ਇਹ ਇੰਝ ਹੈ ਜਿਵੇਂ ਤੁਸੀਂ ਆਪਣੇ ਸਮੁੰਦਰੀ ਸਫ਼ਰ ਦੀ ਸ਼ੁਰੂਆਤ ਕਰਨ ਲਈ ਤਿਆਰ ਹੋਵੋ। ਤੁਸੀਂ ਆਪਣੇ ਜਹਾਜ਼ ਦਾ ਲੰਗਰ ਚੁੱਕ ਲਿਆ ਹੈ। ਤੁਸੀਂ ਇਹ ਵੀ ਪਛਾਣ ਲਿਆ ਹੈ ਕਿ ਹਵਾ ਕਿਸ ਦਿਸ਼ਾ ‘ਚ ਵੱਗ ਰਹੀ ਹੈ। ਤੁਸੀਂ ਉਸ ਬੰਦਰਗਾਹ ਨੂੰ ਅਲਵਿਦਾ ਕਹਿ ਰਹੇ ਹੋ ਜੋ ਪਿਛਲੇ ਕੁਝ ਸਮੇਂ ਤੋਂ ਤੁਹਾਨੂੰ ਸੁਰੱਖਿਆ ਪ੍ਰਦਾਨ ਕਰ ਰਹੀ ਸੀ। ਜੇ ਤੁਹਾਡੇ ਮਨ ‘ਚ ਸ਼ੰਕੇ ਉਭਰ ਰਹੇ ਹਨ ਤਾਂ ਇਹ ਸਮਝ ‘ਚ ਆਉਂਦਾ ਹੈ। ਅਜਿਹਾ ਵੀ ਨਹੀਂ ਕਿ ਤੁਸੀਂ ਆਪਣੀ ਅਗਲੀ ਮੰਜ਼ਿਲ ਬਾਰੇ ਪੂਰੀ ਤਰ੍ਹਾਂ ਨਿਸ਼ਚਿਤ ਹੋ। ਤੁਸੀਂ ਸੋਚ ਰਹੇ ਹੋ ਕਿ ਕੀ ਤੁਹਾਨੂੰ ਆਪਣਾ ਮਨ ਬਦਲ ਲੈਣਾ ਚਾਹੀਦਾ ਹੈ। ਪਰ ਤੁਸੀਂ ਆਪਣੇ ਦਿਲ ‘ਚ ਜਾਣਦੇ ਹੋ ਕਿ ਇਹ ਅੱਗੇ ਵਧਣ ਦਾ ਸਮਾਂ ਹੈ। ਤੁਹਾਡੀ ਨਿੱਜੀ ਅਤੇ ਭਾਵਨਾਤਮਕ ਜ਼ਿੰਦਗੀ ਦਾ ਇੱਕ ਨਵਾਂ, ਵਧੇਰੇ ਨਿਰਣਾਇਕ ਅਤੇ ਫ਼ਲਦਾਇਕ ਪੜਾਅ ਸ਼ੁਰੂ ਹੋ ਰਿਹਾ ਹੈ।
ਹਾਲਾਂਕਿ ਇੱਕ ਭਾਸ਼ਾ ਦੇ ਮੁਹਾਵਰੇ ਦੂਸਰੀ ਭਾਸ਼ਾ ਦੇ ਮੁਹਾਵਰਿਆਂ ਤੋਂ ਬਿਲਕੁਲ ਵੱਖਰੇ ਹੁੰਦੇ ਹਨ, ਪਰ ਦੁਨੀਆ ਭਰ ‘ਚ ਵਸਣ ਵਾਲੇ ਲੋਕ ਸ਼ਰੀਰ ਦੇ ਵੱਖੋ-ਵੱਖਰੇ ਅੰਗਾਂ ਨਾਲ ਤੁਲਨਾ ਕਰ ਕੇ ਦੂਜੇ ਲੋਕਾਂ ਨਾਲ ਆਪਣੀ ਨਾਰਾਜ਼ਗੀ ਪ੍ਰਗਟ ਕਰਦੇ ਰਹਿੰਦੇ ਹਨ, ਜਿਵੇਂ ਅੰਗ੍ਰੇਜ਼ੀ ‘ਚ ਪਰੇਸ਼ਾਨ ਕਰਨ ਵਾਲੇ ਕਿਸੇ ਵਿਅਕਤੀ ਨੂੰ A pain in the ass or neck ਕਹਿ ਕੇ ਸੰਬੋਧਿਤ ਕੀਤਾ ਜਾਂਦੈ। ਮੈਂ, ਇਸ ਪੰਨੇ ਨੂੰ ਸਲੀਕੇਦਾਰ ਬਣਾਈ ਰੱਖਣ ਹਿੱਤ, ਇਸ ਬਾਰੇ ਬਹੁਤ ਜ਼ਿਆਦਾ ਵਿਸਥਾਰ ‘ਚ ਨਹੀਂ ਜਾਵਾਂਗਾ ਕਿ ਤੁਹਾਨੂੰ ਕੌਣ ਪਰੇਸ਼ਾਨ ਕਰ ਰਿਹਾ ਹੈ, ਅਤੇ ਉਹ ਤੁਹਾਡੇ ਸ਼ਰੀਰ ਦੇ ਕਿਹੜੇ ਖਾਸ ਹਿੱਸੇ ‘ਚ ਦਰਦ ਪੈਦਾ ਕਰ ਰਹੇ ਹਨ। ਇਸ ਦੀ ਬਜਾਏ, ਪੇਸ਼ ਹੈ ਤੁਹਾਡੇ ਭਾਵਨਾਤਮਕ ਜੀਵਨ ‘ਚ ਲਾਗੂ ਕਰਨ ਲਈ ਇੱਕ ਉਪਯੋਗੀ ਸਲਾਹ। ਯਾਦ ਰੱਖੋ ਕਿ ਦੋ ਗ਼ਲਤੀਆਂ ਮਿਲ ਕੇ ਇੱਕ ਸਹੀ ਗੱਲ ਨਹੀਂ ਬਣ ਜਾਂਦੀਆਂ। ਅਤੇ ਕੁਝ ਵੀ ਅਜਿਹਾ ਰੁੱਖਾ ਨਾ ਬੋਲੋ ਜਿਸ ਦਾ ਤੁਹਾਨੂੰ ਬਾਅਦ ‘ਚ ਪਛਤਾਵਾ ਹੋਵੇ।
ਹਰ ਰੋਜ਼, ਸੂਰਜ ਚੜ੍ਹਦਾ ਹੈ। ਪੰਛੀ ਗਾਉਂਦੇ ਨੇ। ਕੁਦਰਤ ਆਪਣੇ ਚਮਤਕਾਰ ਕਰਦੀ ਹੈ, ਅਤੇ ਅਸੀਂ ਉਨ੍ਹਾਂ ਨੂੰ ਨਿਹਾਰਦੇ ਹਾਂ। ਹਰ ਦਿਨ ਸਾਡੇ ਕੋਲ ਧਰਤੀ ਗ੍ਰਹਿ ‘ਤੇ ਆਪਣੀ ਹੋਂਦ ਦੇ ਤੋਹਫ਼ੇ ਨੂੰ ਮਨਾਉਣ ਦੀ ਇੱਕੋ ਜਿਹੀ ਸੰਭਾਵਨਾ ਹੁੰਦੀ ਹੈ। ਪਰ ਕੁਝ ਦਿਨ ਅਜਿਹੇ ਵੀ ਹੁੰਦੇ ਨੇ ਜਦੋਂ ਅਜਿਹਾ ਲਗਦੈ, ਕੋਈ ਸ਼ੈਅ ਸਾਨੂੰ ਰੋਕ ਰਹੀ ਹੈ। ਦੂਸਰੇ ਕਾਰਕ ਵਧੇਰੇ ਮਹੱਤਵਪੂਰਣ ਜਾਪਣ ਲਗਦੇ ਨੇ। ਉਹ ਜੀਵਨ ਦੇ ਚਮਤਕਾਰਾਂ ਤੋਂ ਸਾਡਾ ਧਿਆਨ ਭਟਕਾ ਕੇ ਸਾਨੂੰ ਬਹਿਕਾ ਕੇ ਚਿੰਤਾ ਜਾਂ ਜ਼ਿੰਮੇਵਾਰੀ – ਜਾਂ ਨਾਰਾਜ਼ਗੀ ਦੀ ਦਲਦਲ ‘ਚ ਫ਼ਸਾ ਜਾਂਦੇ ਹਨ। ਤੁਹਾਡੀ ਭਾਵਨਾਤਮਕ ਜ਼ਿੰਦਗੀ ਹੁਣ ਤੁਹਾਡੇ ਲਈ ਜ਼ਿੰਦਗੀ ਦਾ ਅਜਿਹੇ ਢੰਗ ਨਾਲ ਆਨੰਦ ਲੈਣ ਦਾ ਇੱਕ ਅਸਲ ਮੌਕਾ ਲਿਆ ਰਹੀ ਹੈ ਜੋ ਹਮੇਸ਼ਾ ਸੰਭਵ ਨਹੀਂ ਸੀ ਦਿਖਾਈ ਦਿੰਦਾ। ਆਪਣੇ ਮੌਕੇ ਦਾ ਫ਼ਾਇਦਾ ਉਠਾਓ।
ਜੋ ਪੈਸਾ ਅਸਾਨੀ ਨਾਲ ਕਮਾਇਆ ਜਾਂਦਾ ਹੈ ਉਹ ਆਸਾਨੀ ਨਾਲ ਖ਼ਰਚ ਵੀ ਹੋ ਜਾਂਦੈ। ਇਮਾਨਦਾਰ ਕੋਸ਼ਿਸ਼ਾਂ ਦੁਆਰਾ ਖੱਟੇ ਗਏ ਫ਼ਾਇਦਿਆਂ ਦਾ ਮਾਇਨਾ ਵਧੇਰੇ ਹੁੰਦਾ ਹੈ, ਅਤੇ ਉਹ ਲਾਭ ਲੰਬੇ ਸਮੇਂ ਤਕ ਸਾਡੇ ਨਾਲ ਵੀ ਰਹਿੰਦੇ ਨੇ। ਇਸ ਵਕਤ ਅੱਗੇ ਵਧਣ ਦਾ ਇੱਕ ਸਸਤਾ ਅਤੇ ਆਸਾਨ ਤਰੀਕਾ ਮੌਜੂਦ ਹੈ। ਇੱਕ ਘੱਟ ਕੁਸ਼ਲ, ਵਧੇਰੇ ਮਹਿੰਗਾ ਵਿਕਲਪ ਵੀ ਹੈ। ਸਤਹੀ ਪੱਧਰ ‘ਤੇ, ਦੋਹਾਂ ‘ਚ ਯਕੀਨਨ ਕੋਈ ਮੁਕਾਬਲਾ ਨਹੀਂ। ਪਰ ਤੁਸੀਂ ਆਪਣੀ ਜ਼ਿੰਦਗੀ ਸਤਹ ‘ਤੇ ਤਾਂ ਨਹੀਂ ਜੀਂਦੇ। ਕੁਝ ਡੂੰਘਾਈ ਜ਼ਰੂਰ ਹੋਣੀ ਚਾਹੀਦੀ ਹੈ। ਜੇ ਕੋਈ ਸਥਿਤੀ ਹੁਣ ਚੁਣੌਤੀਪੂਰਨ ਸਾਬਿਤ ਹੋ ਰਹੀ ਹੈ ਤਾਂ ਇਹ ਇਸ ਗੱਲ ‘ਤੇ ਧਿਆਨ ਕੇਂਦਰਿਤ ਕਰਨ ਦਾ ਸਮਾਂ ਹੈ ਕਿ ਤੁਸੀਂ ਉਸ ਨਾਲ ਮੱਥਾ ਮਾਰਨਾ ਪਹਿਲਾਂ ਸ਼ੁਰੂ ਹੀ ਕਿਓਂ ਕੀਤਾ ਸੀ। ਤੁਸੀਂ ਦੌਲਤ, ਪ੍ਰਸਿਧੀ ਜਾਂ ਪ੍ਰਵਾਨਗੀ ਲਈ ਯਤਨ ਨਹੀਂ ਕਰ ਰਹੇ। ਬੱਸ ਜੋ ਸਹੀ ਹੈ, ਉਹ ਕਰਨ ਦੀ ਕੋਸ਼ਿਸ਼ ਕਰੋ।
ਅਸੀਂ ਸਾਰੇ ਇਹ ਸੋਚਣਾ ਪਸੰਦ ਕਰਦੇ ਹਾਂ ਕਿ ਅਸੀਂ ਅਸਲੀਅਤ ਤੋਂ ਪੂਰੀ ਤਰ੍ਹਾਂ ਵਾਕਿਫ਼ ਹਾਂ ਜਾਂ ਸਾਨੂੰ ਪਤਾ ਕਿ ਕੀ ਹੋ ਰਿਹੈ। ਅਜਿਹਾ ਰਵੱਈਆ ਸਾਨੂੰ ਭਰੋਸਾ ਦਿਵਾਉਂਦੈ ਕਿਉਂਕਿ ਪਰਿਵਰਤਨ ਅਤੇ ਅਨਿਸ਼ਚਿਤਤਾ ਨਾਲ ਭਰੀ ਇਸ ਦੁਨੀਆਂ ‘ਚ ਅਸੀਂ ਆਸਾਨੀ ਨਾਲ ਗੁੰਮ ਅਤੇ ਚਿੰਤਤ ਹੋ ਸਕਦੇ ਹਾਂ। ਸਾਡੇ ਕੋਲ ਜਿੰਨੇ ਜ਼ਿਆਦਾ ਵਿਚਾਰ ਹੋਣ; ਜਿੰਨੇ ਜ਼ਿਆਦਾ ਤੱਥ ਅਸੀਂ ਲੱਭ ਲਈਏ, ਓਨਾ ਹੀ ਜ਼ਿਆਦਾ ਅਸੀਂ ਆਪਣੇ ਆਪ ਨੂੰ ਇਹ ਯਕੀਨ ਦਿਵਾ ਸਕਦੇ ਹਾਂ ਕਿ ਹਕੀਕਤ ‘ਤੇ ਸਾਡੀ ਪੂਰੀ ਤਰ੍ਹਾਂ ਪਕੜ ਹੈ। ਪਰ, ਫ਼ਿਰ ਵੀ, ਅਸੀਂ ਕੇਵਲ ਇਸ ਦੀ ਕਲਪਨਾ ਹੀ ਕਰ ਸਕਦੇ ਹਾਂ ਕਿ ਸਾਨੂੰ ਅਸਲੀਅਤ ਪਤਾ ਹੈ। ਅਸੀਂ ਕਦੇ ਵੀ ਨਿਸ਼ਚਿਤ ਨਹੀਂ ਹੋ ਸਕਦੇ। ਤੁਸੀਂ ਸੋਚਦੇ ਹੋ ਕਿ ਤੁਸੀਂ ਜਾਣਦੇ ਹੋ ਕਿ ਤੁਹਾਡੀ ਨਿੱਜੀ ਜ਼ਿੰਦਗੀ ‘ਚ ਕੀ ਸੰਭਵ ਹੈ ਅਤੇ ਕੀ ਅਸੰਭਵ। ਸ਼ੁਕਰ ਅਤੇ ਖ਼ੁਸ਼ੀ ਨਾਲ ਇਹ ਕਹਿਣਾ ਪਵੇਗਾ, ਅਸੰਭਵ ਵਾਲੇ ਹਿੱਸੇ ਬਾਰੇ ਤੁਸੀਂ ਗ਼ਲਤ ਹੋ।