ਦੁਨੀਆਂ ਦੇ ਬਹੁਤੇ ਰੇਲਵੇ ਸਟੇਸ਼ਨਾਂ ਅਤੇ ਹਵਾਈ ਅੱਡਿਆਂ ਦਾ ਸ਼ੁਮਾਰ ਖ਼ੁਸ਼ਗਵਾਰ ਸਥਾਨਾਂ ‘ਚ ਨਹੀਂ ਹੁੰਦਾ। ਬੇਸ਼ੱਕ ਉੱਥੇ ਤੁਹਾਨੂੰ ਲੋੜੀਂਦੀ ਸਾਫ਼-ਸਫ਼ਾਈ ਮਿਲ ਜਾਂਦੀ ਹੈ, ਅਤੇ ਉਨ੍ਹਾਂ ਦੀ ਚੰਗੀ ਦੇਖ-ਭਾਲ ਕਰਨ ਵਾਲੇ ਲੋਕ ਵੀ ਉੱਥੇ ਮੌਜੂਦ ਹੁੰਦੇ ਹਨ, ਪਰ ਇੰਝ ਜਾਪਦੈ ਜਿਵੇਂ ਉਹ ਆਤਮਾ ਤੋਂ ਬਿਲਕੁਲ ਵਿਹੂਣੇ ਹੋਣ। ਉਹ ਕਿਸੇ ਦੇ ਨਹੀਂ ਹੁੰਦੇ। ਉਹ ਕੋਈ ਸੈਰ-ਸਪਾਟੇ ਵਾਲੀ ਜਗ੍ਹਾ ਵੀ ਨਹੀਂ। ਫ਼ਿਰ ਅਸੀਂ ਉੱਥੇ ਜਾਂਦੇ ਹੀ ਕਿਓਂ ਹਾਂ? ਕਿਉਂਕਿ ਉਨ੍ਹਾਂ ‘ਚ ਸਾਨੂੰ ਕਿਤੇ ਵੀ ਲੈ ਕੇ ਜਾਣ ਦੀ ਸਮਰਥਾ ਹੈ, ਨਿਰਸੰਦੇਹ। ਇਸ ਨੂੰ ਧਿਆਨ ‘ਚ ਰੱਖਣਾ ਹੁਣ ਮਹੱਤਵਪੂਰਣ ਹੈ। ਆਪਣੀ ਭਾਵਨਾਤਮਕ ਜ਼ਿੰਦਗੀ ‘ਚ ਤੁਸੀਂ ਇਸ ਵਕਤ ਜਿੱਥੇ ਵੀ ਹੋ, ਉਸ ਦਾ ਇੱਕ ਖਾਸ ਕਾਰਨ ਹੈ। ਇੱਕ ਵਾਰ ਜਦੋਂ ਤੁਸੀਂ ਉੱਥੇ ਪਹੁੰਚ ਗਏ ਜਿੱਥੇ ਤੁਸੀਂ ਉਸ ਤੋਂ ਬਾਅਦ ਜਾਣਾ ਹੈ ਤਾਂ ਤੁਸੀਂ ਉਸ ਸਾਰੀ ਮਿਹਨਤ ਬਾਰੇ ਬਹੁਤ ਖ਼ੁਸ਼ੀ ਮਹਿਸੂਸ ਕਰੋਗੇ ਜੋ ਤੁਹਾਨੂੰ ਉੱਥੇ ਪਹੁੰਚਣ ਲਈ ਕਰਨੀ ਪਈ ਸੀ।
ਕਿਸੇ ਚੀਜ਼ ਦੇ ਤੁਹਾਡੇ ਕੋਲ ਨਾ ਹੋਣ, ਅਤੇ ਉਸ ਦੇ ਹੋਣ ਦੇ ਬਾਵਜੂਦ ਤੁਹਾਡਾ ਉਸ ਸ਼ੈਅ ਦੀ ਹੋਂਦ ਤੋਂ ਅਣਜਾਣ ਹੋਣ ‘ਚ ਇੱਕ ਬਹੁਤ ਵੱਡਾ ਅੰਤਰ ਹੈ। ਉਪਰੋਕਤ ਦੋਹਾਂ ਗੱਲਾਂ ‘ਚ ਅੰਤਰ ਹੋਣ ਤੋਂ ਇਲਾਵਾ, ਇੱਕ ਅੰਤਰ ਇਹ ਜਾਣਨ ‘ਚ ਵੀ ਹੈ ਕਿ ਉਹ ਚੀਜ਼ ਤਾਂ ਤੁਹਾਡੇ ਕੋਲ ਹੈ, ਪਰ ਤੁਸੀਂ ਉਸ ਨੂੰ ਕਿਤੇ ਰੱਖ ਕੇ ਇਹ ਭੁੱਲ ਚੁੱਕੇ ਹੋ ਕਿ ਤੁਸੀਂ ਉਸ ਨੂੰ ਰੱਖਿਆ ਕਿੱਥੇ ਸੀ। ਸੋ ਪਹਿਲਾਂ ਤੁਸੀਂ ਜਿਹੜੇ ਸਵਾਲ ਦਾ ਜਵਾਬ ਦੇਣਾ ਹੈ ਉਹ ਇਹ ਕਿ ਕੀ ਤੁਸੀਂ ਸੱਚਮੁੱਚ ਕੋਈ ਚੀਜ਼ ਗੁਆ ਲਈ ਹੈ? ਜਾਂ ਫ਼ਿਰ ਕੀ ਤੁਸੀਂ ਕੇਵਲ ਉਸ ਨੂੰ ਕਿਸੇ ਗਲਤ ਥਾਂ ਰੱਖ ਦਿੱਤਾ ਹੈ? ਭਾਵੇਂ ਮੇਰੇ ਵਲੋਂ ਉੱਪਰ ਪੁੱਛੇ ਗਏ ਸਾਰੇ ਸਵਾਲਾਂ ਲਈ ਤੁਹਾਡਾ ਜਵਾਬ ‘ਉਪ੍ਰੋਕਤ ‘ਚੋਂ ਕੋਈ ਵੀ ਗੱਲ ਨਹੀਂ’ ਹੈ, ਕਿਉਂਕਿ ਤੁਹਾਡੇ ਕੋਲ ਉਹ ਚੀਜ਼ ਕਦੇ ਹੈ ਹੀ ਨਹੀਂ ਸੀ, ਤੁਹਾਨੂੰ ਜਿਸ ਸ਼ੈਅ ਦੀ ਲੋੜ ਹੈ ਤੁਸੀਂ ਉਸ ਨੂੰ ਹਾਸਿਲ ਕਰਨ ਤੋਂ ਓਨਾ ਦੂਰ ਨਹੀਂ ਜਿੰਨਾ ਤੁਸੀਂ ਸੋਚਦੇ ਹੋ। ਕਿਸੇ ਨਾ ਕਿਸੇ ਤਰੀਕੇ, ਭਵਿੱਖ ਦੀਆਂ ਘਟਨਾਵਾਂ ਤੁਹਾਨੂੰ ਇਹ ਦਿਖਾ ਦੇਣਗੀਆਂ।
ਲੋਕ ਹਰ ਸਮੇਂ ਇੱਕ ਦੂਜੇ ਨਾਲ ਗੱਲਾਂ ਤਾਂ ਕਰਦੇ ਹਨ, ਪਰ ਉਹ ਬਹੁਤ ਹੀ ਘੱਟ ਇੱਕ ਦੂਸਰੇ ਦੀ ਗੱਲ ਸੁਣਦੇ ਹਨ। ਅਸੀਂ ਸਭ ਨੇ ਆਪਣੇ ਆਲੇ-ਦੁਆਲੇ ਇਹ ਸਭ ਕੁੱਝ ਵਾਪਰਦਾ ਨੋਟ ਕੀਤਾ ਹੋਣੈ। ਅਸੀਂ ਸ਼ਾਇਦ ਹੀ ਕਦੇ ਦੂਸਰਿਆਂ ਵਲੋਂ ਸਮਝੇ ਜਾਣ ਦੀ ਉਮੀਦ ਕਰਦੇ ਹਾਂ। ਹੈਰਾਨ ਕਰਨ ਵਾਲਾ ਇੱਕ ਅਹਿਮ ਤੱਥ ਇਹ ਹੈ ਕਿ ਅਸੀਂ ਸਾਰੇ ਬੇਸ਼ੱਕ ਇੱਕ ਦੂਸਰੇ ਨਾਲ ਸੰਵਾਦ ਕਰਨ ‘ਚ ਇੰਨੇ ਮਾੜੇ ਹਾਂ, ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਕਦੇ ਵੀ ਦੂਸਰਿਆਂ ਦੇ ਜੀਵਨ ‘ਤੇ ਪ੍ਰਭਾਵ ਨਹੀਂ ਪਾਉਂਦੇ। ਅਸੀਂ ਭਾਵੇਂ ਦੂਸਰਿਆਂ ਨੂੰ ਸੁਣਦੇ ਨਾ ਵੀ ਹੋਈਏ, ਪਰ ਅਸੀਂ ਨਿਸ਼ਚਿਤ ਤੌਰ ‘ਤੇ ਉਦਾਹਰਣਾਂ ਦੇਖਦੇ ਹਾਂ ਅਤੇ ਉਨ੍ਹਾਂ ਦੀ ਨਕਲ ਕਰਦੇ ਹਾਂ। ਸੋ, ਤੁਸੀਂ ਕਿਸ ਦਾ ਵਿਚਾਰ ਜਾਂ ਕਿਸ ਦੀ ਗੱਲ ਸੁਣ ਰਹੇ ਹੋ? ਜੇ ਉਹ ਸੋਚ ਤੁਹਾਡੀ ਆਪਣੀ ਹੈ ਤਾਂ ਉਸ ‘ਤੇ ਭਰੋਸਾ ਕਰੋ। ਜੇ ਨਹੀਂ ਤਾਂ ਉਸ ‘ਤੇ ਸਵਾਲ ਕਰੋ। ਹੋ ਸਕਦਾ ਹੈ ਕਿ ਤੁਸੀਂ ਇਸ ਵੇਲੇ ਕੋਈ ਮੁਸ਼ਕਿਲ ਚੀਜ਼ ਕਰ ਰਹੇ ਹੋਵੋ, ਪਰ ਇਹ ਉਸ ਨੂੰ ਗ਼ਲਤ ਜਾਂ ਬੁਰਾ ਨਹੀਂ ਬਣਾਉਂਦਾ।
ਕੁੱਝ ਲੋਕ ਸਦੀਵੀ ਜੁਆਨੀ ਦਾ ਭੇਤ ਖੋਜਦੇ ਰਹਿੰਦੇ ਹਨ। ਦੂਸਰੇ ਸਦੀਵੀ ਖ਼ੁਸ਼ੀ ਦੇ ਸਰੋਤ ਦੀ ਭਾਲ ‘ਚ ਹੁੰਦੇ ਹਨ। ਅਜਿਹੇ ਦੋਹਾਂ ਤਰ੍ਹਾਂ ਦੇ ਲੋਕਾਂ ਦਾ ਉਦੇਸ਼ ਇੱਕੋ ਹੀ ਹੈ। ਜੇ ਤੁਸੀਂ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਖ਼ੁਸ਼ ਰਹਿਣਾ ਸਿੱਖਣਾ ਚਾਹੀਦਾ ਹੈ। ਜੇਕਰ ਤੁਸੀਂ ਖ਼ੁਸ਼ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਜਵਾਨ ਹੋਣਾ ਸਿੱਖਣਾ ਚਾਹੀਦਾ ਹੈ। ਪਰ ਕੀ ਇਹ ਸਾਡੀ ਉਮਰ ਹੈ ਜੋ ਸਾਨੂੰ ਗੁੱਸਾ ਚੜ੍ਹਾਉਂਦੀ ਹੈ, ਸਾਡੀ ਯਾਦਾਸ਼ਤ ਕਮਜ਼ੋਰ ਕਰਦੀ ਹੈ, ਅਤੇ ਸਾਨੂੰ ਚਿੜਚਿੜਾ ਬਣਾਉਂਦੀ ਹੈ? ਇਹ ਜ਼ਰੂਰੀ ਨਹੀਂ ਕਿ ਵਧਦੀ ਉਮਰ ਕਾਰਨ ਅਸੀਂ ਇਹੋ ਜਿਹੇ ਬਣ ਜਾਂਦੇ ਹਾਂ। ਉਮਰ ਸਾਨੂੰ ਬੁੱਧੀਮਾਨ ਬਣਾਉਣ ਦੀ ਸਮਰੱਥਾ ਰੱਖਦੀ ਹੈ। ਅਤੇ ਅਸੀਂ ਬੁੱਧੀਮਾਨ ਕਿਵੇਂ ਬਣ ਸਕਦੇ ਹਾਂ? ਇਸ ਗੱਲ ਨੂੰ ਪਛਾਣ ਕੇ ਕਿ ਅਸੀਂ ਜਿੰਨੇ ਮਰਜ਼ੀ ਉਮਰ ਦਰਾਜ਼ ਹੋ ਜਾਈਏ, ਅਸੀਂ ਨਵੀਆਂ ਖੋਜਾਂ ਕਰ ਸਕਦੇ ਹਾਂ; ਜਿਵੇਂ ਕਿ ਤੁਸੀਂ ਜਲਦੀ ਹੀ ਕਰੋਗੇ।
ਜੀਵਨ ਲਈ ਤਿਆਰ ਕਰਨ ਦੀ ਕੋਸ਼ਿਸ਼ ‘ਚ ਸਾਨੂੰ ਸਕੂਲ ਭੇਜਿਆ ਜਾਂਦਾ ਹੈ। ਬਾਅਦ ‘ਚ ਜੀਵਨ ਵਿੱਚ ਅੱਗੇ ਚੱਲ ਕੇ ਸਾਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਜੋ ਕੁੱਝ ਸਾਨੂੰ ਬਚਪਨ ‘ਚ ਸਿਖਾਇਆ ਗਿਆ ਸੀ ਉਸ ‘ਚੋਂ ਬਹੁਤ ਸਾਰੇ ਨੂੰ ਸਾਨੂੰ ਭੁਲਾਉਣ ਦੀ ਲੋੜ ਹੈ। ਪਰ ਫ਼ਿਰ, ਜ਼ਿੰਦਗੀ ਆਪਣੇ-ਆਪ ‘ਚ ਇੱਕ ਲੰਬੀ ਸਿੱਖਿਆ ਹੈ, ਅਤੇ ਅਸੀਂ ਕਦੇ ਵੀ ਖੋਜਾਂ ਕਰਨੀਆਂ ਬੰਦ ਨਹੀਂ ਕਰਦੇ। ਤੁਹਾਨੂੰ ਸ਼ੱਕ ਹੋਣਾ ਸ਼ੁਰੂ ਹੋ ਗਿਆ ਹੈ ਕਿ ਤੁਸੀਂ ਆਪਣੀ ਮੌਜੂਦਾ ਸਥਿਤੀ ਲਈ ਤਿਆਰ ਨਹੀਂ। ਤੁਸੀਂ ਡਰਦੇ ਹੋ ਕਿ ਤੁਸੀਂ ਜੋ ਵੀ ਕਰੋਗੇ, ਉਹ ਗ਼ਲਤ ਹੀ ਹੋਣ ਵਾਲਾ ਹੈ। ਪਰ ਤੁਹਾਡੇ ਬਾਰੇ ਨਿਰਣਾ ਕੌਣ ਕਰ ਰਿਹੈ? ਅਤੇ ਤੁਸੀਂ ਖ਼ੁਦ ਨਾਲ ਇੰਨੇ ਸਖ਼ਤ ਕਿਓਂ ਹੋ? ਕੋਈ ਮੁਸ਼ਕਿਲ ਤਾਂ ਹੀ ਕੋਈ ਮਾਇਨਾ ਰੱਖਦੀ ਹੈ ਜੇ ਤੁਸੀਂ ਸੋਚੋ ਕਿ ਉਹ ਮਾਇਨਾ ਰੱਖਦੀ ਹੈ!