ਅੰਗ੍ਰੇਜ਼ੀ ਵਾਲੇ ਅਕਸਰ ਦੂਸਰਿਆਂ ਨਾਲ ‘ਖ਼ਾਸ ਕੈਮਿਸਟਰੀ’ ਹੋਣ ਜਾਂ ਨਾ ਹੋਣ ਦੀ ਬਹੁਤ ਗੱਲ ਕਰਦੇ ਹਨ ਜਿਸ ਦਾ ਅਰਥ ਹੈ ਕਿਸੇ ਦੂਸਰੇ ਵਿਅਕਤੀ ਦੀ ਸ਼ਖ਼ਸੀਅਤ, ਉਸ ਦੀ ਤਬੀਅਤ, ਦਿਲ ਦੀਆਂ ਭਾਵਨਾਵਾਂ, ਸ਼ਕਲ ਸੂਰਤ, ਆਦਿ ਸਭ ਕੁਝ ਤੁਹਾਡੇ ਸੁਭਾਅ ਅਤੇ ਤੁਹਾਡੀ ਪਸੰਦ ਦੇ ਅਨੁਕੂਲ ਹੋਣੇ। ਇਹ ਸਭ ਸੁਣਨ ਤੋਂ ਬਾਅਦ ਸ਼ਾਇਦ ਤੁਸੀਂ ਸੋਚੋਗੇ ਕਿ ਅਸੀਂ ਕਿਸੇ ਸ਼ਰੀਰਕ ਆਕਰਸ਼ਣ ਦੇ ਸਿਧਾਂਤ, ਭਾਵ Physical law of attraction, ਦੀ ਗੱਲ ਕਰ ਰਹੇ ਹਾਂ ਨਾ ਕਿ ਕੈਮਿਸਟਰੀ ਦੀ। ਦਰਅਸਲ, ਹਰ ਰਿਸ਼ਤਾ ਆਪਣੀ ਸਫ਼ਲਤਾ ਲਈ ਦਿਲਾਂ ਅਤੇ ਮਨਾਂ ਦੇ ਮਿਲਨ ‘ਤੇ ਨਿਰਭਰ ਕਰਦਾ ਹੈ … ਪਰ ਜੇ ਉਹ ਸਿਰਫ਼ ਸੰਸਾਰਿਕ ਜਾਂ ਫ਼ਿਜ਼ੀਕਲ ਹੋਵੇ ਤਾਂ ਤਨਾਂ ਦੇ ਹੀ! ਵਪਾਰਕ, ਸਮਾਜਕ ਅਤੇ ਰੋਮੈਂਟਿਕ, ਸਾਰੇ ਹੀ ਰਿਸ਼ਤੇ ਉੱਪਰ ਬਿਆਨ ਕੀਤੀ ਕੈਮਿਸਟਰੀ ਦੇ ਬਿਨਾ ਚੱਲਦੇ ਨਹੀਂ ਰਹਿ ਸਕਦੇ … ਪਹਿਲਾਂ ਤਾਂ ਉਹ ਪਨਪ ਹੀ ਨਹੀਂ ਸਕਦੇ। ਜੇ ਦੋ ਵਿਅਕਤੀ ਇੱਕ ਦੂਜੇ ਨੂੰ ਸਮਝ, ਪ੍ਰਚਾਅ ਅਤੇ ਪਰੇਰ ਸਕਣ ਤਾਂ ਉਹ ਇੱਕ ਦੂਜੇ ਦੀਆਂ ਬੇਸ਼ੁਮਾਰ ਤਰੁਟੀਆਂ ਬਖ਼ਸ਼ ਸਕਦੇ ਹਨ … ਉਨ੍ਹਾਂ ਨੂੰ ਅਣਗੌਲਿਆਂ ਕਰ ਸਕਦੇ ਹਨ। ਪਰ ਇਸ ਲਈ ਆਪਸੀ ਵਿਸ਼ਵਾਸ ਹੋਣਾ ਲਾਜ਼ਮੀ ਹੈ। ਜਿੱਥੇ ਤੁਹਾਨੂੰ ਇਸ ਵਕਤ ਵਿਸ਼ਵਾਸ ਦੀ ਕਮੀ ਖਲ਼ ਰਹੀ ਹੈ, ਉੱਥੇ ਉਹ ਵਿਸ਼ਵਾਸ ਬਣਾਇਆ ਜਾ ਸਕਦੈ ਜਾਂ ਮੁੜ ਸਿਰਜਿਆ ਜਾ ਸਕਦੈ।
