ਬੀਤੇ ਕੱਲ੍ਹ ਦਾ ਦੁਸ਼ਮਣ ਅੱਜ ਦਾ ਦੋਸਤ ਬਣ ਚੁੱਕਾ ਹੈ। ਲੰਘੇ ਕੱਲ੍ਹ ਦੀ ਰੁਕਾਵਟ ਅੱਜ ਦਾ ਇੱਕ ਮੌਕਾ ਹੈ। ਇੱਕ ਪੁਰਾਣਾ ਨਾਕਾਰਾਤਮਕ ਪੱਖ ਅੱਜ ਇੱਕ ਨਵਾਂ ਚੰਗਾ ਪਹਿਲੂ ਹੈ। ਅਤੀਤ ਦੀ ਕੋਈ ਦੇਣਦਾਰੀ ਅੱਜ ਇੱਕ ਸੰਪਤੀ ਬਣ ਚੁੱਕੀ ਹੈ। ਤੁਹਾਨੂੰ ਅਜੇ ਤਕ ਅਜਿਹੇ ਹੈਰਾਨ ਕਰਨ ਵਾਲੇ ਬਦਲਾਵਾਂ ਦੇ ਕੋਈ ਪੁਖ਼ਤਾ ਸਬੂਤ ਨਹੀਂ ਮਿਲੇ। ਸ਼ਾਇਦ ਅਜਿਹਾ ਇਸ ਲਈ ਹੈ ਕਿਉਂਕਿ ਉਨ੍ਹਾਂ ਤਬਦੀਲੀਆਂ ‘ਚੋਂ ਕੋਈ ਵੀ ਸਪੱਸ਼ਟ ਤੌਰ ‘ਤੇ ਨਜ਼ਰ ਨਹੀਂ ਆਉਂਦੀ। ਤੁਸੀਂ ੳਪਰਲੀ ਨਜ਼ਰੀਂ ਦੇਖ ਕੇ ਉਨ੍ਹਾਂ ਪਰਿਵਰਤਨਾ ਬਾਰੇ ਕੁਝ ਵੀ ਨਹੀਂ ਕਹਿ ਸਕਦੇ। ਤੁਹਾਨੂੰ ਕੁਝ ਵੱਖੋ-ਵੱਖਰੀਆਂ ਚੀਜ਼ਾਂ ਕਰ ਕੇ ਦੇਖਣਾ ਪੈਣਾ ਹੈ। ਤੁਹਾਨੂੰ ਇੱਕ ਪ੍ਰਯੋਗ ਕਰਨਾ ਪੈਣੈ। ਜੇਕਰ ਤੁਸੀਂ ਇਹ ਸੋਚ ਕੇ ਬੈਠੇ ਹੋ ਕਿ ਇਹ ਸਭ ਕਰਨ ਦਾ ਕੋਈ ਫ਼ਾਇਦਾ ਨਹੀਂ ਕਿਉਂਕਿ ਤੁਹਾਡੇ ਪੁਰਾਣੇ ਤਜਰਬੇ ਨੇ ਤੁਹਾਨੂੰ ਸਿਖਾਇਆ ਹੈ ਕਿ ਅਜਿਹੀ ਕੋਈ ਯੋਜਨਾ ਕੰਮ ਨਹੀਂ ਕਰੇਗੀ ਤਾਂ ਤੁਸੀਂ ਸ਼ਾਇਦ ਕੋਸ਼ਿਸ਼ ਹੀ ਨਾ ਕਰੋ। ਫ਼ਿਰ ਤੁਹਾਨੂੰ ਕਦੇ ਵੀ ਇਹ ਪਤਾ ਨਹੀਂ ਲੱਗ ਸਕੇਗਾ ਕਿ ਕਿਹੜੀ ਚੀਜ਼ ਸੰਭਵ ਹੈ ਅਤੇ ਕਿਹੜੀ ਨਹੀਂ। ਇਸ ਲਈ ਫ਼ਿਰ ਤੋਂ ਇੱਕ ਕੋਸ਼ਿਸ਼ ਕਰ ਕੇ ਦੇਖੋ!
