ਬਲਦੇਵ ਧਾਲੀਵਾਲ
ਮਿਸੀਸਾਗਾ: ਕਲਮ ਲੈਂਗੁਏਜ ਡਿਵੈਲਪਮੈਂਟ ਫ਼ਾਊਂਡੇਸ਼ਨ ਔਫ਼ ਨੌਰਥ ਅਮੈਰਿਕਾ ਦੀ ਮਾਰਚ ਮਹੀਨੇ ਦੀ ਮੀਟਿੰਗ ਅਜੀਤ ਭਵਨ ‘ਚ ਅਯੋਜਿਤ ਕੀਤੀ ਗਈ ਸੀ ਜਿਸ ‘ਚ ਕਲਮ ਫ਼ਾਊਂਡੇਸ਼ਨ ਦੇ ਮੈਂਬਰਾਂ ਨੇ ਹੁਮਹੁਮਾ ਕੇ ਸ਼ਿਰਕਤ ਕੀਤੀ। ਮੀਟਿੰਗ ਇੰਟਰਨੈਸ਼ਨਲ ਮਹਿਲਾ ਦਿਵਸ ਨੂੰ ਸਮਰਪਿਤ ਸੀ। ਆਪਣੀ ਵਿਲੱਖਣ ਪੇਸ਼ਕਾਰੀ ਨਾਲ ਜਾਣੇ ਜਾਂਦੇ ਉੱਘੇ ਸਟੇਜ ਐਂਕਰ ਨੀਟਾ ਬਲਵਿੰਦਰ ਨੇ ਮੰਚ ‘ਤੇ ਆਉਦਿਆਂ ਹੀ ਹੋਲੀ ਹੋਲੀ ਖਿੜੀਂ ਨੀ ਗ਼ੁਲਾਬ ਦੀਏ ਕਲੀਏ, ਡਾਕੂਆਂ ਦੇ ਪਿੰਡ ‘ਚ ਘੁੰਡ ਨੀ ਉਤਾਰੀ ਦਾ, ਆਪਣੀ ਬਗੀਚੀ ‘ਚ ਹੱਸ ਖੇਡ ਲਈ, ਗ਼ੈਰਾਂ ਦੇ ਬਗੀਚਿਆਂ ਦਾ ਰੂਪ ਨੀ ਸ਼ਿੰਗਾਰੀ ਦਾ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਪ੍ਰਧਾਨਗੀ ਮੰਡਲ ‘ਚ ਬੈਠਣ ਲਈ ਕੰਵਲਜੀਤ ਕੌਰ ਬੈਂਸ, ਨਿਰਵੈਰ ਸਿੰਘ ਅਰੋੜਾ ਅਤੇ ਜਸਵੀਰ ਸਿੰਘ ਬੋਪਾਰਾਏ ਨੂੰ ਬੇਨਤੀ ਕੀਤੀ।
ਉਪਰੰਤ ਸ਼ੁਰੂ ਹੋਇਆ ਕਵਿਤਾਵਾਂ ਦਾ ਦੌਰ ਸ਼ਭ ਤੋਂ ਪਹਿਲਾਂ ਸੁਖਵਿੰਦਰ ਕੋਰ, ਰਣਜੀਤ ਕੋਰ, ਰੁਪਿੰਦਰ ਕੋਰ ਅਤੇ ਸੁਮਨ ਮੋਦਗਿਲ ਨੇ ਪੁਰਾਣੇ ਸਭਿਆਚਾਰ ਦੇ ਲੋਕ ਗੀਤਾਂ ਦੀਆਂ ਵੰਨਗੀਆਂ ਅਤੇ ਚੁਲਬਲੇ ਗੀਤਾਂ ਨਾਲ ਪ੍ਰੋਗਰਾਮ ਸਿਖਰਾਂ ‘ਤੇ ਪਹੁੰਚਾ ਦਿੱਤਾ। ਪ੍ਰਧਾਨਗੀ ਭਾਸ਼ਣ ‘ਚ ਜਸਵੀਰ ਸਿੰਘ ਬੋਪਾਰਾਏ ਨੇ ਔਰਤ ਦਿਵਸ ਦੀ ਸਾਰਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਸਿੱਖ ਇਤਿਹਾਸ ‘ਚ ਔਰਤਾਂ ਦੇ ਪਾਏ ਯੋਗਦਾਨ ਦਾ ਜ਼ਿਕਰ ਵੀ ਕੀਤਾ ਅਤੇ ਅੱਗੇ ਬੋਲਦਿਆਂ ਕਿਹਾ ਕਿ ਵਿਸ਼ਵ ਪੰਜਾਬੀ ਕਾਨਫ਼ਰੰਸ ਦੀ ਤਿਆਰੀ ਵਾਸਤੇ ਜਲਦੀ ਹੀ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਵੌਲੰਟੀਅਰਜ਼ ਦੀ ਚੋਣ ਵੀ ਕੀਤੀ ਜਾਵੇਗੀ। ਨਿਰਵੈਰ ਸਿੰਘ ਅਰੋੜਾ ਨੇ ਔਰਤ ਦੀ ਤਰਾਸਦੀ ਦੇ ਵੱਖੋ-ਵੱਖਰੇ ਪੱਖ ਆਪਣੇ ਦਿਲ ਟੁੰਬਵੇਂ ਅੰਦਾਜ਼ ‘ਚ ਬਿਆਨ ਕੀਤੇ।
ਭਾਵੇਂ ਅੱਜ ਦਾ ਮੌਸਮ ਕਾਫ਼ੀ ਨਾ-ਖ਼ੁਸ਼ਗਵਾਰ ਸੀ ਬਹੁਤ ਮੀਂਹ ਪੈ ਰਿਹਾ ਸੀ ਅਤੇ ਤੇਜ਼ ਹਵਾਵਾਂ ਵੱਗ ਰਹੀਆਂ ਸਨ, ਪਰ ਫ਼ਿਰ ਵੀ ਸਾਹਿਤਕ ਪ੍ਰੇਮੀਆਂ ਨੇ ਵੱਡੀ ਤਾਦਾਦ ‘ਚ ਹਾਜ਼ਰੀ ਭਰੀ। ਪਹੁਚੇ ਹੋਏ ਕਵੀਆਂ ‘ਚ ਸੁਖਵਿੰਦਰ ਕੋਰ, ਬਲਦੇਵ ਧਾਲੀਵਾਲ, ਨਿਰਵੈਰ ਸਿੰਘ ਅਰੋੜਾ, ਰਣਜੀਤ ਕੋਰ, ਡਾਕਟਰ ਤਾਰਾ ਜੀ, ਨਾਹਰ ਸਿੰਘ ਕਾਰਦੀਆ, ਦਵਿੰਦਰ ਸਿੰਘ ਸੰਘਾ, ਅਮਰ ਸਿੰਘ ਤੁੱਸੜ, ਸਾਮੀ ਉਲਾਹ, ਅਲੀ ਉਦ ਦੀਨ, ਬਿਲਾਲ ਅਹਿਮਦ, ਗੁਰਮਨ ਸਿੰਘ, ਸਰਿੰਦਰ ਸਿੰਘ ਸੂਰ, ਗਿਆਨ ਸਿੰਘ ਦਰਦੀ, ਦਿਲਾਵਰ ਸਿੰਘ ਸੈਣੀ, ਮਕਸੂਦ ਚੌਧਰੀ, ਜਸਪਾਲ ਦੇਸੂਵੀ, ਜਸਵੀਰ ਸਿੰਘ ਬੋਪਾਰਾਏ, ਗੁਰਦੇਵ ਸਿੰਘ ਰੱਖੜਾ, ਸੰਜੀਵ ਸਹਿਗਲ, ਗਰੀਬਦਾਸ, ਗੁਰਮੇਲ ਸਿੰਘ ਢਿੱਲੋਂ ਹਾਜ਼ਰ ਸਨ।
ਪ੍ਰੋਗਰਾਮ ਦੇ ਅਖੀਰ ‘ਚ ਕੰਵਲਜੀਤ ਕੌਰ ਬੈਂਸ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਔਰਤ ਦਿਵਸ ਦੀ ਵਧਾਈ ਦਿੱਤੀ ਅਤੇ ਅੱਗੇ ਬੋਲਦਿਆਂ ਕਿਹਾ ਕਿ ਔਰਤ ਬਗੈਰ ਮਕਾਨ ਤਾਂ ਬਣ ਸਕਦਾ ਹੈ, ਪਰ ਘਰ ਦੀ ਨੀਂਹ ਔਰਤ ਨਾਲ ਹੀ ਟਿਕਦੀ ਹੈ। ਉਨ੍ਹਾਂ ਨੇ 28,29 ਅਤੇ 30 ਜੂਨ 2024 ਨੂੰ ਹੋ ਰਹੀ ਅੱਠਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਦੀ ਤਿਆਰੀ ਲਈ ਅੱਜ ਤੋਂ ਹੀ ਜੁੱਟ ਜਾਣ ਦਾ ਸੱਦਾ ਵੀ ਦਿੱਤਾ। ਅਦਾਰਾ ਅਜੀਤ ਵਲੋਂ ਪਰੋਸੇ ਗਏ ਖਾਣੇ ਦਾ ਸਾਰਿਆਂ ਨੇ ਅਨੰਦ ਮਾਣਿਆਂ ਅਤੇ ਚਾਹ ਦੀਆਂ ਚੁਸਕੀਆਂ ਨਾਲ ਠੰਡ ਨਾਲ ਭੰਨ੍ਹੇ ਸ਼ਰੀਰਾਂ ਨੂੰ ਤਰੋ ਤਾਜ਼ਾ ਵੀ ਕੀਤਾ। ਸਾਰਿਆਂ ਨੇ ਅਗਲੀ ਵਾਰ ਜਲਦੀ ਮਿਲਣ ਦਾ ਵਾਅਦਾ ਕਰਦਿਆਂ ਆਪੋ-ਆਪਣੇ ਘਰਾਂ ਨੂੰ ਚਾਲੇ ਪਾਏ।