ਅਸੀਂ ਕੁਝ ਲੋਕਾਂ ਨੂੰ ਪਸੰਦ ਤੇ ਕੁਝ ਨੂੰ ਨਾ-ਪਸੰਦ ਕਿਉਂ ਕਰਦੇ ਹਾਂ? ਹਮੇਸ਼ਾ ਕਾਰਨ ਦੇਣਾ ਆਸਾਨ ਨਹੀਂ ਹੁੰਦਾ। ਸਾਡੇ ਅੰਦਰ ਇੱਕ ਅਜਿਹੀ ਭਾਵਨਾ ਪਨਪਦੀ ਹੈ ਜਿਸ ਨੂੰ ਅਸੀਂ ਨਕਾਰ ਨਹੀਂ ਸਕਦੇ ਅਤੇ, ਆਹਿਸਤਾ ਆਹਿਸਤਾ, ਉਹ ਆਪਣੇ ਆਪ ਨੂੰ ਦਬਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਹੀ ਅਸਫ਼ਲ ਬਣਾ ਦਿੰਦੀ ਹੈ। ਕੀ ਮਨੁੱਖੀ ਰਿਸ਼ਤਿਆਂ – ਬੇਸ਼ੱਕ ਉਹ ਰੋਮੈਂਟਿਕ ਹੋਣ ਜਾਂ ਸਮਾਜਕ ਜਾਂ ਆਰਥਿਕ – ਪ੍ਰਤੀ ਸਾਡੀ ਅਜਿਹੀ ਤਰਕਹੀਣ ਪਹੁੰਚ ਗ਼ਲਤ ਹੈ? ਚਲੋ ਫ਼ਿਰ, ਜੋ ਤੁਹਾਡੇ ਦਿਲ ਵਿੱਚ ਵਾਪਰ ਰਿਹੈ ਉਸ ਬਾਰੇ ਤੁਹਾਡੇ ਦਿਮਾਗ ਵਿੱਚ ਜੋ ਹੋ ਰਿਹੈ, ਉਸ ‘ਤੇ ਕਰੜੇ ਵਿਗਿਆਨਕ ਸਿਧਾਂਤ ਲਾਗੂ ਕਰਨ ਦੀ ਕੋਸ਼ਿਸ਼ ਕਰ ਕੇ ਦੇਖ ਲਓ, ਅਤੇ ਤੁਹਾਡਾ ਹੀ ਇੱਕ ਹਿੱਸਾ ਤੁਹਾਡੀਆਂ ਹਿਦਾਇਤਾਂ ਕਬੂਲਣ ਤੋਂ ਸਾਫ਼ ਇਨਕਾਰ ਕਰ ਦੇਵੇਗਾ। ਆਜ਼ਾਦ ਹੋਣ ਦਾ ਅਰਥ ਹੈ ਉਹ ਮਹਿਸੂਸ ਕਰਨ ਦੀ ਆਜ਼ਾਦੀ ਜੋ ਤੁਸੀਂ ਮਹਿਸੂਸ ਕਰ ਰਹੇ ਹੋ ਅਤੇ ਕਿਉਂ ਮਹਿਸੂਸ ਕਰ ਰਹੇ ਹੋ ਦੀ ਬਿਲਕੁਲ ਵੀ ਚਿੰਤਾ ਨਾ ਕਰਨਾ। ਤੁਹਾਡੇ ਦਿਲ ਦੀ ਸਿਹਤ ਲਈ ਇਸ ਵੇਲੇ ਇਹੋ ਚੰਗਾ ਹੈ।
ਕੀ ਤੁਹਾਨੂੰ ਜੋ ਚਾਹੀਦਾ ਹੈ ਤੁਸੀਂ ਉਸ ਨੂੰ ਹਾਸਿਲ ਕਰ ਸਕਦੇ ਹੋ? ਜੇ ਤੁਸੀਂ ਸੱਚਮੁੱਚ ਹੀ ਕੋਈ ਅਜਿਹੀ ਚੀਜ਼ ਪ੍ਰਾਪਤ ਕਰਨਾ ਚਾਹ ਰਹੇ ਹੋ ਜਿਹੜੀ ਤੁਹਾਨੂੰ ਹਾਸਿਲ ਹੀ ਨਹੀਂ ਹੋ ਸਕਦੀ ਤਾਂ ਫ਼ਿਰ ਤਾਂ ਨਹੀਂ। ਤੁਸੀਂ ਕਹੋਗੇ ਕਿ ਇਹ ਤਾਂ ਸਰਾਸਰ ਤੁਹਾਨੂੰ ਭੰਬਲਭੂਸੇ ਵਿੱਚ ਪਾਉਣ ਵਾਲੀ ਦਲੀਲ ਹੋਈ। ਪਰ ਜਿਵੇਂ ਕਿ ਕਈ ਮਨੋਵਿਗਿਆਨੀਆਂ ਨੇ ਆਪਣੇ ਨੋਟਾਂ ਵਿੱਚ ਨੋਟਿਸ ਕੀਤਾ ਹੀ ਹੈ, ਲੋਕ ਤੰਗੀ, ਪਰੇਸ਼ਾਨੀ, ਉਤੇਜਨਾ, ਨਿਰਾਸ਼ਾ, ਆਦਿ, ਵਿੱਚ ਇੱਕ ਤਰ੍ਹਾਂ ਦੀ ਰੁਚੀ ਬਣਾ ਲੈਂਦੇ ਹਨ। ਅਸੀਂ ਅਕਾਊਪੁਣੇ ਦੀ ਅਜਿਹੀ ਆਦਤ ਬਣਾ ਲੈਂਦੇ ਹਾਂ ਕਿ ਅਸੀਂ ਉਸ ਨੂੰ ਮਹਿਸੂਸ ਕੀਤੇ ਬਿਨਾਂ ਆਪਣੇ ਆਪ ਵਿੱਚ ਸੱਖਣੇ ਜਾਂ ਅਧੂਰੇ ਮਹਿਸੂਸ ਕਰਦੇ ਹਾਂ। ਕੀ ਕਿਹਾ ਤੁਸੀਂ ਅਜਿਹੀ ਕਿਸੇ ਵੀ ਬਿਮਾਰੀ ਦੇ ਲੱਛਣਾਂ ਤੋਂ ਗ੍ਰਸਤ ਨਹੀਂ ਹੋ? ਫ਼ਿਰ, ਇਸ ਦਾ ਸਬੂਤ ਦਿਓ। ਉਸ ਨੂੰ ਹਾਸਿਲ ਕਰਨ ਦੀ ਕੋਸ਼ਿਸ਼ ਕਰੋ ਜਿਸ ਨੂੰ ਤੁਸੀਂ ਸੱਚਮੁੱਚ ਪ੍ਰਾਪਤ ਕਰ ਸਕਦੇ ਹੋ!
ਕਈ ਵਾਰ, ਇਸ ਸੰਸਾਰ ਦੇ ਸਭ ਤੋਂ ਪਿਆਰੇ ਵਿਅਕਤੀਆਂ ਨਾਲ ਵੀ ਨਿਬਾਹ ਕਰਨਾ ਜਾਂ ਰਹਿਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਅਤੇ ਕਈ ਵਾਰ, ਵੱਡੇ ਤੋਂ ਵੱਡੇ ਪਿਸ਼ਾਚਾਂ ਦੀਆਂ ਸ਼ਖ਼ਸੀਅਤਾਂ ਵਿੱਚ ਵੀ ਕੋਈ ਨਾ ਕੋਈ ਮਿਠਾ ਸਜਾਂ ਕੋਮਲਤਾ ਹੁੰਦੀ ਹੀ ਹੈ। ਅਸੀਂ ਜਦੋਂ ਕਿਸੇ ਵੀ ਵਿਅਕਤੀ ਨੂੰ ਸ਼੍ਰੇਣੀਬੱਧ ਕਰਨ ਵਿੱਚ ਜਲਦਬਾਜ਼ੀ ਕਰ ਦਿੰਦੇ ਹਾਂ ਤਾਂ ਇਹ ਸਾਡੀ ਗ਼ਲਤੀ ਹੁੰਦੀ ਹੈ। ਸਾਨੂੰ ਹਮੇਸ਼ਾ ਦੂਸਰਿਆਂ ਵਿੱਚ ਸਾਕਾਰਾਤਮਕ ਤਬਦੀਲੀ ਨੂੰ ਇੱਕ ਮੌਕਾ ਦੇਣਾ ਚਾਹੀਦੈ, ਖ਼ਾਸਕਰ ਉਨ੍ਹਾਂ ਦੇ ਦਿਲੋ ਦਿਮਾਗ ਵਿੱਚ ਜਿਨ੍ਹਾਂ ਨਾਲ ਅਸੀਂ ਨੇੜਿਓਂ ਅਦਾਨ-ਪ੍ਰਦਾਨ ਜਾਂ ਸੰਵਾਦ ਕਰਦੇ ਹਾਂ। ਜੇਕਰ ਤੁਸੀਂ ਇਹ ਸੋਚਦੇ ਹੋ ਕਿ ਤੁਹਾਡੀ ਨਿੱਜੀ ਜ਼ਿੰਦਗੀ ਵਿੱਚ ਕੋਈ ਸਮੱਸਿਆ ਜਾਂ ਤਨਾਅ ਦਾ ਸ੍ਰੋਤ ਮੌਜੂਦ ਹੈ ਤਾਂ ਉਸ ਵਿੱਚ ਵੀ ਛੇਤੀ ਹੀ ਸ਼ਾਂਤੀ ਅਤੇ ਸਦਭਾਵਨਾ ਕਾਇਮ ਕੀਤੀ ਜਾ ਸਕਦੀ ਹੈ। ਇਸ ਸੰਭਾਵਨਾ ਦੀ ਆਮਦ ਲਈ ਆਪਣੇ ਦਿਲ ਦੇ ਦੁਆਰ ਖੋਲ੍ਹ ਕੇ ਰੱਖੋ!
ਓਧਰ ਦੂਰ, ਪਰ੍ਹਾਂ ਫ਼ਾਸਲੇ ‘ਤੇ ਦੇਖੋ। ਕੀ ਤੁਹਾਨੂੰ ਉਹ ਖ਼ੁਸ਼ ਖ਼ੁਸ਼ ਸਥਾਨ ਦਿਖਾਈ ਦੇ ਰਿਹੈ ਜਿੱਥੇ ਸੂਰਜ ਦੀਆਂ ਚਿਤਕਬਰੀਆਂ (ਡਬਖੜੱਬੀਆਂ) ਕਿਰਨਾਂ ਦੋਸਤਾਨਾ ਜੰਗਲ ਦੇ ਦਰਖ਼ਤਾਂ ਦੇ ਪੱਤਿਆਂ ਥਾਣੀਂ ਕਿਰਦੀਆਂ ਪਈਆਂ ਨੇ, ਅਤੇ ਹੱਸਦੇ ਖਿੜਖਿੜਾਉਂਦੇ ਲੋਕ ਬੈਠ ਕੇ ਇੱਕ ਦੂਜੇ ਨਾਲ ਆਪਣੇ ਜਾਦੂਈ ਪਲ ਸਾਂਝੇ ਕਰ ਰਹੇ ਨੇ? ਕਿੰਨੇ ਮਾਸੂਮ, ਪਿਆਰੇ, ਦਿਲਾਂ ਨੂੰ ਗੁਦਗੁਦਾਉਣ ਵਾਲੇ ਅਤੇ ਚਿੰਤਾ ਰਹਿਤ ਲਗਦੇ ਨੇ ਨਾ ਉਹ ਸਾਰੇ? ਕਿਤੇ ਇਹ ਤੁਹਾਡੇ ਭਵਿੱਖ ਵਿੱਚ ਇੱਕ ਝਾਤ ਤਾਂ ਨਹੀਂ? ਹੋ ਵੀ ਸਕਦੀ ਹੈ? ਪਰ ਆਪਣੀ ਇਸ ਕਲਪਨਾ ਦਾ ਹਿੱਸਾ ਬਣਨ ਲਈ, ਤੁਹਾਨੂੰ ਇਸ ਕਲਪਨਾ ਨੂੰ ਪਹਿਲਾਂ ਆਪਣਾ ਹਿੱਸਾ ਬਣਨ ਦੇਣਾ ਪੈਣੈ। ਇਸ ਦਾ ਅਰਥ ਹੋਇਆ ਨਾਕਾਰਾਤਮਕ ਉਮੀਦਾਂ ਅਤੇ ਨਿਰਅਰਥਕ ਪਛਤਾਵਿਆਂ ਤੋਂ ਨਿਜਾਤ ਪਾਉਣੀ ਅਤੇ ਆਪਣੇ ਜੀਵਨ ਵਿੱਚ ਸਾਕਾਰਾਤਮਕ ਸੰਭਾਵਨਾ ਦੇ ਸੁਪਨਿਆਂ ਲਈ ਹੋਰ ਜਗ੍ਹਾ ਬਣਾਉਣੀ!
