ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 861

ajit_weeklyਤੁਹਾਡੇ ਫ਼ੈਨ ਕਲੱਬ ਦੇ ਮੈਂਬਰਾਂ ਦੀ ਹਾਲ ਹੀ ਵਿੱਚ ਇੱਕ ਹੰਗਾਮੀ ਮੀਟਿੰਗ ਹੋਈ ਹੈ। ਜ਼ਰਾ ਠਹਿਰੋ, ਤੁਹਾਡਾ ਕੀ ਮਤਲਬ ਐ, ਤੁਹਾਨੂੰ ਇਸ ਮੀਟਿੰਗ ਬਾਰੇ ਕੁਝ ਵੀ ਦੱਸਿਆ ਨਹੀਂ ਸੀ ਗਿਆ? ਬੇਸ਼ੱਕ, ਤੁਹਾਨੂੰ ਨਹੀਂ ਸੀ ਦੱਸਿਆ ਗਿਆ। ਅਸੀਂ, ਦਰਅਸਲ, ਚਾਹੁੰਦੇ ਹੀ ਨਹੀਂ ਸੀ ਕਿ ਤੁਸੀਂ ਉੱਥੇ ਹੁੰਦੇ! ਮੇਰੇ ਕਹਿਣ ਤੋਂ ਮਤਲਬ ਹੈ, ਇੱਕ ਤਰ੍ਹਾਂ ਨਾਲ ਤਾਂ ਅਸੀਂ ਤੁਹਾਨੂੰ ਆਪਣੇ ਵਿੱਚ ਦੇਖ ਕੇ ਗਦਗਦ ਹੋ ਗਏ ਹੁੰਦੇ, ਪਰ ਅਸੀਂ ਤੁਹਾਡੀ ਹਾਜ਼ਰੀ ਵਿੱਚ ਸਹਿਮੇ ਹੋਏ ਹੀ ਰਹਿਣਾ ਸੀ ਅਤੇ ਅਸੀਂ ਤੁਹਾਡੇ ਨਾਲ ਉਸ ਕਾਲਪਨਿਕ ਰਿਸ਼ਤੇ ਦਾ ਆਨੰਦ ਨਹੀਂ ਸੀ ਮਾਣ ਸਕਣਾ ਜਿਹੜਾ ਤੁਹਾਡੀ ਗ਼ੈਰਹਾਜ਼ਰੀ ਵਿੱਚ ਸਾਡਾ ਤੁਹਾਡੇ ਨਾਲ ਬਣਦੈ। ਦਰਅਸਲ, ਬਹੁਤੇ ਰਿਸ਼ਤਿਆਂ ਦੇ ਵਧਣ-ਫ਼ੁਲਣ ਪਿੱਛੇ ਕਲਪਨਾ ਦੀ ਖਾਦ ਦਾ ਕੁਝ ਨਾ ਕੁਝ ਯੋਗਦਾਨ ਜ਼ਰੂਰ ਹੁੰਦੈ। ਇਸ ਵਕਤ ਤੁਹਾਡਾ ਸੱਚਮੁੱਚ ਦਾ ਆਪਣਾ ਇੱਕ ਫ਼ੈਨ ਕਲੱਬ ਮੌਜੂਦ ਹੈ। ਇਸ ਦੀ ਗਿਣਤੀ ਵਧਾਉਣ ਲਈ, ਆਪਣੀ ਕੋਸ਼ਿਸ਼ ਥੋੜ੍ਹੀ ਘਟਾਓ!
ਸਾਰੇ ਕਾਰਜ ਜਦੋਂ ਤਕ ਸ਼ੁਰੂ ਨਾ ਕਰ ਲਏ ਜਾਣ ਔਖੇ ਹੀ ਲਗਦੇ ਨੇ। ਤੇ ਸਾਰੇ ਕੰਮ ਮੁਸ਼ਕਿਲ। ਸਾਰੀਆਂ ਚੁਣੌਤੀਆਂ ਦੇਖਣ ਨੂੰ ਖ਼ਤਰਨਾਕ ਹੀ ਹੁੰਦੀਆਂ ਨੇ। ਪਰ ਕਦੇ ਨਾ ਕਦੇ, ਸਾਨੂੰ ਉਹ ਕਰਨਾ ਹੀ ਪੈਂਦੈ ਜੋ ਅਸੀਂ ਬਿਲਕੁਲ ਵੀ ਕਰਨਾ ਨਹੀਂ ਚਾਹੁੰਦੇ। ਜਦੋਂ ਅਸੀਂ ਕਿਸੇ ਸ਼ੈਅ ਨੂੰ ਹੋਰ ਅੱਗਾਂਹ ਨਹੀਂ ਟਾਲ ਸਕਦੇ ਤਾਂ ਸਾਨੂੰ ਛੇਤੀ ਹੀ ਇਹ ਅਹਿਸਾਸ ਹੋ ਜਾਂਦੈ ਕਿ ਆਖ਼ਿਰ ਉਹ ਕਰਨੀ ਇੰਨੀ ਮੁਸ਼ਕਿਲ ਵੀ ਨਹੀਂ ਸੀ। ਜਿਵੇਂ ਕਹਿੰਦੇ ਨੇ ਨਾ ਉਸ ਦਾ ਭੌਂਕਣਾ ਵੱਢਣ ਨਾਲੋਂ ਵਧੇਰੇ ਖ਼ਤਰਨਾਕ ਸੀ। ਸੋਚਣਾ ਕਰਨ ਨਾਲੋਂ ਵੱਧ ਔਖਾ ਸੀ। ਮੈਨੂੰ ਯਕੀਨ ਹੈ ਕਿ ਤੁਹਾਨੂੰ ਪਤਾ ਹੀ ਹੈ ਕਿ ਮੈਂ ਇਹ ਸਭ ਕਿਉਂ ਕਹਿ ਰਿਹਾਂ। ਫ਼ਿਰ ਵੀ, ਮੈਨੂੰ ਸ਼ੱਕ ਹੈ ਕਿ ਤੁਸੀਂ ਆਪਣੇ ਸਾਹਮਣੇ ਪਏ ਕਾਰਜ ਦੀ ਵਿਸ਼ਾਲਤਾ ਨੂੰ ਲੈ ਕੇ ਜ਼ਰਾ ਜਿੰਨੇ ਵੀ ਉਤਸਾਹਿਤ ਨਹੀਂ। ਪਰ ਇੱਕ ਵਾਰ ਜਦੋਂ ਤੁਸੀਂ ਕਿਸੇ ਪ੍ਰਕਿਰਿਆ ਨੂੰ ਰਿੜ੍ਹਨੇ ਪਾ ‘ਤਾ, ਫ਼ਿਰ ਉਹ ਸਫ਼ਲਤਾ ਤਕ ਬੱਸ ਰਿੜ੍ਹਦੀ ਹੀ ਜਾਊ!
‘ਤੁਹਾਡੇ ਵਿੱਚ ਆਤਮਾ ਨਹੀਂ। ਤੁਸੀਂ ਖ਼ੁਦ ਇੱਕ ਆਤਮਾ ਹੋ। ਤੁਹਾਡਾ ਇੱਕ ਜਿਸਮ ਹੈ।’ ਅਜਿਹਾ ਕਹਿਣਾ ਸੀ 1900ਵਿਆਂ ਦੇ ਬਰਤਾਨਵੀ ਨਾਵਲਕਾਰ ਸੀ.