ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1524

ਤੁਹਾਨੂੰ ਕੇਵਲ ਇਸ ਵਜ੍ਹਾ ਤੋਂ ਨਿਰਸਵਾਰਥੀ ਮੰਨ ਲੈਣਾ ਗ਼ਲਤ ਹੋਵੇਗਾ ਕਿ ਤੁਸੀਂ ਉਹ ਕਰਦੇ ਹੋ ਜੋ ਕੋਈ ਹੋਰ ਤੁਹਾਨੂੰ ਕਰਨ ਲਈ ਕਹਿੰਦਾ ਹੈ, ਜਾਂ ਫ਼ਿਰ ਤੁਹਾਨੂੰ ਸਵਾਰਥੀ ਕਰਾਰ ਦੇ ਦੇਣਾ ਵੀ ਜੇ ਤੁਸੀਂ ਸਿਰਫ਼ ਓਹੀ ਕਰਦੇ ਹੋ ਜੋ ਤੁਹਾਡੇ ਮੰਨ ਨੂੰ ਕਰਨਾ ਚੰਗਾ ਲੱਗਦਾ ਹੈ। ਨਿਰਸਵਾਰਥੀ ਕਾਰਨਾਂ ਕਰ ਕੇ ਸੁਆਰਥੀ ਹੋਣਾ ਸੰਭਵ ਹੈ … ਅਤੇ ਇਸ ਦਾ ਉਲਟ ਵੀ ਸੱਚ ਹੈ। ਜੇ ਤੁਸੀਂ ਆਪਣੀਆਂ ਤਰਜੀਹਾਂ ਦਾ ਸਨਮਾਨ ਨਹੀਂ ਕਰਦੇ, ਆਪਣੀਆਂ ਲੋੜਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਅਤੇ ਆਮ ਤੌਰ ‘ਤੇ ਆਪਣੇ ਆਪ ਨੂੰ ਵਧੇਰੇ ਆਰਾਮ ਦੀ ਸਥਿਤੀ ‘ਚ ਨਹੀਂ ਰੱਖਦੇ ਤਾਂ ਤੁਸੀਂ ਦੂਜਿਆਂ ਨੂੰ ਵਿਲੱਖਣ ਸਮਝ ਪ੍ਰਦਾਨ ਕਰਨ ਦੀ ਆਪਣੀ ਯੋਗਤਾ ਗੁਆ ਬੈਠੋਗੇ ਜੋ ਤੁਸੀਂ ਸਿਰਫ਼ ਓਦੋਂ ਹੀ ਦੇ ਸਕਦੇ ਹੋ ਜਦੋਂ ਤੁਸੀਂ ਖ਼ੁਦ ਮਜ਼ਬੂਤ ??ਹੋਵੋ। ਤੁਹਾਡੇ ਸਭ ਤੋਂ ਨਜ਼ਦੀਕੀ ਲੋਕਾਂ ਨੂੰ ਇਸ ਵਕਤ ਤੁਹਾਡੀ ਤਾਕਤ ਦੀ ਸਭ ਤੋਂ ਵੱਧ ਲੋੜ ਹੈ।
ਇੱਕ ਮਜ਼ੇਦਾਰ ਗੱਲ ਸੁਣੋ। ਇਹ ਹੁਣ ਹੋਰ ਦੁੱਖ ਨਹੀਂ ਦਿੰਦਾ। ਜਾਂ ਘੱਟੋ ਘੱਟ, ਉਸ ਤਰੀਕੇ ਨਾਲ ਨਹੀਂ ਜਿਵੇਂ ਇਹ ਪਹਿਲਾਂ ਦਿੰਦਾ ਹੁੰਦਾ ਸੀ। ਕੋਈ ਚੀਜ਼ ਸੌਖੀ ਹੋ ਚੁੱਕੀ ਹੈ। ਕੁਝ ਨਾ ਕੁਝ ਬਦਲ ਗਿਐ। ਕੋਈ ਤਬਦੀਲੀ ਆ ਚੁੱਕੀ ਹੈ। ਇਸ ਲਈ ਉਸ ਸੱਚੇ ਰੱਬ ਦਾ ਸ਼ੁਕਰ ਹੈ। ਪਰ ਜ਼ਰਾ ਇੱਕ ਮਿੰਟ ਲਈ ਰੁਕਣਾ, ਜੇ ਉਹ ਦਰਦ ਮੁੜ ਵਾਪਿਸ ਆ ਗਿਆ ਤਾਂ ਕੀ ਹੋਵੇਗਾ? ਜੇ ਇਹ ਕੇਵਲ ਇੱਕ ਪਲ ਲਈ ਹੀ ਆਪਣੀ ਪਕੜ ਢਿੱਲੀ ਕਰ ਰਿਹਾ ਹੋਵੇ ਤਾਂ? ਬੇਚੈਨ ਅਟਕਲਾਂ ਨਾਲ ਆਪਣੇ ਆਪ ਨੂੰ ਤਸੀਹੇ ਦੇਣ ‘ਚ ਸਮਾਂ ਬਰਬਾਦ ਨਾ ਕਰੋ। ਇਸ ਵਕਤ ਕੁਝ ਰਚਨਾਤਮਕ ਵੀ ਕੀਤਾ ਜਾ ਸਕਦਾ ਹੈ। ਤੁਹਾਡੇ ਕੋਲ ਇੱਕ ਮੌਕਾ ਹੈ, ਅਤੇ ਤੁਸੀਂ ਇਹ ਭਲੀ ਪ੍ਰਕਾਰ ਜਾਣਦੇ ਹੋ ਕਿ ਅਜਿਹਾ ਕਿਓਂ ਕੀਤਾ ਜਾਣਾ ਚਾਹੀਦਾ ਹੈ। ਆਪਣੇ ਮੌਕੇ ਨੂੰ ਬੋਚੋ। ਜੇ ਤੁਸੀਂ ਕੋਸ਼ਿਸ਼ ਕਰੋ ਤਾਂ ਤੁਸੀਂ ਆਪਣੀ ਇੱਕ ਭਾਵਨਾਤਮਕ ਆਦਤ ਜਾਂ ਵਿਹਾਰ ਕਰਨ ਦੇ ਆਪਣੇ ਇੱਕ ਢੰਗ, ਜੋ ਆਮ ਤੌਰ ‘ਤੇ ਨੁਕਸਾਨਦੇਹ ਸਾਬਿਤ ਹੁੰਦਾ ਹੈ, ਨੂੰ ਹਮੇਸ਼ਾ ਲਈ ਛੱਡ ਸਕਦੇ ਹੋ।
ਸਪੇਸਸ਼ਿਪ ਨਾਮਕ ਇਸ ਧਰਤੀ ‘ਤੇ ਤੁਹਾਡਾ ਸਵਾਗਤ ਹੈ ਜਿੱਥੇ ਅਸੀਂ ਸਾਰੇ ਆਪਣੇ ਬ੍ਰਹਿਮੰਡ ‘ਚ ਘੁੰਮਦੇ ਹੋਏ ਇਕੱਠੇ ਯਾਤਰਾ ਕਰ ਰਹੇ ਹਾਂ। ਸ਼ਾਇਦ ਸਾਨੂੰ ਆਪਣੇ ਇਸ ਹਵਾਈ ਵਾਹਨ ਨੂੰ ਇੱਕ ਨਵਾਂ ਨਾਮ ਦੇ ਦੇਣਾ ਚਾਹੀਦਾ ਹੈ ਜਿਵੇਂ, ਉਦਾਹਣ ਦੇ ਤੌਰ ‘ਤੇ, ਪਾਗਲਾਂ ਦਾ ਆਸ਼ਰਮ। ਆਖ਼ਿਰਕਾਰ, ਸਾਡੇ ਇਸ ਜਹਾਜ਼ ਵਿਚਲੇ ਸਾਰੇ ਯਾਤਰੀ ਕਿਸੇ ਨਾ ਕਿਸੇ ਕਾਰਨ ਤੋਂ ਸਿਰਫ਼ਿਰੇ ਹੀ ਤਾਂ ਨੇ। ਉਸ ਪੁਰਾਣੀ ਕਹਾਵਤ ਨੂੰ ਚੇਤੇ ਰੱਖੋ: ਤੁਹਾਨੂੰ ਇੱਥੇ ਕੰਮ ਕਰਨ ਲਈ ਪਾਗਲ ਹੋਣ ਦੀ ਲੋੜ ਨਹੀਂ, ਪਰ ਇਸ ਨਾਲ ਮਦਦ ਜ਼ਰੂਰ ਮਿਲਦੀ ਹੈ। ਇਹ ਗੱਲ ਤਾਂ ਠੀਕ ਹੈ ਕਿ ਤੁਹਾਨੂੰ ਇਸ ਸੰਸਾਰ ‘ਚ ਰਹਿਣ ਲਈ ਪਾਗਲ ਹੋਣ ਦੀ ਲੋੜ ਨਹੀਂ – ਜਾਂ, ਅਸਲ ‘ਚ, ਸ਼ਾਇਦ ਲੋੜ ਹੈ। ਜਿਹੜੇ ਲੋੜੋਂ ਵੱਧ ਪਾਗਲ ਹਨ, ਉਨ੍ਹਾਂ ਨੂੰ ਮੁਆਫ਼ ਕਰੋ ਅਤੇ ਸਾਰੀ ਚਿੰਤਾ ਤਿਆਗ ਦਿਓ। ਤੁਹਾਨੂੰ ਕੁਦਰਤੀ ਤੌਰ ‘ਤੇ ਉੱਥੇ ਲਿਜਾਇਆ ਜਾ ਰਿਹਾ ਹੈ ਜਿੱਥੇ ਹੋਣ ਦੀ ਤੁਹਾਨੂੰ ਲੋੜ ਹੈ!
ਕੀ ਇਹ ਸਿਆਣਪ ਹੋਵੇਗੀ? ਕੀ ਤੁਹਾਡਾ ਮੰਨ ਅਜਿਹਾ ਕਰਨ ਦੀ ਸਲਾਹ ਦੇ ਰਿਹੈ? ਕੀ ਤੁਹਾਨੂੰ ਯਕੀਨ ਹੈ ਕਿ ਤੁਹਾਨੂੰ ਅਜਿਹਾ ਕਰਨਾ ਚਾਹੀਦਾ ਹੈ? ਸ਼ਾਇਦ ਤੁਹਾਨੂੰ ਕਿਸੇ ਨੂੰ ਪੁੱਛ ਲੈਣਾ ਚਾਹੀਦਾ ਹੈ। ਅਤੇ ਫ਼ਿਰ ਕਿਸੇ ਹੋਰ ਨੂੰ ਵੀ। ਅਤੇ ਫ਼ਿਰ ਪਹਿਲੇ ਦੋਹਾਂ ਦੀ ਸਲਾਹ ‘ਤੇ ਟਿੱਪਣੀ ਕਰਨ ਲਈ ਕਿਸੇ ਤੀਜੀ ਧਿਰ ਨੂੰ ਸੱਦਣਾ ਚਾਹੀਦੈ। ਫ਼ਿਰ, ਸੁਰੱਖਿਅਤਾ ਦੇ ਮੱਦੇਨਜ਼ਰ ਰੱਖਦੇ ਹੋਏ, ਤੁਸੀਂ ਇਸ ਨੂੰ ਕਿਸੇ ਕਮੇਟੀ ਸਨਮੁੱਖ ਪ੍ਰਸਤੁਤ ਕਰ ਸਕਦੇ ਹੋ। ਜੋ ਅੱਗੇ ਇਸ ਨੂੰ ਸਮੀਖਿਆ ਅਧੀਨ ਰੱਖਣ ਲਈ ਇੱਕ ਕਾਰਜਕਾਰੀ ਪਾਰਟੀ ਦੀ ਸਥਾਪਨਾ ਕਰ ਸਕਦੀ ਹੈ। ਜਿਹੜੀ ਫ਼ਿਰ ਇੱਕ ਜਾਂ ਦੋ ਸਾਲਾਂ ‘ਚ ਵਾਪਿਸ ਆਪਣੀ ਰਿਪੋਰਟ ਪੇਸ਼ ਕਰ ਸਕਦੀ ਹੈ, ਅਤੇ ਉਸ ਸਮੇਂ ਤਕ, ਉਮੀਦ ਹੈ, ਕਿ ਇਹ ਮੁੱਦਾ ਢੁਕਵਾਂ ਹੀ ਨਹੀਂ ਰਹੇਗਾ। ਅਤੇ ਇਸ ਦੌਰਾਨ? ਬੱਸ ਆਪਣੇ ਆਪ ਨੂੰ ਉਹ ਸਭ ਕਰਨ ਦੀ ਇਜਾਜ਼ਤ ਦਿਓ ਜੋ ਤੁਸੀਂ ਪਹਿਲਾਂ ਹੀ ਕਰਨ ਦਾ ਇਰਾਦਾ ਰੱਖਦੇ ਸੀ, ਭਾਵੇਂ ਕੋਈ ਕੁਝ ਵੀ ਕਹਿੰਦਾ।
ਸਮਾਂ ਇੱਕ ਅਜਿਹੇ ਦਰਿਆ ਵਾਂਗ ਲੰਘਦਾ ਜਾ ਰਿਹੈ ਜੋ ਕਦੇ ਵੀ ਸਮੁੰਦਰ ਵੱਲ ਵਗਣੋਂ ਨਹੀਂ ਰੁਕਦਾ। ਤੁਸੀਂ ਕਿਨਾਰੇ ‘ਤੇ ਖੜ੍ਹੇ ਹੋ ਕੇ ਉਸ ਨੂੰ ਵਹਿੰਦਿਆਂ ਦੇਖ ਸਕਦੇ ਹੋ, ਜਾਂ ਤੁਸੀਂ ਖ਼ੁਦ ਨੂੰ ਇੱਕ ਕਿਸ਼ਤੀ ਲੈ ਕੇ ਦੇ ਸਕਦੇ ਹੋ ਜਿਹੜੀ ਤੁਹਾਨੂੰ ਆਪਣੇ ‘ਤੇ ਲੱਦ ਕੇ ਲੈ ਜਾਵੇ। ਤੁਸੀਂ, ਪਰ, ਉਸ ਕਿਸ਼ਤੀ ਨੂੰ ਅੱਧ ਵਿਚਾਲਿਓਂ ਪਿੱਛੇ ਵੱਲ ਨੂੰ ਮੋੜ ਨਹੀਂ ਸਕਦੇ। ਕੋਈ ਚੀਜ਼ ਅਜਿਹੀ ਹੈ ਜਿਸ ਲਈ ਤੁਸੀਂ ਵਾਪਿਸ ਮੁੜ ਕੇ ਜਾਣਾ ਚਾਹੋਗੇ। ਕੁਝ ਹੋਰ ਵੀ ਹੈ ਜਿਸ ਨੂੰ ਤੁਸੀਂ ਉਸੇ ਤਰ੍ਹਾਂ ਰੱਖਣਾ ਚਾਹੋਗੇ ਜਿਵੇਂ ਦਾ ਉਹ ਹੈ। ਪਰ ਆਪਣੀ ਭਾਵਨਾਤਮਕ ਯਾਤਰਾ ‘ਤੇ ਜਾਣ ਲਈ ਤੁਹਾਨੂੰ ਕੇਵਲ ਇੱਕ ਹੀ ਦਿਸ਼ਾ ਉਪਲਬਧ ਹੈ। ਤੁਹਾਨੂੰ ਅੱਗੇ ਵਧਣਾ ਚਾਹੀਦਾ ਹੈ। ਸੌਖ, ਮਾਣ, ਭਰੋਸੇ ਅਤੇ ਸਵੀਕ੍ਰਿਤੀ ਨਾਲ ਅੱਗੇ ਵਧੋ, ਅਤੇ ਸਭ ਕੁਝ ਠੀਕ ਹੋ ਜਾਵੇਗਾ।