ਇੱਕ ਜੰਬੂਰਾ ਇੱਕ ਆਮ ਹਥੌੜੇ ਨਾਲੋਂ ਇਸ ਪੱਖੋਂ ਵੱਖਰਾ ਹੁੰਦੈ ਕਿ ਉਹ ਆਪਣੇ ਪੰਜੇ ਵਾਲੇ ਪਾਸੇ ਨਾਲ ਮੇਖਾਂ ਨੂੰ ਉਖਾੜ ਸਕਦੈ ਅਤੇ ਨਾਲ ਹੀ ਉਹ ਆਪਣੇ ਹਥੌੜੇ ਵਾਲੇ ਪਾਸੇ ਦੀ ਵਰਤੋਂ ਕਰ ਕੇ ਉਨ੍ਹਾਂ ਨੂੰ ਕੰਧਾਂ ‘ਚ ਲਗਾ ਸਕਦੈ। ਇਸੇ ਤਰ੍ਹਾਂ, ਸਾਡੀਆਂ ਕਲਪਨਾਵਾਂ ਵੀ ਇੱਕ ਬਹੁਮੁਖੀ ਸੰਦ ਹਨ। ਕਈ ਵਾਰ, ਪਰ, ਸਾਡੇ ਲਈ ਇਹ ਦੱਸਣਾ ਆਸਾਨ ਨਹੀਂ ਹੁੰਦਾ ਕਿ ਕੀ ਅਸੀਂ ਉਨ੍ਹਾਂ ਨੂੰ ਕਿਸੇ ਚੀਜ਼ ਨੂੰ ਕਿਸੇ ਤੋਂ ਵੱਖ ਕਰਨ ਲਈ ਵਰਤ ਰਹੇ ਹਾਂ ਜਾਂ ਫ਼ਿਰ ਕਿਸੇ ਸ਼ੈਅ ਨੂੰ ਕਿਸੇ ਨਾਲ ਜੋੜਨ ਲਈ। ਉਦਾਹਰਣ ਦੇ ਤੌਰ ‘ਤੇ, ਉਸ ਰਚਨਾਤਮਕ ਵਿਚਾਰਧਾਰਾ ਨੂੰ ਹੀ ਲੈ ਲਓ ਜੋ ਤੁਸੀਂ ਇਸ ਵਕਤ ਆਪਣੀ ਨਿੱਜੀ ਜ਼ਿੰਦਗੀ ਦੇ ਇੱਕ ਪਹਿਲੂ ‘ਤੇ ਲਾਗੂ ਕਰਨਾ ਚਾਹ ਰਹੇ ਹੋ। ਲੋੜ ਹੈ ਆਪਣੇ ਆਪ ਤੋਂ ਇਹ ਸਵਾਲ ਪੁੱਛਣ ਦੀ ਕਿ ਕੀ ਤੁਹਾਡੇ ਕੁਝ ਵਿਚਾਰਾਂ ਦੇ ਵਿਨਾਸ਼ਕਾਰੀ ਪ੍ਰਭਾਵ ਹੋਣ ਦੀ ਵੀ ਸੰਭਾਵਨਾ ਹੈ, ਕਿਉਂਕਿ ਤੁਹਾਡਾ ਰੁਝਾਨ ਉਨ੍ਹਾਂ ਨੂੰ ਹਰ ਵਕਤ ਉਸਾਰੂ ਮੰਨਣ ਦਾ ਹੈ।
ਇੱਕ ਭਾਵਨਾਤਮਕ ਮੁੱਦੇ ਦੇ ਸਬੰਧ ‘ਚ, ਤੁਹਾਨੂੰ ਆਪਣੀ ਕਿਸਮਤ ਨੂੰ ਕਿੰਨਾ ਕੁ ਆਜ਼ਮਾਉਣਾ ਚਾਹੀਦਾ ਹੈ? ਜਿੰਨਾ ਤੁਸੀਂ ਅਸਲ ‘ਚ ਉਸ ਨੂੰ ਆਜ਼ਮਾਉਣ ਦੀ ਜ਼ਰੂਰਤ ਮਹਿਸੂਸ ਕਰਦੇ ਜਾਂ ਹਿੰਮਤ ਰੱਖਦੇ ਹੋ। ਜੇ ਤੁਸੀਂ ਆਪਣੇ ਹਾਲਾਤ ਤੋਂ ਬਹੁਤ ਖ਼ੁਸ਼ ਹੋ ਤਾਂ ਤੁਸੀਂ ਚੀਜ਼ਾਂ ਨੂੰ ਉਨ੍ਹਾਂ ਦੇ ਹਾਲ ‘ਤੇ ਛੱਡ ਸਕਦੇ ਹੋ। ਆਖ਼ਿਰਕਾਰ, ਇੱਕ ਪੁਰਾਣੀ ਕਹਾਵਤ ਹੈ ਕਿ ਜੇ ਕੁਝ ਖ਼ਰਾਬ ਨਹੀਂ ਤਾਂ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ‘ਚ ਇੱਕ ਇਹ ਖ਼ਤਰਾ ਮੌਜੂਦ ਰਹਿੰਦੈ ਕਿ ਤੁਸੀਂ ਮਾਮਲੇ ਨੂੰ ਹੋਰ ਵਿਗਾੜ ਸਕਦੇ ਹੋ। ਪਰ ਜੇ ਉਹ ਸੱਚਮੁੱਚ ਖ਼ਰਾਬ ਹੋਵੇ ਤਾਂ? ਫ਼ਿਰ ਤੁਹਾਨੂੰ ਆਪਣੀ ਕਿਸਮਤ ਨੂੰ ਸਹੀ ਦਿਸ਼ਾ ‘ਚ ਥੋੜ੍ਹਾ ਜਿਹਾ ਹੁਝਕਾ ਮਾਰਨ ਲਈ ਪੂਰੀ ਤਰ੍ਹਾਂ ਹੱਕਦਾਰ ਮਹਿਸੂਸ ਕਰਨਾ ਚਾਹੀਦੈ। ਕੋਈ ਅਜਿਹਾ ਹੱਲ ਲੱਭੋ ਜਿਹੜਾ ਵਾਕਈ ਕੰਮ ਕਰੇ, ਅਤੇ ਫ਼ਿਰ ਆਪਣੀ ਪੂਰੀ ਕੋਸ਼ਿਸ਼ ਉਸ ਨੂੰ ਲਾਗੂ ਕਰਨ ‘ਚ ਲਗਾਓ।
ਜੋ ਤੁਸੀਂ ਹਮੇਸ਼ਾ ਕੀਤਾ ਹੈ ਓਹੀ ਕਿਓਂ ਕਰਦੇ ਰਹੋ? ਤੁਸੀਂ ਕਿਸੇ ਜਾਣੇ-ਪਛਾਣੇ ਡਰਾਮੇ ਦੇ ਦੁਹਰਾਓ ਨੂੰ ਜੀਉਣ ਦਾ ਕੋਈ ਠੇਕਾ ਤਾਂ ਲਿਆ ਨਹੀਂ। ਇੰਝ ਜਾਪਦਾ ਹੋ ਸਕਦੈ ਜਿਵੇਂ ਤੁਸੀਂ ਸਿਰਫ਼ ਗੋਲ ਚੱਕਰ ‘ਚ ਘੁੰਮ ਰਹੇ ਹੋ, ਪਰ ਜੇ ਤੁਸੀਂ ਧਿਆਨ ਨਾਲ ਦੇਖਣ ਦੀ ਕੋਸ਼ਿਸ਼ ਕਰੋ ਤਾਂ ਤੁਸੀਂ ਦੇਖੋਗੇ ਕਿ ਤੁਸੀਂ ਉਨ੍ਹਾਂ ਸਾਰੀਆਂ ਰੋਕਾਂ ਨੂੰ ਹਾਲੇ ਪਾਰ ਨਹੀਂ ਕੀਤਾ ਜਿਨ੍ਹਾਂ ਨੂੰ ਸਰ ਕਰਨ ਦੀ ਤੁਸੀਂ ਉਮੀਦ ਰੱਖਦੇ ਸੀ। ਪਰ ਜਦੋਂ ਅਸੀਂ ਇਹ ਕਲਪਨਾ ਕਰਨ ਲੱਗਦੇ ਹਾਂ ਕਿ ਅਸੀਂ ਕੇਵਲ ਘੁੰਮੀ ਜਾ ਰਹੇ ਹਾਂ ਤਾਂ ਅਸੀਂ ਖ਼ੁਦ ਆਪਣੇ ਦਿਮਾਗ਼ ਨੂੰ ਚੱਕਰ ‘ਚ ਪਾ ਲੈਂਦੇ ਹਾਂ, ਅਤੇ ਫ਼ਿਰ ਅਸੀਂ ਇਹ ਵੀ ਯਕੀਨ ਨਾਲ ਨਹੀਂ ਕਹਿ ਸਕਦੇ ਕਿ ਅਸੀਂ ਕਿੱਥੇ ਹਾਂ ਜਾਂ ਕੀ ਹੋ ਰਿਹੈ। ਕੁਝ ਪ੍ਰਮੁੱਖ ਤੱਥਾਂ ਨੂੰ ਸਿੱਧਾ ਕਰੋ, ਅਤੇ ਇਸ ਬਾਰੇ ਸਪੱਸ਼ਟ ਹੋਵੋ ਕਿ ਤੁਹਾਨੂੰ ਚਾਹੀਦਾ ਕੀ ਹੈ। ਫ਼ਿਰ ਤੁਸੀਂ ਇਹ ਸਮਝ ਸਕੋਗੇ ਕਿ ਉਸ ਨੂੰ ਪ੍ਰਾਪਤ ਕਿਵੇਂ ਕਰਨਾ ਹੈ।
ਕਿਸੇ ਸਮੇਂ ਸਾਡੇ ਕੋਲ ਕਾਨੂੰਨੀ ਅਦਾਲਤਾਂ ਅਤੇ ਜੱਜ ਹੁੰਦੇ ਸਨ। ਦੋਸ਼ੀ ਸਾਬਿਤ ਹੋਣ ਤਕ ਹਰ ਵਿਅਕਤੀ ਹਮੇਸ਼ਾ ਬੇਕਸੂਰ ਹੁੰਦਾ ਸੀ। ਪਰ ਇਨ੍ਹੀਂ ਦਿਨੀਂ? ਪੁਲਿਸ ਇੱਕ ਸ਼ੱਕੀ ਨੂੰ ਫ਼ੜਦੀ ਹੈ ਅਤੇ ਮੀਡੀਆ ਸਾਹਮਣੇ ਉਸ ਦੀ ਗ੍ਰਿਫ਼ਤਾਰੀ ਦੀ ਘੋਸ਼ਣਾ ਕਰਦੀ ਹੈ। ਅਸੀਂ ਸਾਰੇ ਫ਼ੌਰਨ ਇਹ ਮੰਨ ਲੈਂਦੇ ਹਾਂ ਕਿ ਕੇਸ ਬੰਦ ਹੋ ਗਿਆ ਹੋਣੈ। ਆਖ਼ਿਰ, ਪੁਲੀਸ ਕਦੇ ਗ਼ਲਤੀ ਤਾਂ ਕਰ ਨਹੀਂ ਸਕਦੀ, ਕਿ ਕਰ ਸਕਦੀ ਹੈ ਉਹ? ਸਥਿਤੀ ਨੂੰ ਦੇਖਣ ਲਈ ਇਸ ਵਕਤ ਇੱਕ ਬਹੁਤ ਹੀ ਲੁਭਾਉਣਾ, ਬਹੁਤ ਹੀ ਆਸਾਨ, ਅਤੇ ਇੱਕ ਬਿਲਕੁਲ ਸਪੱਸ਼ਟ ਤਰੀਕਾ ਹੈ। ਸਾਨੂੰ ਉਸ ਗੱਲ ਨਾਲ ਸਹਿਮਤ ਕਿਓਂ ਨਹੀਂ ਹੋ ਜਾਣਾ ਚਾਹੀਦਾ ਜੋ ਹਰ ਕੋਈ ਸੋਚਦਾ ਹੈ ਕਿ ਸਹੀ ਹੈ? ਆਪਣੇ ਧੁਰ ਅੰਦਰ, ਤੁਸੀਂ ਇਸ ਦਾ ਜਵਾਬ ਜਾਣਦੇ ਹੋ। ਤੁਸੀਂ ਇਹ ਵੀ ਜਾਣਦੇ ਹੋ ਕਿ ਤੁਹਾਨੂੰ ਓਹੀ ਕਰਨਾ ਚਾਹੀਦੈ ਜੋ ਵਾਕਈ ਠੀਕ ਹੈ।