ਐੱਸ. ਲੁਈਸ ਦਾ। ਤੁਸੀਂ ਇਸ ਵਕਤ ਆਪਣੇ ਜੀਵਨ ਦੀ ਸਭ ਤੋਂ ਵੱਧ ਕਮਜ਼ੋਰ ਹਾਲਤ ਵਿੱਚ ਹੋ … ਅਤੇ ਸਭ ਤੋਂ ਵੱਧ ਸ਼ਕਤੀਸ਼ਾਲੀ ਵੀ, ਪਰ ਆਪਣੀ ਨਿੱਜੀ ਜ਼ਿੰਦਗੀ ਵਿੱਚ ਤੁਹਾਨੂੰ ਆਪਣੀ ਤਾਕਤ ਨਾਲੋਂ ਵੱਧ ਆਪਣੀ ਕਮਜ਼ੋਰੀ ਦਾ ਅਹਿਸਾਸ ਹੈ। ਅਤੇ, ਮਜ਼ੇ ਦੀ ਗੱਲ ਇਹ ਹੈ ਕਿ, ਜੇਕਰ ਕੋਈ ਵੀ ਸ਼ੈਅ ਇਸ ਵਕਤ ਸਫ਼ਲ ਹੋਣ ਦੀ ਤੁਹਾਡੀ ਕਾਬਲੀਅਤ ਨੂੰ ਖੋਰਾ ਲਗਾ ਰਹੀ ਹੈ ਤਾਂ ਉਹ ਹੈ ਆਪਣੀ ਕਮਜ਼ੋਰੀ ਪ੍ਰਤੀ ਤੁਹਾਡੀ ਅਤਿ-ਸੰਵੇਦਨਸ਼ੀਲਤਾ। ਜਿੰਨੀ ਚਿੰਤਾ ਕਰਨ ਦੀ ਲੋੜ ਹੈ, ਤੁਸੀਂ ਉਸ ਤੋਂ ਕਿਤੇ ਵੱਧ ਚਿੰਤਾ ਆਪਣੇ ਮਨ ਨੂੰ ਲਗਾਈ ਬੈਠੇ ਹੋ, ਸੋ ਤੁਸੀਂ ਲੋੜ ਤੋਂ ਵੱਧ ਸਮਝੌਤੇ ਕਰੀ ਜਾ ਰਹੇ ਹੋ –  ਅਤੇ, ਇਸ ਪ੍ਰਕਿਰਿਆ ਵਿੱਚ, ਤੁਹਾਡੀ ਸ਼ਕਤੀ ਕਿਸੇ ਨਾਕਾਰਾਤਮਕ ਸ਼ੈਅ ਵੱਲ ਆਕਰਸ਼ਿਤ ਹੋ ਰਹੀ ਹੈ। ਇਸ ਦੀ ਬਜਾਏ, ਉਸ ‘ਤੇ ਆਪਣਾ ਧਿਆਨ ਕੇਂਦ੍ਰਿਤ ਕਰਨ ਦੀ ਕੋਸ਼ਿਸ਼ ਕਰੋ ਜੋ ਤੁਹਾਡੇ ਮਨ ਨੂੰ ਸਾਕਾਰਾਤਮਕ ਲਗਦੈ।
ਕਾਸ਼ ਤੁਹਾਡੇ ਕੋਲ ਕੋਈ ਟਾਈਮ ਮਸ਼ੀਨ ਹੁੰਦੀ। ਜ਼ਰਾ ਸੋਚੋ ਤੁਸੀਂ ਉਸ ਨਾਲ ਕੀ ਕੀ ਤੇ ਕਿੰਨਾ ਕੁਝ ਬਦਲ ਸਕਦੇ ਸੀ। ਦਰਅਸਲ, ਤੁਸੀਂ ਇੱਕ ਤਰ੍ਹਾਂ ਦੇ ਟਾਈਮ ਟਰੈਵਲਰ ਹੀ ਹੋ ਯਾਨੀ ਸਮੇਂ ਵਿੱਚ ਘੁੰਮਣ ਵਾਲੇ ਇੱਕ ਯਾਤਰੀ। ਗੱਲ ਸਿਰਫ਼ ਇੰਨੀ ਹੈ ਕਿ ਤੁਸੀਂ ਕੇਵਲ ਇੱਕੋ ਦਿਸ਼ਾ ਵਿੱਚ ਇੱਕੋ ਰਫ਼ਤਾਰ ‘ਤੇ ਸਫ਼ਰ ਕਰਦੇ ਰਹਿੰਦੇ ਹੋ। ਜਾਂ ਫ਼ਿਰ ਕੀ ਮਸਲਾ ਕੁਝ ਹੋਰ ਹੈ? ਕਈ ਵਾਰ ਜਿਵੇਂ ਜਿਵੇਂ ਅਸੀਂ ਅੱਗੇ ਵਧਦੇ ਹਾਂ, ਸਾਨੂੰ ਕੋਈ ਅਜਿਹੀ ਜਾਣਕਾਰੀ ਮਿਲ ਜਾਂਦੀ ਹੈ ਜਿਹੜੀ ਸਾਨੂੰ ਆਪਣੇ ਅਤੀਤ ਨੂੰ ਇੱਕ ਨਵੀਂ ਹੀ ਰੌਸ਼ਨੀ ਵਿੱਚ ਦੇਖਣ ਲਈ ਮਜਬੂਰ ਕਰਦੀ ਹੈ। ਇੱਕ ਵਾਰ ਜਦੋਂ ਅਸੀਂ ਬੀਤੇ ਹੋਏ ਕੱਲ੍ਹ ਨੂੰ ਇੱਕ ਵੱਖਰੇ ਐਂਗਲ ਤੋਂ ਦੇਖ ਲੈਂਦੇ ਹਾਂ ਤਾਂ ਸਾਨੂੰ ਪਤਾ ਚਲਦੈ ਕਿ ਆਉਣ ਵਾਲੇ ਕੱਲ੍ਹ ਤਕ ਦੀ ਸਾਡੀ ਯਾਤਰਾ ਦੀ ਪਹੁੰਚ ਇੱਕ ਦਮ ਹੀ ਤਬਦੀਲ ਹੋ ਚੁੱਕੀ ਹੈ। ਰਹੀ ਉਸ ਰਫ਼ਤਾਰ ਦੀ ਗੱਲ ਜਿਸ ‘ਤੇ ਇਹ ਯਾਤਰਾ ਚੱਲ ਰਹੀ ਹੈ … ਖ਼ੈਰ, ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੀ ਹੈ, ਕੁਝ ਦਿਨ ਤੇ ਕੁਝ ਹਫ਼ਤੇ ਦੂਸਰਿਆਂ ਨਾਲੋਂ ਕਿਤੇ ਵੱਧ ਤੇਜ਼ੀ ਨਾਲ ਬੀਤਦੇ ਨੇ। ਤੁਹਾਡਾ ਦਿਲ ਇਸ ਵਕਤ ਸਹੀ ਨਿਸ਼ਾਨੇ ਵੱਲ ਵਧਦੇ ਕਿਸੇ ਤੀਰ ਵਰਗਾ ਬਣਿਆ ਹੋਇਆ!
ਬਹੁਤ ਥੋੜ੍ਹੀਆਂ ਚੀਜ਼ਾਂ ਬਿਲਕੁਲ ਨਾਮੁਮਕਿਨ ਹੁੰਦੀਆਂ ਨੇ, ਪਰ ਕਈ ਬਹੁਤ ਮੁਸ਼ਕਿਲ ਜ਼ਰੂਰ ਹੋ ਸਕਦੀਆਂ ਨੇ। ਜਦੋਂ ਅਸੀਂ ਕਿਸੇ ਔਖੇ ਕਾਰਜ ਨੂੰ ਹੱਥ ਪਾਉਂਦੇ ਹਾਂ ਜਾਂ ਆਪਣੇ ਆਪ ਲਈ ਕੋਈ ਅਭੀਲਾਖੀ ਟੀਚਾ ਦੇ ਬੈਠਦੇ ਹਾਂ ਤਾਂ ਸਾਨੂੰ ਇਹ ਸੁਨਿਸ਼ਚਿਤ ਕਰਨਾ ਪੈਂਦੈ ਕਿ ਸਾਡੀਆਂ ਬਾਕੀ ਦੀਆਂ ਵਚਨਬੱਧਤਾਵਾਂ ਪਹਿਲੀਆਂ ਦੀ ਬਨਿਸਬਤ ਸੌਖੀਆਂ ਹੋਣ। ਤੁਸੀਂ ਜਿਸ ਸ਼ੈਅ ਦੇ ਪਿੱਛੇ ਪਏ ਹੋਏ ਹੋ, ਉਸ ਨੂੰ ਹਾਸਿਲ ਕਰਨ ਲਈ ਤੁਹਾਨੂੰ ਆਪਣੀ ਜ਼ਿੰਦਗੀ ਦੇ ਕਿਸੇ ਹੋਰ ਹਿੱਸੇ ਵਿੱਚ ਸਮਝੌਤਾ ਕਰਨਾ ਪੈਣੈ। ਜਿੰਨਾ ਤੁਸੀਂ ਸਮਝਦੇ ਹੋ, ਇਸ ਸਮਝੌਤੇ ਦੇ ਨਤੀਜੇ ਉਸ ਤੋਂ ਕਿਤੇ ਵੱਧ ਪ੍ਰਚੰਡ ਹੋ ਸਕਦੇ ਨੇ। ਤੁਹਾਡੀ ਨਿੱਜੀ ਜ਼ਿੰਦਗੀ ਵਿੱਚ ਅੱਗੋਂ ਕੀ ਹੋਣਾ ਚਾਹੀਦੈ ਇਸ ਬਾਰੇ ਫ਼ੈਸਲਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ ਲੈਣਾ। ਚੇਤੇ ਰੱਖਿਓ, ਦੋ ਚੀਜ਼ਾਂ ਬੁਰੇ ਢੰਗ ਨਾਲ ਕਰਨ ਨਾਲੋਂ ਇੱਕ ਚੀਜ਼ ਚੰਗੀ ਤਰ੍ਹਾਂ ਕਰ ਲੈਣ ਵਿੱਚ ਹਮੇਸ਼ਾ ਸਿਆਣਪ ਹੁੰਦੀ ਹੈ।
ਤੁਹਾਡੀ ਇੱਛਾ ਸ਼ਕਤੀ ਬਹੁਤ ਪ੍ਰਭਾਵਸ਼ਾਲੀ ਹੈ। ਤੁਹਾਡੀ ਦ੍ਰਿੜਤਾ ਕਾਫ਼ੀ ਡੂੰਘੀ ਹੈ। ਤੁਹਾਡੇ ਵਿੱਚ ਇੱਕ ਤਰ੍ਹਾਂ ਦੀ ਨਿਸ਼ਚਿਤਤਾ ਹੈ, ਸਟੈਮਿਨਾ ਤੇ ਡਟੇ ਰਹਿਣ ਦਾ ਦਮ ਖ਼ਮ ਵੀ। ਪਰ ਤੁਸੀਂ ਇਸ ਸਭ ਨੂੰ ਕਿੱਥੇ ਅਤੇ ਕਿਵੇਂ ਇਸਤੇਮਾਲ ਵਿੱਚ ਲਿਆਉਂਦੇ ਹੋ? ਕੀ ਤੁਸੀਂ ਕਿਸੇ ਅਸੁਵਿਧਾਜਨਕ ਭਾਵਨਾ ਨਾਲ ਉਸ ਤਰ੍ਹਾਂ ਚਿਮੜੇ ਰਹਿੰਦੇ ਹੋ ਜਿਵੇਂ ਕੋਈ ਕੁੱਤਾ ਕਿਸੇ ਹੱਡੀ ਨੂੰ ਚਿਮੜਦੈ? ਕੀ ਤੁਸੀਂ ਦੁੱਖ ਦੇ ਕਿਸੇ ਸ੍ਰੋਤ ਨੂੰ ਚੇਤੇ ਕਰਦੇ ਰਹਿੰਦੇ ਹੋ ਜਾਂ ਫ਼ਿਰ ਤੁਸੀਂ ਆਪਣੇ ਸਾਰੇ ਜਨੂੰਨ ਨੂੰ ਕਿਸੇ ਸਾਕਾਰਾਤਮਕ ਮੰਤਵ ਦੀ ਸਿੰਜਾਈ ਵਿੱਚ ਜੋਤਦੇ ਹੋ? ਕੀ ਤੁਸੀਂ ਕਿਸੇ ਮਹਾਨ ਟੀਚੇ ਨੂੰ ਉਹ ਸਭ ਕੁਝ ਭੇਂਟ ਕਰਦੇ ਹੋ ਜੋ ਤੁਹਾਡੇ ਵੱਸ ਵਿੱਚ ਹੈ? ਆਪਣੀ ਭਾਵਨਾਤਮਕ ਜ਼ਿੰਦਗੀ ਵਿਚਲੀ ਕਿਸੇ ਸ਼ੈਅ ਲਈ ਲੜੋ, ਉਸ ਨਾਲ ਨਹੀਂ! ਕਿਸੇ ਚੀਜ਼ ਨੂੰ ਹਾਸਿਲ ਕਰਨ ਲਈ ਪ੍ਰੇਰਿਤ ਹੋਵੋ, ਪਰ ਉਸ ਨੂੰ ਗੁਆ ਬੈਠਣ ਦੇ ਡਰ ਤੋਂ ਨਹੀਂ ਸਗੋਂ ਉਸ ਪ੍ਰਤੀ ਆਪਣੀ ਅੰਦਰਲੀ ਪ੍ਰੇਰਨਾ ਤੋਂ, ਉਸ ਸ਼ੈਅ ਜਾਂ ਵਿਅਕਤੀ ਲਈ ਆਪਣੇ ਪ੍ਰੇਮ ਤੋਂ!

LEAVE A REPLY