ਜੇ ਤੁਸੀਂ ਅਸੰਭਵ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਨਾ ਕਰੋ ਤਾਂ ਤੁਸੀਂ ਚਮਤਕਾਰ ਦੀ ਉਮੀਦ ਕਿਵੇਂ ਰੱਖ ਸਕਦੇ ਹੋ? ਕੀ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਕੋਈ ਚਮਤਕਾਰ ਵਰਤਾ ਸਕਦੇ ਹੋ? ਕਿਓਂ ਨਹੀਂ? ਤੁਸੀਂ ਪਹਿਲਾਂ ਚਮਤਕਾਰ ਹੁੰਦੇ ਤਾਂ ਦੇਖੇ ਹੀ ਹਨ, ਕਿ ਨਹੀਂ? ਕੀ ਉਹ ਹਮੇਸ਼ਾ ਓਦੋਂ ਨਹੀਂ ਵਾਪਰਦੇ ਜਦੋਂ ਕੋਈ, ਕਿਤੇ, ਅਸੰਭਵ ਨੂੰ ਪ੍ਰਾਪਤ ਕਰਨ ਲਈ ਤਿਆਰ ਹੁੰਦਾ ਹੈ? ਜੀਵਨ ਆਪਣੇ ਆਪ ‘ਚ ਜੇ ਇੱਕ ਚਮਤਕਾਰ ਨਹੀਂ ਤਾਂ ਫ਼ਿਰ ਕੀ ਹੈ? ਇਸ ਧਰਤੀ ਗ੍ਰਹਿ ‘ਤੇ ਜਿਹੜਾ ਆਪਣੀ ਜਲਵਾਯੂ, ਅਪਾਣੇ ਵਾਯੂਮੰਡਲ ਅਤੇ ਆਪਣੀ ਰਸਾਇਣਕ ਰਚਨਾ ਦੀ ਵਿਲੱਖਣਤਾ ਲਈ ਸਮੁੱਚੇ ਬ੍ਰਹਿਮੰਡ ‘ਚ ਜਾਣਿਆ ਜਾਂਦਾ ਹੈ – ਸਾਡੀ ਹੋਂਦ ਕਿੰਨੀ ਅਸੰਭਵ ਹੈ? ਆਪਣੇ ਜੀਵਨ ‘ਚੋਂ ਸਕਾਰਾਤਮਕਤਾ ਨੂੰ ਰੱਦ ਨਾ ਕਰੋ।
ਤਬਦੀਲੀ ਬਹੁਤ ਹੀ ਘੱਟ ਪਲਟੀ ਜਾਂਦੀ ਹੈ। ਇੱਕ ਵਾਰ ਉਸ ਦੇ ਵਾਪਰ ਜਾਣ ਤੋਂ ਬਾਅਦ, ਇੰਝ ਜਾਪਦਾ ਹੈ ਕਿ ਜਿਵੇਂ ਚੀਜ਼ਾਂ ਹਮੇਸ਼ਾਂ ਤੋਂ ਉਸੇ ਤਰ੍ਹਾਂ ਦੀਆਂ ਹੀ ਸਨ ਜਿਵੇਂ ਦੀਆਂ ਉਹ ਹੁਣ ਬਣ ਚੁੱਕੀਆਂ ਹਨ। ਇਸ ਲਈ ਪਰਿਵਰਤਨ ਦੀ ਗੱਲ ਰੋਮਾਂਚਕ ਜ਼ਰੂਰ ਲੱਗ ਸਕਦੀ ਹੈ, ਪਰ ਜਦੋਂ ਤਬਦੀਲੀ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ ਤਾਂ ਉਹ ਬੇਚੈਨੀ ਪੈਦਾ ਕਰਦੀ ਹੈ। ਹੁਣ ਕੁਝ ਸਮੇਂ ਤੋਂ, ਤੁਹਾਡੀ ਦੁਨੀਆਂ ‘ਚ ਕੋਈ ਵਿਅਕਤੀ ਸਾਰੀਆਂ ਸਹੀ ਗੱਲਾਂ ਕਹਿ ਰਿਹਾ ਹੈ। ਪਰ ਹੁਣ ਤਕ ਉਹ ਅਸਲ ‘ਚ ਕੀ ਕਰ ਰਹੇ ਸਨ? ਅਤੇ ਹੁਣ ਉਹ ਕੀ ਕਰ ਰਹੇ ਹਨ? ਅਤੇ ਜੇਕਰ ਕਾਰਜ ਸ਼ਬਦਾਂ ਨਾਲੋਂ ਉੱਚਾ ਬੋਦਲਦੇ ਹਨ ਤਾਂ ਤੁਹਾਨੂੰ ਅਸਲ ‘ਚ ਕਿਹਾ ਕੀ ਜਾ ਰਿਹਾ ਹੈ? ਇਸ ਵਕਤ ਤੁਹਾਨੂੰ ਆਪਣੀਆਂ ਖ਼ੁਦ ਦੀਆਂ ਕੁਝ ਕੁ ਕਾਰਵਾਈਆਂ ਨਾਲ ਜਵਾਬ ਦੇਣਾ ਚਾਹੀਦਾ ਹੈ।
