ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1548

ਲੋਕਾਂ ਦਾ ਇੱਕ-ਦੂਜੇ ਨਾਲ ਮਿਲਜੁਲ ਕੇ ਰਹਿਣਾ ਹਮੇਸ਼ਾ ਆਸਾਨ ਨਹੀਂ ਹੁੰਦਾ। ਇੱਥੋਂ ਤਕ ਕਿ ਉਨ੍ਹਾਂ ਲੋਕਾਂ ਨਾਲ ਵੀ ਨਹੀਂ ਜਿਹੜੇ ਸਤਹੀ ਤੌਰ ‘ਤੇ ਸਾਨੂੰ ਇੰਝ ਲਗਦੇ ਨੇ ਕਿ ਉਨ੍ਹਾਂ ਨਾਲ ਨਿਰਬਾਹ ਕੀਤਾ ਜਾ ਸਕਦੈ! ਲੋਕ ਆਖ਼ਿਰ ਲੋਕ ਹੀ ਰਹਿਣਗੇ। ਉਨ੍ਹਾਂ ਦੀਆਂ ਆਪਣੀਆਂ ਪੇਚੀਦਗੀਆਂ, ਉਮੀਦਾਂ, ਲੁਕਵੇਂ ਏਜੰਡੇ ਅਤੇ ਉਲਝਾਉਣ ਵਾਲੀਆਂ ਲੋੜਾਂ ਹਨ। ਅਸੀਂ ਹਮੇਸ਼ਾ ਤਾਂ ਖ਼ੁਦ ਨੂੰ ਵੀ ਨਹੀਂ ਸਮਝਦੇ, ਫ਼ਿਰ ਦੂਸਰਿਆਂ ਨੂੰ ਸਮਝਣ ਦੀ ਉਮੀਦ ਅਸੀਂ ਕਿਵੇਂ ਕਰ ਸਕਦੇ ਹਾਂ? ਵਰਤਮਾਨ ਘਟਨਾਵਾਂ ਤੁਹਾਨੂੰ ਇੱਕ ਨਜ਼ਦੀਕੀ ਰਿਸ਼ਤੇ ‘ਚ ਮੌਜੂਦ ਸੰਵੇਦਨਸ਼ੀਲ ਕਮਜ਼ੋਰੀਆਂ ਅਤੇ ਖ਼ਾਮੀਆਂ ਤੋਂ ਜਾਣੂ ਕਰਵਾ ਰਹੀਆਂ ਹਨ। ਪਰ ਉਹ ਤੁਹਾਨੂੰ ਜ਼ਖ਼ਮ ਭਰਨ ਅਤੇ ਪੁਲ ਬਣਾਉਣ ਦਾ ਇੱਕ ਅਸਲੀ, ਦੁਰਲੱਭ ਮੌਕਾ ਵੀ ਪ੍ਰਦਾਨ ਕਰ ਰਹੀਆਂ ਹਨ। ਉਸ ਤੋਂ ਖ਼ੁਸ਼ ਹੋਵੋ।
ਜਦੋਂ ਸਾਡਾ ਦਿਲ ਸੰਤੁਸ਼ਟੀ ਅਤੇ ਖ਼ੁਸ਼ੀ ਨਾਲ ਭਰਪੂਰ ਹੁੰਦਾ ਹੈ ਤਾਂ ਸਾਡੀਆਂ ਜ਼ਿੰਦਗੀਆਂ ਦਾ ਕੋਈ ਅਰਥ ਹੁੰਦੈ। ਅਤੇ ਜਦੋਂ ਅਸੀਂ ਕਿਸੇ ਤਨਾਅਪੂਰਨ ਆਦਾਨ-ਪ੍ਰਦਾਨ ‘ਚ ਫ਼ਸ ਜਾਂਦੇ ਹਾਂ ਤਾਂ ਕਿਸੇ ਚੰਗੀ ਸ਼ੈਅ ਦੀ ਹੋਂਦ ਨੂੰ ਪਛਾਣਨਾ ਅਤੇ ਉਸ ਦਾ ਜਸ਼ਨ ਮਨਾਉਣਾ ਵੀ ਬਹੁਤ ਮੁਸ਼ਕਿਲ ਹੋ ਜਾਂਦੈ! ਆਖ਼ਿਰ ਅਸੀਂ ਆਪਣੀ ਉਦਾਸੀ ਨੂੰ ਖ਼ੁਦ ਤੋਂ ਦੂਰ ਕਿਵੇਂ ਰੱਖ ਸਕਦੇ ਹਾਂ? ਜਿਹੜੇ ਲੋਕ ਸਾਡੇ ਲਈ ਸਭ ਤੋਂ ਵੱਧ ਮਾਇਅਨਾ ਰੱਖਦੇ ਨੇ, ਜੇਕਰ ਅਸੀਂ ਉਨ੍ਹਾਂ ਨਾਲ ਵੀ ਆਪਣੇ ਰਿਸ਼ਤਿਆਂ ਨੂੰ ਬਿਹਤਰੀਨ ਬਣਾਉਣ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਕੀ ਇਸ ਦਾ ਅਰਥ ਇਹ ਹੈ ਕਿ ਸਾਡੀ ਕਿਸਮਤ ‘ਚ ਦੁੱਖ ਹੰਢਾਉਣੇ ਹੀ ਲਿਖੇ ਹਨ? ਇਸ ਸਮੇਂ ਸਬੰਧ ਵਧੀਆ ਬਣਾਉਣਾ ਮਸਲੇ ਦਾ ਅਸਲ ਹੱਲ ਨਹੀਂ। ਆਪਣੇ ਆਪ ਨੂੰ ਕੇਵਲ ਇੱਕ ਸੱਚੀ ਅਤੇ ਪੂਰੀ ਕੋਸ਼ਿਸ਼ ਕਰਨ ਦਾ ਮੌਕਾ ਦਿਓ। ਤੁਹਾਡੇ ਭਾਵਨਾਤਮਕ ਜੀਵਨ ਵਿਚਲਾ ਤਨਾਅ ਕੁਦਰਤੀ ਤੌਰ ‘ਤੇ, ਅਤੇ ਹੈਰਾਨੀਜਨਕ ਹੱਦ ਤਕ, ਖ਼ੁਦ-ਬ-ਖ਼ੁਦ ਦੂਰ ਹੋ ਜਾਵੇਗਾ।
ਜਦੋਂ ਲੋਕ ਟੈਕਸਟਾਂ ਜਾਂ ਈਮੇਲਾਂ ਦਾ ਜਵਾਬ ਨਹੀਂ ਦਿੰਦੇ ਤਾਂ ਆਮ ਤੌਰ ‘ਤੇ ਇਹ ਇਸ ਲਈ ਹੁੰਦੈ ਕਿਉਂਕਿ ਸਾਡੇ ਸੁਨੇਹੇ ਅਜਿਹੇ ਸਵਾਲ ਖੜ੍ਹੇ ਕਰ ਰਹੇ ਹੁੰਦੇ ਨੇ ਜਿਨ੍ਹਾਂ ਦਾ ਜਵਾਬ ਉਹ ਨਹੀਂ ਜਾਣਦੇ। ਜਾਂ ਤਾਂ ਸਾਡੇ ਸੁਨੇਹਿਆਂ ਕਾਰਨ ਉਪਜੇ ਸਵਾਲ ਉਨ੍ਹਾਂ ਦੇ ਦਿਲਾਂ ਅੰਦਰਲੀ ਅਨਿਸ਼ਚਿਤਤਾ ‘ਤੇ ਸਿੱਧਾ ਹਮਲਾ ਕਰਦੇ ਹਨ ਜਾਂ ਫ਼ਿਰ ਉਹ ਉਨ੍ਹਾਂ ਦੀ ਕਿਸੇ ਦੁਖਦੀ ਰਗ ਨੂੰ ਛੇੜ ਦਿੰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਇਮਾਨਦਾਰੀ ਨਾਲ ਜਵਾਬ ਦੇਣ ਦਾ ਮਤਲਬ ਨਾਰਾਜ਼ਗੀ ਸਹੇੜਨ ਦਾ ਜੋਖ਼ਮ ਉਠਾਉਣਾ ਹੈ। ਖ਼ਾਮੋਸ਼ੀਆਂ ਬੋਲਦੀਆਂ ਹਨ। ਅਤੇ ਜਿੱਥੇ ਵੀ ਸਾਡਾ ਉਨ੍ਹਾਂ ਨਾਲ ਸਾਹਮਣਾ ਹੋ ਜਾਵੇ, ਸਾਨੂੰ ਸੰਵੇਦਨਸ਼ੀਲ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੁਹਾਡੀ ਭਾਵਨਾਤਮਕ ਜ਼ਿੰਦਗੀ ਨੂੰ ਬਹੁਤ ਫ਼ਾਇਦਾ ਹੋਵੇਗਾ ਜੇ ਤੁਸੀਂ ਉਹ ਸੁਣਨ ਲਈ ਤਿਆਰ ਰਹਿਣ ਦੀ ਕੋਸ਼ਿਸ਼ ਕਰੋ ਜੋ ਨਹੀਂ ਕਿਹਾ ਜਾ ਰਿਹਾ। !
ਕੁੱਤੇ ਟੈਲੀਪੈਥਿਕ ਹੁੰਦੇ ਹਨ। ਉਨ੍ਹਾਂ ਨੂੰ ਸੁਭਾਵਕ ਹੀ ਪਤਾ ਲੱਗ ਜਾਂਦੈ ਜਦੋਂ ਉਨ੍ਹਾਂ ਦੇ ਮਾਲਕ ਲਗਭਗ ਘਰ ਪਹੁੰਚਣ ਵਾਲੇ ਹੁੰਦੇ ਹਨ। ਬਿੱਲੀਆਂ ਵੀ ਦਿਮਾਗ਼ ਪੜ੍ਹਦੀਆਂ ਹਨ। ਇਸੇ ਲਈ ਉਹ ਅਕਸਰ ਉੱਥੇ ਖੜ੍ਹੀਆਂ ਹੁੰਦੀਆਂ ਨੇ ਜਿੱਥੇ ਅਸੀਂ ਨਹੀਂ ਚਾਹੁੰਦੇ ਕਿ ਉਹ ਖੜ੍ਹਨ! ਜੇ ਇਹ ਜੀਵ ਇੰਨੇ ਸੰਵੇਦਨਸ਼ੀਲ ਹੋ ਸਕਦੇ ਹਨ ਤਾਂ ਸਾਨੂੰ ਵੀ ਜ਼ਰੂਰ ਉਨ੍ਹਾਂ ਵਾਂਗ ਹੀ ਗ੍ਰਹਿਣਸ਼ੀਲ ਬਣਨਾ ਚਾਹੀਦੈ। ਅਸੀਂ ਇਹ ਦਾਅਵਾ ਕਰ ਸਕਦੇ ਹਾਂ ਕਿ ਅਸੀਂ ਸਿਰਫ਼ ਸ਼ਬਦਾਂ ਨੂੰ ਸਮਝਦੇ ਹਾਂ, ਪਰ ਜਦੋਂ ਸਾਨੂੰ ਅਸਲ ‘ਚ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦੀ ਲੋੜ ਪੈਂਦੀ ਹੈ ਤਾਂ ਇਹ ਹੈਰਾਨੀਜਨਕ ਹੈ ਕਿ ਅਸੀਂ ਇੱਕ ਨਜ਼ਰ, ਇੱਕ ਧੁਨ ਜਾਂ ਇੱਥੋਂ ਤਕ ਕਿ ਇੱਕ ਖ਼ਾਮੋਸ਼ ਇੱਛਾ ਨਾਲ ਕਿੰਨਾ ਕੁਝ ਕਹਿ ਜਾਂਦੇ ਹਾਂ। ਉਸ ‘ਤੇ ਭਰੋਸਾ ਕਰੋ ਜੋ ਤੁਹਾਡੀ ਸੂਝ ਹੁਣ ਤੁਹਾਨੂੰ ਦੱਸ ਰਹੀ ਹੈ। ਇਹ ਵਿਸ਼ਵਾਸ ਤੁਹਾਡੇ ਭਾਵਨਾਤਮਕ ਦ੍ਰਿਸ਼ਟੀਕੋਣ ‘ਚ ਬਹੁਤ ਸੁਧਾਰ ਕਰ ਸਕਦਾ ਹੈ।
ਜਦੋਂ ਅਸੀਂ ਆਪਣੇ ਮਨਾਂ ‘ਚੋਂ ਉਨ੍ਹਾਂ ਚੀਜ਼ਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਹਾਂ ਜੋ ਅਸੀਂ ਯਾਦ ਨਹੀਂ ਰੱਖਣਾ ਚਾਹੁੰਦੇ ਤਾਂ ਅਸੀਂ ਉਨ੍ਹਾਂ ਗੱਲਾਂ ਦਾ ਅਤਾ-ਪਤਾ ਵੀ ਗੁਆ ਸਕਦੇ ਹਾਂ ਜੋ ਸਾਨੂੰ ਸਪੱਸ਼ਟ ਤੌਰ ‘ਤੇ ਧਿਆਨ ‘ਚ ਰੱਖਣੀਆਂ ਚਾਹੀਦੀਆਂ ਹਨ। ਇਹ ਉਨ੍ਹਾਂ ਬਹੁਤ ਸਾਰੇ ਕਾਰਨਾਂ ‘ਚੋਂ ਇੱਕ ਹੈ ਕਿ ਕਿਓਂ ਮੁਆਫ਼ ਕਰਨਾ ਚੰਗਾ ਹੈ, ਅਤੇ ਭੁੱਲਣਾ ਓਨਾ ਚੰਗਾ ਨਹੀਂ। ਇੱਕ ਵਿਸ਼ੇਸ਼ ਯਾਦ ਤੁਹਾਡੇ ਭਾਵਨਾਤਮਕ ਜੀਵਨ ‘ਤੇ ਪ੍ਰਭਾਵ ਪਾ ਰਹੀ ਹੈ, ਪਰ ਉਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਨਜ਼ਰਅੰਦਾਜ਼ ਕਰਨ, ਅਤੇ ਉਸ ਨੂੰ ਲੈ ਕੇ ਕਿਸੇ ਕਿਸਮ ਦਾ ਕੋਈ ਦਿਖਾਵਾ ਕਰਨ ਨਾਲੋਂ ਉਸ ਅਨੁਭਵ ਦੀ ਤੀਬਰਤਾ ‘ਚੋਂ ਲੰਘਣਾ ਯਕੀਨੀ ਤੌਰ ‘ਤੇ ਬਿਹਤਰ ਹੋਵੇਗਾ। ਆਪਣੇ ਅਤੀਤ ਤੋਂ ਸਿੱਖਣ ਦਾ ਇੱਕ ਸੁਚੇਤ ਫ਼ੈਸਲਾ ਹੁਣ ਇੱਕ ਬਹੁਤ ਜ਼ਿਆਦਾ ਸੰਪੂਰਨ ਭਵਿੱਖ ਤਕ ਤੁਹਾਡਾ ਸਭ ਤੋਂ ਵਧੀਆ ਰਸਤਾ ਹੈ।