ਕੁਝ ਰਿਸ਼ਤੇ ਸਾਡੇ ਦਿਲਾਂ ਨੂੰ ਗੁਦਗੁਦਾ ਜਾਂਦੇ ਹਨ। ਕੁਝ ਉਨ੍ਹਾਂ ਤੋਂ ਥੋੜ੍ਹੇ ਜਿਹੇ ਨੀਰਸ ਹੁੰਦੇ ਨੇ। ਅਸੀਂ ਇਹ ਧਾਰਣਾ ਪਾਲਦੇ ਹੋ ਸਕਦੇ ਹਾਂ ਕਿ ਸਾਨੂੰ ਪੱਕਾ ਪਤੈ ਕਿ ਕਿਸੇ ਖ਼ਾਸ ਵਿਅਕਤੀ ਨਾਲ ਆਪਣੇ ਲੈਣ-ਦੇਣ ਵਿੱਚ ਅਸੀਂ ਉਨ੍ਹਾਂ ਤੋਂ ਕੀ ਤਵੱਕੋ ਰੱਖਣੀ ਹੈ। ਅਸੀਂ ਆਪਣੀ ਇਸ ਸੋਚ ਵਿੱਚ ਸਹੀ ਵੀ ਹੋ ਸਕਦੇ ਹਾਂ ਅਤੇ ਇਹ ਇੱਕ ਚੰਗੀ ਗੱਲ ਸਾਬਿਤ ਹੋ ਸਕਦੀ ਹੈ। ਤੁਹਾਡੇ ਦਿਲ ਦੇ ਧੁਰ ਅੰਦਰ ਇਸ ਵਕਤ ਕਿਸੇ ਕਿਸਮ ਦੇ ਨਾਟਕ ਲਈ ਕੋਈ ਮਹਾਨ ਤ੍ਰਿਸ਼ਨਾ ਮੌਜੂਦ ਨਹੀਂ। ਥੋੜ੍ਹੀ ਜਿਹਾ ਮਿੱਠਾ ਸੰਤੁਲਨ ਹੀ ਉਹ ਸਭ ਕੁਝ ਹੈ ਜੋ ਤੁਹਾਨੂੰ ਆਪਣੇ ਜੀਵਨ ਵਿੱਚ ਸੱਚਮੁੱਚ ਚਾਹੀਦੈ। ਜਿਹੜਾ ਵਿਅਕਤੀ ਤੁਹਾਨੂੰ ਇਹ ਮੁਹੱਈਆ ਕਰਾਉਣ ਦੇ ਕਾਬਿਲ ਹੈ, ਅਤੇ ਕਰਨ ਲਈ ਰਾਜ਼ੀ ਹੈ, ਉਸ ਨੂੰ ਆਪਣੀ ਦੂਸਰੀ ਬਿਹਤਰੀਨ ਚੋਣ ਸਮਝਣਾ ਕੋਈ ਚੰਗੀ ਗੱਲ ਨਹੀਂ। ਛੇਤੀ ਹੀ ਤੁਹਾਨੂੰ ਸਕੂਨ ਦੇਣ ਦੀ ਹੱਦ ਤਕ ਇਹ ਸਪੱਸ਼ਟ ਹੋ ਜਾਵੇਗਾ ਕਿ ਤੁਹਾਡੇ ਸਾਥੀ ਵਿੱਚ ਬਹੁਤ ਸਾਰੀਆਂ ਸਾਕਾਰਾਤਮਕ ਸੰਭਾਵਨਾਵਾਂ ਮੌਜੂਦ ਹਨ।