ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1551

ਇਸ ਸੰਸਾਰ ਨੂੰ ਛੱਡਣ ਮਗਰੋਂ ਅਸੀਂ ਸਾਰੇ ਕਿੱਥੇ ਚਲੇ ਜਾਂਦੇ ਹਾਂ? ਵੱਖੋ-ਵੱਖਰੇ ਲੋਕਾਂ ਦੇ ਆਪੋ-ਆਪਣੇ ਵਿਸ਼ਵਾਸ ਨੇ, ਪਰ ਬਹੁਤ ਸਾਰੇ ਲੋਕਾਂ ਦਾ ਇਹ ਮੱਤ ਹੈ ਕਿ ਸਾਡੇ ਕਰਮਾਂ ਦਾ ਨਿਰਣਾ ਕੀਤਾ ਜਾਵੇਗਾ, ਅਤੇ ਕਿਸੇ ਸਰਬਉਚ ਵਿਅਕਤੀ (ਜਾਂ ਰੱਬ) ਦੁਆਰਾ ਉਨ੍ਹਾਂ ਬਾਰੇ ਫ਼ੈਸਲਾ ਕਰਨ ਉਪਰੰਤ ਸਾਨੂੰ ਇਨਾਮ ਦਿੱਤਾ ਜਾਵੇਗਾ ਜਾਂ ਸਜ਼ਾ ਮਿਲੇਗੀ। ਪਰ ਸਵਰਗ ਕਿੱਥੇ (ਜਾਂ ਕੀ) ਹੈ? ਬਹੁਤ ਸਾਰੇ ਲੋਕ ਇਸ ਨੂੰ ਮਨ ਦੀ ਇੱਕ ਅਜਿਹੀ ਅਵਸਥਾ ਮੰਨਦੇ ਹਨ ਜੋ ਅਸੀਂ ਇਸੇ ਸਮੇਂ, ਇੱਥੇ, ਇਸ ਧਰਤੀ ‘ਤੇ ਹੀ ਅਨੁਭਵ ਕਰ ਸਕਦੇ ਹਾਂ। ਉਸ ਅੰਦਰ ਪਰਵੇਸ਼ ਕਰਨ ਲਈ, ਪਰ, ਤੁਹਾਨੂੰ ਕੇਵਲ ਆਪਣੇ ਆਪ ਨੂੰ, ਆਪਣੀ ਸਥਿਤੀ ਨੂੰ ਅਤੇ ਆਪਣੇ ਉਸ ਡੂੰਘੇ ਵਿਸ਼ਵਾਸ ਨੂੰ ਸਵੀਕਾਰ ਕਰਨ ਦੀ ਇੱਛਾ ਭਾਲਣ ਦੀ ਲੋੜ ਹੈ ਕਿ ਇਹ ਸੰਸਾਰ ਇੱਕ ਸੁਹਾਵਣਾ ਅਤੇ ਕਿਰਪਾਲੂ ਸਥਾਨ ਹੈ। ਅਜਿਹਾ ਸਵਰਗ ਹਾਲੇ ਵੀ ਸਾਰੇ ਦਾ ਸਾਰਾ ਤੁਹਾਡਾ ਹੋ ਸਕਦਾ ਹੈ!
ਅੱਜਕੱਲ੍ਹ ਬੋਲਣ ਦੀ ਆਜ਼ਾਦੀ ਬਾਰੇ ਬਹੁਤ ਚਰਚਾ ਹੋ ਰਹੀ ਹੈ। ਸਾਨੂੰ ਸਾਰਿਆਂ ਨੂੰ ਕਿੰਨਾ ਕੁ ਕਹਿਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ? ਮਜ਼ਾਕ ਕਦੋਂ ਮਜ਼ਾਕੀਆ ਨਹੀਂ ਰਹਿੰਦਾ? ਕਿਸੇ ਬਿਆਨ ਨੂੰ ਕਿਹੜੀ ਸ਼ੈਅ ਖ਼ਤਰਨਾਕ ਬਣਾਉਂਦੀ ਹੈ? ਜਦੋਂ ਕਿ ਸਾਨੂੰ ਸਾਰਿਆਂ ਨੂੰ ਇਸ ਅਧਿਕਾਰ ਦੀ ਡੱਟ ਕੇ ਰੱਖਿਆ ਕਰਨੀ ਚਾਹੀਦੀ ਹੈ, ਪਰ ਇੱਕ ਹੋਰ ਮਹੱਤਵਪੂਰਣ ਆਜ਼ਾਦੀ ਅਕਸਰ ਸਾਨੂੰ ਵਿੱਸਰ ਜਾਂਦੀ ਹੈ। ਬੋਲਣ ਦੀ ਆਜ਼ਾਦੀ ਤੋਂ ਵੱਧ ਹੋਰ ਕੀ ਹੋ ਸਕਦੈ? ਵਿਚਾਰਾਂ ਦੀ ਆਜ਼ਾਦੀ। ਕੁੱਝ ਖਾਸ ਲੋਕਾਂ ਦੀਆਂ ਤੁਹਾਡੇ ਤੋਂ ਉਮੀਦਾਂ ਕਾਰਨ ਕਿਸ ਹੱਦ ਤਕ ਉਸ ਆਜ਼ਾਦੀ ਨੂੰ ਖ਼ਤਮ ਕੀਤਾ ਜਾ ਰਿਹਾ ਹੈ? ਤੁਹਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਤੁਸੀਂ ਹਮੇਸ਼ਾ ਇਸ ਤੱਥ ਨੂੰ ਚੇਤੇ ਰੱਖੋ ਕਿ ਤੁਹਾਡੇ ਵਿਸ਼ਵਾਸ ਦਰਅਸਲ ਕਿੱਥੇ ਖੜ੍ਹੇ ਨੇ।
ਆਜ਼ਾਦੀ ਇੱਕ ਹਾਸੋਹੀਣੀ ਚੀਜ਼ ਹੈ। ਭੁੰਨੇ ਹੋਏ ਕੌਫ਼ੀ ਬੀਨ ਵਾਂਗ, ਉਸ ਦੇ ਸਵਾਦ ਨਾਲੋਂ ਵਧੀਆ ਉਸ ਦੀ ਸੁਗੰਧ ਹੁੰਦੀ ਹੈ। ਇਸ ਵਕਤ ਤੁਹਾਨੂੰ ਕਿਸੇ ਅਜਿਹੀ ਚੀਜ਼ ਤੋਂ ਕੌੜੀ ਸੰਵੇਦਨਾ ਮਿਲ ਰਹੀ ਹੈ ਜੋ ਵੈਸੇ ਮਿੱਠੇ ਵਾਅਦੇ ਨਾਲ ਭਰਪੂਰ ਜਾਪਦੀ ਹੈ। ਸ਼ਾਇਦ ਅਜਿਹਾ ਇਸ ਲਈ ਕਿਉਂਕਿ ਤੁਸੀਂ ਵਿਹਾਰਕ ਬਣਨ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਹੇ ਹੋ। ਹੋ ਸਕਦਾ ਹੈ ਕਿ ਤੁਹਾਨੂੰ ਆਪਣੀ ਆਜ਼ਾਦੀ ਦੀ ਵਰਤੋਂ ਕਰਨ ਦੀ ਲੋੜ ਨਾ ਪਵੇ। ਹੋ ਸਕਦਾ ਹੈ ਕਿ ਇਹ ਜਾਣਨਾ ਹੀ ਕਾਫ਼ੀ ਹੋਵੇ ਕਿ ਤੁਹਾਡੇ ਕੋਲ ਉਹ ਹੈ। ਜਾਂ ਹੋ ਸਕਦਾ ਹੈ ਕਿ ਅਜ਼ਾਦੀ ਤੁਹਾਡਾ ਮੁੱਦਾ ਹੀ ਨਹੀਂ … ਤੁਹਾਨੂੰ ਨਿਯੰਤਰਣ ਦਰਕਾਰ ਹੈ। ਇੱਕ ਪ੍ਰਕਿਰਿਆ ਹੁਣ ਆਪਣੀ ਖ਼ੁਦ ਦੀ ਜ਼ਿੰਦਗੀ ਜੀ ਰਹੀ ਜਾਪਦੀ ਹੈ, ਪਰ ਇਹ ਓਨੀ ਮੁਸ਼ਕਿਲ ਨਹੀਂ ਹੋ ਸਕਦੀ ਜਿੰਨਾ ਤੁਸੀਂ ਡਰਦੇ ਹੋ।
ਰੋਮੀਓ ਅਤੇ ਜੂਲੀਅਟ ਅਸਲ ‘ਚ ਇੱਕ ਰੋਮਾਂਟਿਕ ਕਹਾਣੀ ਨਹੀਂ ਸੀ। ਉਸ ਦੇ ਨਾਇਕ ਅਤੇ ਨਾਇਕਾ ਨੂੰ ਕਦੇ ਵੀ ਸੁਖ ਨਹੀਂ ਮਿਲਿਆ। ਛੋਟੀ ਉਮਰ ‘ਚ ਹੀ ਉਹ ਦੋਹੇਂ ਬਹੁਤ ਹੀ ਦੁਖਦਾਈ ਮੌਤ ਮਰ ਜਾਂਦੇ ਹਨ। ਫ਼ਿਰ ਵੀ, ਘੱਟੋ-ਘੱਟ ਇੱਕ ਗੱਲੋਂ ਤਾਂ ਇਹ ਚੰਗੀ ਗੱਲ ਸੀ ਕਿ ਉਨ੍ਹਾਂ ਕੋਲ ਇਕੱਠੇ ਬੁੱਢੇ ਹੋਣ ਦਾ ਸਮਾਂ ਨਹੀਂ ਸੀ, ਅਤੇ ਨਾ ਹੀ ਉਨ੍ਹਾਂ ਨੂੰ ਕਦੇ ਨਾ ਖ਼ਤਮ ਹੋਣ ਵਾਲੇ ਅਜਿਹੇ ਤੁੱਛ ਝਗੜਿਆਂ ‘ਚ ਪੈਣ ਦੀ ਲੋੜ ਪਈ ਕਿ ਅੱਜ ਭਾਂਡੇ ਜਾਂ ਕੱਪੜੇ ਧੋਣ ਦੀ ਵਾਰੀ ਕਿਸ ਦੀ ਹੈ। ਅਸਲ ਜ਼ਿੰਦਗੀ ਦੀਆਂ ਕਹਾਣੀਆਂ ਕਿਤਾਬਾਂ ਵਰਗੀਆਂ ਨਹੀਂ ਹੁੰਦੀਆਂ, ਅਤੇ ਅਸਲ ਪਿਆਰ ਰੋਮੈਂਟਿਕ ਕਲਪਨਾਵਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਤੁਹਾਡੀ ਆਪਣੀ ਪ੍ਰੇਮ ਕਹਾਣੀ ਵੀ ਇਸ ਵੇਲੇ ਇੱਕ ਅਸਲੀ ਜਾਂਚ ‘ਚੋਂ ਲੰਘ ਰਹੀ ਹੈ, ਅਤੇ ਉਹ ਤੁਹਾਨੂੰ ਇੱਕ ਸ਼ਾਨਦਾਰ ਨਵੀਂ ਅਸਲੀਅਤ ਬਣਾਉਣ ਦਾ ਮੌਕਾ ਦੇ ਰਹੀ ਹੈ। ਜੋ ਤੁਹਾਡੇ ਕੋਲ ਹੈ ਹੀ ਨਹੀਂ, ਉਸ ਲਈ ਕੁਰਲਾ ਕੇ ਉਸ ਦੀ ਕੀਮਤ ਨਾ ਘਟਾਓ ਜੋ ਤੁਹਾਡੇ ਕੋਲ ਮੌਜੂਦ ਹੈ।
ਕਿਰਪਾ ਕਰ ਕੇ ਮੈਨੂੰ ਇਸ ਧਰਤੀ ਗ੍ਰਹਿ ‘ਤੇ ਸਫ਼ਲ ਹੋਂਦ ਬਣਾਈ ਰੱਖਣ ਲਈ ਸਭ ਤੋਂ ਮਹੱਤਵਪੂਰਣ ਨਿਯਮਾਂ ਬਾਰੇ ਜ਼ਰਾ ਖੁਲ੍ਹ ਕੇ ਦੱਸ ਲੈਣ ਦਿਓ? ਜਦੋਂ ਤੁਸੀਂ ਕਿਸੇ ਟੋਏ ‘ਚ ਡਿੱਗੇ ਹੋਏ ਹੋਵੋ ਤਾਂ ਖੋਦਣਾ ਬੰਦ ਕਰ ਦਿਓ। ਅਤੇ ਹੁਣ, ਇੱਥੋਂ ਦਾ ਦੂਜਾ ਸਭ ਤੋਂ ਮਹੱਤਵਪੂਰਣ ਨਿਯਮ! ਜੇ ਕੋਈ ਸ਼ੈਅ ਟੁੱਟੀ ਹੋਈ ਨਹੀਂ ਤਾਂ ਉਸ ਨੂੰ ਠੀਕ ਨਾ ਕਰੋ। ਸਾਰੇ ਚੰਗੇ ਕਾਨੂੰਨਾਂ ਵਾਂਗ, ਸਾਲਾਂ ਦੌਰਾਨ, ਇਨ੍ਹਾਂ ਨਿਯਮਾਂ ਨੂੰ ਵੱਖ-ਵੱਖ ਅਜਿਹੇ ਲੋਕਾਂ ਦੁਆਰਾ ਪਰਖਿਆ ਜਾ ਚੁੱਕੈ ਜੋ ਇਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਕੁੱਝ ਹਿੱਸੇ ਵਿਆਖਿਆ ਲਈ ਹਾਲੇ ਵੀ ਖੁੱਲ੍ਹੇ ਪਏ ਨੇ। ਸਿਰਫ਼ ਰਿਕਾਰਡ ਲਈ ਇੱਥੇ ਇੱਕ ਹੋਰ ਗੱਲ ਕਹਿੰਦਾ ਜਾਂਵਾਂ। ਜੇ ਉਹ ਕੰਮ ਕਰ ਰਿਹੈ ਤਾਂ ਫ਼ਿਰ ਉਹ ਟੁੱਟਿਆ ਹੋਇਆ ਨਹੀਂ! ਅਤੇ, ਜੇ ਤੁਸੀਂ ਯਕੀਨ ਨਾਲ ਇਹ ਨਹੀਂ ਦੱਸ ਸਕਦੇ ਕਿ ਉਹ ਟੁੱਟ ਗਿਆ ਹੈ ਜਾਂ ਨਹੀਂ ਤਾਂ ਉਹ ਟੁੱਟਿਆ ਹੀ ਨਹੀਂ ਹੋਣਾ! ਇਸ ਲਈ ਇੰਝ ਜਾਪਦੈ ਕਿ ਤੁਹਾਡੇ ਕੋਲ ਕਰਨ ਲਈ ਬਹੁਤਾ ਕੰਮ ਨਹੀਂ ਬਚਿਆ।