ਅੰਗ੍ਰੇਜ਼ੀ ਦੀ ਇੱਕ ਪੁਰਾਣੀ ਕਹਾਵਤ ਹੈ: All roads lead to Rome, ਭਾਵ ਸਾਰੀਆਂ ਸੜਕਾਂ ਰੋਮ ਵੱਲ ਜਾਂਦੀਆਂ ਹਨ। ਪਰ ਕੀ ਇਹ ਗੱਲ ਸਹੀ ਹੈ? ਜੀ, ਬਿਲਕਲੁ ਵੀ ਨਹੀਂ! ਇਟਾਲੀਅਨ ਬਹੁਤ ਵਧੀਆ ਪਾਸਤਾ ਤਾਂ ਬਣਾ ਸਕਦੇ ਹਨ, ਪਰ ਉਸ ਨਾਲ ਸ਼ਾਇਦ ਹੀ ਉਹ ਇਸ ਬ੍ਰਹਿਮੰਡ ਦਾ ਕੇਂਦਰ ਅਖਵਾ ਸਕਣ। ਕਿੰਨੀ ਅਜੀਬ ਗੱਲ ਹੈ ਨਾ ਕਿ ਅਸੀਂ ਇਨ੍ਹਾਂ, ਅਤੇ ਇਨ੍ਹਾਂ ਵਰਗੇ ਹੀ ਦੂਸਰੇ, ਬੇਤੁਕੇ ਦਾਅਵਿਆਂ ਨੂੰ ਬਿਨਾਂ ਚੁਣੌਤੀ ਦਿੱਤਿਆਂ ਜਾਣ ਦਿੰਦੇ ਹਾਂ। ਕਈ ਵਾਰ ਅਸੀਂ ਖ਼ੁਦ ਨੂੰ ਕਿਸੇ ਅਹਿਮ ਸਥਿਤੀ ਦਾ ਇੱਕ ਪ੍ਰਮੁੱਖ ਕਿਰਦਾਰ ਮੰਨਦੇ ਹੁੰਦੇ ਹਾਂ ਜਦੋਂ ਕਿ, ਅਸਲ ‘ਚ, ਉਸ ਸਥਿਤੀ ‘ਚ ਸਾਡਾ ਰੋਲ ਤੁੱਛ ਜਾਂ ਫ਼ਿਰ ਸਹਾਇਕ ਹੁੰਦਾ ਹੈ। ਅਸੀਂ ਕਲਪਨਾ ਕਰਦੇ ਹਾਂ ਕਿ ਜੇ ਕੋਈ ਸ਼ੈਅ ਪੂਰਵ-ਨਿਰਧਾਰਿਤ ਹੈ ਤਾਂ ਉਹ ਵਾਪਰ ਕੇ ਹੀ ਰਹੇਗੀ ਭਾਵੇਂ ਅਸੀਂ ਕੁਝ ਕਰੀਏ ਜਾਂ ਨਾ। ਜੇਕਰ ਤੁਸੀਂ ਇਸ ਵਕਤ ਕਿਸੇ ਖਾਸ ਸਥਾਨ ‘ਤੇ ਅੱਪੜਨਾ ਚਾਹੁੰਦੇ ਹੋ ਤਾਂ ਇੱਕ ਸੜਕ ਹੈ ਜਿਹੜੀ ਤੁਹਾਨੂੰ ਉੱਥੇ ਲੈ ਜਾਵੇਗੀ। ਕੇਵਲ ਉਸੇ ਨੂੰ ਤਰਜੀਹ ਦਿਓ!