ਕੋਈ ਸ਼ੈਅ ਹੁਣ ਟੁੱਟੀ ਹੋਈ ਨਹੀਂ ਰਹੀ। ਉਹ ਹੁਣ ਹੌਲੀ-ਹੌਲੀ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ ਅਤੇ ਦੁਬਾਰਾ ਜੁੜ ਰਹੀ ਹੈ। ਉਹ ਹੁਣ ਗ਼ਲਤ ਵੀ ਨਹੀਂ ਰਹੀ। ਉਹ ਠੀਕ ਹੋ ਰਹੀ ਹੈ। ਤੁਹਾਨੂੰ ਹੁਣ ਚਿੰਤਾ ਜਾਂ ਅਸੁਰੱਖਿਅਤ ਮਹਿਸੂਸ ਕਰਨ ਦੀ ਲੋੜ ਨਹੀਂ। ਭਾਵੇਂ ਤੁਸੀਂ ਅਜੇ ਤਕ ਤਬਦੀਲੀ ਦਾ ਸਪੱਸ਼ਟ ਸਬੂਤ ਨਹੀਂ ਦੇਖਿਆ, ਪਰ ਉਹ ਸਮੇਂ ਤੋਂ ਕਾਫ਼ੀ ਪਹਿਲਾਂ ਸਾਹਮਣੇ ਆ ਜਾਵੇਗੀ। ਤੁਹਾਨੂੰ ਇੱਕ ਅਜੀਬ ਸਥਿਤੀ ‘ਤੇ ਚੰਗੀ ਨੇੜਿਓਂ ਨਜ਼ਰ ਰੱਖਣ ਲਈ ਮਜਬੂਰ ਕੀਤਾ ਜਾ ਰਿਹੈ। ਇਸ ਨੇ ਤੁਹਾਨੂੰ ਇੱਕ ਤੀਬਰ, ਥਕਾ ਦੇਣ ਵਾਲੀ ਪ੍ਰਕਿਰਿਆ ‘ਚੋਂ ਲੰਘਾਇਆ ਹੈ, ਪਰ ਉਸ ਨੇ ਇਹ ਯਕੀਨੀ ਵੀ ਬਣਾਇਆ ਹੈ ਕਿ ਤੁਸੀਂ ਉਹ ਸਭ ਕੁਝ ਜਾਣ ਜਾਓ ਜੋ ਤੁਹਾਨੂੰ ਇੱਕ ਮਹੱਤਵਪੂਰਣ ਸਮੱਸਿਆ ਨੂੰ ਹੱਲ ਕਰਨ ਲਈ ਜਾਣਨ ਦੀ ਲੋੜ ਹੈ।
ਕੁਝ ਕਰਨ ਦੀ ਕੀ ਲੋੜ ਹੈ ਜੇਕਰ ਕੁਝ ਨਾ ਕਰ ਕੇ ਵੀ ਤੁਹਾਡਾ ਗੁਜ਼ਾਰਾ ਹੋ ਸਕਦਾ ਹੋਵੇ? ਕੁਝ ਵੀ ਕਿਓਂ ਕਹੋ ਜੇ ਤੁਸੀਂ ਚੁੱਪ ਰਹਿ ਸਕਦੇ ਹੋਵੋ? ਜਦੋਂ ਤੁਸੀਂ ਕੇਵਲ ਬੈਠ ਕੇ ਸਭ ਕੁਝ ਦੇਖ ਸਕਦੇ ਹੋ ਕਿ ਕੀ ਹੋ ਰਿਹਾ ਹੈ ਤਾਂ ਨਿਯੰਤਰਣ ਹਾਸਿਲ ਕਰਨ ਦੀ ਕੋਸ਼ਿਸ਼ ਹੀ ਕਿਓਂ ਕੀਤੀ ਜਾਵੇ? ਬੇਸ਼ੱਕ, ਕੁਝ ਅਜਿਹੇ ਸਮੇਂ ਹੁੰਦੇ ਹਨ ਜਦੋਂ ਸਾਨੂੰ ਕਾਰਵਾਈ ਕਰਨ ਦੀ ਲੋੜ ਪੈਂਦੀ ਹੈ, ਪਰ ਕਈ ਵਾਰ ਅਸੀਂ ਪਿੱਛੇ ਹਟਣ ਬਾਰੇ ਸੋਚਣ ਲਈ ਵੀ ਬਹੁਤ ਜ਼ਿਆਦਾ ਮਜਬੂਰ ਮਹਿਸੂਸ ਕਰਦੇ ਹਾਂ। ਪਰ ਕੁਝ ਸਥਿਤੀਆਂ ਪੂਰੀ ਤਰ੍ਹਾਂ ਸੰਤੁਲਿਤ ਹੁੰਦੀਆਂ ਹਨ। ਲੰਘਦੀ ਹਵਾ ਦਾ ਇੱਕ ਹਲਕਾ ਜਿਹਾ ਬੁਲ੍ਹਾ ਵੀ ਉਸ ਸੰਤੁਲਨ ਨੂੰ ਵਿਗਾੜ ਸਕਦਾ ਹੈ। ਅਜਿਹੇ ਸਮੇਂ ‘ਚ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਅਸੀਂ ਅਸਲ ‘ਚ ਕੀ ਪ੍ਰਭਾਵ ਛੱਡਣਾ ਚਾਹੁੰਦੇ ਹਾਂ? ਤੁਹਾਨੂੰ ਸ਼ਕਤੀ ਮਿਲ ਸਕਦੀ ਹੈ, ਪਰ ਕੀ ਤੁਸੀਂ ਉਹ ਜ਼ਿੰਮੇਵਾਰੀ ਵੀ ਚਾਹੁੰਦੇ ਹੋ ਜੋ ਉਸ ਤਾਕਤ ਦੇ ਨਾਲ ਆਉਂਦੀ ਹੈ?