੈ। ਗ਼ੌਰਤਲਬ ਹੈ ਕਿ ਪਹਿਲਾਂ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਨਾਲ ਮੁਲਾਕਾਤ ਦਾ ਜ਼ਿਕਰ ਨਹੀਂ ਸੀ, ਪਰ ਬਾਅਦ ਵਿੱਚ ਪੰਜਾਬ ਸਰਕਾਰ ਨੇ ਵਿਦੇਸ਼ ਮੰਤਰਾਲੇ ਨੂੰ ਇੱਕ ਪੱਤਰ ਲਿਖ ਕੇ ਇਸ ਮੀਟਿੰਗ ਲਈ ਬੇਨਤੀ ਕੀਤੀ ਸੀ। ਫ਼ਿਰ ਜਦੋਂ ਇੱਕ ਦਿਨ ਪਹਿਲਾਂ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਪੰਜਾਬ ਦੇ ਮੁੱਖ ਮੁੰਤਰੀ ਦਫ਼ਤਰ ਨੂੰ ਭੇਜੇ ਇੱਕ ਸੁਨੇਹੇ ਵਿੱਚ ਇਸ ਮੁਲਾਕਾਤ ਦੀ ਪੁਸ਼ਟੀ ਕਰ ਦਿੱਤੀ ਤਾਂ ਉਸ ਤੋਂ ਬਾਅਦ ਹੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਫ਼ੇਰੀ ਦਾ ਖੁਲ੍ਹ ਕੇ ਸਵਾਗਤ ਕੀਤਾ।
ਟਰੂਡੋ ਦਾ ਸਿੱਖਾਂ ਦੇ ਸਰਬ ਉੱਚ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਨੂੰ ਜਾਣਾ ਕੁਝ ਲੋਕਾਂ ਵਲੋਂ ਕੈਨੇਡੀਅਨ ਸਿੱਖ ਵੋਟਰਾਂ ਨਾਲ ਹੇਜ ਜਤਾਉਣ ਦੀ ਉਸ ਦੀ ਇੱਕ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਵੈਸੇ, ਉਸ ਦੀ ਪੰਜਾਬ ਫ਼ੇਰੀ ਪਹਿਲਾਂ ਤੋਂ ਹੀ ਵਿਵਾਦਿਤ ਸਵਾਲਾਂ ਦੇ ਘੇਰੇ ਵਿੱਚ ਰਹੀ ਹੈ, ਜਿਵੇਂ ਕੀ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਟਰੂਡੋ ਨੂੰ ਮਿਲੇਗਾ ਕਿ ਨਹੀਂ ਕਿਉਂਕਿ ਉਸ ਨੇ ਇਸ ਤੋਂ ਪਹਿਲਾਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ।
ਇੱਕ ਕੈਨੇਡੀਅਨ ਕਾਰਕੁਨ ਦਾ ਸਵਾਲ ਸੀ ਕਿ ਕੀ ਟਰੂਡੋ ਦਾ ਇਸ ਭਾਰਤ ਫ਼ੇਰੀ ਉੱਪਰ ਕੈਨੇਡੀਅਨ ਟੈਕਸਪੇਅਰਜ਼ ਦਾ ਇੰਨਾ ਜ਼ਿਆਦਾ ਪੈਸਾ ਖ਼ਰਚ ਕਰ ਦੇਣਾ ਜਾਇਜ਼ ਹੈ? ਕੈਨੇਡੀਅਨ ਟੈਕਸਪੇਅਰਜ਼ ਫ਼ੈਡਰੇਸ਼ਨ, ਜਿਹੜੀ ਘੱਟ ਟੈਕਸਾਂ ਦੀ ਵਕਾਲਤ ਕਰਦੀ ਹੈ, ਦੇ ਐਰਨ ਵੁਡਰਿਕ ਦਾ ਕਹਿਣਾ ਸੀ, ”ਇੰਨਾ ਜ਼ਿਆਦਾ ਪੈਸਾ ਖ਼ਰਚ ਕੇ ਜਿੰਨੇ ਕੁ ਭਾਰਤੀ ਮੰਤਰੀਆਂ ਨਾਲ ਸਾਡੇ ਕੈਨੇਡੀਅਨ ਮੰਤਰੀਆਂ ਨੇ ਮੀਟਿੰਗਾਂ ਕੀਤੀਆਂ ਹਨ ਉਸ ਹਿਸਾਬ ਨਾਲ ਤਾਂ ਇਹ ਸੌਦਾ ਸਰਾਸਰ ਘਾਟੇ ਵਾਲਾ ਹੀ ਲਗਦੈ।”
ਭਾਰਤੀ ਵਿਦੇਸ਼ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਅਜੀਤ ਵੀਕਲੀ ਨਾਲ ਫ਼ੋਨ ‘ਤੇ ਕੀਤੀ ਇੱਕ ਗੱਲਬਾਤ ਵਿੱਚ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ, ਕਿਉਂਕਿ ਉਸ ਨੂੰ ਮੀਡੀਆ ਦੇ ਮੈਂਬਰਾਂ ਨਾਲ ਇਹ ਗੱਲ ਸਾਂਝੀ ਕਰਨ ਦੀ ਇਜਾਜ਼ਤ ਨਹੀਂ, ਦੱਸਿਆ ਕਿ ਭਾਰਤ ਸਰਕਾਰ ਨੇ ਟਰੂਡੋ ਦੇ ਸਟਾਫ਼ ਨੂੰ ਦੌਰੇ ਦੇ ਸ਼ੁਰੂ ਵਿੱਚ ਹੀ ਪ੍ਰਧਾਨ ਮੰਤਰੀ ਨਾਲ ਮੀਟਿੰਗ ਸੈੱਟ ਕਰਨ ਲਈ ਕਿਹਾ ਸੀ। ”ਇਹ ਤਾਂ ਦੇਖਣ ਨੂੰ ਹੀ ਚੰਗਾ ਨਹੀਂ ਲਗਦਾ ਕਿ ਕੋਈ ਵੀ ਫ਼ੇਰੀ ਪ੍ਰਧਾਨ ਮੰਤਰੀ ਨਾਲ ਮੀਟਿੰਗ ਕੀਤੇ ਬਿਨਾ ਸ਼ੁਰੂ ਹੋ ਜਾਵੇ,” ਉਸ ਅਧਿਕਾਰੀ ਨੇ ਫ਼ੋਨ ਉੱਪਰ ਕਿਹਾ।
ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਟਰੂਡੋ ਨੂੰ ਕਿਸੇ ਗੱਲ ਦੀ ਸਜ਼ਾ ਦਿੱਤੀ ਗਈ ਹੈ। ”ਇਹ ਕੋਈ ਮੰਨੀ ਹੋਈ ਪ੍ਰੋਟੋਕੌਲ ਨਹੀਂ ਕਿ ਪ੍ਰਧਾਨ ਮੰਤਰੀ ਹਰ ਲੀਡਰ ਨੂੰ ਮਿਲਣ ਲਈ ਏਅਰਪੋਰਟ ‘ਤੇ ਜਾਵੇ,” ਉਸ ਨੇ ਕਿਹਾ। ”ਅਸੀਂ ਹਰ ਲੋੜੀਂਦੀ ਪ੍ਰੋਟੋਕੌਲ ਦੀ ਪਾਲਣਾ ਕੀਤੀ ਹੈ।”
ਟਰੂਡੋ ਨਾਲ ਏਸ਼ੀਆ ਵਿੱਚ ਪਹਿਲਾਂ ਵੀ ਅਜਿਹਾ ਹੋ ਚੁੱਕੈ ਜਦੋਂ 2017 ਵਿੱਚ ਉਸ ਦੀ ਬੀਜਿੰਗ ਦੀ ਮਸ਼ਹੂਰ ਫ਼ੇਰੀ ਉਸ ਵੇਲੇ ਤਨਕੀਦ ਦਾ ਨਿਸ਼ਾਨਾ ਬਣੀ ਸੀ ਜਦੋਂ ਚਾਈਨੀਜ਼ ਲੀਡਰਾਂ ਨਾਲ ਵਪਾਰ ਸਬੰਧੀ ਉਸ ਦੀ ਗੱਲਬਾਤ ਫ਼ੇਲ੍ਹ ਹੋ ਗਈ।