ਇੱਕ ਅਮਰੀਕੀ ਹਿਸਾਬਦਾਨ ਅਤੇ ਮੌਸਮ ਵਿਗਿਆਨੀ ਐਡਵਰਡ ਨੌਰਟਨ ਲੌਰੈਂਜ਼ ਨੇ ਬਹੁਤ ਪਹਿਲਾਂ ਤਿਤਲੀ ਪ੍ਰਭਾਵ ਜਾਂ Butterfly Effect ਦੇ ਸਿਧਾਂਤ ਦੀ ਖੋਜ ਕੀਤੀ ਸੀ। ਉਸ ਸਿਧਾਂਤ ਅਨੁਸਾਰ, ਇਸ ਸੰਸਾਰ ਦੇ ਕਿਸੇ ਇੱਕ ਹਿੱਸੇ ‘ਚ ਇੱਕ ਛੋਟੀ ਜਿਹੀ ਤਿਤਲੀ ਵਲੋਂ ਆਪਣੇ ਖੰਭ ਫ਼ੜਫ਼ੜਾਉਣਾ ਅਜਿਹੀਆਂ ਹਵਾਈ ਤਰੰਗਾਂ ਪੈਦਾ ਕਰ ਸਕਦਾ ਹੈ ਜੋ ਧਰਤੀ ਦੇ ਕਿਸੇ ਦੂਸਰੇ ਹਿੱਸੇ ‘ਚ ਭਾਰੀ ਤੂਫ਼ਾਨ ਦਾ ਕਾਰਨ ਬਣ ਸਕਦੀਆਂ ਹਨ। ਪਰ ਇੱਥੇ ਇਹ ਜ਼ਰੂਰ ਕਹਿਣਾ ਪਵੇਗਾ ਕਿ ਇਸ ਲਈ ਹਾਲਾਤ ਦਾ ਸਹੀ ਹੋਣਾ ਲਾਜ਼ਮੀ ਹੈ। ਇਹ ਇੱਕ ਬਹੁਤ ਵੱਡਾ ਅਤੇ ਪ੍ਰਚਲਿਤ ਦਾਅਵਾ ਹੈ ਜਿਸ ਦਾ ਹਵਾਲਾ ਅਕਸਰ ਮਹਾਨ ਮਾਹਿਰ ਦਿੰਦੇ ਰਹਿੰਦੇ ਹਨ। ਪਰ ਉਨ੍ਹਾਂ ਕੋਲ ਇਸ ਦਾ ਕੋਈ ਪੁਖ਼ਤਾ ਸਬੂਤ ਮੌਜੂਦ ਨਹੀਂ ਕਿ ਇਹ ਗੱਲ ਅਸਲ ‘ਚ ਵੀ ਸੱਚ ਹੈ। ਉਨ੍ਹਾਂ ਦੇ ਕਹਿਣ ਤੋਂ ਮੁਰਾਦ ਇਹ ਹੈ ਕਿ ਜੀਵਨ ਵਿਚਲੀਆਂ ਛੋਟੀਆਂ-ਛੋਟੀਆਂ ਘਟਨਾਵਾਂ ਦੇ ਵੀ ਵੱਡੇ ਅੰਜਾਮ ਹੋ ਸਕਦੇ ਹਨ। ਤੁਸੀਂ ਇਸ ਤਰ੍ਹਾਂ ਦੀ ਥਿਊਰੀ ਦੀ ਆਖ਼ਿਰ ਜਾਂਚ ਕਿਵੇਂ ਕਰ ਸਕਦੇ ਹੋ? ਅਸੀਂ ਵੀ ਤੁਹਾਡੇ ਜੀਵਨ ਵਿਚਲੀਆਂ ਵੱਖੋ-ਵੱਖਰੀਆਂ ਘਟਨਾਵਾਂ ਦਰਮਿਆਨ ਉਨ੍ਹਾਂ ਲਿੰਕਾਂ ਬਾਰੇ ਬਹੁਤ ਕੁਝ ਕਹਿ ਸਕਦੇ ਹਾਂ ਜੋ ਅਸੀਂ ਦੇਖਣੇ ਸ਼ੁਰੂ ਕਰ ਦਿੱਤੇ ਹਨ। ਕਿਸੇ ਅਜਿਹੀ ਚੀਜ਼ ਲਈ ਜਿੰਮੇਵਾਰੀ ਲੈਣ ਲਈ ਬਹੁਤੇ ਕਾਹਲੇ ਨਾ ਪਵੋ ਜੋ ਤੁਹਾਡੀ ਗ਼ਲਤੀ ਨਹੀਂ।