ਕੀ ਤੁਸੀਂ ਇਹ ਦੇਖਿਐ ਕਿ, ਕਦੇ-ਕਦੇ, ਜਦੋਂ ਸਾਡੇ ਭਾਵਨਾਤਮਕ ਜੀਵਨ ‘ਚ ਚੀਜ਼ਾਂ ਅਸਲ ‘ਚ ਚੰਗੀਆਂ ਹੋਣੀਆਂ ਸ਼ੁਰੂ ਹੁੰਦੀਆਂ ਹਨ, ਇੱਕ ਨਵੀਂ ਸਮੱਸਿਆ ਪੈਦਾ ਹੋ ਜਾਂਦੀ ਹੈ ਜਾਂ ਇੱਕ ਪੁਰਾਣੀ ਸਮੱਸਿਆ ਇੱਕ ਵਾਰ ਫ਼ਿਰ ਤੋਂ ਆਪਣਾ ਬਦਸੂਰਤ ਸਿਰ ਚੁੱਕ ਲੈਂਦੀ ਹੈ। ਇਹ ਲਗਭਗ ਇਸ ਤਰ੍ਹਾਂ ਹੈ ਜਿਵੇਂ ਸਾਡੀਆਂ ਮੁਸ਼ਕਿਲਾਂ ਮੱਖੀਆਂ ਹੋਣ, ਉਹ ਬਣ ਰਹੇ ਭੋਜਨ ਨੂੰ ਵੀ ਦੂਰੋਂ ਹੀ ਸੁੰਘ ਲੈਂਦੀਆਂ ਹਨ, ਅਤੇ ਉਹ ਸੁਗੰਧ ਫ਼ਿਰ ਉਨ੍ਹਾਂ ਨੂੰ ਉਸ ਦਾਵਤ ਵਾਲੀ ਥਾਂ ਵੱਲ ਆਕਰਸ਼ਿਤ ਕਰਦੀ ਹੈ। ਤੁਹਾਨੂੰ ਹੁਣ ਆਪਣੀ ਸਭ ਤੋਂ ਵੱਡੀ ਰੁਕਾਵਟ ਜਾਂ ਠੋਕਰ ਮਾਰਨ ਵਾਲੇ ਪੱਥਰ ਨੂੰ ਇੱਕ ਘਿਰਣਾਜਨਕ ਕੀੜੇ ਵਜੋਂ ਦੇਖਣ ਦੀ ਜ਼ਰੂਰਤ ਹੈ। ਉਹ ਭਿਣਭਿਣਾ ਸਕਦੈ, ਉਹ ਆਪਣੇ ਪੰਖ ਫ਼ੜਫ਼ੜਾ ਸਕਦੈ, ਉਹ ਥੋੜ੍ਹਾ ਜਿਹਾ ਕੱਟ ਵੀ ਸਕਦੈ ਜਾਂ ਡੰਗ ਸਕਦੈ, ਪਰ ਉਹ ਕੋਈ ਅਸਲ ਨੁਕਸਾਨ ਨਹੀਂ ਪਹੁੰਚਾ ਸਕਦਾ, ਜੇਕਰ ਤੁਸੀਂ ਖ਼ੁਦ ਨੂੰ ਪਰੇਸ਼ਾਨ ਕਰਨ ਵਾਲੇ ਉਸ ਪ੍ਰਾਣੀ ਪ੍ਰਤੀ ਲੋੜੋਂ ਵੱਧ ਘਬਰਾਹਟ ਵਾਲੀ ਪ੍ਰਤੀਕਿਰਿਆ ਦਿਖਾਉਣ ਦੀ ਇਜਾਜ਼ਤ ਨਹੀਂ ਦਿੰਦੇ।