ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1539

ਜੋ ਤੁਸੀਂ ਚਾਹੁੰਦੇ ਹੋ, ਉਸ ਨੂੰ ਪ੍ਰਾਪਤ ਕਰਨ ਲਈ ਤੁਹਾਨੂੰ ਕੁਝ ਅਜਿਹਾ ਕਰਨਾ ਪਏਗਾ ਜੋ ਤੁਸੀਂ ਕਰਨਾ ਪਸੰਦ ਨਹੀਂ ਕਰਦੇ। ਪਰ ਫ਼ਿਰ, ਇਹ ਧਰਤੀ ਗ੍ਰਹਿ ਹੈ ਆਕਾਸ਼ਗੰਗਾ ‘ਚ ਸਥਿਤ ਅਜੀਬੋ-ਗ਼ਰੀਬ ਸਮਝੌਤਿਆਂ ਦਾ ਇੱਕ ਅਧਿਆਤਮਕ ਘਰ। ਇੱਥੇ ਵਸਦੇ ਸਮੂਹ ਵਸਨੀਕ ਇੱਥੋਂ ਥੋੜ੍ਹਾ ਲੈਂਦੇ ਹਨ, ਅਤੇ ਨਾਲ ਹੀ ਉਹ ਥੋੜ੍ਹਾ ਇਸ ਨੂੰ ਦਿੰਦੇ ਹਨ, ਅਤੇ ਜੇ ਉਨ੍ਹਾਂ ਦੀ ਕਿਸਮਤ ਥੋੜ੍ਹਾ ਸਾਥ ਦੇ ਜਾਵੇ ਤਾਂ ਉਹ ਇੱਥੋਂ ਆਪਣੇ ਗ਼ੁਜ਼ਾਰੇ ਜੋਗਾ ਹਾਸਿਲ ਕਰ ਲੈਂਦੇ ਹਨ। ਇਸ ਸਮੇਂ, ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਭਾਵਨਾਤਮਕ ਬਣੀ ਹੋਈ ਕਿਸੇ ਸਥਿਤੀ ਨੂੰ ਤੁਹਾਨੂੰ ਹੋਰ ਊਰਜਾ ਦੇਣ ਦੀ ਕੋਈ ਲੋੜ ਹੈ। ਇੰਝ ਜਾਪਦੈ ਕਿ ਇਹ ਇੱਕ ਬਹੁਤ ਵੱਡੀ ਮੰਗ ਸਾਬਿਤ ਹੋ ਸਕਦੀ ਹੈ। ਪਰ ਜੇ ਤੁਸੀਂ ਵਾਕਈ ਉਹ ਚਾਹੁੰਦੇ ਹੋ ਜੋ ਤੁਸੀਂ ਕਹਿੰਦੇ ਹੋ ਤਾਂ ਉਸ ਦਾ ਪਿੱਛਾ ਜ਼ਰੂਰ ਕਰੋ।
ਹਰ ਕਹਾਣੀ ਦੇ ਦੋ ਪੱਖ ਹੋ ਸਕਦੇ ਹਨ, ਪਰ ਅਜਿਹਾ ਕੋਈ ਕਾਨੂੰਨ ਨਹੀਂ ਜੋ ਇਹ ਕਹਿੰਦਾ ਹੋਵੇ ਕਿ ਸਾਨੂੰ ਦੋਹਾਂ ਨੂੰ ਹੀ ਸੁਣਨਾ ਪੈਣੈ। ਜੇਕਰ ਅਸੀਂ ਚਾਹੀਏ ਤਾਂ ਪੱਖਪਾਤੀ ਹੋ ਸਕਦੇ ਹਾਂ। ਅਤੇ ਤਰਫ਼ਦਾਰ। ਅਤੇ ਗ਼ੈਰ-ਵਾਜਬ ਰਾਏ ਵੀ ਰੱਖ ਸਕਦੇ ਹਾਂ। ਜੇ ਕਹਾਣੀ ‘ਚ ਕੋਈ ਅਜਿਹਾ ਵਿਅਕਤੀ ਸ਼ਾਮਿਲ ਹੋਵੇ ਜਿਸ ਨੂੰ ਅਸੀਂ ਪਿਆਰ ਕਰਦੇ ਹੋਈਏ ਤਾਂ ਅਸੀਂ ਭਾਵੇਂ ਬਹੁਤੀ ਮਦਦ ਨਾ ਕਰ ਸਕਦੇ ਹੋਈਏ ਪਰ ਸਥਿਤੀ ਨੂੰ ਉਨ੍ਹਾਂ ਦੇ ਦ੍ਰਿਸ਼ਟੀਕੋਣ ਤੋਂ ਦੇਖ ਜ਼ਰੂਰ ਸਕਦੇ ਹਾਂ। ਇਸ ਗੱਲ ਦੀ ਕੌਣ ਪਰਵਾਹ ਕਰਦੈ ਕਿ ਕੋਈ ਦੂਸਰਾ ਵਿਅਕਤੀ ਆਪਣੀ ਜਗ੍ਹਾ ‘ਤੇ ਸਹੀ ਹੈ। ਅਸੀਂ ਤਾਂ ਚਾਹੁੰਦੇ ਹਾਂ ਕਿ ਅਸੀਂ ਉਸ ਵਿਅਕਤੀ ਦਾ ਪੱਖ ਪੂਰੀਏ ਜਿਹੜਾ ਸਾਡਾ ਦੋਸਤ ਹੈ, ਨਜ਼ਦੀਕੀ ਅਤੇ ਪਿਆਰਾ ਹੈ। ਇਸ ਵਕਤ, ਪਰ, ਕੋਈ ਚੀਜ਼ ਕੁਝ ਹੱਦ ਤਕ ਅਣਉਚਿਤ ਹੋ ਰਹੀ ਹੈ। ਜੇ ਤੁਸੀਂ ਆਪਣੇ ਮੌਜੂਦਾ ਸਬੰਧਾਂ ਤੋਂ ਉੱਪਰ ਉੱਠ ਕੇ ਸੋਚ ਸਕੋ ਤਾਂ ਤੁਸੀਂ ਉਸ ਨੂੰ ਸਹੀ ਕਰਨ ਲਈ ਬਹੁਤ ਕੁਝ ਕਰ ਸਕਦੇ ਹੋ।
ਧਰਤੀ। ਕਿਆ ਖ਼ੂਬ ਜਗ੍ਹਾ ਹੈ ਇਹ। ਜਾਦੂ, ਸੁੰਦਰਤਾ ਅਤੇ ਕਿਰਪਾ ਨਾਲ ਇੰਨੀ ਭਰਪੂਰ। ਬੇਸ਼ੱਕ, ਇਹ ਹਫ਼ੜਾ-ਦਫ਼ੜੀ, ਉਲਝਣ ਅਤੇ ਟਕਰਾਅ ਨਾਲ ਵੀ ਭਰੀ ਪਈ ਹੈ। ਪਰ ਫ਼ਿਰ, ਇਸੇ ਲਈ ਤਾਂ ਅਸੀਂ ਇਸ ਨੂੰ ਪਿਆਰ ਕਰਦੇ ਹਾਂ। ਇਹ ਵਿਭਿੰਨਤਾ ਅਤੇ ਡਰਾਮੇ ਦਾ ਇੱਕ ਸੁਮੇਲ ਹੈ। ਉਹ ਦੂਰ ਕੀ ਹੋ ਰਿਹੈ? ਤੁਸੀਂ ਤਾਂ ਪਹਿਲਾਂ ਹੀ ਕਾਫ਼ੀ ਨਾਟਕ ਦੇਖ ਚੁੱਕੇ ਹੋ, ਹੈ ਨਾ? ਕੀ ਤੁਸੀਂ ਸ਼ਾਂਤੀ, ਆਰਾਮ ਅਤੇ ਸੰਤੁਸ਼ਟੀ ਚਾਹੁੰਦੇ ਹੋ? ਧੀਰਜ ਰੱਖੋ। ਇਹ ਅਨੁਭਵ ਤੁਹਾਡੇ ਤੋਂ ਓਨਾ ਦੂਰ ਨਹੀਂ ਜਿੰਨਾ ਤੁਸੀਂ ਸੋਚਦੇ ਹੋ। ਜੇ ਤੁਸੀਂ ਆਪਣੇ ਭਾਵਨਾਤਮਕ ਜੀਵਨ ‘ਚ ਵਧੇਰੇ ਖ਼ੁਸ਼ੀ ਅਤੇ ਘੱਟ ਤਨਾਅ ਚਾਹੁੰਦੇ ਹੋ ਤਾਂ ਉਸ ਮੁੱਦੇ ਦਾ ਡੱਟ ਕੇ ਸਾਹਮਣਾ ਕਰੋ ਜਿਸ ਨਾਲ ਤੁਸੀਂ ਲੜਨ ਦਾ ਮੂਡ ਬਣਾਈ ਬੈਠੇ ਹੋ। ਫ਼ਿਰ, ਜਿਸ ਸ਼ੈਅ ਦੀ ਤੁਹਾਨੂੰ ਸਭ ਤੋਂ ਵੱਧ ਲੋੜ ਹੈ, ਉਹ ਖ਼ੁਦ-ਬ-ਖ਼ੁਦ ਤੁਹਾਨੂੰ ਗਲੇ ਲਗਾ ਲਵੇਗੀ।