ਜਦੋਂ ਲੋਕ ਕੋਈ ਹੁਨਰ ਜਾਂ ਪ੍ਰਤਿਭਾ ਵਿਕਸਿਤ ਕਰ ਲੈਂਦੇ ਹਨ ਤਾਂ ਅਸੀਂ ਉਨ੍ਹਾਂ ਦੀ ਪ੍ਰਸ਼ੰਸਾ ਕਰਨੋਂ ਆਪਣੇ-ਆਪ ਨੂੰ ਰੋਕ ਨਹੀਂ ਸਕਦੇ। ਸਾਨੂੰ ਕਿਸੇ ਮੁਸ਼ਕਿਲ ਕਾਰਜ ਨੂੰ ਆਸਾਨ ਬਣਾ ਕੇ ਪੇਸ਼ ਕੀਤਾ ਜਾਣਾ ਪਸੰਦ ਹੈ। ਅਸੀਂ ਓਦੋਂ ਪ੍ਰਭਾਵਿਤ ਹੁੰਦੇ ਹਾਂ ਜਦੋਂ ਅਸੀਂ ਕਲਾ ਦਾ ਪ੍ਰਦਰਸ਼ਨ ਦੇਖਦੇ ਹਾਂ, ਪਰ ਅਸੀਂ ਅਕਸਰ ਆਪਣੀਆਂ ਕਾਬਲੀਅਤਾਂ ਨੂੰ ਪਛਾਣਨ ‘ਚ ਅਸਫ਼ਲ ਰਹਿੰਦੇ ਹਾਂ, ਬੇਸ਼ੱਕ ਅਸੀਂ ਉਨ੍ਹਾਂ ਨੂੰ ਕਿੰਨੀ ਵੀ ਸਖ਼ਤ ਮਿਹਨਤ ਨਾਲ ਕਿਓਂ ਨਾ ਪੈਦਾ ਕੀਤਾ ਹੋਵੇ। ਇਹ ਨਾ ਭੁੱਲੋ ਕਿ ਤੁਸੀਂ ਇਸ ਵਕਤ ਕੀ ਕਰਨ ਜੋਗੇ ਹੋ। ਇਹ ਵੀ ਨਾ ਭੁੱਲੋ ਕਿ ਤੁਸੀਂ ਕੀ ਜਾਣਦੇ ਹੋ, ਅਤੇ ਤੁਸੀਂ ਉਸ ਬਾਰੇ ਇੰਨੇ ਨਿਸ਼ਚਿਤ ਕਿਓਂ ਹੋ ਸਕਦੇ ਹੋ। ਤੁਹਾਨੂੰ ਮਾਣ ਕਰਨ ਦੀ ਲੋੜ ਨਹੀਂ, ਪਰ ਤੁਸੀਂ ਆਤਮਵਿਸ਼ਵਾਸ ਦੇ ਹੱਕਦਾਰ ਜ਼ਰੂਰ ਹੋ, ਖਾਸ ਤੌਰ ‘ਤੇ ਆਪਣੀ ਭਾਵਨਾਤਮਕ ਜ਼ਿੰਦਗੀ ‘ਚ ਕਿਉਂਕਿ ਤੁਸੀਂ ਹੁਣ ਇੱਕ ਵੱਡੇ ਫ਼ੈਸਲੇ ‘ਤੇ ਵਿਚਾਰ ਕਰ ਰਹੇ ਹੋ।
ਮੌਕਾ ਹਮੇਸ਼ਾ ਦਸਤਕ ਨਹੀਂ ਦਿੰਦਾ। ਕਈ ਵਾਰ, ਉਹ ਸਿਰਫ਼ ਦਰਵਾਜ਼ੇ ਦੇ ਹੈਂਡਲ ਨੂੰ ਘੁੰਮਾ ਕੇ ਸਿੱਧਾ ਤੁਹਾਡੇ ਘਰ ਅੰਦਰ ਦਾਖਲ ਹੋ ਜਾਂਦਾ ਹੈ। ਕਦੇ-ਕਦੇ, ਉਹ ਤੁਹਾਡੇ ਬੈਕਯਾਰਡ ਦੀਆਂ ਝਾੜੀਆਂ ‘ਚ ਡਰ ਕੇ ਛੁਪ ਜਾਂਦਾ ਹੈ। ਇਸ ਲਈ ਦਰਵਾਜ਼ਾ ਖੋਲ੍ਹਦੇ ਅਤੇ ਬਾਹਰ ਦੇਖਦੇ ਰਹਿਣਾ ਹਮੇਸ਼ਾ ਇੱਕ ਚੰਗਾ ਆਈਡੀਆ ਹੈ ਕਿਉਂਕਿ ਹੋ ਸਕਦਾ ਹੈ ਕਿ ਉਹ ਮੌਕਾ ਕਿਤੇ ਆਸ-ਪਾਸ ਹੀ ਹੋਵੇ। ਆਪਣੇ ਭਾਵਨਾਤਮਕ ਜੀਵਨ ‘ਚ, ਇਸ ਵੇਲੇ ਉਸ ਮੌਕੇ ਵੱਲ ਦੇਖੋ ਜਿਹੜਾ ਤੁਹਾਡੇ ਕੋਲ ਪਹਿਲਾਂ ਤੋਂ ਹੀ ਮੌਜੂਦ ਹੈ। ਜੇ ਉਹ ਤੁਹਾਡੇ ਆਦਰਸ਼ ਤੋਂ ਥੋੜ੍ਹੇ ਘੱਟ ਦਰਜੇ ਵਾਲਾ ਹੈ ਤਾਂ ਵੀ ਉਸ ‘ਚ ਗ਼ਲਤ ਕੀ ਹੈ? ਕੀ ਉਸ ਨੂੰ ਕਿਸੇ ਢੰਗ ਨਾਲ ਤੁਹਾਡੀ ਇੱਛਾ ਦੇ ਅਨੁਕੂਲ ਢਾਲਿਆ ਨਹੀਂ ਜਾ ਸਕਦਾ? ਜੋ ਵੀ ਹੋਵੇ, ਜਿਹੜਾ ਪਿਆਰ ਤੁਸੀਂ ਚਾਹੁੰਦੇ ਹੋ, ਉਸ ਨੂੰ ਹਾਸਿਲ ਕਰਨ ਦਾ ਇੱਕ ਮੌਕਾ ਮੌਜੂਦ ਹੈ।
ਮੈਂ ਸੋਚਦਾਂ ਕਿ ਕੀ ਤੁਸੀਂ ਇਹ ਮਹਿਸੂਸ ਕਰ ਰਹੇ ਹੋ ਕਿ ਇਸ ਸਮੇਂ ਤੁਹਾਡੀ ਜ਼ਿੰਦਗੀ ‘ਚ ਥੋੜ੍ਹਾ ਜਿੰਨਾ ਜ਼ਿਆਦਾ ਦੁਹਰਾਓ ਹੈ। ਮੈਨੂੰ ਸ਼ੱਕ ਹੈ ਕਿ, ਇਸ ਵਕਤ, ਤੁਹਾਡੀ ਜ਼ਿੰਦਗੀ ‘ਚ, ਬਹੁਤ ਜ਼ਿਆਦਾ ਦੁਹਰਾਓ ਹੋ ਸਕਦਾ ਹੈ। ਜਾਂ ਫ਼ਿਰ ਸ਼ਾਇਦ ਸਿਰਫ਼ ਥੋੜ੍ਹਾ ਜਿੰਨਾ? ਜੇ ਤੁਹਾਡੀ ਜ਼ਿੰਦਗੀ ‘ਚ ਇਸ ਵੇਲੇ ਥੋੜ੍ਹਾ ਜਿੰਨਾ ਜ਼ਿਆਦਾ ਦੁਹਰਾਓ ਹੈ ਤਾਂ ਮੈਨੂੰ ਯਕੀਨ ਹੈ ਕਿ ਤੁਸੀਂ ਮੇਰੀ ਗੱਲ ਜ਼ਰੂਰ ਸੁਣੋਗੇ। ਤੁਹਾਨੂੰ ਅਜਿਹੀ ਸਥਿਤੀ ‘ਚੋਂ ਬਾਹਰ ਨਿਕਲਣਾ ਪਏਗਾ ਜੋ ਜਾਪਦੈ ਕਿ ਤੁਹਾਨੂੰ ਚੱਕਰਾਂ ‘ਚ ਘੁੰਮਾ ਰਹੀ ਹੈ। ਜੇ ਤੁਸੀਂ ਆਪਣੀ ਭਾਵਨਾਤਮਕ ਜ਼ਿੰਦਗੀ ਨੂੰ ਬਦਲਨਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਵੱਖਰਾ ਪ੍ਰਯੋਗ ਕਰਨ ਲਈ ਲੋੜੀਂਦੀ ਬਹਾਦਰੀ ਦਿਖਾਉਣੀ ਪਵੇਗੀ। ਅਤੇ ਉਸ ਲਈ ਤੁਹਾਨੂੰ ਕੇਵਲ ਕਲਪਨਾ ਅਤੇ ਹਿੰਮਤ ਦਰਕਾਰ ਹੈ।