ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1538

ਜੇ ਤੁਸੀਂ ਹੁਣ ਉਸ ਤਰ੍ਹਾਂ ਮਹਿਸੂਸ ਨਾ ਕਰ ਰਹੇ ਹੁੰਦੇ ਜਿਵੇਂ ਤੁਸੀਂ ਇਸ ਵਕਤ ਕਰ ਰਹੇ ਹੋ ਤਾਂ ਇਹ ਕਹਿਣਾ ਪੈਣਾ ਸੀ ਕਿ ਤੁਹਾਡੇ ਭਾਵਨਾਵਾਂ ਦੇ ਵਿਭਾਗ ‘ਚ ਜ਼ਰੂਰ ਕੁਝ ਨਾ ਕੁਝ ਗ਼ਲਤ ਹੋ ਰਿਹੈ। ਇੱਕ ਬਹੁਤ ਹੀ ਸਿਆਣੇ ਮੰਨੇ ਜਾਂਦੇ ਮਨੋਵਿਗਿਆਨੀ ਨੇ ਮੈਨੂੰ ਇੱਕ ਵਾਰ ਦੱਸਿਆ ਸੀ ਕਿ ਭਾਵਨਾਵਾਂ ਕੀਮਤੀ ਗਹਿਣਿਆਂ ਵਾਂਗ ਹੁੰਦੀਆਂ ਹਨ। ਬੇਆਰਾਮ ਭਾਵਨਾਵਾਂ ਵੀ ਮਾਪੇ ਜਾ ਸਕਣ ਤੋਂ ਕਿਤੇ ਵੱਧ ਅਨਮੋਲ ਹੁੰਦੀਆਂ ਨੇ। ਉਨ੍ਹਾਂ ਤੋਂ ਬਿਨਾਂ ਅਸੀਂ ਕੀ ਹਾਂ? ਰੋਬੌਟ! ਮਸ਼ੀਨਾਂ। ਦੋ ਲੱਤਾਂ ‘ਤੇ ਚੱਲ ਰਿਹਾ ਇੱਕ ਦਿਮਾਗ਼। ਤੀਖਣ ਬੁੱਧੀ ਹੋਣ ‘ਚ ਕੁਝ ਵੀ ਗ਼ਲਤ ਨਹੀਂ ਪਰ ਆਖਰਕਾਰ, ਇਸ ਵਿੱਚ ਇੰਨੀ ਪ੍ਰਭਾਵਸ਼ਾਲੀ ਵੀ ਕਿਹੜੀ ਗੱਲ ਹੈ? ਜੋ ਤੁਹਾਡੇ ਦਿਲ ‘ਚ ਹੈ, ਉਹ ਉਸ ਤੋਂ ਕਿਤੇ ਵੱਧ ਮਾਇਨੇ ਰੱਖਦਾ ਹੈ ਜੋ ਇਸ ਵੇਲੇ ਤੁਹਾਡੇ ਦਿਮਾਗ਼ ‘ਚ ਚੱਲ ਰਿਹੈ।
ਸਾਡੇ ‘ਚੋਂ ਕੋਈ ਵੀ ਮੁਸ਼ਕਿਲ ਢੰਗ ਨਾਲ ਕੰਮ ਕਰਨਾ ਪਸੰਦ ਨਹੀਂ ਕਰਦਾ ਪਰ ਅਕਸਰ, ਔਖਾ ਰਸਤਾ ਹੀ ਇੱਕੋ ਇੱਕ ਰਸਤਾ ਬਣ ਜਾਂਦਾ ਹੈ। ਇਸ ਬਾਰੇ ਸੁਚੇਤ ਰਹਿੰਦਿਆਂ, ਤੁਸੀਂ ਬਹੁਤ ਹੀ ਸੂਖਮਤਾ ਨਾਲ ਆਪਣੀ ਸ਼ਖਸੀਅਤ ਨੂੰ ਮੁਸ਼ਕਿਲਾਂ ਸਵੀਕਾਰ ਕਰਨ ਦੇ ਅਨੁਕੂਲ ਬਣਾਇਆ ਹੈ। ਤੁਸੀਂ ਇਹ ਗੱਲ ਭਲੀ ਪ੍ਰਕਾਰ ਸਮਝਦੇ ਹੋ ਕਿ ਜੇ ਤੁਹਾਨੂੰ ਸੰਘਰਸ਼ ਹੀ ਜਾਰੀ ਰੱਖਣਾ ਪੈਣਾ ਹੈ ਤਾਂ ਤੁਹਾਨੂੰ ਉਸ ਦਾ ਆਨੰਦ ਮਾਣਨ ਦਾ ਕੋਈ ਤਰੀਕਾ ਵੀ ਲੱਭ ਲੈਣਾ ਚਾਹੀਦਾ ਹੈ। ਸਵੈ-ਸੁਰੱਖਿਆ ਦੀ ਇਹ ਵਿਧੀ ਸ਼ਲਾਘਾਯੋਗ ਅਤੇ ਉਪਯੋਗੀ ਹੈ, ਪਰ ਇਸ ਵਿੱਚ ਇੱਕ ਕਮੀ ਹੈ। ਇਸ ਦਾ ਮਤਲਬ ਇਹ ਹੈ ਕਿ ਜਦੋਂ ਵੀ ਤੁਹਾਡੇ ਕੋਲ, ਹੁਣ ਵਾਂਗ, ਆਸਾਨ ਢੰਗ ਨਾਲ ਚੀਜ਼ਾਂ ਕਰਨ ਦਾ ਇੱਕ ਸੱਚਾ ਮੌਕਾ ਹੁੰਦਾ ਹੈ, ਤੁਸੀਂ ਹਮੇਸ਼ਾ ਉਸ ਨੂੰ ਨਹੀਂ ਵਰਤਦੇ। ਪਰ ਕੋਈ ਵੀ ਸ਼ੈਅ ਹਰ ਸਮੇਂ ਔਖੀ ਨਹੀਂ ਹੋਣੀ ਚਾਹੀਦੀ।
“ਲੋੜ, “ਉਹ ਸਾਨੂੰ ਸੂਚਿਤ ਕਰਦੇ ਹਨ, “ਅਵਿਸ਼ਕਾਰ ਦੀ ਜਣਨੀ ਹੈ।” ਪਰ ਕਾਢ ਹੋਰ ਚੀਜ਼ਾਂ ਤੋਂ ਵੀ ਤਾਂ ਪੈਦਾ ਹੋ ਸਕਦੀ ਹੈ। ਉਦਾਹਰਣ ਦੇ ਤੌਰ ‘ਤੇ, ਇੱਛਾ ਜਾਂ ਸਿਰਫ਼ ਸਾਡੀ ਪੁਰਾਣੀ ਜਾਣੀ-ਪਛਾਣੀ ਰਚਨਾਤਮਕ ਪ੍ਰੇਰਣਾ। ਤੁਸੀਂ ਇੱਕ ਵੱਡੀ ਤਬਦੀਲੀ ਲਿਆਉਣਾ ਚਾਹੋਗੇ। ਅਜਿਹਾ ਕਰਨ ਲਈ, ਕਿਸੇ ਖਾਸ ਸਮੱਸਿਆ ਨੂੰ ਹੱਲ ਕਰਨ ਦੇ ਆਪਣੇ ਯਤਨਾਂ ‘ਚ ਮਦਦ ਲਈ ਕੀ ਤੁਹਾਨੂੰ ਕਿਸੇ ਅਲੌਕਿਕ ਸ਼ਕਤੀ ਨੂੰ ਸੱਦਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ? ਹਰਗਿਜ਼ ਨਹੀਂ। ਸਿਰਫ਼ ਕੁਝ ਸਾਹਸੀ ਵਿਚਾਰਾਂ ਨਾਲ ਪ੍ਰਯੋਗ ਕਰਨਾ ਤੁਹਾਨੂੰ ਇੱਕ ਪੁਰਾਣੀ ਸਥਿਤੀ ਨੂੰ ਦੇਖਣ ਦੇ ਇੱਕ ਨਵੇਂ ਨਜ਼ਰੀਏ ਵੱਲ ਧੱਕੇਗਾ … ਅਤੇ ਉਸ ਤੋਂ ਇੱਕ ਬਹੁਤ ਹੀ ਉਸਾਰੂ ਨਵੀਨਤਾ ਪੈਦਾ ਹੋਵੇਗੀ।
“ਕਾਸ਼ ਮੈਂ ਤੁਹਾਡੇ ਨਾਲ ਆਪਣੀ ਪਹਿਲੀ ਮੁਲਾਕਾਤ ਦਾ ਪਹਿਲਾ ਦਿਨ, ਪਹਿਲਾ ਘੰਟਾ, ਪਹਿਲਾ ਪਲ ਯਾਦ ਕਰ ਸਕਦਾ … ਉਹ ਵੀ ਅਜਿਹੇ ਦਿਨਾਂ ‘ਚੋਂ ਹੀ ਇੱਕ ਦਿਨ ਸੀ! ਮੈਂ ਉਸ ਨੂੰ ਆਉਣ ਅਤੇ ਜਾਣ ਦਿੱਤਾ, ਚਿਰੋਕਣੀ ਡਿੱਗੀ ਹੋਈ ਬਰਫ਼ ਦੇ ਪਿਘਲਣ ਵਾਂਗ ਬੇਦਾਗ਼। ਓਦੋਂ ਉਸ ਦਾ ਮਤਲਬ ਬਹੁਤ ਤੁੱਛ ਜਾਪਦਾ ਸੀ, ਪਰ ਮਾਇਨਾ ਉਹ ਬਹੁਤ ਵੱਡਾ ਰੱਖਦੀ ਸੀ! ਕਾਸ਼ ਮੈਂ ਹੁਣ ਉਸ ਛੋਹ ਨੂੰ ਯਾਦ ਅਤੇ ਮਹਿਸੂਸ ਕਰ ਸਕਦੀ।” ਪ੍ਰਸਿੱਧ ਕਵਿੱਤਰੀ ਕ੍ਰਿਸਟੀਨਾ ਰੋਜ਼ੈਟੀ ਨੇ ਇੱਕ ਜਗ੍ਹਾ ਇਹ ਬੇਹੱਦ ਖ਼ੂਬਸੂਰਤ ਸਤਰਾਂ ਲਿਖੀਆਂ ਸਨ ਕਿ ਕਿਵੇਂ ਸਪੱਸ਼ਟ ਤੌਰ ‘ਤੇ ਦੁਨਿਆਵੀ ਜਾਪਦਾ ਕੋਈ ਪਲ, ਸਮੇਂ ਦੇ ਨਾਲ-ਨਾਲ, ਇੱਕ ਜਾਦੂਈ ਪਲ ‘ਚ ਬਦਲ ਸਕਦਾ ਹੈ। ਕੀ ਜੀਵਨ-ਬਦਲਣ ਵਾਲਾ, ਭਵਿੱਖ ਨੂੰ ਆਕਾਰ ਦੇਣ ਵਾਲਾ ਇੱਕ ਮਿਲਾਪ ਜਾਂ ਖੋਜ ਜਾਂ ਮੁੜ-ਮਿਲਾਪ ਜਲਦੀ ਹੀ ਤੁਹਾਡੀ ਜ਼ਿੰਦਗੀ ਨੂੰ ਰੌਸ਼ਨ ਕਰਨ ਵਾਲੇ ਹਨ? ਨਿਰਸੰਦੇਹ, ਇਹ ਸੰਭਵ ਹੈ!
ਬਰਤਨ ਧੋਣ ਦਾ ਕੀ ਫ਼ਾਇਦਾ? ਉਹ ਮੁੜ ਗੰਦੇ ਹੀ ਤਾਂ ਹੋਣੇ ਨੇ। ਕਾਰਪੈੱਟ ਨੂੰ ਵੈਕਿਊਮ ਕਰਨ ਦਾ ਕੀ ਮਕਸਦ? ਜਲਦੀ ਹੀ ਉਸ ‘ਤੇ ਮੁੜ ਹੋਰ ਧੂੜ ਪੈ ਜਾਣੀ ਹੈ। ਅਸੀਂ ਇਸ ਦਾ ਕਾਰਨ ਜਾਣਦੇ ਹਾਂ। ਇਹ ਇਸ ਲਈ ਕਿਉਂਕਿ ਕੁਝ ਅਜਿਹੇ ਕਾਰਜ ਹਨ ਜਿਹੜੇ ਸਾਨੂੰ ਨਿਯਮਿਤ ਤੌਰ ‘ਤੇ ਦੁਹਰਾਉਣ ਦੀ ਲੋੜ ਪੈਂਦੀ ਹੈ, ਭਾਵੇਂ ਉਹ ਕਿੰਨੇ ਥਕਾਉਣ ਵਾਲੇ ਹੀ ਕਿਓਂ ਨਾ ਹੋਣ। ਇਸ ਦੇ ਬਾਵਜੂਦ, ਸਾਡੀ ਸੋਚ ਇਹ ਹੁੰਦੀ ਹੈ ਕਿ ਜੇ ਅਸੀਂ ਕਿਸੇ ਨਕਾਰਾਤਮਕ ਭਾਵਨਾ ਨੂੰ ਤਿਆਗਣਾ ਹੈ ਤਾਂ ਸਾਨੂੰ ਅਜਿਹਾ ਕੇਵਲ ਇੱਕ ਵਾਰ ਕਰਨ ਦੀ ਹੀ ਲੋੜ ਪੈਣੀ ਚਾਹੀਦੀ ਹੈ। ਜਾਂ ਜੇ ਅਸੀਂ ਕਿਸੇ ਨੂੰ ਮੁਆਫ਼ ਕਰਨ ਦਾ ਫ਼ੈਸਲਾ ਕਰਦੇ ਹਾਂ ਤਾਂ ਅਸੀਂ ਮੂਰਖ ਹੋਵਾਂਗੇ ਜੇਕਰ ਸਾਨੂੰ ਮੁੜ ਕਦੇ ਉਨ੍ਹਾਂ ਨੂੰ ਦੋਬਾਰਾ ਮੁਆਫ਼ ਕਰਨਾ ਪੈ ਜਾਵੇ। ਪਰ ਇੱਕ ਮਹੱਤਵਪੂਰਣ ਭਾਵਨਾਤਮਕ ਪ੍ਰਕਿਰਿਆ ਨੂੰ ਜਿੰਨਾ ਸਮਾਂ ਲੱਗਣਾ ਹੈ, ਉਸ ਨੇ ਓਨਾ ਲੈਣਾ ਹੀ ਹੈ। ਉਸ ਲਈ ਹੁਣੇ ਤੋਂ ਤਿਆਰ ਰਹੋ।