ਕੀ ਤੁਸੀਂ ਕਦੇ ਆਪਣੇ ਪਸੰਦੀਦਾ ਕੱਪੜੇ ਤੋਂ ਇੱਕ ਛੋਟਾ ਜਿਹਾ ਦਾਗ਼ ਹਟਾਉਣ ਦੀ ਕੋਸ਼ਿਸ਼ ਕਰਦਿਆਂ ਇਹ ਨੋਟ ਕੀਤਾ ਹੈ ਕਿ ਉਹ ਮਿਟਣ ਦੀ ਥਾਂ, ਪਹਿਲਾਂ ਨਾਲੋਂ ਬੇਸ਼ੱਕ ਥੋੜ੍ਹੇ ਫ਼ਿੱਕੇ, ਧੱਬੇ ‘ਚ ਬਦਲ ਜਾਂਦਾ ਹੈ? ਕੁਝ ਚੀਜ਼ਾਂ, ਜੇ ਤੁਹਾਨੂੰ ਉਨ੍ਹਾਂ ਨਾਲ ਸੱਚਮੁੱਚ ਨਜਿੱਠਣਾ ਨਾ ਆਉਂਦਾ ਹੋਵੇ, ਨੂੰ ਉਨ੍ਹਾਂ ਦੇ ਹਾਲ ‘ਤੇ ਇਕੱਲਿਆਂ ਛੱਡਣਾ ਹੀ ਬਿਹਤਰ ਹੁੰਦਾ ਹੈ। ਖਿਝਾਉਣ ਵਾਲੇ ਸਰੋਤ ਦੀ ਬਹੁਤੀ ਚਿੰਤਾ ਕਰਨ ਦਾ ਕੋਈ ਫ਼ਾਇਦਾ ਨਹੀਂ। ਅੱਖਾਂ ਬੰਦ ਕਰ ਕੇ, ਤੁਸੀਂ ਆਪਣੀ ਕੋਈ ਜ਼ਿੰਮੇਵਾਰੀ ਛੱਡ ਨਹੀਂ ਰਹੇ। ਤੁਸੀਂ ਸਿਰਫ਼ ਸਮਝਦਾਰੀ ਤੋਂ ਕੰਮ ਲੈ ਰਹੇ ਹੋ … ਅਤੇ ਇਹ ਸੁਨਿਸ਼ਚਿਤ ਕਰ ਰਹੇ ਹੋ ਕਿ ਤੁਹਾਡੀ ਊਰਜਾ, ਚਿੰਤਾ ਦੀ ਬਜਾਏ, ਕਿਸੇ ਅਜਿਹੀ ਚੀਜ਼ ‘ਚ ਲੱਗੇ ਜੋ ਆਖ਼ਿਰਕਾਰ ਬਹੁਤ ਜ਼ਿਆਦਾ ਮਹੱਤਵਪੂਰਣ ਹੈ ਅਤੇ ਤੁਹਾਨੂੰ ਭਰਪੂਰ ਫ਼ਾਇਦਾ ਪਹੁੰਚਾ ਸਕਦੀ ਹੈ।
ਕਲਪਨਾ ਕਰੋ ਕਿ ਜੇ ਅਸੀਂ ਇੱਕ ਦੂਜੇ ਦੇ ਮਨਾਂ ਅੰਦਰ ਝਾਕ ਸਕਦੇ ਤਾਂ ਕੀ ਹੁੰਦਾ। ਅਸੀਂ ਇੱਕ ਦੂਸਰੇ ਤੋਂ ਕੋਈ ਵੀ ਭੇਤ ਨਾ ਲੁਕੋ ਸਕਦੇ। ਸਾਡੇ ਸਾਰੇ ਡੂੰਘੇ ਇਰਾਦੇ ਅਤੇ ਸਭ ਤੋਂ ਵੱਧ ਭਾਵੁਕ ਇੱਛਾਵਾਂ ਸਭ ਨੂੰ ਸਪੱਸ਼ਟ ਹੋ ਜਾਣੀਆਂ ਸਨ। ਤੁਹਾਡੇ ਖ਼ਿਆਲ ‘ਚ ਉਹ ਕਿੰਨਾ ਕੁ ਮਜ਼ੇਦਾਰ ਹੋਣਾ ਸੀ? ਸਭ ਕੁਝ ਜਾਣ ਲੈਣਾ ਹੀ ਉਹ ਚੀਜ਼ ਨਹੀਂ ਜਿਹੜੀ ਜ਼ਿੰਦਗੀ ਨੂੰ ਇੰਨਾ ਰੋਮਾਂਚਕ ਬਣਾਉਂਦੀ ਹੈ! ਸਾਨੂੰ ਉਸ ਸਾਰੀ ਗ਼ਲਤਫ਼ਹਿਮੀ ਅਤੇ ਅਨਿਸ਼ਚਿਤਤਾ ਦੀ ਲੋੜ ਹੈ। ਸਾਨੂੰ ਉਹ ਸਾਰਾ ਡਰਾਮਾ ਵੀ ਚਾਹੀਦਾ ਹੈ ਜੋ ਉਨ੍ਹਾਂ ਦੁਆਰਾ ਰਚਿਆ ਜਾਂਦਾ ਹੈ ਅਤੇ ਉਸ ਬੇਲੋੜੇ ਸੰਘਰਸ਼ ਦੀ ਵੀ ਸਾਨੂੰ ਜ਼ਰੂਰਤ ਹੈ! ਖ਼ੈਰ, ਸ਼ਾਇਦ ਸਾਰੇ ਦੀ ਨਹੀਂ … ਪਰ ਉਸ ‘ਚੋਂ ਕੁਝ ਦੀ। ਕਿਸੇ ਰਹੱਸ ਨੂੰ ਸੁਲਝਾਉਣ ਲਈ ਬਹੁਤ ਜ਼ਿਆਦਾ ਕਾਹਲੀ ਨਾ ਕਰੋ – ਅਤੇ ਉਸ ਬਾਰੇ ਬਹੁਤ ਜ਼ਿਆਦਾ ਚਿੰਤਤ ਵੀ ਨਾ ਹੋਵੋ।
ਅਕਸਰ ਸਾਨੂੰ ਅਹਿਸਾਸ ਹੁੰਦਾ ਹੈ ਕਿ ਅਸੀਂ ਦੂਜਿਆਂ ਲਈ ਜੋ ਕਰ ਸਕਦੇ ਹਾਂ, ਉਹ ਚੀਜ਼ਾਂ ਅਸੀਂ ਖ਼ੁਦ ਲਈ ਕਦੇ ਵੀ ਨਹੀਂ ਕਰ ਸਕਦੇ। ਜਦੋਂ ਅਸੀਂ ਆਪਣੇ ਮਨ ਦੀ ਸੱਚੀ ਉਦਾਰਤਾ ਨਾਲ ਕੰਮ ਕਰਦੇ ਹਾਂ ਤਾਂ ਇਹ ਲਗਭਗ ਇੰਝ ਹੁੰਦੈ ਜਿਵੇਂ ਅਸੀਂ ਕਿਸੇ ਸੰਤ-ਮਹਾਤਮਾ ਵਾਲਾ ਕੋਈ ਗੁਣ ਹਾਸਿਲ ਕਰ ਲਿਆ ਹੋਵੇ। ਸਾਨੂੰ ਉਹ ਮਹਾਨ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ ਜਿਹੜੀ ਸਿਰਫ਼ ਡੂੰਘੀ ਨਿਮਰਤਾ ਤੋਂ ਹੀ ਪੈਦਾ ਹੋ ਸਕਦੀ ਹੈ। ਅਸੀਂ ਉਸ ਸੱਚਮੁੱਚ ਕੀਮਤੀ ਦ੍ਰਿਸ਼ਟੀਕੋਣ ਨੂੰ ਵਿਕਸਿਤ ਕਰ ਲੈਂਦੇ ਹਾਂ ਜੋ ਕੇਵਲ ਦਇਆ ਹੀ ਪ੍ਰੇਰਿਤ ਕਰ ਸਕਦੀ ਹੈ। ਤੁਹਾਡੇ ਨਿੱਜੀ ਅਤੇ ਭਾਵਨਾਤਮਕ ਜੀਵਨ ਵਿਚਲੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ, ਤੁਹਾਡੇ ਕੋਲ ਇੱਕ ਨੇਕ ਕੰਮ ਲਈ ਸਮਰਪਿਤ ਰਹਿਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ। ਇਹ, ਪਰ, ਹੁਣ ਇੱਕ ਖ਼ੁਸ਼ੀ ਵਾਲੀ ਗੱਲ ਹੀ ਹੋ ਸਕਦੀ ਹੈ, ਨਾ ਕਿ ਕੋਈ ਔਖਾ ਕਾਰਜ।
ਭਵਿੱਖ ਦੀ ਸਫ਼ਲਤਾ ਦੀ ਤੁਹਾਡੀ ਕੁੰਜੀ ਪਿਛਲੀ ਅਸਫ਼ਲਤਾ ਦੀ ਮੁੜ ਜਾਂਚ ਕਰਨ ‘ਚ ਲੁਕੀ ਪਈ ਹੈ। ਤੁਹਾਨੂੰ ਕੁਝ ਸਮਾਂ ਪਹਿਲਾਂ ਵਾਪਰੀ ਕਿਸੇ ਚੀਜ਼ ਬਾਰੇ ਬੁਰਾ ਲੱਗ ਰਿਹਾ ਹੈ। ਪਛਤਾਵਾ ਜਾਂ ਇਲਜ਼ਾਮ-ਤਰਾਸ਼ੀ ਦੀ ਭਾਵਨਾ ਤੁਹਾਡੇ ਨਿਰਣੇ ਨੂੰ ਇੰਨਾ ਕੁ ਰੰਗ ਰਹੀ ਹੈ ਕਿ ਤੁਸੀਂ ਸਕਾਰਾਤਮਕ ਯੋਜਨਾਵਾਂ ਬਣਾਉਣ ‘ਚ ਬਿਲਕੁਲ ਅਸਮਰੱਥ ਮਹਿਸੂਸ ਕਰ ਰਹੇ ਹੋ, ਪਰ ਅਜਿਹਾ ਨਾ ਹੋਵੇ ਕਿ ਉਹ ਅਣਜਾਣੇ ‘ਚ ਕਿਸੇ ਪੁਰਾਣੇ ਡਰਾਮੇ ਨੂੰ ਦੁਹਰਾਉਣ ਵੱਲ ਤੁਹਾਨੂੰ ਲੈ ਜਾਵੇ। ਜਿਸ ਨੂੰ ਤੁਸੀਂ ਗ਼ਲਤ ਸਮਝਦੇ ਰਹੇ ਹੋ, ਉਹ ਅਸਲ ‘ਚ ਬਿਲਕੁਲ ਸਹੀ ਸੀ। ਅਤੇ ਤੁਹਾਨੂੰ ਇਹ ਵੀ ਪਤਾ ਲੱਗ ਜਾਏਗਾ ਕਿ ਕਿਓਂ – ਅਤੇ ਤੁਸੀਂ ਆਪਣੇ ਨਿੱਜੀ ਇਤਿਹਾਸ ਦੇ ਇੱਕ ਮਹੱਤਵਪੂਰਣ ਅਧਿਆਏ ‘ਤੇ ਇੱਕ ਬਹੁਤ ਜ਼ਿਆਦਾ ਪ੍ਰੇਰਿਤ ਦ੍ਰਿਸ਼ਟੀਕੋਣ ਸਥਾਪਿਤ ਕਰ ਲਵੋਗੇ।
ਜੇ ਤੁਸੀਂ ਆਪਣੇ ਆਪ ਬਾਰੇ ਯਕੀਨ ਨਾਲ ਕੁਝ ਨਹੀਂ ਕਹਿ ਸਕਦੇ ਤਾਂ ਤੁਸੀਂ ਕਿਸੇ ਹੋਰ ਬਾਰੇ ਯਕੀਨ ਨਾਲ ਕੁਝ ਕਿਵੇਂ ਕਹਿ ਸਕਦੇ ਹੋ? ਜੇ ਤੁਸੀਂ ਆਪਣੀ ਖ਼ੁਦ ਦੀ ਪ੍ਰੇਰਣਾ ਨੂੰ ਨਹੀਂ ਸਮਝ ਸਕਦੇ ਤਾਂ ਤੁਸੀਂ ਕਿਸੇ ਸਾਥੀ ਦੇ ਉਦੇਸ਼ ਨੂੰ ਕਿਵੇਂ ਸਮਝ ਸਕਦੇ ਹੋ? ਅਤੇ, ਇਸੇ ਤਰ੍ਹਾਂ, ਤੁਸੀਂ ਆਪਣੇ ਸਾਥੀ ਤੋਂ ਇਹ ਉਮੀਦ ਕਿੰਝ ਕਰ ਸਕਦੇ ਹੋ ਕਿ ਉਹ ਤੁਹਾਨੂੰ ਪੂਰੀ ਤਰ੍ਹਾਂ ਸਮਝੇ। ਤੁਸੀਂ ਇਸ ਵਕਤ ਸੰਚਾਰ ਦੀ ਪ੍ਰਕਿਰਿਆ ‘ਚ ਇੱਕ ਮਹੱਤਵਪੂਰਣ ਬਿੰਦੂ ‘ਤੇ ਅੱਪੜ ਰਹੇ ਹੋ। ਇਹ ਤੁਹਾਨੂੰ ਪਛਾਣ ਦੀ ਆਪਣੀ ਭਾਵਨਾ ਨੂੰ ਮੁੜ ਵਿਚਾਰਨ, ਅਤੇ ਕਿਸੇ ਹੋਰ ਨੂੰ ਇੱਕ ਨਵੀਂ ਰੌਸ਼ਨੀ ‘ਚ ਦੇਖਣ ਲਈ ਵੀ ਪ੍ਰੇਰਿਤ ਕਰ ਰਿਹਾ ਹੈ। ਇਹ ਤੀਬਰ ਹੈ ਅਤੇ, ਕੁਝ ਹੱਦ ਤਕ, ਅਸਥਿਰ ਵੀ। ਅੰਤ ਨੂੰ, ਪਰ, ਇਹ ਬੇਮਿਸਾਲ ਹੋਣ ਦੀ ਹੱਦ ਤਕ ਰਚਨਾਤਮਕ ਹੈ।