ਕੁਝ ਲੋਕ ਮੁਸੀਬਤ ‘ਚ ਫ਼ਸਣ ਦੇ ਡਰੋਂ ਕਿਤੇ ਵੀ ਨਹੀਂ ਜਾਂਦੇ ਜਾਂ ਕੁਝ ਨਹੀਂ ਕਰਦੇ। ਦੂਸਰੇ ਇਸ ਤੋਂ ਵੀ ਜ਼ਿਆਦਾ ਡਰੇ ਹੋਏ ਹਨ। ਉਹ ਆਪਣਾ ਪਰਛਾਵਾਂ ਪਿੱਛੇ ਛੱਡਣ ਦੀ ਕੋਸ਼ਿਸ਼ ‘ਚ ਜਿੱਥੋਂ ਤਕ ਭੱਜ ਸਕਦੇ ਹਨ, ਭੱਜਦੇ ਨੇ। ਪਰ ਅਸੀਂ ਜਿੱਥੇ ਵੀ ਜਾਂਦੇ ਹਾਂ, ਸਾਡਾ ਪਰਛਾਵਾਂ ਸਾਡੇ ਨਾਲ ਹੀ ਜਾਂਦੈ। ਅਸੀਂ ਉਸ ਤੋਂ ਬਚ ਨਹੀਂ ਸਕਦੇ। ਹਾਂ, ਅਸੀਂ ਉਸ ਨੂੰ ਸਵੀਕਾਰ ਕਰ ਸਕਦੇ ਹਾਂ। ਜੇਕਰ ਤੁਸੀਂ ਹੁਣ ਇਸ ਉਮੀਦ ‘ਚ ਕੁਝ ਕਰ ਰਹੇ ਹੋ ਕਿ ਉਹ ਤੁਹਾਨੂੰ ਡਰ ਤੋਂ ਮੁਕਤ ਕਰੇਗਾ ਤਾਂ ਰੁਕੋ! ਪਰ ਜੇਕਰ ਤੁਸੀਂ ਇਸ ਉਮੀਦ ‘ਚ ਅਜਿਹਾ ਕਰ ਰਹੇ ਹੋ ਕਿ ਉਹ ਤੁਹਾਨੂੰ ਡਰ ਨਾਲ ਸਮਝੌਤਾ ਕਰਨ ‘ਚ ਮਦਦ ਕਰੇਗਾ ਤਾਂ ਜਾਰੀ ਰੱਖੋ। ਤੁਸੀਂ ਸ਼ਾਨਦਾਰ ਚੀਜ਼ਾਂ ਪ੍ਰਾਪਤ ਕਰ ਸਕੋਗੇ ਜੇ ਤੁਸੀਂ ਪ੍ਰੇਰਨਾ ਤੋਂ ਪ੍ਰੇਰਿਤ ਹੋਵੋ, ਚਿੰਤਾ ਤੋਂ ਨਹੀਂ।
ਮੁਸੀਬਤ, ਤਨਾਅ, ਸਦਮਾ। ਦਬਾਅ, ਝਗੜਾ, ਸੰਘਰਸ਼। ਅਸੀਂ ਸਾਰੇ ਇੱਥੇ ਕੇਵਲ ਇਸ ਸਭ ਲਈ ਹੀ ਆਏ ਹਾਂ, ਕਿ ਨਹੀਂ? ਇਹੀ ਤਾਂ ਸਾਡਾ ਮਹਾਨ ਉਦੇਸ਼ ਹੈ, ਜੀਵਨ ਦੀ ਖੇਡ ਦਾ ਉਦੇਸ਼। ਠੀਕ ਕਹਿ ਰਿਹਾਂ ਨਾ ਮੈਂ? ਪਰ, ਅਸੀਂ ਇਸ ਸਭ ਦਾ ਇੰਨਾ ਜ਼ਿਆਦਾ ਅਨੁਭਵ ਕਿਓਂ ਕਰਦੇ ਹਾਂ? ਕਿਉਂਕਿ ਜੀਵਨ ਦੀ ਚੁਣੌਤੀ ਦਾ ਇਹ ਇੱਕ ਮਹੱਤਵਪੂਰਣ ਹਿੱਸਾ ਹੈ। ਇਹ ਸਾਨੂੰ ਓਦੋਂ ਮਿਲਦਾ ਹੈ ਜਦੋਂ ਸਾਨੂੰ ਉਹ ਨਹੀਂ ਮਿਲਦਾ ਜੋ ਅਸੀਂ ਚਾਹੁੰਦੇ ਹਾਂ, ਜਿਵੇਂ ਕਦੇ-ਕਦੇ ਮੀਂਹ ਉਹ ਚੀਜ਼ ਹੈ ਜਿਹੜੀ ਸਾਨੂੰ ਓਦੋਂ ਮਿਲਦੀ ਹੈ ਜਦੋਂ ਅਸੀਂ ਧੁੱਪ ਚਾਹੁੰਦੇ ਹੋਈਏ। ਮੀਂਹ ਪੈਣਾ, ਕੁਝ ਹੱਦ ਤਕ, ਇੱਕ ਅਟੱਲ ਸੱਚਾਈ ਹੈ। ਇਹ ਕਾਫ਼ੀ ਲਾਭਦਾਇਕ ਵੀ ਸਾਬਿਤ ਹੁੰਦਾ ਹੈ। ਪਰ ਤੁਹਾਡੀ ਭਾਵਨਾਤਮਕ ਜ਼ਿੰਦਗੀ ਵਿੱਚ ਹਾਲ ਹੀ ‘ਚ ਕਾਫ਼ੀ ਮੀਂਹ ਪੈ ਚੁੱਕੈ। ਹੁਣ, ਨਿੱਘ ਤਕ ਪਹੁੰਚਣ ਦੀ ਕੁਝ ਕੋਸ਼ਿਸ਼ ਕਰੋ।